ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ
ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ
Page Visitors: 2417

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

August 14
10:17 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਮਨਾਉਣ ‘ਚ ਹੁਣ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਦੁਨੀਆਂ ਦੇ ਕੋਨੇ-ਕੋਨੇ ਵਿਚ ਪ੍ਰਕਾਸ਼ ਉਤਸਵ ਮਨਾਏ ਜਾਣ ਬਾਰੇ ਤਿਆਰੀਆਂ ਚੱਲ ਰਹੀਆਂ ਹਨ। ਪਰ ਬਾਬੇ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਏ ਜਾਣ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਸਮਾਗਮਾਂ ਪ੍ਰਤੀ ਦੁਨੀਆਂ ਭਰ ਦੇ ਸਿੱਖਾਂ ਅੰਦਰ ਵੱਖਰਾ ਹੀ ਉਤਸ਼ਾਹ ਅਤੇ ਸ਼ਰਧਾ-ਭਾਵਨਾ ਪਾਈ ਜਾ ਰਹੀ ਹੈ। ਦੁਨੀਆਂ ਭਰ ਤੋਂ ਸਿੱਖਾਂ ਨੇ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਤਿਆਰੀਆਂ ਆਰੰਭ ਕੀਤੀਆਂ ਹੋਈਆਂ ਹਨ। ਇਸੇ ਤਰ੍ਹਾਂ ਵੱਡੀ ਗਿਣਤੀ ਵਿਚ ਸਿੱਖ ਸੰਗਤ ਨਵੰਬਰ ਮਹੀਨੇ ਦੇ ਸ਼ੁਰੂ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ ਲਾਂਘਾ ਖੋਲ੍ਹੇ ਜਾਣ ਦੀ ਵੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।
  ਪਿਛਲੇ ਵਰ੍ਹੇ ਜਦੋਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ ਦੋਵਾਂ ਪੰਜਾਬਾਂ ਵਿਚ ਮਨਾਏ ਜਾਣ ਲਈ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਕ-ਦੂਜੇ ਪਾਸੇ ਆਉਣ-ਜਾਣ ਲਈ ਖੁੱਲ੍ਹਦਿਲੀ ਨਾਲ ਵੀਜ਼ੇ ਦੇਣ ਦਾ ਐਲਾਨ ਕੀਤਾ ਸੀ, ਤਾਂ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਦੇ ਮਨਾਂ ਅੰਦਰ ਖੁਸ਼ੀ ਦੀ ਲਹਿਰ ਪੈਦਾ ਹੋਈ ਸੀ। ਇਨ੍ਹਾਂ ਕਦਮਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਸੁਖਾਵਾਂ ਮਾਹੌਲ ਵਿਕਸਿਤ ਕਰਨ ਲਈ ਇਕ ਮੀਲ ਪੱਥਰ ਵਜੋਂ ਦੇਖਿਆ ਜਾਣ ਲੱਗਾ ਸੀ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਇਕ ਤੋਂ ਬਾਅਦ ਦੂਜਾ ਫੈਸਲਾ ਕਰਨ ਵਿਚ ਬੜੀ ਉਤਸੁਕਤਾ ਦਿਖਾਈ ਸੀ। ਬਾਬੇ ਨਾਨਕ ਦਾ ਉਪਦੇਸ਼ ਵੀ ਮਾਨਵਤਾ ਅਤੇ ਸਰਬੱਤ ਦੇ ਭਲੇ ਦਾ ਉਪਦੇਸ਼ ਸੀ। ਉਨ੍ਹਾਂ ਦੇ ਇਸੇ ਉਪਦੇਸ਼ ਤਹਿਤ ਦੋਵਾਂ ਦੇਸ਼ਾਂ ਵਿਚਕਾਰ 1947 ਵਿਚ ਖਿੱਚੀ ਗਈ ਲਕੀਰ ਨੂੰ ਮੱਧਮ ਪਾਉਣ ਦਾ ਯਤਨ ਆਰੰਭ ਹੋਇਆ ਸੀ।
  ਕਰਤਾਰਪੁਰ ਲਾਂਘੇ ਲਈ ਦੋਵੇਂ ਪਾਸੀਂ ਸਰਕਾਰਾਂ ਨੇ ਸੜਕਾਂ, ਪੁਲਾਂ ਅਤੇ ਹੋਰ ਜ਼ਰੂਰੀ ਉਸਾਰੀਆਂ ਦਾ ਕੰਮ ਲਗਭਗ ਨੇਪਰੇ ਚੜ੍ਹਨ ਨੇੜੇ ਕਰ ਲਿਆ ਹੈ।   
      ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਨੂੰ ਸੰਵਾਰਨ ਅਤੇ ਇਸ ਦੇ ਨਾਲ ਬਾਬੇ ਨਾਨਕ ਦੀ ਕੁਦਰਤੀ ਖੇਤੀ ਅਤੇ ਬਾਗਬਾਨੀ ਦਾ ਪੁਰਾਣਾ ਦ੍ਰਿਸ਼ ਉਭਾਰਨ ਦੇ ਯਤਨ ਵੀ ਚੱਲ ਰਹੇ ਹਨ। ਪਾਕਿਸਤਾਨ ਵਾਲੇ ਪਾਸੇ ਸਰਕਾਰ ਨੇ ਲਾਂਘੇ ਦਾ ਬਹੁਤਾ ਕੰਮ ਸਿਰੇ ਚਾੜ੍ਹ ਲਿਆ ਹੈ। ਬਾਬੇ ਨਾਨਕ ਦੇ ਉਪਦੇਸ਼ ਘਰ-ਘਰ ਪਹੁੰਚਾਉਣ ਲਈ ਨਨਕਾਣਾ ਸਾਹਿਬ ਤੋਂ ਪਹਿਲੀ ਵਾਰ ਇਕ ਕੌਮਾਂਤਰੀ ਨਗਰ ਕੀਰਤਨ ਪਹਿਲੀ ਅਗਸਤ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿਚ ਨਨਕਾਣਾ ਸਾਹਿਬ ਤੋਂ ਆਰੰਭ ਹੋ ਚੁੱਕਿਆ ਹੈ। ਇਸ ਨਗਰ ਕੀਰਤਨ ਦਾ ਲਹਿੰਦੇ ਪੰਜਾਬ ਵਿਚ ਸਰਕਾਰ ਅਤੇ ਲੋਕਾਂ ਵੱਲੋਂ ਬੇਹੱਦ ਗਰਮਜ਼ੋਸ਼ੀ ਨਾਲ ਭਰਪੂਰ ਸਮਰਥਨ ਤੇ ਸਵਾਗਤ ਕੀਤਾ ਗਿਆ। ਅਟਾਰੀ ਸਰਹੱਦ ‘ਤੇ ਪਹੁੰਚਣ ਸਮੇਂ ਚੜ੍ਹਦੇ ਪੰਜਾਬ ਦੇ ਲੋਕਾਂ ਵੱਲੋਂ ਬੜੇ ਅਲੌਕਿਕ ਢੰਗ ਨਾਲ ਨਗਰ ਕੀਰਤਨ ਨੂੰ ਜੀ ਆਇਆਂ ਆਖਿਆ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚੋਂ ਹੁੰਦਾ ਹੋਇਆ ਇਸ ਵੇਲੇ ਅੰਬਾਲਾ ਲੰਘ ਗਿਆ ਹੈ ਅਤੇ ਪੰਜ ਤਖਤਾਂ ਤੇ 17 ਰਾਜਾਂ ਵਿਚ ਬਾਬੇ ਨਾਨਕ ਦਾ ਸੰਦੇਸ਼ ਪਹੁੰਚਾਉਂਦਿਆਂ ਇਹ ਨਗਰ ਕੀਰਤਨ 7 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਆ ਕੇ ਸਮਾਪਤ ਹੋਵੇਗਾ।
    ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਆਰੰਭ ਕਰਨ ਲਈ ਪਹਿਲੀ ਵਾਰ ਵੱਡੀ ਗਿਣਤੀ ਵਿਚ ਸਿੱਖ ਧਾਰਮਿਕ ਆਗੂ ਭਾਰਤ ਵਿਚੋਂ ਉਥੇ ਪੁੱਜੇ ਹੋਏ ਸਨ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਨਗਰ ਕੀਰਤਨ ਵਿਚ ਆਪਣਾ ਵੱਡਾ ਯੋਗਦਾਨ ਪਾਇਆ। ਸ਼੍ਰੋਮਣੀ ਕਮੇਟੀ ਨੇ ਚੜ੍ਹਦੇ ਪੰਜਾਬ ਵਿਚ ਹੋਣ ਵਾਲੇ ਸਮਾਗਮਾਂ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਆਗੂਆਂ ਅਤੇ ਉਥੋਂ ਦੇ ਹੋਰ ਸਿੱਖ ਪਤਵੰਤਿਆਂ ਨੂੰ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਹੁਣ ਜਦ ਨਨਕਾਣਾ ਸਾਹਿਬ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਅਤੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਕੰਮ ਅਗਲੇ ਪੜਾਅ ਵਿਚ ਪਹੁੰਚ ਚੁੱਕਿਆ ਸੀ, ਤਾਂ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਤੋੜ ਕੇ ਸੂਬੇ ਨੂੰ ਦੋ ਕੇਂਦਰ ਪ੍ਰਸ਼ਾਸਿਤ ਰਾਜਾਂ ਵਿਚ ਬਦਲਣ ਦੇ ਫੈਸਲੇ ਨਾਲ ਭਾਰਤ ਅਤੇ ਪਾਕਿਸਤਾਨ ਸਰਕਾਰ ਵਿਚਕਾਰ ਤਨਾਅ ਅਤੇ ਟਕਰਾਅ ਵੱਧ ਗਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਸੀਲ ਕਰ ਦਿੱਤੀ ਗਈ ਹੈ, ਸਫਾਰਤੀ ਸੰਬੰਧ ਤੋੜ ਲਏ ਗਏ ਹਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸੰਬੰਧ ਵੀ ਖਤਮ ਕਰ ਦਿੱਤੇ ਹਨ। ਇੱਥੋਂ ਤੱਕ ਕਿ ਦੋਵਾਂ ਦੇਸ਼ਾਂ ਨੇ ਸੱਭਿਆਚਾਰਕ ਸਰਗਰਮੀਆਂ ਅਤੇ ਕਲਾਕਾਰਾਂ ਦੇ ਆਉਣ-ਜਾਣ ‘ਤੇ ਵੀ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਖੇਤਰ ਵੀ ਬੰਦ ਕਰ ਦਿੱਤਾ ਹੈ।
    ਅਜਿਹੇ ਤਨਾਅ ਅਤੇ ਟਕਰਾਅ ਭਰੇ ਮਾਹੌਲ ਦਾ ਪਰਛਾਵਾਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਉਪਰ ਵੀ ਪੈਂਦਾ ਨਜ਼ਰ ਆ ਰਿਹਾ ਹੈ। ਹੁਣ ਜਦ ਗੁਰਪੁਰਬ ਸਮਾਗਮਾਂ ਦੇ ਸ਼ੁਰੂ ਹੋਣ ਵਿਚ ਸਿਰਫ ਢਾਈ ਕੁ ਮਹੀਨੇ ਦਾ ਸਮਾਂ ਰਹਿ ਗਿਆ ਹੈ, ਉਨ੍ਹਾਂ ਦਿਨਾਂ ਵਿਚ ਲਾਂਘਾ ਖੋਲ੍ਹੇ ਜਾਣ ਦੀ ਤਜਵੀਜ਼ ਸੀ, ਤਾਂ ਇਹ ਤਨਾਅ ਵਾਲੇ ਮਾਹੌਲ ਵਿਚ ਇੰਨੀ ਜਲਦੀ ਦੋਵਾਂ ਦੇਸ਼ਾਂ ਵਿਚਕਾਰ ਸੁਖਾਵਾਂ ਮਾਹੌਲ ਬਣਨ ਅਤੇ ਆਪਸੀ ਗੱਲਬਾਤ ਸ਼ੁਰੂ ਹੋ ਕੇ ਦੁਵੱਲੇ ਸੰਬੰਧ ਸੁਧਾਰਨ ਵੱਲ ਕਦਮ ਪੁੱਟਣ ਦੀ ਉਮੀਦ ਨਜ਼ਰ ਨਹੀਂ ਆ ਰਹੀ।
