ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ
ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ
Page Visitors: 2425

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂJune 19 10:23 2019
Print This Article
Share it With Friends
ਮਾਪਿਆਂ ਨਾਲ ਆ ਰਹੀ 6 ਸਾਲਾ ਬੱਚੀ ਦੀ ਐਰੀਜੋਨਾ ਮਾਰੂਥਲ ‘ਚ ਮੌਤ

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਕੇ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਦੀ ਪਿਛਲੇ ਦਿਨੀਂ ਹੋਈ ਇਕ ਹਿਰਦੇਵੇਦਕ ਤਾਜ਼ਾ ਘਟਨਾ ਨੇ ਇਸ ਮਾਮਲੇ ‘ਚ ਹੋ ਰਹੇ ਚਿੰਤਾਜਨਕ ਵਾਧੇ ਤੋਂ ਪਰਦਾ ਚੁੱਕਿਆ ਹੈ। ਐਰੀਜੋਨਾ ਸਟੇਟ ਦੇ ਰੇਗਿਸਤਾਨ ‘ਚ ਇਕ 6 ਸਾਲਾ ਪੰਜਾਬੀ ਬੱਚੀ ਗੁਰਪ੍ਰੀਤ ਕੌਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਯੂ.ਐੱਸ. ਬਾਰਡਰ ਪੈਟਰੋਲਿੰਗ ਫੋਰਸ ਨੇ ਦੱਸਿਆ ਹੈ ਕਿ ਇਸ ਪੰਜਾਬੀ ਬੱਚੀ ਨੂੰ ਮਨੁੱਖੀ ਸਮੱਗਲਰਾਂ ਨੇ ਮੈਕਸੀਕੋ ਸਰਹੱਦ ਦੇ ਰਸਤੇ ਐਰੀਜੋਨਾ ਦੇ ਤੱਪਦੇ ਰੇਗਿਸਤਾਨ ਵਿਚ ਛੱਡ ਦਿੱਤਾ ਸੀ। ਬੱਚੀ ਲਈ ਪਾਣੀ ਦੀ ਭਾਲ ਵਿਚ ਉਸ ਦੀ ਮਾਤਾ ਅਤੇ ਇਸੇ ਪਰਿਵਾਰ ਨਾਲ ਗਈ ਇਕ ਹੋਰ ਔਰਤ ਨੇੜਲੇ ਖੇਤਰਾਂ ਵਿਚ ਚਲੀਆਂ ਗਈਆਂ। ਪਰ ਬਾਅਦ ਵਿਚ ਬੇਹੱਦ ਗਰਮੀ ਅਤੇ ਲੂ ਕਾਰਨ ਬੱਚੀ ਦੀ ਮੌਤ ਹੋ ਗਈ। ਯੂ.ਐੱਸ. ਬਾਰਡਰ ਸਕਿਓਰਿਟੀ ਟੀਮ ਨੇ ਬੱਚੀ ਦੀ ਲਾਸ਼ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬਰਾਮਦ ਕਰਨ ਬਾਅਦ ਪਾਣੀ ਲੈਣ ਗਈਆਂ ਔਰਤਾਂ ਨੂੰ ਵੀ ਉਨ੍ਹਾਂ ਦੀ ਪੈੜ ਨੱਪ ਕੇ ਬਰਾਮਦ ਕੀਤਾ। ਇਸ ਟੀਮ ਦੇ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਬੱਚੀ ਦੀ ਮੌਤ ਕਿਸੇ ਹਾਦਸੇ ਕਾਰਨ ਨਹੀਂ, ਸਗੋਂ ਪਾਣੀ ਦੀ ਘਾਟ ਅਤੇ ਲੂ ਲੱਗਣ ਕਾਰਨ ਪਏ ਦਿਲ ਦੇ ਦੌਰੇ ਕਾਰਨ ਹੋਈ ਹੈ। ਪੰਜਾਬੀ ਬੱਚੀ ਗੁਰਪ੍ਰੀਤ ਕੌਰ ਨੇ ਕੁੱਝ ਦਿਨਾਂ ਬਾਅਦ ਹੀ ਆਪਣਾ 7ਵਾਂ ਜਨਮਦਿਨ ਮਨਾਉਣਾ ਸੀ। ਐਰੀਜੋਨਾ ਰੇਗਿਸਤਾਨ ਵਿਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ।
ਇਨ੍ਹਾਂ ਦਿਨਾਂ ‘ਚ ਇਸ ਖੇਤਰ ਵਿਚ ਤਾਪਮਾਨ 112 ਡਿਗਰੀ ਦੇ ਕਰੀਬ ਤੱਕ ਪੁੱਜ ਗਿਆ ਸੀ। ਐਰੀਜੋਨਾ ਦੇ ਦੱਖਣੀ ਰੇਗਿਸਤਾਨ ਵਿਚ ਇਸ ਵੇਲੇ ਬੇਹੱਦ ਗਰਮੀ ਪੈ ਰਹੀ ਹੈ। ਇਸ ਖੇਤਰ ਵਿਚ ਇਸ ਸਾਲ ਦੀ ਇਹ ਕਿਸੇ ਬੱਚੀ ਦੀ ਦੂਜੀ ਮੌਤ ਹੈ। ਕੁੱਝ ਮਹੀਨੇ ਪਹਿਲਾਂ ਵੀ ਆਪਣੇ ਪਰਿਵਾਰ ਨਾਲ ਗੈਰਕਾਨੂੰਨੀ ਤਰੀਕੇ ਨਾਲ ਇਸ ਰਸਤੇ ਰਾਹੀਂ ਅਮਰੀਕਾ ਵਿਚ ਦਾਖਲ ਹੋਈ ਇਕ ਛੋਟੀ ਬੱਚੀ ਦੀ ਮੌਤ ਹੋ ਗਈ ਸੀ। ਬਾਰਡਰ ਸਕਿਓਰਿਟੀ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋ ਰਹੇ ਇਸ ਪਰਿਵਾਰ ‘ਚ ਬੱਚੀ ਸਮੇਤ 5 ਮੈਂਬਰ ਸਨ। ਇਨ੍ਹਾਂ ਵਿਚ 2 ਔਰਤਾਂ ਇਕ ਹੋਰ ਬੱਚੀ ਹੈ। ਮੈਕਸੀਕੋ ਦੀ ਸਰਹੱਦ ਰਾਹੀਂ ਸੈਂਟਰਲ ਅਮਰੀਕਨ, ਏਸ਼ੀਅਨ ਅਤੇ ਭਾਰਤੀ ਨਾਗਰਿਕ ਵੱਡੀ ਗਿਣਤੀ ਵਿਚ ਅਮਰੀਕਾ ਵਿਚ ਦਾਖਲ ਹੁੰਦੇ ਹਨ ਅਤੇ ਇੱਥੇ ਪੁੱਜ ਕੇ ਰਾਜਸੀ ਸ਼ਰਨ ਲੈਣ ਦਾ ਯਤਨ ਕਰਦੇ ਹਨ। ਅਮਰੀਕਾ ਦੀ ਧਰਤੀ ਉਪਰ ਸਰਹੱਦੀ ਖੇਤਰਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਲੋਕ ਹਨ, ਜੋ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਦੇ ਸਮੇਂ ਬਾਰਡਰ ਸਕਿਓਰਿਟੀ ਏਜੰਟਾਂ ਦੇ ਹੱਥੇ ਚੜ੍ਹ ਗਏ ਅਤੇ ਇਸ ਵੇਲੇ ਜੇਲ੍ਹਾਂ ਵਿਚ ਸੜ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸ ਉਪਰ ਬੇਹੱਦ ਸਖ਼ਤੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਤਾਂ ਮੈਕਸੀਕੋ ਬਾਰਡਰ ਨੂੰ ਮੁਕੰਮਲ ਰੂਪ ਵਿਚ ਸੀਲ ਕਰਨ ਲਈ ਇਥੇ ਉੱਚੀ ਕੰਧ ਉਸਾਰਨ ਦਾ ਵੀ ਐਲਾਨ ਕਰ ਛੱਡਿਆ ਹੈ। ਪਰ ਯੂ.