ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿ ਬਾਬੇ ਨਾਨਕ ਦੀ ਸੋਚ ਪ੍ਰਤੀ ਸਮਰਪਿਤ ਹੋਣਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿ ਬਾਬੇ ਨਾਨਕ ਦੀ ਸੋਚ ਪ੍ਰਤੀ ਸਮਰਪਿਤ ਹੋਣ
ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿ ਬਾਬੇ ਨਾਨਕ ਦੀ ਸੋਚ ਪ੍ਰਤੀ ਸਮਰਪਿਤ ਹੋਣਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿ ਬਾਬੇ ਨਾਨਕ ਦੀ ਸੋਚ ਪ੍ਰਤੀ ਸਮਰਪਿਤ ਹੋਣ
Page Visitors: 2463
 

ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿ ਬਾਬੇ ਨਾਨਕ ਦੀ ਸੋਚ ਪ੍ਰਤੀ ਸਮਰਪਿਤ ਹੋਣਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿ ਬਾਬੇ ਨਾਨਕ ਦੀ ਸੋਚ ਪ੍ਰਤੀ ਸਮਰਪਿਤ ਹੋਣ

August 28
10:30 2019
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਸਰਕਾਰ ਨੇ ਦੱਖਣ ਏਸ਼ੀਆਈ ਖਿੱਤੇ ਵਿਚ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਏਕੇ ਦਾ ਪੈਗਾਮ ਦੇਣ ਵਾਲੇ ਪੀਰ-ਪੈਗੰਬਰ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਕੀਤਾ ਸੀ। ਗੁਰੂ ਨਾਨਕ ਜੀ ਨੇ ਆਪਣੀ ਜ਼ਿੰਦਗੀ ਦੇ 18 ਸਾਲ ਦੇ ਕਰੀਬ ਕਰਤਾਰਪੁਰ ਸਾਹਿਬ ਦੀ ਧਰਤੀ ਉਪਰ ਗੁਜ਼ਾਰੇ ਸਨ ਅਤੇ ਇਸੇ ਧਰਤੀ ਉਪਰ ਰਹਿੰਦਿਆਂ ਉਨ੍ਹਾਂ ਦੁਨੀਆਂ ਨੂੰ ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ਦਾ ਇਲਾਹੀ ਸੰਦੇਸ਼ ਦਿੱਤਾ ਸੀ।
  ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਕਰੀਬ ਸਵਾ 4 ਕਿਲੋਮੀਟਰ ਪਾਕਿਸਤਾਨ ਵਾਲੇ ਪਾਸੇ ਜ਼ਿਲ੍ਹਾ ਨਾਰੋਵਾਲ ਵਿਚ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪੈਂਦਾ ਹੈ। ਬੜੇ ਲੰਮੇ ਸਮੇਂ ਤੋਂ ਸਿੱਖ ਸੰਗਤ ਇਸ ਧਾਰਮਿਕ ਅਸਥਾਨ ਦੇ ਖੁੱਲ੍ਹੇ ਦਰਸ਼ਨਾਂ ਲਈ ਅਰਦਾਸਾਂ ਕਰਦੀ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਸਰਹੱਦ ਉਪਰ ਖਲ੍ਹੋ ਕੇ ਲੋਕ ਦੂਰਬੀਨ ਰਾਹੀਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਰਹੇ ਹਨ।
   ਇਮਰਾਨ ਖਾਨ ਦੇ ਪਿਛਲੇ ਵਰ੍ਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਨਾਲ ਲਾਂਘਾ ਖੋਲ੍ਹੇ ਜਾਣ ਦੀ ਗੱਲ ਤੁਰੀ ਸੀ। ਇਸ ਮਾਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਕਈ ਰਾਜਸੀ ਆਗੂਆਂ ਉਪਰ ਤੋਹਮਤਬਾਜ਼ੀ ਵੀ ਹੁੰਦੀ ਰਹੀ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਗਏ ਸਨ ਅਤੇ ਉਨ੍ਹਾਂ ਨੂੰ ਹੀ ਪਾਕਿਸਤਾਨ ਦੇ ਫੌਜੀ ਜਰਨੈਲ ਕਮਰ ਜਾਵੇਦ ਬਾਜਵਾ ਨੇ ਲਾਂਘਾ ਖੋਲ੍ਹਣ ਬਾਰੇ ਜਲਦੀ ਹੀ ਕੋਈ ਫੈਸਲਾ ਲਏ ਜਾਣ ਦਾ ਭਰੋਸਾ ਦਿੱਤਾ ਸੀ।
  ਜਦ ਸਿੱਧੂ ਨੇ ਭਾਰਤ ਆ ਕੇ ਇਸ ਭਰੋਸੇ ਬਾਰੇ ਗੱਲ ਕੀਤੀ, ਤਾਂ ਕਈ ਰਾਜਸੀ ਨੇਤਾਵਾਂ ਨੇ ਵਾ-ਵੇਲਾ ਵੀ ਖੜ੍ਹਾ ਕੀਤਾ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਮੁੱਢ ਤੋਂ ਹੀ ਕਿਸੇ ਨਾ ਕਿਸੇ ਰੂਪ ਵਿਚ ਵਿਵਾਦ ਖੜ੍ਹਾ ਹੁੰਦਾ ਰਿਹਾ ਹੈ। ਫਿਰ ਦੋਵਾਂ ਦੇਸ਼ਾਂ ਨੇ ਬੜੀ ਤੇਜ਼ੀ ਨਾਲ ਲਾਂਘਾ ਖੋਲ੍ਹਣ ਦੀਆਂ ਤਿਆਰੀਆਂ ਖਿੱਚੀਆਂ।
