ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ
ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ
Page Visitors: 2429

ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

June 26
10:17 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ 2015 ‘ਚ ਵਾਪਰੀਆਂ ਘਟਨਾਵਾਂ ਦੇ ਪੁਲਿਸ ਵੱਲੋਂ ਮੁੱਖ ਦੋਸ਼ੀ ਕਰਾਰ ਦਿੱਤੇ ਡੇਰਾ ਸਿਰਸਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਨਾਲ ਪੰਜਾਬ ਦਾ ਮਾਹੌਲ ਮੁੜ ਇਕ ਵਾਰ ਭੱਖ ਗਿਆ ਹੈ। ਡੇਰਾ ਸਿਰਸਾ ਦੀ 45 ਮੈਂਬਰਾਂ ਦੀ ਕੋਰ ਕਮੇਟੀ ਦੀ ਅਹਿਮ ਆਗੂ ਮਹਿੰਦਰਪਾਲ ਬਿੱਟੂ ਦਾ ਬੀਤੇ ਸ਼ਨਿੱਚਰਵਾਰ ਨੂੰ ਨਾਭਾ ਦੀ ਸੁਰੱਖਿਆ ਜੇਲ੍ਹ ਦੋ ਸਿੱਖ ਨੌਜਵਾਨ ਕੈਦੀਆਂ ਵੱਲੋਂ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮਹਿੰਦਰਪਾਲ ਬਿੱਟੂ ਤੇ ਉਸ ਦੇ ਸਾਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜ਼ਿਸ਼ ਰਚੀ ਸੀ ਅਤੇ ਇਸ ਸਾਜ਼ਿਸ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਪਹਿਲੀ ਜੂਨ 2015 ਨੂੰ ਬਰਗਾੜੀ ਲਾਗਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕੀਤੀ ਗਈ। ਬਹੁਤ ਸਾਰੇ ਪੰਥਕ ਆਗੂਆਂ ਨੇ ਉਸ ਸਮੇਂ ਇਸ ਘਟਨਾ ਲਈ ਡੇਰਾ ਪ੍ਰੇਮੀਆਂ ਵੱਲ ਉਂਗਲ ਉਠਾਈ ਸੀ। ਪਰ ਡੇਰਾ ਮੁਖੀ ਦੀ ਚੜ੍ਹਤ ਕਾਰਨ ਪੁਲਿਸ ਜਾਂਚ ਦੀ ਸੂਈ ਉਧਰ ਨਹੀਂ ਮੁੜੀ। ਕਰੀਬ 5 ਮਹੀਨੇ ਬਾਅਦ ਮੁੜ ਚੋਰੀ ਕੀਤੀ ਗਈ ਇਸ ਬੀੜ ਦੇ ਅੰਗ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੀਆਂ ਗਲੀਆਂ ਵਿਚ ਖਿਲਰੇ ਪਾਏ ਗਏ ਸਨ। ਇਸ ਗੱਲ ਨੂੰ ਲੈ ਕੇ ਸਿੱਖ ਜਗਤ ਅੰਦਰ ਭਾਰੀ ਗੁੱਸਾ ਅਤੇ ਰੋਹ ਜਾਗ ਉੱਠਿਆ ਸੀ। ਇਸ ਘਟਨਾ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉਪਰ ਲਾਠੀਚਾਰਜ ਹੋਏ ਅਤੇ ਗੋਲੀਆਂ ਚਲਾਈਆਂ ਗਈਆਂ। ਬਹਿਬਲ ਕਲਾਂ ਦੇ ਗੋਲੀਕਾਂਡ ਵਿਚ 2 ਸਿੱਖ ਨੌਜਵਾਨ ਮਾਰੇ ਗਏ ਸਨ ਅਤੇ ਕੋਟਕਪੂਰਾ ਵਿਚ ਇਕ ਸਿੱਖ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਅਤੇ ਬਹੁਤ ਸਾਰੇ ਹੋਰਨਾਂ ਨੂੰ ਸੱਟਾਂ ਲੱਗੀਆਂ ਸਨ। ਇਸ ਘਟਨਾ ਕਾਰਨ ਰੋਹ ਅਤੇ ਗੁੱਸੇ ਦੀ ਲਹਿਰ ਪੂਰੇ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿਚ ਵੀ ਫੈਲ ਗਈ ਸੀ। ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਅਤੇ ਫਿਰ ਸਿੱਖਾਂ ਉਪਰ ਹੋਏ ਇਸ ਤਸ਼ੱਦਦ ਨੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਦੇ ਹਿਰਦੇ ਵੀ ਵਲੂੰਧਰੇ ਸਨ। ਵਿਦੇਸ਼ੀ ਸਿੱਖ ਵੀ ਬੇਅਦਬੀ ਘਟਨਾਵਾਂ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਆਪੋ-ਆਪਣੇ ਤਰੀਕੇ ਨਾਲ ਮੰਗ ਕਰਦੇ ਰਹੇ ਹਨ। ਫਰਵਰੀ 2017 ਵਿਚ ਆਖਰ ਸਰਕਾਰ ਬਦਲੀ, ਤਾਂ ਇਸ ਮਾਮਲੇ ਦੀ ਜਾਂਚ ਲਈ ਕੈਪਟਨ ਸਰਕਾਰ ਨੇ ਜਿੱਥੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਇਮ ਕੀਤਾ, ਉਥੇ ਨਾਲ ਹੀ ਡੀ.ਆਈ.ਜੀ. ਰਣਵੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਨੂੰ ਬੇਅਦਬੀ ਮਾਮਲੇ ਵਿਚ ਜਾਂਚ ਕਰਨ ਲਈ ਹੁਕਮ ਦਿੱਤਾ। ਪਹਿਲੀ ਸਰਕਾਰ ਸਮੇਂ ਬੁਰਜ ਜਵਾਹਰ ਸਿੰਘ ਅਤੇ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਦਾ ਕੰਮ ਸੀ.ਬੀ.ਆਈ. ਹਵਾਲੇ ਕੀਤਾ ਜਾ ਸਕਦਾ ਸੀ। ਇਸ ਕਰਕੇ ਖੱਟੜਾ ਜਾਂਚ ਟੀਮ ਇਨ੍ਹਾਂ ਬੇਅਦਬੀ ਘਟਨਾਵਾਂ ਨੂੰ ਸਿੱਧਾ ਹੱਥ ਪਾ ਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਤਾਂ ਨਹੀਂ ਕਰ ਸਕੀ, ਪਰ ਉਸ ਨੇ 2011 ਵਿਚ ਡੇਰਾ ਪ੍ਰੇਮੀਆਂ ਵੱਲੋਂ ਮੋਗਾ ਅਤੇ ਹੋਰ ਥਾਵਾਂ ਉਪਰ ਬੱਸਾਂ ਦੀ ਸਾੜ-ਫੂਕ ਦੇ ਕੇਸ ਵਿਚ ਅਹਿਮ ਡੇਰਾ ਪ੍ਰੇਮੀਆਂ ਨੂੰ ਤਲਬ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੀੜ ਚੋਰੀ ਕਰਨ ਅਤੇ ਬਰਗਾੜੀ ਵਿਖੇ ਇਸ ਦੇ ਅੰਗ ਖਿਲਾਰਨ ਦੀ ਪੂਰੀ ਸੱਚਾਈ ਸਾਹਮਣੇ ਆਈ। ਜਾਂਚ ਟੀਮ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਥਾਵਾਂ ‘ਤੇ ਮੁੱਖ ਸਾਜ਼ਿਸ਼ਕਾਰੀ ਮਹਿੰਦਰਪਾਲ ਬਿੱਟੂ ਡੇਰਾ ਪ੍ਰੇਮੀ ਸੀ ਅਤੇ ਉਸ ਨੇ ਕੁੱਝ ਹੋਰ ਡੇਰਾ ਪ੍ਰੇਮੀਆਂ ਨੂੰ ਨਾਲ ਲੈ ਕੇ ਬੇਅਦਬੀ ਦੀ ਇਹ ਘਿਨਾਉਣੀ ਵਾਰਦਾਤ ਕੀਤੀ ਸੀ। ਇਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਰਾਹੀਂ ਇਸੇ ਖੇਤਰ ਦੇ ਪਿੰਡ ਮੱਲਕੇ ਅਤੇ ਗੁਰੂਸਰ ਪਿੰਡਾਂ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਡੇਰਾ ਪ੍ਰੇਮੀ ਵੀ ਫੜੇ ਗਏ। ਮਹਿੰਦਰਪਾਲ ਬਿੱਟੂ ਅਤੇ ਉਸ ਦੇ ਸਾਥੀਆਂ ਦੀ ਸਾਰੀ ਸਾਜ਼ਿਸ਼ ਦਾ ਸਾਰਾ ਇਕਬਾਲਨਾਮਾ ਵਿਸ਼ੇਸ਼ ਜਾਂਚ ਟੀਮ ਨੇ ਮੋਗਾ ਦੀ ਅਦਾਲਤ ਵਿਚ ਵੀ ਪੇਸ਼ ਕੀਤਾ ਅਤੇ ਸੀ.ਬੀ.ਆਈ. ਨੂੰ ਇਸ ਦਾ ਰਿਕਾਰਡ ਭੇਜਿਆ ਗਿਆ। ਇੰਨੇ ਵੱਡੇ ਕਾਂਡ ਤੋਂ ਪਰਦਾ ਉੱਠਿਆ ਅਤੇ ਬੇਅਦਬੀ ਦੀ ਇਸ ਵੱਡੀ ਸਾਜ਼ਿਸ਼ ਵਿਚ ਮਹਿੰਦਰਪਾਲ ਬਿੱਟੂ ਸਮੇਤ 26 ਡੇਰਾ ਪ੍ਰੇਮੀ ਗ੍ਰਿਫ਼ਤਾਰ ਕੀਤੇ ਗਏ। ਪਰ ਪੰਜਾਬ ਸਰਕਾਰ ਨੇ ਕਦੇ ਵੀ ਨਾ ਤਾਂ ਇਸ ਨੂੰ ਆਪਣੀ ਪ੍ਰਾਪਤੀ ਦੱਸਿਆ ਅਤੇ ਨਾ ਹੀ ਇਸ ਬਾਰੇ ਕਦੇ ਮੂੰਹ ਹੀ ਖੋਲ੍ਹਿਆ। ਇਹੀ ਕਾਰਨ ਹੈ ਕਿ ਸੀ.ਬੀ.ਆਈ. ਵੱਲੋਂ ਬੇਅਦਬੀ ਕਾਂਡ ਵਿਚ 90 ਦਿਨਾਂ ਅੰਦਰ ਚਾਲਾਨ ਪੇਸ਼ ਨਾ ਕੀਤੇ ਜਾਣ ਕਾਰਨ ਬਿੱਟੂ ਸਮੇਤ ਸਾਰੇ ਸਾਜ਼ਿਸ਼ਕਰਤਾਵਾਂ ਦੀ ਜ਼ਮਾਨਤ ਹੋ ਗਈ। ਬੇਅਦਬੀ ਘਟਨਾਵਾਂ ਵਿਚ ਫੜੇ ਗਏ 26 ਡੇਰਾ ਪ੍ਰੇਮੀਆਂ ਵਿਚੋਂ ਇਸ ਵੇਲੇ ਸਿਰਫ 4 ਡੇਰਾ ਪ੍ਰੇਮੀ ਹੀ ਨਾਭਾ ਜੇਲ੍ਹ ਵਿਚ ਬੰਦ ਹਨ, ਜਦਕਿ ਬਾਕੀ ਸਾਰੇ ਦੋਸ਼ੀ ਪੰਜਾਬ ਸਰਕਾਰ ਦੇ ਢਿੱਲੇ ਵਤੀਰੇ ਕਾਰਨ ਜ਼ਮਾਨਤਾਂ ਕਰਵਾ ਕੇ ਘਰੀਂ ਆ ਬੈਠੇ ਹਨ। ਮਹਿੰਦਰਪਾਲ ਬਿੱਟੂ ਦੀ ਬੇਅਦਬੀ ਮਾਮਲੇ ‘ਚ ਤਾਂ ਜ਼ਮਾਨਤ ਹੋ ਚੁੱਕੀ ਸੀ। ਪਰ ਮੋਗਾ ਵਾਲੇ ਸਾੜ-ਫੂਕ ਦੇ ਕੇਸ ਅਤੇ ਉਸ ਦੇ ਕੋਟਕਪੂਰਾ ਘਰ ਵਿਚ ਇਕ ਪੋਥੀ ਦੀ ਬੇਅਦਬੀ ਕੀਤੇ ਜਾਣ ਦੇ ਮਾਮਲੇ ਵਿਚ ਉਹ ਅਜੇ ਜੇਲ੍ਹ ਵਿਚ ਬੰਦ ਸੀ। ਦੱਸਿਆ ਜਾਂਦਾ ਹੈ ਕਿ ਬਿੱਟੂ ਦੇ ਨਾਭਾ ਜੇਲ੍ਹ ਵਿਚ ਜਾਣ ਸਮੇਂ ਤੋਂ ਹੀ ਸਿੱਖ ਨੌਜਵਾਨਾਂ ਨਾਲ ਉਸ ਦਾ ਤਕਰਾਰ ਬਣਿਆ ਹੋਇਆ ਸੀ ਅਤੇ ਇਸੇ ਕਾਰਨ ਜੇਲ੍ਹ ਅਥਾਰਟੀ ਨੇ ਬਿੱਟੂ ਦੇ ਰਹਿਣ ਵਾਲੀ ਬੈਰਕ ਤੋਂ ਲੈ ਕੇ ਮੁਲਾਕਾਤ ਅਤੇ ਬੈਰਕ ਤੋਂ ਬਾਹਰ ਨਿਕਲਣ ਦੇ ਰਸਤੇ ਵੀ ਵੱਖਰੇ ਕੀਤੇ ਹੋਏ ਸਨ। ਪਰ ਡੂੰਘੇ ਜਜ਼ਬਾਤ ਦੇ ਝੰਜੋੜੇ ਦੋ ਸਿੱਖ ਨੌਜਵਾਨਾਂ ਵੱਲੋਂ ਮੌਕਾ ਮਿਲਦਿਆਂ ਹੀ ਬਿੱਟੂ ਦੀ ਹੱਤਿਆ ਕਰ ਦਿੱਤੀ ਗਈ।