       ਜੇਕਰ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਨਹੀਂ ਸੁਧਰਦੇ, ਤਾਂ ਸਪੱਸ਼ਟ ਹੈ ਕਿ ਭਾਰਤ ਵਾਲੇ ਪਾਸੇ ਤੋਂ ਸਿੱਖ ਸੰਗਤ ਨਨਕਾਣਾ ਸਾਹਿਬ ਵਾਲੇ ਸਮਾਗਮਾਂ ਵਿਚ ਸ਼ਾਮਲ ਨਹੀਂ ਹੋ ਸਕੇਗੀ। ਇਸੇ ਤਰ੍ਹਾਂ ਦੁਨੀਆਂ ਭਰ ਦੇ ਸਿੱਖ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਤਾਂ ਸ਼ਿਰਕਤ ਕਰ ਸਕਣਗੇ, ਪਰ ਪਾਕਿਸਤਾਨੀ ਸਿੱਖ ਸੰਗਤ ਨੂੰ ਭਾਰਤ ਵਾਲੇ ਪਾਸੇ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜੱਥੇ ਵਿਚ ਜਾਣ ਵਾਲੀ ਸੰਗਤ ਨੂੰ ਵੀ ਅਗਸਤ ਤੱਕ ਆਪਣੇ ਪਾਸਪੋਰਟ ਜਮ੍ਹਾ ਕਰਵਾਉਣ ਲਈ ਆਖਿਆ ਗਿਆ ਹੈ।
    ਪਰ ਇਥੇ ਸਵਾਲ ਇਹ ਉੱਠ ਰਿਹਾ ਹੈ ਕਿ ਜਦ ਤੱਕ ਪਾਕਿਸਤਾਨੀ ਅੰਬੈਸੀ ਨਹੀਂ ਖੁੱਲ੍ਹਦੀ, ਤਦ ਤੱਕ ਇਸ ਸੰਗਤ ਨੂੰ ਇਥੇ ਵੀਜ਼ੇ ਕੌਣ ਦੇਵੇਗਾ? ਇਹੀ ਸਵਾਲ ਪਾਕਿਸਤਾਨ ਵਾਲੇ ਪਾਸੇ ਹੈ। ਉਥੇ ਵੀ ਭਾਰਤ ਨੇ ਆਪਣਾ ਅੰਬੈਸੀ ਬੰਦ ਕਰ ਦਿੱਤੀ ਹੈ ਅਤੇ ਦੋਵਾਂ ਦੇਸ਼ਾਂ ਦਰਮਿਆਨ ਚੱਲਣ ਵਾਲੀ ਰੇਲ ਅਤੇ ਬੱਸ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਇਸ ਕਰਕੇ ਨਾ ਤਾਂ ਹੁਣ ਦੋਹਾਂ ਪਾਸੀਂ ਵੀਜ਼ਾ ਲਗਾਉਣ ਦੀ ਵਿਵਸਥਾ ਹੀ ਰਹੀ ਹੈ ਅਤੇ ਨਾ ਹੀ ਦੋਹਾਂ ਪਾਸੇ ਆਉਣ-ਜਾਣ ਲਈ ਰੇਲ ਆਵਾਜਾਈ ਹੀ ਹੈ। ਵਰਣਨਯੋਗ ਹੈ ਕਿ ਵੱਖ-ਵੱਖ ਗੁਰਪੁਰਬਾਂ ਜਾਂ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਵਾਸਤੇ ਜਾਣ ਵਾਲੀ ਸਿੱਖ ਸੰਗਤ ਰੇਲ ਗੱਡੀਆਂ ਰਾਹੀਂ ਜਾਂਦੀ ਸੀ, ਆਉਂਦੀ ਸੀ। ਹੁਣ ਇਹ ਜ਼ਰੀਆ ਵੀ ਬੰਦ ਹੋ ਚੁੱਕਾ ਹੈ।