ਐੱਸ. ਕਾਂਗਰਸ ਵੱਲੋਂ ਲੋੜੀਂਦੇ ਪੈਸੇ ਦੀ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਇਸ ਐਲਾਨ ਉਪਰ ਅਜੇ ਤੱਕ ਅਮਲ ਸ਼ੁਰੂ ਨਹੀਂ ਹੋਇਆ। ਅਮਰੀਕੀ ਪ੍ਰਸ਼ਾਸਨ ਨੇ ਆਉਂਦਿਆਂ ਹੀ ਗੈਰ ਕਾਨੂੰਨੀ ਦਾਖਲੇ ਵਾਲੇ ਲੋਕਾਂ ਨੂੰ ਰਾਜਸੀ ਸ਼ਰਨ ਦੇਣ ਦੀ ਪ੍ਰਥਾ ਵਿਚ ਸਖ਼ਤੀ ਕਰ ਦਿੱਤੀ ਹੈ। ਹੁਣ ਜੋ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੁੰਦਾ ਹੈ, ਉਸ ਦੇ ਫੜੇ ਜਾਣ ‘ਤੇ ਉਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ। ਜੇਲ੍ਹ ਅੰਦਰ ਹੀ ਬਾਕਾਇਦਾ ਮੁਕੱਦਮਾ ਚੱਲਦਾ ਹੈ। ਮੁਕੱਦਮੇ ਦੀ ਸੁਣਵਾਈ ਬਾਅਦ ਹੀ ਕਿਸੇ ਨੂੰ ਵੱਡਾ ਜ਼ਮਾਨਤੀ ਬਾਂਡ ਭਰਨ ਬਾਅਦ ਸਿਆਸੀ ਸ਼ਰਨ ਦਿੱਤੀ ਜਾਂਦੀ ਹੈ। ਸਿਆਸੀ ਸ਼ਰਨ ਦੇਣ ਬਾਰੇ ਕਾਨੂੰਨ ਕਾਫੀ ਸਖ਼ਤ ਕਰ ਦਿੱਤੇ ਗਏ ਹਨ। ਸਿਆਸੀ ਸ਼ਰਨ ਦੇਣ ਸਮੇਂ ਨਗਦ ਜ਼ਮਾਨਤੀ ਬਾਂਡ ਲਈ ਭਾਰੀ ਰਕਮ ਦੇਣੀ ਪੈਂਦੀ ਹੈ। ਇਹ ਜ਼ਮਾਨਤੀ ਬਾਂਡ ਸਿਰਫ ਅਮਰੀਕਾ ਵਿਚ ਰਹਿ ਰਿਹਾ ਕੋਈ ਵਿਅਕਤੀ ਹੀ ਦੇ ਸਕਦਾ ਹੈ। ਪਿਛਲੇ ਦਿਨਾਂ ਵਿਚ ਦੇਖਿਆ ਹੈ ਕਿ ਪੰਜਾਬ ਤੋਂ ਆਏ ਐਰੀਜੋਨਾ ਅਤੇ ਕੁੱਝ ਹੋਰ ਜੇਲ੍ਹ ਕੈਂਪਾਂ ਵਿਚ ਫਸੇ ਪੰਜਾਬੀਆਂ ਨੂੰ ਸਿਆਸੀ ਸ਼ਰਨ ਦੇਣ ਸਮੇਂ ਜ਼ਮਾਨਤੀ ਬਾਂਡ ਭਰਨੇ ਪਏ ਹਨ। ਇਸ ਸਾਲ ਵਿਚ ਵਾਪਰੀਆਂ ਛੋਟੀਆਂ ਬੱਚੀਆਂ ਦੀਆਂ ਦੋ ਘਟਨਾਵਾਂ ਦੱਸ ਰਹੀਆਂ ਹਨ ਕਿ ਪੰਜਾਬ ਤੋਂ ਹੁਣ ਸਿਰਫ ਨੌਜਵਾਨ ਹੀ ਗੈਰ ਕਾਨੂੰਨੀ ਪ੍ਰਵਾਸ ਨਹੀਂ ਕਰ ਰਹੇ, ਸਗੋਂ ਪੂਰੇ ਦੇ ਪੂਰੇ ਪਰਿਵਾਰ ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਦੇ ਰਾਹ ਪੈ ਗਏ ਹਨ।