ਇਸ ਘਟਨਾ ਨੇ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਪੰਜਾਬ ਅੰਦਰ ਵਾਪਰਦੀਆਂ ਅਜਿਹੀਆਂ ਘਟਨਾਵਾਂ ਦਾ ਜੇ ਸਮੇਂ ਸਿਰ ਹੱਲ ਨਾ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਆਮ ਲੋਕਾਂ ਦੇ ਮਨਾਂ ਵਿਚ ਇਨਸਾਫ ਰਾਹੀਂ ਤਸੱਲੀ ਨਾ ਦਿੱਤੀ ਗਈ, ਤਾਂ ਲੋਕ ਵਾਰ-ਵਾਰ ਆਪ ਇਨਸਾਫ ਲੈਣ ਦੇ ਰਾਹ ਤੁਰ ਸਕਦੇ ਹਨ। ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੇਰਾ ਸਿਰਸੇ ਦਾ ਹੱਥ ਸਪੱਸ਼ਟ ਰੂਪ ਵਿਚ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਕੋਈ ਸਖ਼ਤ ਕਾਰਵਾਈ ਨਾ ਕਰਨੀ ਅਤੇ ਦੋਸ਼ੀਆਂ ਦੇ ਕੇਸਾਂ ਵਿਚ ਪੈਰਵਾਈ ਕਰਕੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਏ ਜ਼ਮਾਨਤਾਂ ਕਰਵਾਉਣ ਦੀ ਢਿੱਲ ਵਰਤਣ ਨੇ ਆਮ ਲੋਕਾਂ, ਖਾਸਕਰ ਸਿੱਖ ਸੰਗਤ ਅਤੇ ਵਿਦੇਸ਼ਾਂ ਵਿਚ ਵਸੇ ਸਿੱਖਾਂ ਅੰਦਰ ਇਹ ਪ੍ਰਭਾਵ ਬਣਾਇਆ ਹੈ ਕਿ ਸਰਕਾਰ ਅਜਿਹੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਤਿਆਰ ਨਹੀਂ ਹੈ। ਅਜਿਹਾ ਪ੍ਰਭਾਵ ਪੈਦਾ ਹੋਣ ਨਾਲ ਲੋਕਾਂ ਦਾ ਕਾਨੂੰਨ ਤੋਂ ਵੀ ਵਿਸ਼ਵਾਸ ਉੱਠਦਾ ਹੈ ਅਤੇ ਮੌਜੂਦਾ ਪ੍ਰਸ਼ਾਸਨ ਅਤੇ ਸਰਕਾਰ ਉਪਰ ਵੀ ਉਂਗਲਾਂ ਉੱਠਣ ਲੱਗ ਪੈਂਦੀਆਂ ਹਨ। ਇਹੀ ਕਾਰਨ ਹੈ ਕਿ ਹੁਣ ਬਿੱਟੂ ਦੇ ਕਤਲ ਬਾਅਦ ਵੱਖ-ਵੱਖ ਸਿਆਸੀ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਸਿਆਸੀ ਮਾਹੌਲ ਭੱਖਣਾ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਆਪੋ-ਆਪਣੇ ਨਜ਼ਰੀਏ ਅਨੁਸਾਰ ਇਸ ਘਟਨਾ ਉਪਰ ਆਪਣੇ ਵਿਚਾਰ ਦੇਣ ਲੱਗੇ ਹਨ। ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਘਟਨਾ ਬੇਅਦਬੀ ਕਾਰਨ ਜਜ਼ਬਾਤ ਵਿਚ ਆਏ ਸਿੱਖ ਨੌਜਵਾਨਾਂ ਦਾ ਪ੍ਰਤੀਕਰਮ ਹੈ। ਉਨ੍ਹਾਂ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ ਅਤੇ ਇਸ ਸਾਜ਼ਿਸ਼ ਦਾ ਭਾਂਡਾ ਭੰਨਣ ਲਈ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਘਟਨਾ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂੰ ਲਾਉਣ ਦਾ ਵੀ ਇਕ ਯਤਨ ਹੈ। ਕਾਂਗਰਸ ਆਗੂ ਅਤੇ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਸ ਘਟਨਾ ਬਾਰੇ ਬੜੀ ਸਖ਼ਤ ਟਿੱਪਣੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਘਟਨਾ ਬੇਅਦਬੀ ਕਾਂਡ ਦੀ ਚੱਲ ਰਹੀ ਜਾਂਚ ਨੂੰ ਪੁੱਠਾ ਗੇੜਾ ਦੇਣ ਦੀ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕਤਲ ਉਸ ਮੌਕੇ ਹੋਇਆ ਹੈ ਕਿ ਜਦ ਬੇਅਦਬੀ ਮਾਮਲਿਆਂ ਦੀ ਜਾਂਚ ਅੱਗੇ ਵੱਧ ਰਹੀ ਸੀ। ਪਰ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਸ ਘਟਨਾ ਬਾਰੇ ਬਿਆਨ ਬੜਾ ਅੱਗ ਲਾਊ ਹੈ। ਉਸ ਨੇ ਕਿਹਾ ਹੈ ਕਿ ਬੇਅਦਬੀ ਘਟਨਾਵਾਂ ਦੀ ਜਾਂਚ ਵਿਚ ਪੁੱਛ-ਪੜਤਾਲ ਲਈ ਇਸ ਹਫਤੇ ਬਿੱਟੂ ਨੂੰ ਮਿਲਣ ਜਾਣਾ ਸੀ। ਪਰ ਉਸ ਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਸ ਪਿੱਛੇ ਇਕ ਵੱਡੀ ਸਾਜ਼ਿਸ਼ ਹੈ। ਪੰਜਾਬ ਸਰਕਾਰ ਨੇ ਏ.ਡੀ.ਜੀ.ਪੀ. ਜੇਲ੍ਹਾਂ ਦੀ ਅਗਵਾਈ ਵਿਚ ਬਿੱਟੂ ਦੇ ਜੇਲ੍ਹ ‘ਚ ਹੋਏ ਕਤਲ ਦੀ ਜਾਂਚ ਲਈ ਵੀ ਇਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੇਗੀ। ਸ਼ਨਿੱਚਰਵਾਰ ਨੂੰ ਬਿੱਟੂ ਦੇ ਨਾਭਾ ਜੇਲ੍ਹ ‘ਚ ਕਤਲ ਹੋਣ ਬਾਅਦ ਐਤਵਾਰ ਸਵੇਰੇ ਹੀ ਉਸ ਦੀ ਲਾਸ਼ ਕੋਟਕਪੂਰਾ ਦੇ ਨਾਮਚਰਚਾ ਘਰ ਵਿਚ ਲਿਆਂਦੀ ਗਈ ਸੀ। ਇਸ ਮੌਕੇ ਇਥੇ ਜੁੜੇ ਸੈਂਕੜੇ ਡੇਰਾ ਪ੍ਰੇਮੀਆਂ ਨੇ ਬਿੱਟੂ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਇਹ ਮੰਗ ਰੱਖ ਦਿੱਤੀ ਕਿ ਡੇਰਾ ਪ੍ਰੇਮੀਆਂ ਉਪਰ ਬੇਅਦਬੀ ਦੇ ਸਾਰੇ ਪਾਏ ਕੇਸ ਵਾਪਸ ਲਏ ਜਾਣ। ਡੇਰਾ ਪ੍ਰੇਮੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ 2 ਦਿਨ ਟਕਰਾਅ ਵਾਲੀ ਹਾਲਤ ਬਣੀ ਰਹੀ। ਆਖਰ ਮੁੱਖ ਮੰਤਰੀ ਵੱਲੋਂ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਏ ਜਾਣ ਦੇ ਐਲਾਨ ਬਾਅਦ ਹੀ ਸੋਮਵਾਰ ਦੇਰ ਸ਼ਾਮ ਸਸਕਾਰ ਕੀਤਾ ਗਿਆ।