   ਭਾਰਤ ਸਰਕਾਰ ਵੱਲੋਂ ਉਪ ਰਾਸ਼ਟਰਪਤੀ ਨੇ ਚੜ੍ਹਦੇ ਪੰਜਾਬ ਵਿਚ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਲਈ ਲੋੜੀਂਦੀਆਂ ਸੜਕਾਂ ਸਰਕਾਰੀ ਅਮਲੇ ਫੈਲੇ ਦੇ ਦਫਤਰ ਅਤੇ ਮੁਸਾਫਰਾਂ ਦੀ ਸੁੱਖ ਸਹੂਲਤ ਲਈ ਥਾਵਾਂ ਦਾ ਪ੍ਰਬੰਧ ਕਰਨ ਲਈ ਕਈ ਕਦਮ ਚੁੱਕੇ। ਇਸ ਤਰ੍ਹਾਂ ਕੁੱਝ ਹੀ ਦਿਨ ਬਾਅਦ ਲਹਿੰਦੇ ਪੰਜਾਬ ਵਿਚ ਕਰਤਾਰਪੁਰ ਸਾਹਿਬ ਆ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਖੁਦ ਇਸ ਕਾਰਜ ਦੀਆਂ ਤਿਆਰੀਆਂ ਦਾ ਸ਼ੁੱਭ ਆਰੰਭ ਕੀਤਾ। ਦੋਵੇਂ ਪਾਸੀਂ ਬੜੇ ਵੱਡੇ ਪੱਧਰ ’ਤੇ ਇਹ ਤਿਆਰੀਆਂ ਕੀਤੀਆਂ ਗਈਆਂ ਅਤੇ ਇਸ ਵੇਲੇ ਦੋਵੇਂ ਪਾਸੀਂ ਲਾਂਘਾ ਖੋਲ੍ਹਣ ਦੀਆਂ ਤਿਆਰੀਆਂ ਆਖਰੀ ਪੜਾਅ ਵਿਚ ਹਨ ਅਤੇ ਦੋਵੇਂ ਦੇਸ਼ਾਂ ਦਾ ਦਾਅਵਾ ਹੈ ਕਿ ਇਹ ਤਿਆਰੀਆਂ ਬਹੁਤ ਜਲਦ ਹੀ ਮੁਕੰਮਲ ਹੋ ਜਾਣਗੀਆਂ।
   ਪਰ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਬੜੇ ਤਣਾਅਪੂਰਨ ਬਣ ਗਏ ਹਨ। ਹਾਲਾਤ ਇਥੋਂ ਤੱਕ ਖਰਾਬ ਹੋ ਗਏ ਹਨ ਕਿ ਦੋਵਾਂ ਗੁਆਂਢੀ ਮੁਲਕਾਂ ਵਿਚਕਾਰ ਇਸ ਸਮੇਂ ਸਫਾਰਤੀ ਸੰਬੰਧ ਘਟਾ ਲਏ ਗਏ ਹਨ ਅਤੇ ਆਪੋ-ਆਪਣੇ ਰਾਜਦੂਤ ਵਾਪਸ ਬੁਲਾ ਲਏ ਗਏ ਹਨ। ਦੋਵਾਂ ਗੁਆਂਢੀ ਮੁਲਕਾਂ ਨੇ ਆਪਸੀ ਵਪਾਰਕ ਸੰਬੰਧ ਵੀ ਤੋੜ ਲਏ ਹਨ ਅਤੇ ਭਾਰਤ ਦਾ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਅਤੇ ਹੋਰ ਮੱਧ ਪੂਰਬ ਮੁਲਕਾਂ ਨਾਲ ਵਪਾਰ-ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਦੋਵਾਂ ਵਿਚਕਾਰ ਜੰਗ ਵਰਗੇ ਹਾਲਾਤ ਬਣੇ ਹੋਏ ਹਨ। ਸਰਹੱਦ ਉਪਰ ਦੋਵਾਂ ਦੇਸ਼ਾਂ ਨੇ ਫੌਜਾਂ ਤਾਇਨਾਤ ਕਰ ਰੱਖੀਆਂ ਹਨ ਅਤੇ ਡਿਪਲੋਮੈਟਿਕ ਪੱਧਰ ਉੱਤੇ ਵੀ ਲੜਾਈ ਬੜੀ ਤੇਜ਼ ਹੈ।