     ਭਾਵੇਂ ਕਿ ਬਹੁਤ ਸਾਰੇ ਲੋਕ ਆਸਵੰਦ ਹਨ ਕਿ ਬਾਬੇ ਨਾਨਕ ਦੇ ਸਮਾਗਮ ਰਲ ਕੇ ਮਨਾਉਣ ਲਈ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੋਈ ਨਾ ਕੋਈ ਰਸਤਾ ਕੱਢ ਲਿਆ ਜਾਵੇਗਾ। ਪਾਕਿਸਤਾਨ ਸਰਕਾਰ ਨੇ ਇਹ ਐਲਾਨ ਵੀ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੇ ਯਤਨਾਂ ਵਿਚ ਉਹ ਢਿੱਲ ਨਹੀਂ ਆਉਣ ਦੇਣਗੇ। ਭਾਰਤ ਸਰਕਾਰ ਵੀ ਹਾਲੇ ਲਾਂਘਾ ਖੋਲ੍ਹਣ ਦੇ ਹੱਕ ਦੀਆਂ ਗੱਲਾਂ ਕਰ ਰਹੀ ਹੈ। ਪਰ ਦੋਵਾਂ ਦੇਸ਼ਾਂ ਦਰਮਿਆਨ ਜਿਹੋ-ਜਿਹੇ ਸੰਬੰਧ ਬਣ ਚੁੱਕੇ ਹਨ ਅਤੇ ਕਦਮ ਚੁੱਕੇ ਗਏ ਹਨ, ਉਸ ਤੋਂ ਖਦਸ਼ਾ ਖੜ੍ਹਾ ਹੋ ਰਿਹਾ ਹੈ ਕਿ ਹੁਣ ਛੇਤੀ ਸੰਬੰਧਾਂ ਵਿਚ ਸੁਖਾਵਾਂ ਮੋੜ ਆਉਣਾ ਸੌਖਾ ਨਹੀਂ।
ਬਾਹਰਲੇ ਦੇਸ਼ਾਂ ਵਿਚ ਵਸੇ ਸਿੱਖਾਂ ਅੰਦਰ ਨਨਕਾਣਾ ਸਾਹਿਬ ਵਿਖੇ ਜਾਣ ਅਤੇ ਬਾਬੇ ਨਾਨਕ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਤੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਬੇਹੱਦ ਸ਼ਰਧਾ ਅਤੇ ਉਤਸ਼ਾਹ ਹੈ। ਸਾਡਾ ਮੰਨਣਾ ਵੀ ਹੈ ਕਿ 550 ਸਾਲਾ ਪ੍ਰਕਾਸ਼ ਉਤਸਵ ਸਮਾਗਮ ਸਭਨਾਂ ਨੂੰ ਮਿਲ ਕੇ ਉਨ੍ਹਾਂ ਦੇ ਜਨਮ ਅਸਥਾਨ ‘ਤੇ ਹੀ ਕਰਨੇ ਚਾਹੀਦੇ ਹਨ। ਉਸ ਤੋਂ ਅੱਗੇ ਪਿੱਛੇ ਹੋਰਨਾਂ ਦੇਸ਼ਾਂ ਤੇ ਥਾਵਾਂ ਉਪਰ ਵੱਖੋ-ਵੱਖਰੇ ਸਮਾਗਮ ਕਰਵਾਏ ਜਾ ਸਕਦੇ ਹਨ। ਭਾਰਤ ਤੇ ਪਾਕਿਸਤਾਨ ਦਰਮਿਆਨ ਆਪਸੀ ਸੰਬੰਧ ਵਿਗੜੇ ਹੋਣ ਕਾਰਨ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਦਾ ਭਾਰਤ ਵਿਰੋਧੀ ਲਾਹਾ ਲਏ ਜਾਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਪਰ ਸਾਡਾ ਮੰਨਣਾ ਹੈ ਕਿ ਜਿਸ ਤਰ੍ਹਾਂ ਬਾਬਾ ਨਾਨਕ ਕਲ ਤਾਰਨ ਦੁਨੀਆਂ ‘ਤੇ ਆਏ ਅਤੇ ਉਨ੍ਹਾਂ ਦੇ ਪ੍ਰਕਾਸ਼ ਨਾਲ ‘ਮਿਟੀ ਧੁੰਧ ਜਗ ਚਾਨਣ ਹੋਆ’, ਉਸੇ ਸਪਿਰਟ ਨਾਲ ਪ੍ਰਕਾਸ਼ ਉਤਸਵ ਮਨਾਇਆ ਜਾਣਾ ਚਾਹੀਦਾ ਹੈ।
  ਇਨ੍ਹਾਂ ਸਮਾਗਮਾਂ ਵਿਚ ਸਿਆਸਤ ਦੀ ਥਾਂ ਉਨ੍ਹਾਂ ਦਾ ਉਪਦੇਸ਼ ਭਾਰੂ ਰਹਿਣਾ ਚਾਹੀਦਾ ਹੈ ਅਤੇ ਦੁਨੀਆਂ ਭਰ ਵਿਚ ਉਨ੍ਹਾਂ ਵੱਲੋਂ ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ਦਾ ਦਿੱਤਾ ਗਿਆਨਵਾਨ ਹਉਕਾ ਪਹੁੰਚਣਾ ਚਾਹੀਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.