ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਸਾਬਤ ਹੋਵੇਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ
ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਸਾਬਤ ਹੋਵੇਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ
Page Visitors: 2453

ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਸਾਬਤ ਹੋਵੇਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਸਾਬਤ ਹੋਵੇਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ

November 13
08:40 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਭਾਰਤ-ਪਾਕਿ ਸਰਹੱਦ ‘ਤੇ ਚਾਰ ਕੁ ਕਿਲੋਮੀਟਰ ਦੇ ਫਾਸਲੇ ਉਪਰ ਪਾਕਿਸਤਾਨ ਵਾਲੇ ਪਾਸੇ ਸਥਿਤ ਦਰਬਾਰ ਸਾਹਿਬ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਨਾਲ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਬਣਨ ਸਮੇਂ ਪੰਜਾਬ ਦੀ ਹੋਈ ਵੰਡ ਕਾਰਨ ਬਹੁਤ ਸਾਰੇ ਪਵਿੱਤਰ ਸਿੱਖ ਗੁਰਧਾਮ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸਨ। ਦਰਬਾਰ ਸਾਹਿਬ ਕਰਤਾਰਪੁਰ, ਡੇਰਾ ਬਾਬਾ ਨਾਨਕ ਵਿਖੇ ਸਰਹੱਦ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਉਪਰ ਪਾਕਿਸਤਾਨ ਵਾਲੇ ਪਾਸੇ ਸਥਿਤ ਹੈ। ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਦੇ ਕਰੀਬ ਗੁਜ਼ਾਰੇ ਸਨ। ਇਸੇ ਪਵਿੱਤਰ ਧਰਤੀ ਉਪਰ ਬਾਬੇ ਨਾਨਕ ਵੱਲੋਂ ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ਦਾ ਸਮਾਜਿਕ ਬਰਾਬਰੀ ਅਤੇ ਮਨੁੱਖੀ ਸ਼ਾਨ ਵਾਲਾ ਫਲਸਫਾ ਦੁਨੀਆਂ ਸਾਹਮਣੇ ਪੇਸ਼ ਕੀਤਾ ਸੀ।