   ਜਿੱਥੇ ਪਾਕਿਸਤਾਨ ਇਸ ਮੁੱਦੇ ਨੂੰ ਕੌਮਾਂਤਰੀ ਸੰਸਥਾਵਾਂ ਵਿਚ ਉਠਾ ਕੇ ਭਾਰਤ ਖਿਲਾਫ ਲਾਬਿੰਗ ਕਰਨ ’ਚ ਲੱਗਾ ਹੋਇਆ ਹੈ, ਉਥੇ ਭਾਰਤ ਸਰਕਾਰ ਇਸ ਮਸਲੇ ਨੂੰ ਦੋਵਾਂ ਦੇਸ਼ਾਂ ਦਾ ਆਪਸੀ ਮੁੱਦਾ ਦੱਸ ਕੇ ਹੱਲ ਕਰਨ ਉਪਰ ਜ਼ੋਰ ਦੇ ਰਹੀ ਹੈ ਅਤੇ ਤੀਜੀ ਧਿਰ ਦੀ ਵਿਚੋਲਗੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਲਈ ਜ਼ੋਰ ਲਾ ਰਹੀ ਹੈ।       ਦੋਵਾਂ ਦੇਸ਼ਾਂ ਵਿਚਕਾਰ ਅਜਿਹੇ ਕੂਟਨੀਤਿਕ ਅਤੇ ਰਾਜਨੀਤਿਕ ਟਕਰਾਅ ਵਾਲੇ ਹਾਲਾਤ ਦੌਰਾਨ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਖਦਸ਼ੇ ਪ੍ਰਗਟ ਕੀਤੇ ਜਾਣ ਲੱਗੇ ਹਨ। ਹਾਲਾਂਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਬੜੇ ਜ਼ੋਰ ਨਾਲ ਇਹ ਗੱਲ ਕਹਿ ਰਹੀਆਂ ਹਨ ਕਿ ਲਾਂਘਾ ਖੋਲ੍ਹਣ ਦੀਆਂ ਤਿਆਰੀਆਂ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਦਿੱਤੀ ਜਾ ਰਹੀ ਅਤੇ ਮਿੱਥੇ ਪ੍ਰੋਗਰਾਮ ਮੁਤਾਬਕ ਲਾਂਘਾ ਖੋਲ੍ਹਿਆ ਜਾਵੇਗਾ। ਪਰ ਨਿੱਤ ਦਿਨ ਬਣ ਰਹੇ ਟਕਰਾਅ ਵਾਲੇ ਹਾਲਾਤ ਤੋਂ ਸਿੱਖ ਸੰਗਤਾਂ ਵਿਚ ਕਾਫੀ ਚਿੰਤਾ ਪਾਈ ਜਾ ਰਹੀ ਹੈ। ਵਿਦੇਸ਼ਾਂ ਵਿਚ ਵਸੇ ਬਹੁਤ ਸਾਰੇ ਸਿੱਖ ਨਵੰਬਰ ਦੇ ਪਹਿਲੇ, ਦੂਜੇ ਹਫਤੇ ਵਿਚ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਜਾਣ ਲਈ ਤਿਆਰੀ ਖਿੱਚੀ ਬੈਠੇ ਸਨ। ਪਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਟਕਰਾਅ ਨੇ ਉਨ੍ਹਾਂ ਨੂੰ ਵੀ ਸੋਚਣ ਲਾ ਦਿੱਤਾ ਹੈ। ਕੁੱਝ ਅਜਿਹੀਆਂ ਵੀ ਆਵਾਜ਼ਾਂ ਆਉਣ ਲੱਗੀਆਂ ਹਨ ਕਿ ਪਾਕਿਸਤਾਨ ਜਿੱਥੇ ਲਾਂਘਾ ਖੋਲ੍ਹਣ ਲਈ ਜ਼ੋਰਦਾਰ ਤਿਆਰੀਆਂ ਅਤੇ ਲਾਂਘਾ ਸਮੇਂ ਸਿਰ ਖੋਲ੍ਹਣ ਦੀਆਂ ਗੱਲਾਂ ਕਰਕੇ ਸਿੱਖ ਭਾਈਚਾਰੇ ਦੇ ਮਨ ਜਿੱਤਣ ਅਤੇ ਉਨ੍ਹਾਂ ਦੀ ਹਮਦਰਦੀ ਹਾਸਲ ਕਰਨ ਦਾ ਯਤਨ ਕਰ ਰਹੀ ਹੈ ਅਤੇ ਇਸ ਭਾਵੁਕ ਤੇ ਸੰਵੇਦਨਸ਼ੀਲ ਮਸਲੇ ਉਪਰ ਗੱਲਬਾਤ ਲਈ ਕਹਿ ਕੇ ਭਾਰਤ ਸਰਕਾਰ ਲਈ ਕਸੂਤੀ ਸਥਿਤੀ ਬਣਾ ਰਹੀ ਹੈ।
    ਦੂਜੇ ਪਾਸੇ ਕੁਝ ਹੋਰ ਲੋਕਾਂ ਦਾ ਵੀ ਕਹਿਣਾ ਹੈ ਕਿ ਭਾਰਤ ਸਰਕਾਰ ਲਾਂਘਾ ਖੋਲ੍ਹਣ ਦੇ ਭਰੋਸੇ ਦੇ ਕੇ ਪਾਕਿਸਤਾਨ ਦੇ ਪ੍ਰਾਪੇਗੰਡੇ ਨੂੰ ਰੱਦ ਕਰਨ ਦਾ ਯਤਨ ਕਰ ਰਿਹਾ ਹੈ। ਪਰ ਇਕ ਗੱਲ ਸਪੱਸ਼ਟ ਹੈ ਕਿ ਭਾਰਤ ਤੇ ਪਾਕਿਸਤਾਨ ਭਾਵੇਂ ਕੋਈ ਸਿਆਸਤ ਖੇਡਣ ਜਾਂ ਤਣਾਅ ਭਰੇ ਹਾਲਾਤ ਵਿਚ ਕਿਸੇ ਅਣਸੁਖਾਵੇਂ ਫੈਸਲੇ ਨੂੰ ਇਕ ਦੂਜੇ ਉੱਤੇ ਸੁੱਟਣ ਦਾ ਯਤਨ ਕਰਨ, ਪਰ ਦੁਨੀਆਂ ਭਰ ਵਿਚ ਵਸੇ ਸਿੱਖਾਂ ਦੀ ਭਾਵਨਾ ਇਹੋ ਹੈ ਕਿ ਬਾਬੇ ਨਾਨਕ ਨੇ ਇਸ ਖਿੱਤੇ ਵਿਚ ਮਾਨਵਤਾ ਦੇ ਏਕੇ, ਸ਼ਾਂਤੀ ਅਤੇ ਸਰਬੱਤ ਦੇ ਭਲੇ ਦਾ ਹੋਕਾ ਦਿੱਤਾ ਸੀ। ਅੱਜ ਉਨ੍ਹਾਂ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਦੋਵਾਂ ਸਰਕਾਰਾਂ ਨੂੰ ਬਾਬੇ ਨਾਨਕ ਵੱਲੋਂ ਦਿੱਤੇ ਹੋਕੇ ਅਤੇ ਉਪਦੇਸ਼ ਅਨੁਸਾਰ ਖੁੱਲ੍ਹੇ ਦਿਲ ਨਾਲ ਇਕ ਦੂਜੇ ਨਾਲ ਗੱਲਬਾਤ ਦੀ ਮੇਜ ਉਪਰ ਬੈਠਣਾ ਚਾਹੀਦਾ ਹੈ।
   ਬਾਬੇ ਨਾਨਕ ਨੇ ਇਸ ਖਿੱਤੇ ਵਿਚ ਚਾਰ ਉਦਾਸੀਆਂ (ਵੱਖ-ਵੱਖ ਥਾਵਾਂ ’ਤੇ ਜਾ ਕੇ ਕੀਤੀਆਂ ਗਿਆਨ ਗੋਸ਼ਟੀਆਂ) ਰਾਹੀਂ ਦੁਨੀਆਂ ਵਿਚ ਫੈਲੇ ਅੰਧ-ਵਿਸ਼ਵਾਸ ਅਤੇ ਅਡੰਬਰ ਤੋਂ ਲੋਕਾਂ ਨੂੰ ਜਾਗ੍ਰਿਤ ਕੀਤਾ ਸੀ ਅਤੇ ਅਜਿਹਾ ਅੰਧ ਵਿਸ਼ਵਾਸ ਫੈਲਾਉਣ ਵਾਲਿਆਂ ਨਾਲ ਮਿਲ-ਬੈਠ ਕੇ ਦਲੀਲ ਦੇ ਆਧਾਰ ਉੱਤੇ ਆਪਣੀ ਗੱਲ ਮੰਨਵਾਈ ਸੀ। ਅੱਜ ਜਦੋਂ ਅਸੀਂ 21ਵੀਂ ਸਦੀ ਵਿਚ ਰਹਿ ਰਹੇ ਹਾਂ ਅਤੇ ਦੋਵੇਂ ਗੁਆਂਢੀ ਮੁਲਕ ਇਸ ਵੇਲੇ ਮਾਰੂ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ, ਤਾਂ ਜੰਗ ਬਾਰੇ ਸੋਚਣਾ ਵੀ ਵੱਡਾ ਗੁਨਾਹ ਹੋਵੇਗਾ। ਅੱਜ ਇਸ ਖਿੱਤੇ ਵਿਚ ਹੋਣ ਵਾਲੀ ਜੰਗ ਦਾ ਸਭ ਤੋਂ ਭਿਆਨਕ ਕਰੂਪ ਚਿਹਰਾ ਵੀ ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਹੀ ਦੇਖਣਾ ਪਵੇਗਾ। ਪਹਿਲਾਂ 1947 ਵਿਚ ਵੀ ਪੰਜਾਬੀ ਅਜਿਹਾ ਵੱਡਾ ਸੰਤਾਪ ਭੋਗ ਚੁੱਕੇ ਹਨ। ਇਸ ਕਰਕੇ ਅੱਜ ਨਾ ਹੀ ਜੰਗ ਅਤੇ ਨਾ ਹੀ ਤਣਾਅ ਅਤੇ ਟਕਰਾਅ ਵਾਲੀ ਹਾਲਤ ਕਿਸੇ ਲਈ ਲਾਹੇਵੰਦ ਹੈ। ਅੱਜ ਦੇ ਯੁੱਗ ਵਿਚ ਗੱਲਬਾਤ ਦੀ ਮੇਜ਼ ਉਪਰ ਬੈਠਣਾ ਭਾਵ ਬਾਬੇ ਨਾਨਕ ਦੇ ਉਪਦੇਸ਼ ਅਨੁਸਾਰ ਆਪਣੇ ਸਿਰੇ ਦੇ ਵਿਰੋਧੀ ਨਾਲ ਵੀ ਦਲੀਲ ਦੇ ਆਧਾਰ ’ਤੇ ਗੱਲ ਕਰਨਾ ਅਤੇ ਦਲੀਲ ਨਾਲ ਦੂਜਿਆਂ ਨੂੰ ਕਾਇਲ ਕਰਨਾ, ਓਨਾ ਹੀ ਸਾਰਥਿਕ ਹੈ, ਜਿੰਨਾ 15ਵੀਂ ਸਦੀ ਵਿਚ ਸੀ। ਇਸ ਕਰਕੇ ਪੂਰੇ ਸਿੱਖ ਜਗਤ ਦੇ ਲੋਕਾਂ ਦੀਆਂ ਇਹੀ ਭਾਵਨਾਵਾਂ ਹਨ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਬਾਬੇ ਨਾਨਕ ਦੀ ਸੋਚ ਪ੍ਰਤੀ ਸਮਰਪਿਤ ਹੋਣ ਅਤੇ ਖੁੱਲ੍ਹੇ ਦਿਲ ਨਾਲ ਆਪਣੇ ਮਤਭੇਦਾਂ ਬਾਰੇ ਵਿਚਾਰ-ਵਟਾਂਦਰਾ ਕਰਨ। ਕਿਉਂਕਿ ਮਤਭੇਦ ਘਟਾਉਣ ਅਤੇ ਦੂਰ ਕਰਨ ਦਾ ਇਕੋ-ਇਕ ਸਹੀ ਤਰੀਕਾ ਆਪਸੀ ਗੱਲਬਾਤ ਹੀ ਹੈ। ਆਪਸੀ ਗੱਲਬਾਤ ਨਾਲ ਹੀ ਬਹੁਤ ਸਾਰੀਆਂ ਗਲਤਫਹਿਮੀਆਂ ਦੂਰ ਹੁੰਦੀਆਂ ਹਨ ਅਤੇ ਇਕ ਦੂਜੇ ’ਤੇ ਭਰੋਸਾ ਬੱਝਦਾ ਹੈ। ਦੋਵੇਂ ਦੇਸ਼ ਜੇਕਰ ਬਾਬੇ ਨਾਨਕ ਦੇ ਇਸ ਉਪਦੇਸ਼ ਨੂੰ ਅਪਣਾ ਕੇ ਚੱਲ ਪੈਣ, ਤਾਂ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਵਿਚਕਾਰ ਨਾ ਬਿਖੇੜਾ ਪਾ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਦੂਰ ਕਰ ਸਕਦੀ ਹੈ।
  ਦੋਵਾਂ ਮੁਲਕਾਂ ਵਿਚਕਾਰ ਜੇਕਰ ਸੰਬੰਧ ਸੁਖਾਵੇਂ ਹੋਣ, ਤਾਂ ਸਭ ਤੋਂ ਵੱਧ ਆਸਾਨੀ ਨਾਲ ਦੋਵਾਂ ਵਿਚਕਾਰ ਵਪਾਰ ਵੱਡੇ ਪੱਧਰ ਉੱਤੇ ਵੱਧ ਸਕਦਾ ਹੈ। ਜੇਕਰ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਖੁੱਲ੍ਹ ਜਾਵੇ, ਤਾਂ ਸਭ ਤੋਂ ਵੱਡਾ ਫਾਇਦਾ ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਹੋਵੇਗਾ। ਕਿਉਂਕਿ ਦੋਵੇਂ ਪੰਜਾਬ ਬਹੁਤ ਵੱਡੀ ਪੱਧਰ ਉੱਤੇ ਵਸਤਾਂ ਦਾ ਬੜੀ ਆਸਾਨੀ ਨਾਲ ਆਦਾਨ-ਪ੍ਰਦਾਨ ਕਰ ਸਕਦੇ ਹਨ। ਅੰਮ੍ਰਿਤਸਰ ਤੋਂ ਲਾਹੌਰ ਕੋਈ ਵੀ ਵਸਤੂ ਟਰੱਕਾਂ ਰਾਹੀਂ ਡੇਢ ਘੰਟੇ ਤੋਂ ਵੀ ਪਹਿਲਾਂ ਪਹੁੰਚਾਈ ਜਾ ਸਕਦੀ ਹੈ। ਦੋਵਾਂ ਦੇਸ਼ਾਂ ਨੂੰ ਇਸੇ ਲਗਨ ਨੂੰ ਸਾਹਮਣੇ ਰੱਖ ਕੇ ਕੰਮ ਕਰਨਾ ਚਾਹੀਦਾ ਹੈ।
    ਜਿਵੇਂ ਲਾਂਘਾ ਖੋਲ੍ਹਣ ਦੇ ਯਤਨਾਂ ਨੇ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੇ ਨੇੜੇ ਲੈ ਆਂਦਾ ਸੀ ਅਤੇ ਗੱਲਬਾਤ ਦੀ ਮੇਜ਼ ਉਪਰ ਬੈਠਣ ਦਾ ਮੌਕਾ ਦਿੱਤਾ ਸੀ, ਉਵੇਂ ਹੀ ਹੁਣ ਵੀ ਲਾਂਘਾ ਖੋਲ੍ਹਣ ਲਈ ਮੁੜ ਫਿਰ ਜੇਕਰ ਯਤਨ ਆਰੰਭੇ ਜਾਣ, ਤਾਂ ਤਣਾਅਪੂਰਨ ਮੁੱਦਿਆਂ ਉਪਰ ਗੱਲਬਾਤ ਲਈ ਫਿਰ ਸੁਖਾਵਾਂ ਮਾਹੌਲ ਉਸਰ ਸਕਦਾ ਹੈ। ਦੁਨੀਆਂ ਭਰ ਵਿਚ ਵਸੇ ਸਮੂਹ ਨਾਨਕ ਨਾਮਲੇਵਾ ਲੋਕਾਂ ਦੀ ਇਹੀ ਦੁਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਬੰਧ ਸੁਖਾਵੇਂ ਹੋਣ ਅਤੇ ਕਰਤਾਰਪੁਰ ਦਾ ਲਾਂਘਾ ਖੁੱਲ੍ਹੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.