ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਵਿਦੇਸ਼ਾਂ ‘ਚ ਸਿੱਖ ਕੌਮ ਦੀ ਪਛਾਣ ਬਣਾਉਣ ‘ਚ ਵੱਡੀ ਭੂਮਿਕਾ ਨਿਭਾਅ ਗਿਆ ਸੰਦੀਪ ਸਿੰਘ ਧਾਲੀਵਾਲ
ਵਿਦੇਸ਼ਾਂ ‘ਚ ਸਿੱਖ ਕੌਮ ਦੀ ਪਛਾਣ ਬਣਾਉਣ ‘ਚ ਵੱਡੀ ਭੂਮਿਕਾ ਨਿਭਾਅ ਗਿਆ ਸੰਦੀਪ ਸਿੰਘ ਧਾਲੀਵਾਲ
Page Visitors: 2437

ਵਿਦੇਸ਼ਾਂ ‘ਚ ਸਿੱਖ ਕੌਮ ਦੀ ਪਛਾਣ ਬਣਾਉਣ ‘ਚ ਵੱਡੀ ਭੂਮਿਕਾ ਨਿਭਾਅ ਗਿਆ ਸੰਦੀਪ ਸਿੰਘ ਧਾਲੀਵਾਲਵਿਦੇਸ਼ਾਂ ‘ਚ ਸਿੱਖ ਕੌਮ ਦੀ ਪਛਾਣ ਬਣਾਉਣ ‘ਚ ਵੱਡੀ ਭੂਮਿਕਾ ਨਿਭਾਅ ਗਿਆ ਸੰਦੀਪ ਸਿੰਘ ਧਾਲੀਵਾਲ

October 02
10:20 2019

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਦੇ ਟੈਕਸਸ ਸੂਬੇ ‘ਚ ਪੁਲਿਸ ਸੇਵਾ ਨਿਭਾਉਣ ਸਮੇਂ ਇਕ ਨਫਰਤੀ ਵੱਲੋਂ ਵਰ੍ਹਾਈਆਂ ਗੋਲੀਆਂ ਨਾਲ ਸੰਦੀਪ ਸਿੰਘ ਧਾਲੀਵਾਲ ਖੁਦ ਭਾਵੇਂ ਮੌਤ ਦੇ ਮੂੰਹ ਜਾ ਪਿਆ ਹੈ। ਪਰ ਉੱਤਰੀ ਅਮਰੀਕਾ ਵਿਚ ਉਸ ਵੱਲੋਂ ਨਿਸ਼ਕਾਮ ਹੋ ਕੇ ਕੀਤੇ ਜਾਂਦੇ ਕੰਮਾਂ ਅਤੇ ਪੂਰੇ ਜ਼ਾਬਤੇ ਵਿਚ ਰਹਿੰਦਿਆਂ ਨਿਭਾਈ ਪੁਲਿਸ ਸੇਵਾ ਕਾਰਨ ਜਿੱਥੇ ਨਫਰਤੀ ਕਾਤਲ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ, ਉਥੇ ਧਾਲੀਵਾਲ ਦੀ ਇਸ ਸ਼ਹਾਦਤ ਨੇ ਵਿਦੇਸ਼ਾਂ ਵਿਚ ਸਿੱਖ ਪਛਾਣ ਨੂੰ ਹੋਰ ਵਧੇਰੇ ਉਜਾਗਰ ਅਤੇ ਸਤਿਕਾਰਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ।
42 ਸਾਲਾ ਸੰਦੀਪ ਸਿੰਘ ਧਾਲੀਵਾਲ ਨੇ 2008 ਵਿਚ ਹੈਰਿਸ ਕਾਊਂਟੀ ਸ਼ੈਰਿਫ ਆਫਿਸ ਵਿਚ ਡਿਟੈਨਸ਼ਨ ਅਫਸਰ ਦੇ ਤੌਰ ‘ਤੇ ਅਮਰੀਕੀ ਪੁਲਿਸ ਵਿਚ ਸੇਵਾ ਸ਼ੁਰੂ ਕੀਤੀ ਸੀ। 2015 ਵਿਚ ਉਸ ਨੂੰ ਡਿਪਟੀ ਸ਼ੈਰਿਫ ਵਜੋਂ ਤਰੱਕੀ ਮਿਲੀ ਸੀ। ਉਹ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਦਾੜ੍ਹੀ ਰੱਖਣ ਤੇ ਪੱਗ ਬੰਨ੍ਹਣ ਦੀ ਇਜਾਜ਼ਤ ਮਿਲੀ ਸੀ। ਸ. ਧਾਲੀਵਾਲ ਨੇ ਪੁਲਿਸ ਦੀ ਇਹ ਸੇਵਾ ਸਾਬਤ ਸੂਰਤ ਦਸਤਾਰਧਾਰੀ ਵਜੋਂ ਨਿਭਾਈ।