ਅਮਰੀਕਾ ਦੇ ਸਰਹੱਦੀ ਸੂਬਿਆਂ ਦੀਆਂ ਜੇਲ੍ਹਾਂ ਵਿਚ ਪੰਜਾਬੀਆਂ ਦੀ ਗਿਣਤੀ ਬਾਰੇ ਭਾਵੇਂ ਪੂਰੇ ਸਹੀ ਵੇਰਵੇ ਤਾਂ ਨਹੀਂ ਮਿਲ ਰਹੇ। ਪਰ ਜੇਲ੍ਹ ਕੈਂਪਾਂ ਵਿਚ ਬੰਦ ਅਜਿਹੇ ਪੰਜਾਬੀਆਂ ਦੀ ਗਿਣਤੀ ਹਜ਼ਾਰਾਂ ਵਿਚ ਦੱਸੀ ਜਾਂਦੀ ਹੈ। ਪੰਜਾਬ ਵਿਚੋਂ ਚੰਗੇ ਰੁਜ਼ਗਾਰ ਅਤੇ ਭਵਿੱਖ ਵਿਚ ਚੰਗੀ ਜ਼ਿੰਦਗੀ ਜਿਊਣ ਦੇ ਲਾਲਚ ਵਿਚ ਪੰਜਾਬ ਤੋਂ ਲੋਕ ਜ਼ਮੀਨਾਂ-ਜਾਇਦਾਦਾਂ ਵੇਚ ਕੇ ਅਮਰੀਕਾ ਆਉਣ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਵਿਚ ਇਸ ਵੇਲੇ ਵਿਦੇਸ਼ਾਂ ਨੂੰ ਆਉਣ ਦੀ ਹੋੜ ਲੱਗੀ ਹੋਈ ਹੈ। ਇਹੀ ਕਾਰਨ ਹੈ ਕਿ ਜਿੱਥੇ ਨੌਜਵਾਨ ਪੜ੍ਹਾਈ ਕਰਕੇ ਅਤੇ ਪੂਰੀ ਤਰ੍ਹਾਂ ਸਿੱਖਿਅਤ ਹੋ ਕੇ ਵਿਦੇਸ਼ਾਂ ਵਿਚ ਆਉਣ ਦੀ ਬਜਾਏ ਆਇਲੈਟਸ ਦਾ ਸਹਾਰਾ ਲੈ ਕੇ ਸਿੱਖਿਆ ਹਾਸਲ ਕਰਨ ਦੇ ਨਾਂ ਉਪਰ ਵਿਦੇਸ਼ਾਂ ਨੂੰ ਆਉਣ ਦੇ ਰਾਹ ਪਏ ਹੋਏ ਹਨ, ਉਥੇ ਪੰਜਾਬੀ ਪਰਿਵਾਰਾਂ ਨੇ ਵੀ ਹੁਣ ਸਭ ਕੁੱਝ ਦਾਅ ਉਪਰ ਲਾ ਕੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਆਉਣ ਦਾ ਰਾਹ ਫੜ ਲਿਆ ਹੈ। ਇਹ ਬੜਾ ਖਤਰਨਾਕ ਰੁਝਾਨ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ 20-25 ਲੱਖ ਰੁਪਏ ਖਰਚ ਕੇ ਵਿਦੇਸ਼ਾਂ ਵਿਚ ਪੜ੍ਹਾਈ ਲਈ ਆਉਣ ਵਾਲੇ ਨੌਜਵਾਨਾਂ ਵਿਚੋਂ 95 ਫੀਸਦੀ ਨੌਜਵਾਨਾਂ ਦਾ ਪੜ੍ਹਾਈ ਨਾਲ ਕੋਈ ਸੰਬੰਧ ਨਹੀਂ। ਉਹ ਵਿਦੇਸ਼ਾਂ ਵਿਚ ਆ ਕੇ ਪੜ੍ਹਾਈ ਨਹੀਂ, ਸਗੋਂ ਪੈਸਾ ਕਮਾਉਣ ਅਤੇ ਫਿਰ ਇਥੇ ਪੱਕੇ ਹੋਣ ਦੇ ਲਾਲਚ ਕਾਰਨ ਆ ਰਹੇ ਹਨ। ਪੰਜਾਬ ਵਿਚੋਂ ਹਰ ਸਾਲ ਅਰਬਾਂ ਰੁਪਏ ਇਸ ਮਾਮਲੇ ਵਿਚ ਵਿਦੇਸ਼ਾਂ ਨੂੰ ਆ ਰਹੇ ਹਨ। ਵਿੱਦਿਆ ਦੇ ਨਾਂ ਹੇਠ ਇਸ ਬੇਹੱਦ ਖਤਰਨਾਕ ਰੁਝਾਨ ਦੇ ਨਾਲ-ਨਾਲ ਏਜੰਟਾਂ ਰਾਹੀਂ ਮੈਕਸੀਕੋ ਅਤੇ ਹੋਰ ਮੁਲਕਾਂ ਵਿਚ ਦਾਖਲ ਹੋ ਕੇ ਅੱਗੇ ਅਮਰੀਕਾ ਵਿਚ ਗੈਰ ਕਾਨੂੰਨੀ ਦਾਖਲੇ ਨੂੰ ਵੀ ਠੱਲ੍ਹ ਨਹੀਂ ਪਈ ਹੈ। ਪਿਛਲੇ ਸਾਲ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਅਤੇ ਸੁਲਤਾਨਪੁਰ ਲੋਧੀ ਖੇਤਰਾਂ ਦੇ ਦਰਜਨਾਂ ਨੌਜਵਾਨਾਂ ਦੇ ਬਹਾਮਸ ਰਾਹੀਂ ਅਮਰੀਕਾ ‘ਚ ਦਾਖਲ ਹੋਣ ਸਮੇਂ ਗ੍ਰਿਫ਼ਤਾਰ ਹੋਣ ਜਾਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਵਿਚੋਂ ਬਹੁਤਿਆਂ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਸਾਲਾਂਬੱਧੀ ਮਾਪੇ ਆਪਣੇ ਬੱਚੇ ਅਤੇ ਲੱਖਾਂ ਰੁਪਏ ਖੁਹਾ ਕੇ ਵਿਲਕਦੇ ਫਿਰ ਰਹੇ ਹਨ। ਭੁਲੱਥ ਦੇ ਇਕ ਏਜੰਟ ਵੱਲੋਂ ਭੇਜੇ ਪੰਜ ਨੌਜਵਾਨਾਂ ਦਾ ਕੋਈ ਉੱਘ-ਸੁੱਘ ਹੀ ਨਹੀਂ ਨਿਕਲਿਆ ਅਤੇ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਖੇਤਰ ਦੇ ਦਰਜਨਾਂ ਤੋਂ ਵੱਧ ਨੌਜਵਾਨ ਲਾਪਤਾ ਹੋਏ ਹਨ। ਵੱਡੀਆਂ ਰਕਮਾਂ ਅਤੇ ਪੁੱਤਰਾਂ ਨੂੰ ਗੁਆ ਲੈਣ ਦੇ ਗਮ ਵਿਚ ਮਾਪੇ ਗੁੰਮ-ਸੁੰਮ ਹੋਏ ਫਿਰਦੇ ਹਨ। ਇਹ ਕਹਾਣੀ ਪੰਜਾਬ ਦੇ ਹਰੇਕ ਖੇਤਰਾਂ ਦੀ ਹੈ। ਦੋਆਬੇ ਤੋਂ ਬਾਅਦ ਵਿਦੇਸ਼ਾਂ ਵਿਚ ਆਉਣ ਦੀ ਹੋੜ ਨੇ ਸਮੁੱਚੇ ਮਾਲਵੇ ਅਤੇ ਮਾਝੇ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਇਨ੍ਹਾਂ ਖੇਤਰਾਂ ਵਿਚੋਂ ਵੀ ਲੋਕ ਜਿਵੇਂ-ਕਿਵੇਂ ਵਿਦੇਸ਼ ਵੱਲ ਦੌੜਨ ਦੇ ਯਤਨ ਵਿਚ ਹਨ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਹਾਲਤ ਇਸ ਵੇਲੇ ਬੇਹੱਦ ਬੱਦਤਰ ਹੈ। ਰੁਜ਼ਗਾਰ ਦਾ ਬੇਹੱਦ ਮੰਦਾ ਹਾਲ ਹੈ। ਨਸ਼ਿਆਂ ਦੀ ਭਰਮਾਰ ਹੈ। ਪੁਲਿਸ ਦੀ ਦਹਿਸ਼ਤ ਨਾਲ ਲੋਕ ਝੰਬੇ ਪਏ ਹਨ। ਲੋਕਾਂ ਨੂੰ ਭਵਿੱਖ ਵਿਚ ਵੀ ਕੁੱਝ ਚੰਗਾ ਹੁੰਦਾ ਨਜ਼ਰ ਨਹੀਂ ਆ ਰਿਹਾ। ਅਜਿਹੀ ਹਾਲਤ ਵਿਚ ਹੀ ਲੋਕ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਵਿਚ ਆਉਣ ਨੂੰ ਤਰਜੀਹ ਦੇ ਰਹੇ ਹਨ। ਸਾਡਾ ਵਿਚਾਰ ਹੈ ਕਿ ਲੋਕਾਂ ਦਾ ਇਸ ਮਾਮਲੇ ਵਿਚ ਕੋਈ ਕਸੂਰ ਨਹੀਂ। ਦੋਸ਼ੀ ਪੰਜਾਬ ਉੱਤੇ ਰਾਜ ਕਰਨ ਵਾਲੀਆਂ ਸਰਕਾਰਾਂ ਹਨ, ਉਥੋਂ ਦਾ ਪ੍ਰਸ਼ਾਸਨ ਹੈ, ਜੋ ਲੋਕਾਂ ਨੂੰ ਜੀਵਨ ਬਸਰ ਕਰਨ ਲਈ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਤੋਂ ਵੀ ਅਸਮਰੱਥ ਹੈ।
ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਅੰਨ੍ਹੇਵਾਹ ਪ੍ਰਵਾਸ ਕਰਨ ਦੀ ਧਾਰਨਾ ਸਹੀ ਨਹੀਂ ਹੈ। ਵਿਦੇਸ਼ਾਂ ਵਿਚ ਆਉਣ ਲਈ ਹੁਣ ਗੈਰ ਕਾਨੂੰਨੀ ਰਸਤੇ ਬੇਹੱਦ ਖਤਰਨਾਕ ਸਾਬਤ ਹੋ ਰਹੇ ਹਨ। ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪੈ ਰਿਹਾ ਹੈ, ਜੇਲ੍ਹਾਂ ਵਿਚ ਸੜਨਾ ਪੈ ਰਿਹਾ ਹੈ ਅਤੇ ਵੱਡੀ ਗੱਲ ਇਹ ਕਿ ਅੱਗੇ ਭਵਿੱਖ ਵੀ ਕੋਈ ਨਜ਼ਰ ਨਹੀਂ ਆ ਰਿਹਾ। ਲੋਕਾਂ, ਖਾਸਕਰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਅੰਨ੍ਹੇਵਾਹ ਖਤਰੇ ਮੁੱਲ ਲੈਣ ਦੀ ਧਾਰਨਾ ਦਾ ਤਿਆਗ ਕਰਨ।
ਜੇਕਰ ਕੋਈ ਨੌਜਵਾਨ ਜਾਂ ਪਰਿਵਾਰ ਵਿਦੇਸ਼ ਆਉਣਾ ਚਾਹੁੰਦਾ ਹੈ, ਤਾਂ ਉਹ ਗੈਰ ਕਾਨੂੰਨੀ ਰਾਹ ਅਖਤਿਆਰ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਨੂੰ ਖਤਰੇ ਦੇ ਮੂੰਹ ਨਾ ਪਾਵੇ। ਸਗੋਂ ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ ਆਉਣ ਲਈ ਸਹੀ ਜਾਣਕਾਰੀ ਲੈ ਕੇ ਸਹੀ ਢੰਗ ਤਰੀਕੇ ਅਪਣਾਉਣ ਅਤੇ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਆਉਣ, ਤਾਂ ਕਿ ਉਨ੍ਹਾਂ ਨੂੰ ਨਾ ਤਾਂ ਆਉਣ ਲੱਗਿਆਂ ਰਸਤੇ ਵਿਚ ਕਿਸੇ ਵੀ ਤਰ੍ਹਾਂ ਦੇ ਖਤਰੇ ਜਾਂ ਦਿੱਕਤ ਦਾ ਸਾਹਮਣਾ ਕਰਨਾ ਪਵੇ ਅਤੇ ਨਾ ਹੀ ਵਿਦੇਸ਼ਾਂ ਵਿਚ ਆ ਕੇ ਰੇਗਿਸਤਾਨਾਂ, ਸਰਹੱਦਾਂ ਅਤੇ ਜੇਲ੍ਹਾਂ ਵਿਚ ਰੁਲਣਾ ਪਵੇ। ਸਹੀ ਤਰੀਕੇ ਆ ਕੇ ਹੀ ਸਾਡੇ ਲੋਕ ਇਨ੍ਹਾਂ ਮੁਲਕਾਂ ਵਿਚ ਸਹੀ ਜੀਵਨ ਬਸਰ ਕਰ ਸਕਦੇ ਹਨ ਅਤੇ ਆਪਣੀ ਆਨ, ਸ਼ਾਨ ਦੀ ਜ਼ਿੰਦਗੀ ਬਤੀਤ ਕਰ ਸਕਦੇ ਹਨ। ਸਾਨੂੰ ਵਾਪਰੀਆਂ ਤਾਜ਼ਾ ਘਟਨਾਵਾਂ ਤੋਂ ਵੀ ਸਬਕ ਲੈਣਾ ਚਾਹੀਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.