ਬਿੱਟੂ ਦੇ ਕਤਲ ਨੇ ਇਕ ਵਾਰ ਫਿਰ ਪੰਜਾਬ ਦੇ ਪਿਛਲੇ ਸਾਲਾਂ ਦੇ ਸਾਰੇ ਜ਼ਖਮ ਅੱਲ੍ਹੇ ਕਰ ਦਿੱਤੇ ਹਨ। ਲੋਕ ਸਵਾਲ ਕਰ ਰਹੇ ਹਨ ਕਿ 2007 ਵਿਚ ਡੇਰਾ ਮੁਖੀ ਵੱਲੋਂ ਦਸਮ ਪਾਤਸ਼ਾਹ ਦਾ ਸਵਾਂਗ ਰਚ ਕੇ ਬੇਹੁਰਮਤੀ ਕੀਤੀ ਗਈ ਸੀ। ਪਰ ਉਸ ਕੇਸ ਵਿਚ ਡੇਰਾ ਮੁਖੀ ਨੂੰ ਕਦੇ ਪੁੱਛਗਿੱਛ ਲਈ ਵੀ ਨਹੀਂ ਸੱਦਿਆ ਗਿਆ। ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਸਜ਼ਾਵਾਂ ਦੀ ਕਾਰਵਾਈ ਵਿਚਾਲੇ ਲਟਕ ਰਹੀ ਹੈ। 4 ਸਾਲ ਬੀਤਣ ਬਾਅਦ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਮੌਜੂਦਾ ਬਣੀ ‘ਸਿੱਟ’ ਵੀ ਮਹਿਜ਼ ਚਲਾਨ ਪੇਸ਼ ਕਰਨ ਤੋਂ ਬਿਨਾਂ ਕੋਈ ਅਹਿਮ ਖੁਲਾਸਾ ਨਹੀਂ ਕਰ ਸਕੀ। ਪੰਜਾਬ ਅੰਦਰ ਅਤੇ ਵਿਦੇਸ਼ਾਂ ਵਿਚ ਵਸੇ ਸਿੱਖਾਂ ਅੰਦਰ ਅਜੇ ਵੀ ਇਹ ਸਵਾਲ ਉੱਠ ਰਹੇ ਹਨ ਕਿ ਪਿਛਲੇ ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਲਈ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਹੋਈ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਮੁੜ ਫਿਰ ਪੰਜਾਬ ਦੇ ਹਾਲਾਤ ਟਕਰਾਅ ਵਾਲੇ ਪਾਸੇ ਵਧਣ ਦੇ ਆਸਾਰ ਬਣ ਰਹੇ ਹਨ। ਪੰਜਾਬ ਦੇ ਲੋਕਾਂ ਅੰਦਰ ਪਈਆਂ ਇਹ ਦਰਾੜਾਂ ਸਿੱਖ ਅਤੇ ਕਿਸੇ ਹੱਦ ਤੱਕ ਇਕ ਦੂਜੇ ਖਿਲਾਫ ਨਫਰਤ ਨੂੰ ਘਟਾਉਣ ਦੀ ਬਜਾਏ ਇਸ ਦੇ ਵਧਣ ਦੇ ਆਸਾਰ ਹੀ ਬਣ ਰਹੇ ਹਨ।
ਵਿਦੇਸ਼ਾਂ ਵਿਚ ਬੈਠੇ ਸਿੱਖ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਬੜੀ ਨੀਝ ਨਾਲ ਦੇਖ ਰਹੇ ਹਨ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵਾਪਰੀਆਂ ਘਟਨਾਵਾਂ ਲਈ ਮਹਿਜ਼ ਦਿਖਾਵਾ ਹੀ ਨਾ ਕਰਨ, ਸਗੋਂ ਇਨਸਾਫ ਕਰਕੇ ਲੋਕ ਮਨਾਂ ਨੂੰ ਸ਼ਾਂਤ ਕਰਨ ਲਈ ਅੱਗੇ ਆਉਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.