ਬੀਤੇ ਸ਼ੁੱਕਰਵਾਰ ਜਦੋਂ ਉਹ ਟੈਕਸਸ ਸਟੇਟ ਦੇ ਹਿਊਸਟਨ ਸ਼ਹਿਰ ਵਿਚ ਆਪਣੀ ਡਿਊਟੀ ਨਿਭਾਅ ਰਿਹਾ ਸੀ, ਤਾਂ ਟ੍ਰੈਫਿਕ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਜਦੋਂ ਉਸ ਨੇ ਇਕ ਕਾਰ ਚਾਲਕ ਨੂੰ ਰੋਕਿਆ, ਤਾਂ ਉਸ ਨੇ ਸੰਦੀਪ ਨੂੰ ਗੋਲੀਆਂ ਮਾਰ ਕੇ ਥਾਂ ‘ਤੇ ਹੀ ਮਾਰ ਦਿੱਤਾ। ਇਸ ਘਟਨਾ ਨਾਲ ਪੂਰੇ ਉੱਤਰੀ ਅਮਰੀਕਾ ਵਿਚ ਰਹਿੰਦੇ ਸਿੱਖ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਫੈਲ ਗਈ। ਇੰਨਾ ਹੀ ਨਹੀਂ, ਇਸ ਘਟਨਾ ਨੂੰ ਲੈ ਕੇ ਅਮਰੀਕੀ ਲੋਕਾਂ ਨੇ ਵੀ ਡੂੰਘੇ ਲਗਾਅ ਅਤੇ ਅਫਸੋਸ ਦਾ ਇਜ਼ਹਾਰ ਕੀਤਾ ਸੀ। ਸੰਦੀਪ ਸਿੰਘ ਧਾਲੀਵਾਲ ਦੇ ਇਕ ਨਫਰਤੀ ਵਿਅਕਤੀ ਵੱਲੋਂ ਕੀਤੇ ਕਤਲ ਦਾ ਅਮਰੀਕੀ ਮੀਡੀਏ ਵੱਲੋਂ ਵੀ ਸਖ਼ਤ ਨੋਟਿਸ ਲਿਆ ਗਿਆ ਹੈ। ਸਾਰੇ ਵਰਗ ਦੇ ਲੋਕਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਸ. ਧਾਲੀਵਾਲ ਦੀ ਸੇਵਾ, ਹੌਂਸਲੇ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਸ. ਧਾਲੀਵਾਲ ਜਿੱਥੇ ਪੁਲਿਸ ਵਿਭਾਗ ਵਿਚ ਇਕ ਸਹਿਯੋਗੀ ਅਤੇ ਉੱਚੇ ਇਖਲਾਕ ਅਫਸਰ ਵਜੋਂ ਜਾਣੇ ਜਾਂਦੇ ਸਨ, ਉਥੇ ਉਹ ਲੋਕ ਸੇਵਾ ਦੇ ਕੰਮਾਂ ਵਿਚ ਭਾਗ ਲੈਣ ਲਈ ਵੀ ਹਮੇਸ਼ਾ ਤਿਆਰ ਰਹਿੰਦੇ ਸਨ। ਕਈ ਵਾਰ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਤੂਫਾਨਾਂ, ਹੜ੍ਹਾਂ ਅਤੇ ਹੋਰ ਕੁਦਰਤੀ ਆਫਤਾਂ ਵਿਚ ਫਸੇ ਲੋਕਾਂ ਦੀ ਸਹਾਇਤਾ ਲਈ ਉਹ ਆਪਣੇ ਸਾਥੀਆਂ ਨਾਲ ਨੌਕਰੀ ਤੋਂ ਛੁੱਟੀ ਲੈ ਕੇ ਸੇਵਾ ਕਰਨ ਜਾਂਦੇ ਰਹੇ ਸਨ। ਹੁਣੇ ਜਿਹੇ ਉਹ ਪੋਰਟਰਿਕਾ ਵਿਚ ਆਫਤ ਮੂੰਹ ਆਏ ਲੋਕਾਂ ਦੀ ਮਦਦ ਕਰਕੇ ਆਏ ਸਨ। ਸ. ਧਾਲੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਨ ਲਈ ਯੂਨਾਈਟਿਡ ਸਿੱਖਸ ਨਾਂ ਦੀ ਇਕ ਸੰਸਥਾ ਵੀ ਬਣਾਈ ਹੋਈ ਸੀ।