    ਬਾਬੇ ਨਾਨਕ ਨੇ ਖੁਦ ਆਪਣੇ ਹੱਥੀਂ ਖੇਤੀ ਕਰਕੇ ਅਤੇ ਫਿਰ ਆਪਣੀ ਕਮਾਈ ਸਭਨਾਂ ਨਾਲ ਸਾਂਝੀ ਕਰਕੇ ਵਰਤਣ ਦਾ ਆਪਣੇ ਇਸ ਉਪਦੇਸ਼ ਨੂੰ ਅਮਲੀ ਜਾਮਾ ਵੀ ਪਹਿਨਾਇਆ ਸੀ। ਸਰਹੱਦ ਦੇ ਐਨ ਨਾਲ ਪੈਂਦੇ ਇਸ ਪਵਿੱਤਰ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਸਿੱਖ ਸੰਗਤ ਪਿਛਲੇ 72 ਸਾਲਾਂ ਤੋਂ ਲਾਂਘਾ ਖੋਲ੍ਹਣ ਦੀ ਮੰਗ ਕਰਦੀ ਆ ਰਹੀ ਸੀ। ਅਨੇਕ ਮੌਕਿਆਂ ਉਪਰ ਦੋਵਾਂ ਸਰਕਾਰਾਂ ਦਰਮਿਆਨ ਇਹ ਲਾਂਘਾ ਖੋਲ੍ਹਣ ਬਾਰੇ ਗੱਲਬਾਤ ਵੀ ਚੱਲਦੀ ਰਹੀ। ਸੰਨ 2000 ਵਿਚ ਜਦ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸ਼ਾਂਤੀ ਦੀ ਬੱਸ ਲੈ ਕੇ ਲਾਹੌਰ ਪੁੱਜੇ ਸਨ, ਤਾਂ ਉਥੇ ਵੀ ਉਨ੍ਹਾਂ ਵੱਲੋਂ ਲਾਂਘਾ ਖੋਲ੍ਹਣ ਦਾ ਮਸਲਾ ਵਿਚਾਰਿਆ ਗਿਆ ਸੀ। ਫਿਰ ਕੁੱਝ ਸਾਲ ਬਾਅਦ ਜਦ ਪ੍ਰਣਬ ਮੁਖਰਜੀ ਭਾਰਤ ਦੇ ਵਿਦੇਸ਼ ਮੰਤਰੀ ਬਣੇ ਸਨ, ਤਾਂ ਉਨ੍ਹਾਂ ਵੱਲੋਂ ਵੀ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰਨਾ ਸ਼ੁਰੂ ਕੀਤਾ ਸੀ।
    ਪਰ ਦੋਵਾਂ ਦੇਸ਼ਾਂ ਵਿਚਕਾਰ ਅਨੇਕ ਤਰ੍ਹਾਂ ਦੇ ਵਿਵਾਦਾਂ, ਟਕਰਾਵਾਂ ਅਤੇ ਕਸ਼ਮਕਸ਼ ਕਾਰਨ ਇਸ ਲਾਂਘੇ ਬਾਰੇ ਪਹਿਲਕਦਮੀ ਰੁਕਦੀ ਰਹੀ। ਅਕਾਲੀ ਆਗੂ ਸ. ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਵੱਡੀ ਗਿਣਤੀ ਸਿੱਖ ਸੰਗਤ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਸਰਹੱਦ ਉਪਰ ਜਾ ਕੇ ਲਾਂਘਾ ਖੋਲ੍ਹਣ ਲਈ ਅਰਦਾਸਾਂ ਵੀ ਕਰਦੀ ਰਹੀ। ਪੂਰੀ ਦੁਨੀਆਂ ਵਿਚ ਵਸੇ ਸਿੱਖ ਲਾਂਘਾ ਖੋਲ੍ਹਣ ਲਈ ਅਰਦਾਸਾਂ ਵਿਚ ਸ਼ਾਮਲ ਹੁੰਦੇ ਰਹੇ ਹਨ। ਇਸ ਤੋਂ ਇਲਾਵਾ ਵੀ ਹਰ ਸਿੱਖ ਦੀ ਇਹ ਦਿਲੀ ਖਾਹਿਸ਼ ਰਹੀ ਹੈ ਕਿ ਬਾਬੇ ਨਾਨਕ ਨਾਲ ਸੰਬੰਧਤ ਇਸ ਪਵਿੱਤਰ ਨਗਰੀ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ ਲਾਂਘਾ ਖੁੱਲ੍ਹੇ।
