ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ
ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ
Page Visitors: 2423

ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

September 11
10:25 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਵਿਚ ਵੱਧ ਰਹੀ ਆਰਥਿਕ ਮੰਦੀ ਨੇ ਪੰਜਾਬ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਪੰਜਾਬ ਅੰਦਰ ਰੀਅਲ ਅਸਟੇਟ, ਸਰਵਿਸ ਖੇਤਰ, ਸਨਅਤ ਅਤੇ ਵਪਾਰ ਇਸ ਵੇਲੇ ਬੁਰੀ ਤਰ੍ਹਾਂ ਆਰਥਿਕ ਮੰਦੀ ਦੇ ਸ਼ਿਕਾਰ ਹਨ। ਹਾਲਾਤ ਇਹ ਹੈ ਕਿ ਪਿਛਲੇ 45 ਸਾਲਾਂ ਦੇ ਮੁਕਾਬਲੇ ਵਿਚ ਪੰਜਾਬ ਅੰਦਰ ਇਸ ਵੇਲੇ ਸਭ ਤੋਂ ਵਧੇਰੇ ਬੇਰੁਜ਼ਗਾਰ ਹਨ। ਪੰਜਾਬ ਦੇ 16 ਫੀਸਦੀ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਪਿਛਲੇ ਤਿੰਨ-ਚਾਰ ਮਹੀਨਿਆਂ ਵਿਚ ਸਟੀਲ ਅਤੇ ਆਟੋਮੋਬਾਈਲ ਨਾਲ ਜੁੜੇ ਯੂਨਿਟ ਬੰਦ ਹੋਣ ਨਾਲ ਚਾਰ ਲੱਖ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ। ਪੰਜਾਬ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਸੂਬੇ ਵਿਚ 72 ਹਜ਼ਾਰ 311 ਕਰੋੜ ਰੁਪਏ ਦਾ ਮਾਲੀਆ ਵਸੂਲੀ ਕਰਨ ਦਾ ਟੀਚਾ ਮਿੱਥਿਆ ਸੀ। ਪਰ ਇਹ ਵਸੂਲੀ ਸਿਰਫ 60 ਹਜ਼ਾਰ 832 ਕਰੋੜ ਰੁਪਏ ਹੀ ਹੋਈ ਹੈ। ਇਸ ਤਰ੍ਹਾਂ 12 ਹਜ਼ਾਰ ਕਰੋੜ ਰੁਪਏ ਦਾ ਘਾਟਾ ਰਿਹਾ ਹੈ। ਪੰਜਾਬ ਅੰਦਰ ਜੀ.ਐੱਸ.ਟੀ. ਦੀ ਵਸੂਲੀ ਵੀ ਲਗਾਤਾਰ ਘੱਟ ਰਹੀ ਹੈ। ਅਪ੍ਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਦੌਰਾਨ 10 ਫੀਸਦੀ ਟੈਕਸ ਵਸੂਲਣ ਦਾ ਟੀਚਾ ਮਿੱਥਿਆ ਗਿਆ ਸੀ। ਪਰ ਇਹ ਵਸੂਲੀ ਦੀ ਦਰ 7 ਫੀਸਦੀ ਹੀ ਰਹੀ ਹੈ। ਹੁਣ ਜੁਲਾਈ ਤੇ ਅਗਸਤ ਮਹੀਨਿਆਂ ਦੌਰਾਨ ਇਹ ਦਰ ਘੱਟ ਕੇ 5 ਫੀਸਦੀ ਰਹਿ ਗਈ ਹੈ।
    ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਸ਼ੁਰੂ ਹੋਈ ਮੰਦੀ ਅਤੇ ਮਗਰੋਂ ਕਾਹਲੀ ਨਾਲ ਜੀ.ਐੱਸ.ਟੀ. ਲਾਗੂ ਹੋਣ ਨਾਲ ਹਾਲਾਤ ਹੋਰ ਵਿਗੜੇ ਹਨ। ਮੰਦੀ ਕਾਰਨ ਬਹੁਤ ਸਾਰੇ ਛੋਟੇ ਕਾਰੋਬਾਰੀ ਆਪਣੇ ਕਾਰੋਬਾਰ ਵਿਚੋਂ ਹੀ ਬਾਹਰ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਸੰਭਾਲਣ ਬਾਅਦ ਪੂੰਜੀ ਨਿਵੇਸ਼ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ। ਪਰ ਕਿਸੇ ਵੀ ਵੱਡੇ ਘਰਾਣੇ ਨੇ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਵੱਲ ਮੂੰਹ ਨਹੀਂ ਕੀਤਾ। ਸਗੋਂ ਉਲਟਾ ਕੈਪਟਨ ਸਰਕਾਰ ਦੇ ਬਣਨ ਬਾਅਦ ਲੋਹਾ ਮੰਡੀ ਵਜੋਂ ਮਸ਼ਹੂਰ ਗੋਬਿੰਦਗੜ੍ਹ ਮੰਡੀ ਦੀਆਂ ਚਿਮਨੀਆਂ ਵਿਚੋਂ ਜਿਹੜਾ ਧੂੰਆਂ ਨਿਕਲਣਾ ਸ਼ੁਰੂ ਹੋਇਆ ਸੀ, ਉਹ ਮਕਾਨ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਕੰਮਕਾਜ ‘ਚ ਧੀਮੀ ਗਤੀ ਹੋਣ ਨਾਲ ਬੰਦ ਹੋਣਾ ਸ਼ੁਰੂ ਹੋ ਗਿਆ ਹੈ। ਕੰਮਕਾਜ ਦੀ ਰਫਤਾਰ ਢਿੱਲੀ ਹੋਣ ਕਾਰਨ ਸਟੀਲ ਦੀ ਮੰਗ 25 ਫੀਸਦੀ ਘੱਟ ਗਈ ਹੈ। ਸਟੀਲ ਦੀਆਂ ਕੀਮਤਾਂ ਭਾਵੇਂ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਘੱਟ ਗਈਆਂ ਹਨ। ਪਰ ਮੰਗ ਵਿਚ ਫਿਰ ਵੀ ਕੋਈ ਵਾਧਾ ਨਹੀਂ ਹੋਇਆ। ਆਰਥਿਕ ਮੰਦੀ ਨੇ ਉੱਤਰੀ ਭਾਰਤ ਵਿਚ ਟੈਕਸਟਾਈਲ ਸਨੱਅਤ ਦੇ ਸਭ ਤੋਂ ਵੱਡੇ ਕੇਂਦਰ ਅੰਮ੍ਰਿਤਸਰ ਨੂੰ ਵੀ ਆਪਣੀ ਜਕੜ ਵਿਚ ਲੈ ਲਿਆ ਹੈ।
ਹੁਣ ਕਸ਼ਮੀਰ ਵਿਚ ਹੋਈ ਘੇਰਾਬੰਦੀ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਵਿਚਲੀ ਕੱਪੜਾ ਸਨੱਅਤ ਤੇ ਵਪਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਸਰਦੀ ਦੇ ਮੌਸਮ ਵਿਚ ਸ਼ਾਲ ਅਤੇ ਗਰਮ ਕੱਪੜਾ ਵਧੇਰੇ ਕਰਕੇ ਅੰਮ੍ਰਿਤਸਰ ਤੋਂ ਹੀ ਕਸ਼ਮੀਰ ਭੇਜਿਆ ਜਾਂਦਾ ਹੈ। ਇਥੇ ਬਣਦੇ ਕੰਬਲ, ਟਵੀਡ ਅਤੇ ਫਿਰਨ ਦੇ ਕੱਪੜਿਆਂ ਦੀ ਵੱਡੀ ਮੰਡੀ ਕਸ਼ਮੀਰ ਹੈ। ਅੰਮ੍ਰਿਤਸਰੋਂ ਗਿਆ ਕੱਪੜਾ ਹੀ ਅੱਗੇ ਪਾਕਿਸਤਾਨ ਵਾਲੇ ਕਸ਼ਮੀਰ ਵਿਚ ਵੀ ਸਪਲਾਈ ਕੀਤਾ ਜਾਂਦਾ ਹੈ। ਅਗਸਤ ਤੋਂ ਨਵੰਬਰ ਦੇ ਮਹੀਨੇ ਵਿਚ ਇਹ ਵਪਾਰ ਆਪਣੇ ਸਿਖਰ ‘ਤੇ ਹੁੰਦਾ ਹੈ। ਇਸ ਦੌਰਾਨ ਮਾਲ ਤਿਆਰ ਕਰਨ ਦੀ ਤੇਜੀ ਹੁੰਦੀ ਹੈ ਅਤੇ ਤਿਆਰ ਮਾਲ ਲਗਾਤਾਰ ਕਸ਼ਮੀਰ ਘਾਟੀ ਵਿਚ ਸਪਲਾਈ ਕੀਤਾ ਜਾਂਦਾ ਹੈ ਅਤੇ ਇਸ ਦੀ ਅਦਾਇਗੀ ਵੀ ਨਾਲੋਂ-ਨਾਲ ਹੁੰਦੀ ਰਹਿੰਦੀ ਹੈ। ਪਰ ਹੁਣ 5 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਧਾਰਾ 370 ਤੋੜੇ ਜਾਣ ਬਾਅਦ ਪੈਦਾ ਹੋਏ ਹਾਲਾਤ ਕਾਰਨ ਇਹ ਵਪਾਰ ਪੂਰੀ ਤਰ੍ਹਾਂ ਬੰਦ ਹੋ ਕੇ ਰਹਿ ਗਿਆ ਹੈ।
   ਇਸ ਤੋਂ ਪਹਿਲਾਂ ਨੋਟਬੰਦੀ ਤੇ ਜੀ.ਐੱਸ.ਟੀ. ਨੇ ਵੀ ਇਸ ਸਨੱਅਤ ‘ਤੇ ਮਾੜਾ ਅਸਰ ਪਾਇਆ ਸੀ। ਅੰਮ੍ਰਿਤਸਰ ਵਿਚ ਲੂਮ ਸਨੱਅਤ ਦੇ ਵੱਡੇ-ਵੱਡੇ ਯੂਨਿਟ ਹਨ, ਜਿਨ੍ਹਾਂ ਵਿਚ ਦੋ-ਦੋ ਸ਼ਿਫਟਾਂ ਵਿਚ ਕੰਮ ਚੱਲਦਾ ਸੀ। ਪਰ ਹੁਣ ਮੰਦੀ ਕਾਰਨ ਵੱਡੀ ਗਿਣਤੀ ਯੂਨਿਟਾਂ ਵਿਚ ਇਕ ਸ਼ਿਫਟ ਹੀ ਰਹਿ ਗਈ ਹੈ। ਇਸ ਕਾਰਨ ਬਹੁਤ ਸਾਰੇ ਮਜ਼ਦੂਰ ਅਰਧ ਬੇਰੁਜ਼ਗਾਰੀ ਦੀ ਹਾਲਤ ਵਿਚ ਧੱਕੇ ਗਏ ਹਨ। ਕੱਪੜਾ ਸਨੱਅਤ ਦੇ ਲੋਕਾਂ ਦਾ ਕਹਿਣਾ ਹੈ ਕਿ ਕਸ਼ਮੀਰ ਵਿਚ ਹਾਲਾਤ ਖਰਾਬ ਹੋਣ ਕਾਰਨ ਉਨ੍ਹਾਂ ਦਾ ਇਹ ਪੂਰਾ ਸਾਲ ਹੀ ਮਾਰਿਆ ਗਿਆ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਮੁੱਚੇ ਭਾਰਤ ਵਿਚ ਚੱਲ ਰਹੀ ਆਰਥਿਕ ਮੰਦੀ ਅਤੇ ਕਸ਼ਮੀਰ ਵਿਚ ਪਾਬੰਦੀਆਂ ਕਾਰਨ ਕੱਪੜਾ ਸਨੱਅਤ ਨੂੰ 40 ਤੋਂ 60 ਫੀਸਦੀ ਤੱਕ ਨੁਕਸਾਨ ਝੱਲਣਾ ਪੈ ਰਿਹਾ ਹੈ।
    ਸਨੱਅਤਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਅੰਦਰ ਟੈਕਸ ਦੀਆਂ ਦਰਾਂ ਬੇਹੱਦ ਉੱਚੀਆਂ ਹਨ ਅਤੇ ਸਨੱਅਤ ਨੂੰ ਹੁਲਾਰਾ ਦੇਣ ਵੱਲ ਸਰਕਾਰ ਦਾ ਘੱਟ ਧਿਆਨ ਹੈ, ਜਿਸ ਕਾਰਨ ਮੰਦੀ ਦਾ ਵਧੇਰੇ ਅਸਰ ਪੈ ਰਿਹਾ ਹੈ। ਭਾਰਤ ਅੰਦਰ ਇਸ ਵੇਲੇ ਆਟੋਮੋਬਾਈਲ ਦੇ ਲਗਭਗ ਸਾਰੇ ਵਾਹਨਾਂ ਉਪਰ ਟੈਕਸ ਦਰ 28 ਫੀਸਦੀ ਹੈ। ਦੁਨੀਆਂ ਵਿਚ ਇਹ ਟੈਕਸ ਦਰ ਸਭ ਤੋਂ ਉੱਚੀ ਮੰਨੀ ਜਾਂਦੀ ਹੈ। ਆਰਥਿਕ ਮੰਦੀ ਨੇ ਸਨੱਅਤ ਤੇ ਵਪਾਰ ਹੀ ਨਹੀਂ, ਸਗੋਂ ਪੇਂਡੂ ਅਤੇ ਖੇਤੀ ਆਰਥਿਕਤਾ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਮੰਦੀ ਦੇ ਦੌਰ ਨੇ ਪੰਜਾਬ ਅੰਦਰ ਖੇਤੀ ਮਸ਼ੀਨਰੀ ਉਦਯੋਗ ਦਾ ਧੂੰਆਂ ਕੱਢ ਰੱਖਿਆ ਹੈ।
   ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਥੇ ਖੇਤੀ ਮਸ਼ੀਨਰੀ ਵਾਲੇ ਉਦਯੋਗ ਵੀ ਵੱਡੀ ਗਿਣਤੀ ਵਿਚ ਹਨ। ਅਜਿਹੀਆਂ ਬਹੁਤੀਆਂ ਸਨੱਅਤਾਂ ਛੋਟੀਆਂ ਅਤੇ ਦਰਮਿਆਨੀ ਕਿਸਮ ਦੀਆਂ ਹਨ। ਪਰ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਜਿੱਥੇ ਕਿਸਾਨ ਖੇਤੀ ਸੰਕਟ ਦੀ ਮਾਰ ਹੇਠ ਦੱਬੇ ਹੋਏ ਹਨ, ਉਥੇ ਖੇਤੀ ਮਸ਼ੀਨਰੀ ਸਨੱਅਤ ਨੂੰ ਮੰਦੀ ਦੇ ਦੌਰ ਨੇ ਦੱਬ ਲਿਆ ਹੈ। ਉਂਝ ਤਾਂ ਛੋਟੇ ਉਦਯੋਗ ਪਿਛਲੇ ਕਈ ਸਾਲਾਂ ਤੋਂ ਵਿੱਤੀ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਪਰ ਸ਼ੁਰੂ ਹੋਏ ਮੰਦਹਾਲੀ ਦੇ ਤਾਜ਼ਾ ਦੌਰ ਨੇ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ।
    ਦੇਸ਼ ਅੰਦਰ ਟਰੈਕਟਰਾਂ ਦੀ ਵਿਕਰੀ ਸਭ ਤੋਂ ਵੱਧ ਹੈ। ਪਰ ਪਿਛਲੇ ਸਾਲ ਟਰੈਕਟਰਾਂ ਦੀ ਵਿਕਰੀ ਵਿਚ 19 ਫੀਸਦੀ ਤੱਕ ਦੀ ਕਮੀ ਆਈ ਹੈ। ਕੰਬਾਇਨਾਂ ਅਤੇ ਹੋਰ ਖੇਤੀ ਮਸ਼ੀਨਰੀ ਦੀ ਵਿਕਰੀ ਵੀ ਲਗਭਗ ਇਸੇ ਅਨੁਪਾਤ ਘੱਟ ਗਈ ਹੈ। ਪੰਜਾਬ ਵਿਚ ਟਰੈਕਟਰਾਂ ਅਤੇ ਖੇਤੀ ਮਸ਼ੀਨਰੀ ਦਾ ਕੁੱਲ ਕਾਰੋਬਾਰ 5 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੈ। ਇਸ ਤਰ੍ਹਾਂ ਖੇਤੀ ਮਸ਼ੀਨਰੀ ਰਾਜ ਦਾ ਇਕ ਵੱਡਾ ਉਦਯੋਗ ਹੈ। ਪਰ ਲੰਘੇ ਅਗਸਤ ਮਹੀਨੇ ਵਿਕਰੀ ਵਿਚ ਕਮੀ 19 ਫੀਸਦੀ ਤੋਂ ਵੀ ਵਧੇਰੇ ਹੋਈ ਹੈ। ਖੇਤੀ ਮਸ਼ੀਨਰੀ ਉਦਯੋਗ ਵਿਚ ਆਈ ਖੜੋਤ ਦਾ ਸਿੱਧਾ ਅਸਰ ਪੇਂਡੂ ਆਰਥਿਕਤਾ ਉਪਰ ਪੈਂਦਾ ਹੈ। ਕਿਉਂਕਿ ਖੇਤੀਬਾੜੀ ਦੇ ਛੋਟੇ ਉਦਯੋਗਾਂ ਨਾਲ ਸੰਬੰਧਤ 70 ਫੀਸਦੀ ਤੋਂ ਵੱਧ ਵਿਅਕਤੀ ਪੇਂਡੂ ਖੇਤਰ ਨਾਲ ਹੀ ਸੰਬੰਧਤ ਹਨ। ਛੋਟੇ ਖੇਤੀ ਸੰਦ ਬਣਾਉਣ ਵਾਲੇ ਗੋਰਾਇਆਂ ਵਰਗੇ ਕਈ ਸਨੱਅਤੀ ਕੇਂਦਰ ਤਾਂ ਉਜਾੜੇ ਦੇ ਮੂੰਹ ਹੀ ਜਾ ਪਏ ਹਨ।
ਜਿਵੇਂ ਦੇਸ਼ ਪੱਧਰ ਉੱਤੇ ਆਟੋ ਇੰਡਸਟਰੀ ਵੱਡੇ ਸੰਕਟ ਮੂੰਹ ਆਈ ਹੋਈ ਹੈ। ਪੰਜਾਬ ਅੰਦਰ ਇਸ ਦਾ ਉਸ ਤੋਂ ਵੀ ਵਧੇਰੇ ਮੰਦਾ ਹਾਲ ਹੈ।
  ਪੰਜਾਬ ਅੰਦਰ ਆਟੋ ਇੰਡਸਟਰੀ ਵਿਚ 40 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਅੰਦਰ ਸਭ ਤੋਂ ਵੱਡੇ ਸਾਈਕਲ ਸਨੱਅਤ ਕੇਂਦਰ ਲੁਧਿਆਣਾ ਦੇ ਸਾਈਕਲ ਸਨੱਅਤ ‘ਚ 80 ਫੀਸਦੀ ਅਤੇ ਹੌਜਰੀ ਵਿਚ 25 ਤੋਂ 30 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਹਰ ਤਰ੍ਹਾਂ ਦੀ ਕਾਰ, ਦੋਪਹੀਆ, ਵਪਾਰਕ ਅਤੇ ਵੱਡੇ ਵਾਹਨਾਂ ਦੀ ਵਿਕਰੀ ਵਿਚ ਭਾਰੀ ਕਮੀ ਆਉਣ ਕਾਰਨ ਛੋਟੇ ਕਾਰੋਬਾਰ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਰੀਅਲ ਅਸਟੇਟ ਵਿਚ ਆਈ ਮੰਦੀ ਕਾਰਨ ਵੱਖ-ਵੱਖ ਸ਼ਹਿਰਾਂ ਵਿਚ ਉਸਾਰੇ ਹੋਏ ਲੱਖਾਂ ਫਲੈਟ ਮਾਲਕਾਂ ਨੂੰ ਲੱਭ ਰਹੇ ਹਨ ਅਤੇ ਲੱਖਾਂ ਦੀ ਗਿਣਤੀ ਵਿਚ ਉਸਾਰੀ ਅਧੀਨ ਖੜ੍ਹੇ ਹਨ। ਇੰਨਾ ਹੀ ਨਹੀਂ, ਪਿਛਲੇ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ਧੜਾਧੜ ਉਸਰੇ ਵੱਡੇ ਮਾਲ ਖਾਲੀ ਹੋ ਰਹੇ ਹਨ।
   ਪੰਜਾਬ ਅੰਦਰ ਨੌਜਵਾਨਾਂ ਅਤੇ ਵਿਦਿਆਰਥੀਆਂ ਅੰਦਰ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਤੁਰ ਜਾਣ ਦਾ ਰੁਝਾਨ ਵੀ ਇਸ ਮੰਦੀ ਦੇ ਦੌਰ ਵਿਚ ਹੋਰ ਤੇਜ਼ ਹੋ ਰਿਹਾ ਹੈ। ਇਸ ਦੌਰ ਵਿਚ ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਰਹੇ ਹਨ। ਇਸ ਨਾਲ ਨਿਪੁੰਨ ਕਾਮਿਆਂ ਦੀ ਬੇਰੁਜ਼ਗਾਰੀ ਵਿਚ ਵੀ ਵਾਧਾ ਹੋ ਰਿਹਾ ਹੈ। ਸਰਕਾਰ ਵੱਲੋਂ ਇਸ ਮੰਦੀ ਦੇ ਦੌਰ ਨੂੰ ਹੱਲ ਕਰਨ ਲਈ ਕੋਈ ਬਹੁਤੇ ਕਾਰਗਰ ਕਦਮ ਨਹੀਂ ਚੁੱਕੇ ਜਾ ਰਹੇ। ਇਸ ਮੰਦੀ ਦੇ ਦੌਰ ਦਾ ਪੰਜਾਬ ਲਈ ਇਕ ਘਾਟੇਵੰਦਾ ਸੌਦਾ ਹੋਰ ਵੀ ਹੈ ਕਿ ਹੁਣ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਅੰਦਰ ਪੂੰਜੀ ਨਿਵੇਸ਼ ਕਰਨ ਤੋਂ ਹੱਥ ਘੁੱਟ ਲਿਆ ਹੈ। ਉਲਟਾ ਸਗੋਂ ਵੱਡੀ ਗਿਣਤੀ ਪ੍ਰਵਾਸੀ ਪੰਜਾਬੀ ਪੰਜਾਬ ਵਿਚਲੀਆਂ ਆਪਣੀਆਂ ਜ਼ਮੀਨ-ਜਾਇਦਾਦਾਂ ਨੂੰ ਸਮੇਟਣ ਲੱਗੇ ਹੋਏ ਹਨ।
  ਪਹਿਲਾਂ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਜਾਬੀ ਵਿਆਹ, ਸ਼ਾਦੀਆਂ ਅਤੇ ਹੋਰ ਸਮਾਗਮ ਕਰਨ ਲਈ ਪੰਜਾਬ ਜਾਂਦੇ ਸਨ। ਪਰ ਇਹ ਵਰਤਾਰਾ ਹੁਣ ਵੱਡੀ ਪੱਧਰ ਉੱਤੇ ਘੱਟ ਗਿਆ ਹੈ। ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਜਾਣ ਅਤੇ ਉਥੇ ਸਮਾਗਮ ਕਰਨ ਨਾਲ ਹਰ ਸਾਲ ਅਰਬਾਂ ਰੁਪਏ ਦੀ ਖਰੀਦੋ-ਫਰੋਖ਼ਤ ਹੁੰਦੀ ਸੀ। ਹੁਣ ਇਹ ਸਾਰਾ ਕਾਰੋਬਾਰ ਵੀ ਵੱਡੇ ਪੱਧਰ ‘ਤੇ ਲਗਭਗ ਖਤਮ ਹੋ ਗਿਆ ਹੈ। ਇਸ ਨਾਲ ਵੀ ਪੰਜਾਬੀਆਂ ਦੀ ਆਰਥਿਕ ਸਰਗਰਮੀ ਨੂੰ ਨੁਕਸਾਨ ਪੁੱਜਾ ਹੈ।
  ਦੁਆਬਾ ਖੇਤਰ ਦੇ ਪ੍ਰਵਾਸੀ ਪੰਜਾਬੀਆਂ ਦੇ ਸਿਰ ‘ਤੇ ਚੱਲਣ ਵਾਲੇ ਕਈ ਕਸਬਿਆਂ ਦੇ ਵਪਾਰੀ ਤੇ ਕਾਰੋਬਾਰੀ ਹੁਣ ਵਿਹਲੇ ਬੈਠੇ ਨਜ਼ਰ ਆਉਂਦੇ ਹਨ। ਪ੍ਰਵਾਸੀ ਪੰਜਾਬੀਆਂ ਦੇ ਮੁੱਖ ਮੋੜ ਲੈਣ ਨਾਲ ਦੁਆਬਾ ਖੇਤਰ ਵਿਚ ਵੱਡਾ ਵਿੱਤੀ ਘਾਟਾ ਪਿਆ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਨੇ ਹੁਣ ਪ੍ਰਵਾਸੀ ਪੰਜਾਬੀਆਂ ਵੱਲ ਧਿਆਨ ਦੇਣਾ ਵੀ ਲਗਭਗ ਬੰਦ ਕਰ ਰੱਖਿਆ ਹੈ, ਜਿਸ ਕਾਰਨ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਵੱਲੋਂ ਮੂੰਹ ਮੋੜ ਲੈਣ ਦੇ ਰੁਝਾਨ ਵਿਚ ਵਾਧਾ ਹੋ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.