ਸ. ਧਾਲੀਵਾਲ ਆਪਣੇ ਪੁਲਿਸ ਦੇ ਸਾਥੀਆਂ ਵਿਚ ਵੀ ਬੇਹੱਦ ਸਤਿਕਾਰੇ ਤੇ ਪਿਆਰੇ ਜਾਂਦੇ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰਦੇ ਅਨੇਕਾਂ ਸੀਨੀਅਰ ਅਧਿਕਾਰੀ ਅਤੇ ਸਾਥੀ ਉਸ ਨੂੰ ਭਰਾ ਦਾ ਦਰਜਾ ਦੇ ਕੇ ਸਤਿਕਾਰ ਕਰਦੇ ਦੇਖੇ ਗਏ। ਅਜਿਹੇ ਇਕ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਿਪਟੀ ਸ਼ੈਰਿਫ ਦੇ ਅਹੁਦੇ ‘ਤੇ ਕੰਮ ਕਰਨਾ ਬੜਾ ਜ਼ੋਖਿਮ ਭਰਿਆ ਕੰਮ ਹੈ। ਉਹ ਹਮੇਸ਼ਾ ਆਪਣੀ ਜਾਨ ਖਤਰੇ ਵਿਚ ਪਾ ਕੇ ਲੋਕਾਂ ਦੀ ਸੇਵਾ ਕਰਦੇ ਹਨ ਤੇ ਇਸ ਘਟਨਾ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਇਸ ਨੌਕਰੀ ਵਿਚ ਕੁੱਝ ਵੀ ਆਮ ਵਰਗਾ ਨਹੀਂ ਹੁੰਦਾ, ਸਗੋਂ ਹਰ ਪਲ ਖਤਰਿਆਂ ਵਿਚ ਘਿਰਿਆ ਹੁੰਦਾ ਹੈ।
ਸ. ਧਾਲੀਵਾਲ ਤਿੰਨ ਬੱਚਿਆਂ ਦੇ ਪਿਤਾ ਸਨ। ਉਨ੍ਹਾਂ ਨੂੰ ਗੋਲੀਆਂ ਮਾਰਨ ਵਾਲਾ 47 ਸਾਲਾ ਰੌਬਿਟ ਸੌਲਿਸ ਮੁਜ਼ਰਮਾਨਾ ਕਿਰਦਾਰ ਵਾਲਾ ਹੈ। ਇਸ ਵੇਲੇ ਉਹ ਪੈਰੋਲ ਉਪਰ ਆਇਆ ਹੋਇਆ ਸੀ ਤੇ ਘਟਨਾ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਘਟਨਾ ਸਮੇਂ ਉਸ ਦੇ ਨਾਲ ਕਾਰ ਵਿਚ ਬੈਠੀ ਇਕ ਸ਼ੱਕੀ ਔਰਤ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਮਰੀਕਾ ਵਿਚ ਅਜਿਹੇ ਨਫਰਤੀ ਹਮਲਿਆਂ ਦੀਆਂ ਪਹਿਲਾਂ ਵੀ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਇਨ੍ਹਾਂ ਘਟਨਾਵਾਂ ਵਿਚ ਕਿੰਨੇ ਹੀ ਸਿੱਖ ਕਤਲ ਹੋਏ ਹਨ ਜਾਂ ਜਿਸਮਾਨੀ ਤੌਰ ‘ਤੇ ਹਮਲਿਆਂ ਦਾ ਸ਼ਿਕਾਰ ਹੋਏ ਹਨ। ਪਰ ਇਕ ਪੁਲਿਸ ਅਫਸਰ ਵਜੋਂ ਸੇਵਾ ਨਿਭਾਅ ਰਹੇ ਕਿਸੇ ਸਿੱਖ ਅਧਿਕਾਰੀ ਉਪਰ ਹਮਲੇ ਦੀ ਇਹ ਪਹਿਲੀ ਘਟਨਾ ਹੈ। ਦਸਤਾਰਧਾਰੀ ਅਤੇ ਸਾਬਤ ਸੂਰਤ ਹੋ ਕੇ ਪੁਲਿਸ ਸੇਵਾ ਨਿਭਾਉਣ ਕਾਰਨ ਸੰਦੀਪ ਸਿੰਘ ਧਾਲੀਵਾਲ ਵਧੇਰੇ ਸਤਿਕਾਰਿਆ ਅਤੇ ਪਿਆਰਿਆ ਜਾਂਦਾ ਸੀ। ਉਨ੍ਹਾਂ ਦੀ ਇਸ ਸ਼ਹਾਦਤ ਨਾਲ ਪੂਰੇ ਅਮਰੀਕਾ ਵਿਚ ਸਿੱਖ ਪਹਿਚਾਣ ਬਾਰੇ ਜਾਗ੍ਰਿਤੀ ਹੋਰ ਵਧੀ ਹੈ।
ਹਰ ਵਰਗ ਅਤੇ ਧਰਮ ਦੇ ਲੋਕਾਂ ਨੇ ਨਾ ਸਿਰਫ ਆਲੋਚਨਾ ਕੀਤੀ ਹੈ, ਸਗੋਂ ਡੱਟ ਕੇ ਵਿਰੋਧਤਾ ਵੀ ਕੀਤੀ ਜਾ ਰਹੀ ਹੈ। 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਤੋਂ ਬਾਅਦ ਹੀ ਅਜਿਹੇ ਨਫਰਤੀ ਹਮਲੇ ਵਧੇਰੇ ਹੋਣ ਲੱਗੇ ਹਨ। ਸਿੱਖ ਭਾਈਚਾਰੇ ਵੱਲੋਂ ਆਪਣੀ ਪਛਾਣ ਬਾਰੇ ਜਾਗ੍ਰਿਤੀ ਪੈਦਾ ਕਰਨ ਲਈ ਪਿਛਲੇ 2 ਦਹਾਕਿਆਂ ਦੌਰਾਨ ਵੱਡੇ ਕਦਮ ਉਠਾਏ ਜਾਂਦੇ ਰਹੇ ਹਨ। ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿਚ ਨਿਕਲਦੇ ਨਗਰ ਕੀਰਤਨ ਅਤੇ ਹੋਰ ਸਿੱਖ ਸਰਗਰਮੀਆਂ ਸਿੱਖਾਂ ਦੀ ਵਿਲੱਖਣ ਪਛਾਣ ਬਾਰੇ ਜਾਗ੍ਰਿਤੀ ਪੈਦਾ ਕਰਨ ਦਾ ਸਾਧਨ ਬਣਦੀਆਂ ਆ ਰਹੀਆਂ ਹਨ। ਇਸੇ ਦੌਰਾਨ ਕੈਲੀਫੋਰਨੀਆ, ਨਿਊਜਰਸੀ, ਨਿਊਯਾਰਕ ਅਤੇ ਕਈ ਹੋਰ ਅਮਰੀਕੀ ਸੂਬਾ ਸਰਕਾਰਾਂ ਵੱਲੋਂ ਸਿੱਖਾਂ ਦੀ ਅਮਰੀਕੀ ਸਮਾਜ ਨੂੰ ਦਿੱਤੀ ਦੇਣ ਬਾਰੇ ਜਾਗ੍ਰਿਤੀ ਮੁਹਿੰਮ ਚਲਾਉਣ ਦੇ ਫੈਸਲੇ ਕੀਤੇ ਗਏ ਹਨ। ਅਜਿਹੇ ਕਦਮਾਂ ਨਾਲ ਸਿੱਖਾਂ ਦੀ ਪਛਾਣ ਬਾਰੇ ਅਤੇ ਉਨ੍ਹਾਂ ਵੱਲੋਂ ਅਮਰੀਕੀ ਸਮਾਜ ਵਿਚ ਰਹਿ ਕੇ ਪਾਏ ਜਾ ਰਹੇ ਯੋਗਦਾਨ ਬਾਰੇ ਆਮ ਅਮਰੀਕੀ ਲੋਕਾਂ ਤੱਕ ਵੀ ਜਾਗ੍ਰਿਤੀ ਪਾਈ ਜਾ ਰਹੀ ਹੈ।