    ਪਿਛਲੇ ਸਾਲ ਇਮਰਾਨ ਖਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਨਾਲ ਲਾਂਘਾ ਖੁੱਲ੍ਹਣ ਦੀ ਚਰਚਾ ਸ਼ੁਰੂ ਹੋਈ ਅਤੇ ਕੁੱਝ ਹੀ ਸਮੇਂ ਬਾਅਦ ਇਮਰਾਨ ਖਾਨ ਵੱਲੋਂ ਲਾਂਘਾ ਖੋਲ੍ਹਣ ਦਾ ਬਾਕਾਇਦਾ ਐਲਾਨ ਕਰ ਦੇਣ ਨਾਲ ਸਿੱਖਾਂ ਦੀ ਇਸ ਉਮੰਗ ਨੂੰ ਬੂਰ ਪੈਂਦਾ ਨਜ਼ਰੀਂ ਆਇਆ। ਫਿਰ ਜਦ ਪਾਕਿਸਤਾਨ ਸਰਕਾਰ ਵੱਲੋਂ ਦਿਖਾਈ ਗੰਭੀਰਤਾ ਅਤੇ ਸਦਭਾਵਨਾ ਨੂੰ ਭਾਰਤ ਸਰਕਾਰ ਨੇ ਵੀ ਪ੍ਰਵਾਨ ਕਰਕੇ ਲਾਂਘਾ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ, ਤਾਂ ਲਾਂਘਾ ਖੁੱਲ੍ਹਣ ਦੀ ਬਣੀ ਸੰਭਾਵਨਾ ਹਕੀਕਤ ਵਿਚ ਬਦਲਣੀ ਸ਼ੁਰੂ ਹੋ ਗਈ ਤੇ ਕੁੱਝ ਹੀ ਦਿਨਾਂ ਵਿਚ ਦੋਵੇਂ ਪਾਸੀਂ ਲਾਂਘਾ ਖੋਲ੍ਹਣ ਦੀਆਂ ਤਿਆਰੀਆਂ ਦੇ ਨੀਂਹ ਪੱਥਰ ਰੱਖ ਦਿੱਤੇ ਗਏ।
    ਪਾਕਿਸਤਾਨ ਵਾਲੇ ਪਾਸੇ ਸਰਹੱਦ ਤੱਕ ਚਹੁੰ-ਮਾਰਗੀ ਸੜਕ, ਰਾਵੀ ਦਰਿਆ ਉਪਰ ਪੁੱਲ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਆਲੀਸ਼ਾਨ ਰਿਹਾਇਸ਼ੀ ਕੰਪਲੈਕਸ, ਦੀਵਾਨ ਹਾਲ, ਸਰੋਵਰ ਅਤੇ ਹੋਰ ਸਹੂਲਤਾਂ ਦਾ ਸ਼ੁੱਭ ਆਰੰਭ ਕਰਨ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਖੁਦ ਆਏ। ਜਦਕਿ ਭਾਰਤ ਵਾਲੇ ਪਾਸੇ ਸੜਕਾਂ, ਯਾਤਰੀ ਟਰਮੀਨਲ ਸਮੇਤ ਹੋਰ ਸਹੂਲਤਾਂ ਦਾ ਨੀਂਹ ਪੱਥਰ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਰੱਖਿਆ। ਇਸ ਲਾਂਘੇ ਦਾ ਨੀਂਹ ਪੱਥਰ ਤਾਂ ਰੱਖ ਦਿੱਤਾ ਗਿਆ, ਪਰ ਇਸ ਦੌਰਾਨ ਇੰਨੇ ਵਾਵਰੌਲੇ ਅਤੇ ਝੱਖੜ ਚੱਲਣੇ ਸ਼ੁਰੂ ਹੋਏ ਕਿ ਕਈ ਵਾਰ ਤਾਂ ਇੰਝ ਜਾਪਣ ਲੱਗ ਗਿਆ ਸੀ ਕਿ ਲਾਂਘੇ ਦਾ ਮਾਮਲਾ ਇਨ੍ਹਾਂ ਝਮੇਲਿਆਂ ਵਿਚ ਹੀ ਫੱਸ ਕੇ ਰਹਿ ਜਾਵੇਗਾ।
   ਪਰ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਗੁਰਪੁਰਬ ਸਮਾਗਮਾਂ ਮੌਕੇ ਖੁੱਲ੍ਹਣ ਜਾ ਰਹੇ ਲਾਂਘੇ ਪਿੱਛੇ ਬਾਬੇ ਨਾਨਕ ਦੀ ਰੂਹਾਨੀ ਅਤੇ ਅਧਿਆਤਮਕ ਸ਼ਕਤੀ ਹੀ ਇੰਨੀ ਸ਼ਕਤੀਸ਼ਾਲੀ ਸੀ ਕਿ ਇਹ ਸਭ ਵਾਵਰੌਲੇ ਤੇ ਝੱਖੜ ਉਡਾ ਕੇ ਲੈ ਗਈ ਅਤੇ ਲਾਂਘਾ ਖੋਲ੍ਹਣ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ।