ਸੰਦੀਪ ਸਿੰਘ ਧਾਲੀਵਾਲ ਦਾ ਕਤਲ ਭਾਵੇਂ ਨਿਵੇਕਲੀ ਘਟਨਾ ਹੈ। ਪਰ ਇਸ ਘਟਨਾ ਦਾ ਪ੍ਰਭਾਵ ਬੇਹੱਦ ਡੂੰਘਾ ਅਤੇ ਵਿਆਪਕ ਹੈ। ਇਸ ਘਟਨਾ ਨੇ ਸੰਕੇਤ ਦਿੱਤੇ ਹਨ ਕਿ ਸਿੱਖਾਂ ਨੂੰ ਆਪਣੀ ਸੁਰੱਖਿਆ ਅਤੇ ਪਛਾਣ ਬਾਰੇ ਜਾਗ੍ਰਿਤੀ ਕਾਇਮ ਕਰਨ ਅਤੇ ਹੋਰਨਾਂ ਲੋਕਾਂ ਨਾਲ ਮਿਲ ਕੇ ਨਫਰਤੀ ਮਾਹੌਲ ਨੂੰ ਖਤਮ ਕਰਨ ਲਈ ਹੋਰ ਵਿਆਪਕ ਕਦਮ ਚੁੱਕਣੇ ਪੈਣਗੇ। ਸੰਦੀਪ ਸਿੰਘ ਧਾਲੀਵਾਲ ਅਤੇ ਸਾਡੇ ਭਾਈਚਾਰੇ ਦੇ ਹੋਰ ਲੋਕਾਂ ਵੱਲੋਂ ਕੁਦਰਤੀ ਆਫਤਾਂ ਮੂੰਹ ਆਏ ਲੋਕਾਂ ਦੇ ਹੱਕ ਵਿਚ ਖੜ੍ਹਨ ਦੀ ਪਿਰਤ ਸਿੱਖ ਧਰਮ ਲਈ ਕੋਈ ਨਵੀਂ ਨਹੀਂ। ਸਿੱਖ ਧਰਮ ਵਿਚ ਨਿਸ਼ਕਾਮ ਸੇਵਾ ਦਾ ਵੱਡਾ ਸਥਾਨ ਹੈ ਅਤੇ ਸੇਵਾ ਦੇ ਇਸੇ ਸੰਕਲਪ ਅਤੇ ਰਵਾਇਤ ਤੋਂ ਪ੍ਰਭਾਵਿਤ ਹੋ ਕੇ ਹੀ ਸ. ਧਾਲੀਵਾਲ ਪੁਲਿਸ ਸੇਵਾ ਨਿਭਾਉਣ ਦੇ ਨਾਲ ਮਨੁੱਖਤਾ ਦੀ ਸੇਵਾ ਦੇ ਵੱਡੇ ਕਾਰਜ ਵਿਚ ਵੀ ਭਾਗ ਲੈਂਦੇ ਰਹੇ ਹਨ।
  ਵੱਖ-ਵੱਖ ਦੇਸ਼ਾਂ ਵਿਚ ਵਸੇ ਸਿੱਖ ਭਾਈਚਾਰੇ ਨੇ ਪਿਛਲੇ ਕੁੱਝ ਸਾਲਾਂ ਤੋਂ ਮਨੁੱਖੀ ਸੇਵਾ ਲਈ ਆਪਣੀ ਧਾਰਮਿਕ ਰਵਾਇਤ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਆਰੰਭਿਆ ਹੈ। ਖਾਲਸਾ ਏਡ ਅਤੇ ਸੰਦੀਪ ਸਿੰਘ ਧਾਲੀਵਾਲ ਵਰਗਿਆਂ ਨੇ ਅਨੇਕਾਂ ਥਾਂਵਾਂ ਉਪਰ ਜਾ ਕੇ ਲੋਕਾਂ ਨੂੰ ਆਫਤਾਂ ਵਿਚੋਂ ਬਾਹਰ ਕੱਢਣ ‘ਚ ਵੱਡਾ ਯੋਗਦਾਨ ਪਾਇਆ ਹੈ। ਲੋਕ ਸੇਵਾ ਦੇ ਅਜਿਹੇ ਕਾਰਜ ਜਿੱਥੇ ਸਾਨੂੰ ਆਪਣੇ ਧਾਰਮਿਕ ਰਵਾਇਤ ਅਨੁਸਾਰ ਲੋਕ ਸੇਵਾ ਦਾ ਕਾਰਜ ਨਿਭਾਉਣ ਲਈ ਪ੍ਰੇਰਦੇ ਹਨ, ਉਥੇ ਅਜਿਹੇ ਕਾਰਜ ਸਾਡੇ ਸਮੁੱਚੇ ਭਾਈਚਾਰੇ ਦਾ ਅਕਸ ਉਭਾਰਨ ਵਿਚ ਵੀ ਬੜਾ ਅਹਿਮ ਯੋਗਦਾਨ ਪਾਉਂਦੇ ਹਨ।
ਅਸੀਂ ਮਹਿਸੂਸ ਕਰਦੇ ਹਾਂ ਕਿ ਸੰਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਵਰਗੇ ਵੱਡੇ ਮੁਲਕ ਵਿਚ ਸਾਬਤ ਸੂਰਤ ਹੋ ਕੇ ਪੁਲਿਸ ਨੌਕਰੀ ਕਰਨ ਅਤੇ ਲੋਕ ਸੇਵਾ ਦੇ ਕੰਮਾਂ ਵਿਚ ਸਰਗਰਮੀ ਨਾਲ ਭਾਗ ਲੈਣ ਤੋਂ ਸਾਡੇ ਭਾਈਚਾਰੇ ਨੂੰ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੇ ਨਿਸ਼ਕਾਮ ਸੇਵਕ ਅਤੇ ਨਿਰਭੈਅ ਹੋ ਕੇ ਸੇਵਾ ਨਿਭਾਉਣ ਦੇ ਕਿਰਦਾਰ ਉਪਰ ਸਾਡਾ ਭਾਈਚਾਰਾ ਵੱਡਾ ਮਾਣ ਕਰ ਸਕਦਾ ਹੈ।
ਅਜਿਹਾ ਮਾਣ ਸਾਨੂੰ ਅਮਰੀਕੀ ਸਮਾਜ ਅੰਦਰ ਸਿਰ ਉਠਾ ਕੇ ਚੱਲਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਜਦੋਂ ਕਿਸੇ ਦੀਆਂ ਅੱਖਾਂ ਅੱਗੋਂ ਕੋਈ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਲੰਘੇਗਾ, ਤਾਂ ਸੰਦੀਪ ਸਿਘ ਧਾਲੀਵਾਲ ਦਾ ਅਕਸ ਉਸ ਦੀਆਂ ਅੱਖਾਂ ਅੱਗੇ ਆਪ ਮੁਹਾਰੇ ਆ ਉੱਭਰੇਗਾ। ਅਜਿਹਾ ਅਕਸ ਸਾਡੇ ਸਮੁੱਚੇ ਭਾਈਚਾਰੇ ਲਈ ਮਾਣ ਦਾ ਰੁਤਬਾ ਹਾਸਲ ਕਰੇਗਾ। ਇਸ ਕਰਕੇ ਸਾਡਾ ਮੰਨਣਾ ਹੈ ਕਿ ਸੰਦੀਪ ਸਿੰਘ ਧਾਲੀਵਾਲ ਸਾਡੇ ਲਈ ਅਜਿਹੇ ਸ਼ਹੀਦ ਹਨ, ਜੋ ਇਸ ਸਮਾਜ ਵਿਚ ਸਿੱਖ ਭਾਈਚਾਰੇ ਲਈ ਇਕ ਨਵੀਂ ਪਗਡੰਡੀ ਪਾ ਕੇ ਗਏ ਹਨ।
ਇਸ ਪਗਡੰਡੀ ‘ਤੇ ਤੁਰਦਿਆਂ ਅਸੀਂ ਨਵੇਂ ਰਾਹ ਉਲੀਕ ਸਕਦੇ ਹਾਂ ਅਤੇ ਆਪਣੇ ਭਵਿੱਖ ਦੇ ਚੰਗੇ ਨਕਸ਼ੇ ਉਲੀਕ ਸਕਦੇ ਹਾਂ। ਅਸੀਂ ਸੰਦੀਪ ਸਿੰਘ ਧਾਲੀਵਾਲ ਨੂੰ ਪ੍ਰਣਾਮ ਕਰਦੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਜਿੱਥੇ ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ, ਉਥੇ ਸਮੂਹ ਭਾਈਚਾਰੇ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ਉਪਰ ਚੱਲਣ ਦਾ ਮਾਣ ਦੇਣ। ਅਜਿਹੇ ਮਾਣ ਨਾਲ ਸਾਡਾ ਭਾਈਚਾਰਾ ਅਮਰੀਕੀ ਸਮਾਜ ਵਿਚ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੇ ਸੰਕਲਪ ਨੂੰ ਹੋਰ ਵਧੇਰੇ ਉਤਸ਼ਾਹ ਨਾਲ ਅੱਗੇ ਵਧਾ ਸਕੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.