ਇਸ ਸਾਲ ਦੇ ਸ਼ੁਰੂ ਵਿਚ ਭਾਰਤ ਅੰਦਰ ਲੋਕ ਸਭਾ ਚੋਣਾਂ ਸਮੇਂ ਪੁਲਵਾਮਾ ਵਿਖੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਉਪਰ ਹੋਏ ਵੱਡੇ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਬਾਲਾਕੋਟ ਵਿਖੇ ਸਰਜੀਕਲ ਸਟ੍ਰਾਈਕ ਕਰਨ ਦੇ ਦਾਅਵਿਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗ ਵਾਲੇ ਹਾਲਾਤ ਪੈਦਾ ਕਰ ਦਿੱਤੇ ਸਨ। ਇਸ ਤੋਂ ਬਾਅਦ ਅਗਸਤ ਮਹੀਨੇ ਜੰਮੂ-ਕਸ਼ਮੀਰ ਸੂਬਾ ਤੋੜ ਕੇ ਇਸ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਮੁੜ ਫਿਰ ਦੋਵਾਂ ਦੇਸ਼ਾਂ ਵਿਚਕਾਰ ਤਲਖੀ ਅਤੇ ਟਕਰਾਅ ਸਿਰੇ ਉਪਰ ਪੁੱਜ ਗਿਆ ਸੀ। ਪਰ ਦੋਵਾਂ ਦੇਸ਼ਾਂ ਦੀ ਲਾਂਘਾ ਖੋਲ੍ਹਣ ਬਾਰੇ ਫੈਸਲੇ ਪਿੱਛੇ ਦਿਆਨਤਦਾਰੀ ਅਤੇ ਦਰਿਆਦਿਲੀ ਦੀ ਭਾਵਨਾ ਦਾ ਹੀ ਕ੍ਰਿਸ਼ਮਾ ਹੈ ਕਿ ਲਾਂਘੇ ਬਾਰੇ ਫੈਸਲਾ ਕਰਨ ‘ਚ ਕੋਈ ਵੀ ਟਕਰਾਅ ਜਾਂ ਵਿਵਾਦ ਅੜਿੱਕਾ ਨਹੀਂ ਬਣਿਆ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਵਾਕਈ ਧੰਨਵਾਦ ਦੇ ਹੱਕਦਾਰ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਦੇ ਉਦਘਾਟਨ ਸਮੇਂ ਬੜੇ ਭਾਵਪੂਰਤ ਅਤੇ ਪ੍ਰਤੀਬੱਧਤਾ ਵਾਲੀਆਂ ਗੱਲਾਂ ਕੀਤੀਆਂ। ਉਨ੍ਹਾਂ ਇਮਰਾਨ ਖਾਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਤੇ ਇਮਰਾਨ ਖਾਨ ਦੇ ਐਲਾਨ ਅਤੇ ਫਿਰ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਦੇ ਕੀਤੇ ਸੁਹਿਰਦ ਯਤਨਾਂ ਦੀ ਵੀ ਸ਼ਲਾਘਾ ਕੀਤੀ। ਮੋਦੀ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ ਨੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ। ਭਾਰਤ ਤੋਂ ਗਏ ਪਹਿਲੇ ਜੱਥੇ ‘ਚ ਸ਼ਾਮਲ ਲੋਕਾਂ ਦਾ ਬਹੁਤ ਹੀ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ।
   ਇਸ ਮੌਕੇ ਇਮਰਾਨ ਖਾਨ ਖੁਦ ਮਹਿਮਾਨਾਂ ਨੂੰ ਲੈਣ ਲਈ ਪੁੱਜੇ ਹੋਏ ਸਨ। ਇਮਰਾਨ ਖਾਨ ਵੱਲੋਂ ਆਪਣੇ ਭਾਰਤੀ ਕ੍ਰਿਕਟਰ ਦੋਸਤ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੰਧੂ ਦਾ ਜਿਸ ਤਰ੍ਹਾਂ ਸਵਾਗਤ ਕੀਤਾ ਅਤੇ ਤਰਜੀਹ ਦਿੱਤੀ, ਉਹ ਆਪਣੇ ਆਪ ਵਿਚ ਹੀ ਮਿਸਾਲ ਹੈ। ਇਮਰਾਨ ਖਾਨ, ਸ. ਸਿੱਧੂ ਨੂੰ ਆਪਣੇ ਨਾਲ ਬੱਸ ਵਿਚ ਬਿਠਾ ਕੇ ਲੈ ਕੇ ਗਏ ਅਤੇ ਫਿਰ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਹੋਏ ਸਮਾਗਮ ਵਿਖੇ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਲੱਛੇਦਾਰ ਭਾਸ਼ਾ ਵਿਚ ਇਮਰਾਨ ਖਾਨ ਵੱਲੋਂ ਨਿਭਾਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ, ਉਹ ਵੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਕਈ ਮਹੀਨਿਆਂ ਤੋਂ ਚੁੱਪੀ ਵੱਟੀਂ ਬੈਠੇ ਸਿੱਧੂ ਦਾ ਇਹ ਭਾਸ਼ਨ ਸੁਣ ਕੇ ਲੋਕਾਂ ਨੂੰ ਮੁੜ ਫਿਰ ਬੜੀ ਤਸੱਲੀ ਅਤੇ ਉਤਸ਼ਾਹ ਪੈਦਾ ਹੋਇਆ।
ਪਾਕਿਸਤਾਨ ਵਾਲੇ ਪਾਸੇ ਸਰਕਾਰ ਵੱਲੋਂ ਕੀਤੀਆਂ ਤਿਆਰੀਆਂ ਨੂੰ ਦੇਖ ਕੇ ਜੱਥੇ ਵਿਚ ਗਏ ਲੋਕ ਹੈਰਾਨ ਰਹਿ ਗਏ। ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਈ ਚਹੁੰ-ਮਾਰਗੀ ਸੜਕ ਉਪਰ ਕੌਮਾਂਤਰੀ ਪੈਟਰਨ ਵਾਲੀਆਂ ਬੱਸਾਂ ਸ਼ਰਧਾਲੂਆਂ ਨੂੰ ਲੈਣ ਲਈ ਪੁੱਜੀਆਂ ਹੋਈਆਂ ਸਨ। ਦਰਬਾਰ ਸਾਹਿਬ ਦੀ ਇਮਾਰਤ ਦੁੱਧ ਚਿੱਟੇ ਰੰਗ ‘ਚ ਨਵਿਆਈ ਨਜ਼ਰ ਆ ਰਹੀ ਸੀ। ਆਲੇ-ਦੁਆਲੇ ਨਵੇਂ ਉਸਾਰੇ ਰਿਹਾਇਸ਼ੀ ਕਮਰੇ, ਦੀਵਾਨ ਅਸਥਾਨ, ਲੰਗਰ ਹਾਲ ਅਤੇ ਸਭ ਤੋਂ ਖਿੱਚ ਭਰਪੂਰ ਸੀ ਨਵਾਂ ਸਰੋਵਰ। ਸਰੋਵਰ ਦਾ ਆਲਾ ਦੁਆਲਾ ਤੇ ਪਾਣੀ ਇੰਨਾ ਸਾਫ-ਸੁਥਰਾ ਸੀ ਕਿ ਸੰਗਤ ਵਾਰ-ਵਾਰ ਪਾਕਿਸਤਾਨ ਸਰਕਾਰ ਨੂੰ ਦਾਦ ਦੇ ਰਹੀ ਸੀ। ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਬਹੁਤ ਹੀ ਹਲੀਮੀ ਨਾਲ ਬੇਹੱਦ ਪਿਆਰ ਭਰਿਆ ਸਤਿਕਾਰ ਦਿੱਤਾ ਗਿਆ। ਗੱਲ ਕੀ ਲਾਂਘੇ ਦੇ ਖੁੱਲ੍ਹਣ ਬਾਅਦ ਅਜਿਹਾ ਖੁਸ਼ਗਵਾਰ ਮਾਹੌਲ ਬਣਿਆ ਨਜ਼ਰ ਆ ਰਿਹਾ ਸੀ ਕਿ ਕਿਸੇ ਨੂੰ ਲੱਗਦਾ ਹੀ ਨਹੀਂ ਸੀ ਕਿ ਉਹ ਬੇਗਾਨੇ ਮੁਲਕ ਵਿਚ ਆਏ ਹੋਏ ਹਨ।
    ਪਾਕਿਸਤਾਨ ਦੀ ਇਸ ਮੇਜ਼ਬਾਨੀ ਨੇ ਉਥੇ ਗਈ ਸਿੱਖ ਸੰਗਤ ਨੂੰ ਧੁਰ ਅੰਦਰ ਤੱਕ ਛੂਹ ਲਿਆ। ਦੋਵਾਂ ਦੇਸ਼ਾਂ ਦਰਮਿਆਨ ਲਾਂਘਾ ਖੁੱਲ੍ਹਣ ਨਾਲ ਬਣੇ ਇਸ ਸਦਭਾਵਨਾ ਤੇ ਸਹਿਯੋਗ ਵਾਲੇ ਮਾਹੌਲ ਨੂੰ ਹੁਣ ਅੱਗੇ ਤੋਰਨ ਦੀ ਲੋੜ ਹੈ। ਜਿਸ ਤਰ੍ਹਾਂ ਲਾਂਘਾ ਖੋਲ੍ਹਣ ਸਮੇਂ ਮਾਹੌਲ ਬਣਿਆ ਹੈ, ਇਹ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਤੇ ਦੋਸਤੀ ਦਾ ਪੁਲ ਬਣਨ ਦੀ ਸਮਰੱਥਾ ਰੱਖਦਾ ਹੈ। ਜੇਕਰ ਇਸੇ ਭਾਵਨਾ ਨੂੰ ਅੱਗੇ ਤੋਰਦਿਆਂ ਦੋਵਾਂ ਦੇਸ਼ਾਂ ਦੇ ਆਗੂ ਸੁਹਿਰਦਤਾ ਨਾਲ ਆਪਸੀ ਮਸਲੇ ਹੱਲ ਕਰਨ ਲਈ ਤੁਰ ਪੈਣ, ਤਾਂ ਉਹ ਦਿਨ ਦੂਰ ਨਹੀਂ, ਜਦ ਦੋਵਾਂ ਦੇਸ਼ਾਂ ਵਿਚਕਾਰ ਵਾਹੀਆਂ ਵੰਡ ਦੀਆਂ ਲਕੀਰਾਂ ਮੇਟਣ ਵੱਲ ਤੁਰਿਆ ਜਾ ਸਕਦਾ ਹੈ ਅਤੇ ਦੋਵੇਂ ਦੇਸ਼ ਖੁੱਲ੍ਹੇ ਵਪਾਰ ਦਾ ਆਦਾਨ-ਪ੍ਰਦਾਨ ਕਰਨ ਵਾਲੇ ਬਣ ਸਕਦੇ ਹਨ। ਬਾਬੇ ਨਾਨਕ ਦੇ ਇਸ ਪਵਿੱਤਰ ਮੁਕਾਮ ਦੀ ਰੂਹਾਨੀ ਭਾਵਨਾ ਇਸੇ ਗੱਲ ਦੀ ਸਾਦੀ ਭਰਦੀ ਹੈ ਅਤੇ ਇਮਰਾਨ ਖਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਨੂੰ ‘ਸਿੱਖਾਂ ਦਾ ਮਦੀਨਾ’ ਕਹੇ ਜਾਣ ਪਿੱਛੇ ਵੀ ਲੱਗਦਾ ਹੈ ਕਿ ਇਹੀ ਭਾਵਨਾ ਹੈ।
   ਵਾਹਿਗੁਰੂ ਕਰੇ, ਇਸੇ ਭਾਵਨਾ ਨੂੰ ਭਾਗ ਲੱਗਣ ਅਤੇ ਦੋਵੇਂ ਦੇਸ਼ ਸ਼ਾਂਤੀ, ਮਿੱਤਰਤਾ ਅਤੇ ਸਹਿਯੋਗ ਨਾਲ ਅੱਗੇ ਵਧਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.