ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਨਵੀਂ ਪੀੜ੍ਹੀ ਨੂੰ ਪੰਜਾਬੀ ਬਾਰੇ ਸੁਚੇਤ ਕਰਨ ਦੀ ਲੋੜ
ਨਵੀਂ ਪੀੜ੍ਹੀ ਨੂੰ ਪੰਜਾਬੀ ਬਾਰੇ ਸੁਚੇਤ ਕਰਨ ਦੀ ਲੋੜ
Page Visitors: 2808

ਨਵੀਂ ਪੀੜ੍ਹੀ ਨੂੰ ਪੰਜਾਬੀ ਬਾਰੇ ਸੁਚੇਤ ਕਰਨ ਦੀ ਲੋੜ
ਦੁਨੀਆ ਅੰਦਰ ਆਮ ਤੌਰ   ਕੇ ਆਪਣੇ ਪੈਰਾਂ ਉਪਰ ਖੜ੍ਹੇ ਹੋਣ ਲਈ ਪੈਰ-ਪੈਰ ਉਤੇ ਪ੍ਰੇਰਣਾ ਅਤੇ ਸਿੱਖਿਆ ਦਿੱਤੀ ਗਈ ਹੈ। ਸਮੁੱਚਾ ਪੰਜਾਬੀ ਸੱਭਿਆਚਾਰ ਸਾਡੇ ਭਾਈਚਾਰੇ ਨੂੰ ਅਣਖ ਅਤੇ ਸਵੈ-ਮਾਣ ਨਾਲ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦਾ ਹੈ। ਦੁਨੀਆ ਅੰਦਰ ਅੱਜ ਅਸੀਂ ਇਕ ਅਜਿਹੇ ਮੁਕਾਮ ਉਪਰ ਆ ਖੜ੍ਹੇ ਹਾਂ, ਜਿਥੇ ਸਾਨੂੰ ਆਪਣੀ ਬੋਲੀ ਅਤੇ ਵਿਰਸੇ ਬਾਰੇ ਹੋਰ ਵਧੇਰੇ ਸੁਚੇਤ ਹੋਣ ਅਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਲਗਭਗ ਸਾਰੀ ਦੁਨੀਆ ਵਿਚ ਹੀ ਵਿਦੇਸ਼ਾਂ ਅੰਦਰ ਪੰਜਾਬੀਆਂ ਦੀ ਤੀਜੀ ਪੀੜ੍ਹੀ ਸ਼ੁਰੂ ਹੋ ਚੁੱਕੀ ਹੈ। ਮੁੱਢ ਵਿਚ ਆਪਣੇ ਦੇਸ਼ ਤੋਂ ਆਉਣ ਕਾਰਨ ਪੰਜਾਬੀ ਪ੍ਰਤੀ ਸਾਡਾ ਮੋਹ ਅਤੇ ਜਾਣਕਾਰੀ ਕੁਦਰਤੀ ਸੀ। ਪਰ ਵਿਦੇਸ਼ੀ ਧਰਤੀਆਂ ਉਪਰ ਜੰਮੀ-ਪਲੀ ਅਤੇ ਜਵਾਨ ਹੋਈ ਤੀਜੀ ਪੀੜ੍ਹੀ ਅੰਦਰ ਪੰਜਾਬੀ ਪ੍ਰਤੀ ਉਹੋ ਜਿਹਾ ਕੁਦਰਤੀ ਵਹਾਅ ਅਤੇ ਵਲਵਲਾ ਨਹੀਂ ਹੈ। ਭਾਵੇਂ ਵੱਖ-ਵੱਖ ਥਾਂਵਾਂ ਉਪਰ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਅਤੇ ਆਪਣੇ ਵਿਰਸੇ ਪ੍ਰਤੀ ਸੁਚੇਤ ਕਰਨ ਵਾਸਤੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਸੰਡੇ ਸਕੂਲ ਖੋਲ੍ਹੇ ਗਏ ਹਨ। ਅਜਿਹੇ ਸਕੂਲਾਂ ਵਿਚ ਐਤਵਾਰ ਦੇ ਦਿਨ ਬੱਚਿਆਂ ਨੂੰ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਸੈਕਰਾਮੈਂਟੋ ਵਿਖੇ ਇਕ ਚਾਰਟਰ ਸਕੂਲ ਖੁੱਲ੍ਹ ਗਿਆ ਹੈ, ਜਿਸ ਵਿਚ ਪੰਜਾਬੀ ਇਕ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ। ਪੰਜਾਬੀ ਵਿਸ਼ਾ ਕੋਈ ਵੀ ਵਿਦਿਆਰਥੀ ਲੈ ਸਕਦਾ ਹੈ। ਭਾਵੇਂ ਉਹ ਗੋਰਾ ਹੀ ਕਿਉਂ ਨਾ ਹੋਵੇ। ਇਸੇ ਤਰ੍ਹਾਂ ਹੋਰ ਵੀ ਕਈ ਪੰਜਾਬੀ ਪ੍ਰੇਮ ਰੱਖਣ ਵਾਲੀਆਂ ਸੰਸਥਾਵਾਂ ਵੱਲੋਂ ਪੰਜਾਬੀ ਦੀ ਪੜ੍ਹਾਈ ਸ਼ੁਰੂ ਕੀਤੀ ਗਈ ਹੈ। ਪਰ ਇਨ੍ਹਾਂ ਯਤਨਾਂ ਨੂੰ ਹੋਰ ਵਧੇਰੇ ਵਧਾਉਣ ਦੀ ਜ਼ਰੂਰਤ ਹੈ। ਵੱਖ-ਵੱਖ ਸ਼ਹਿਰਾਂ ਵਿਚ ਪੰਜਾਬੀ ਲੇਖਕਾਂ ਤੇ ਸਾਹਿਤਕਾਰਾਂ ਵੱਲੋਂ ਪੰਜਾਬੀ ਸਾਹਿਤ ਸਭਾਵਾਂ ਕਾਇਮ ਕੀਤੀਆਂ ਗਈਆਂ ਹਨ। ਇਨ੍ਹਾਂ ਸਾਹਿਤ ਸਭਾਵਾਂ ਦਾ ਰੋਲ ਬੜਾ ਸੀਮਤ ਜਿਹਾ ਰਹਿ ਰਿਹਾ ਹੈ। ਪੰਜਾਬੀ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿਚ ਸਾਹਿਤਕਾਰ ਤੇ ਲੇਖਕ ਆਪਣੀਆਂ ਰਚਨਾਵਾਂ ਇਕ ਦੂਜੇ ਨੂੰ ਸੁਣਾਉਂਦੇ ਹਨ। ਅਜਿਹੀਆਂ ਸਰਗਰਮੀਆਂ ਨਾਲ ਵਿਦੇਸ਼ਾਂ ਅੰਦਰ ਪੰਜਾਬੀ ਦੇ ਵਿਸਥਾਰ ਨੂੰ ਕੋਈ ਸਹਾਇਤਾ ਨਹੀਂ ਮਿਲਦੀ। ਹਾਂ, ਲੇਖਕ ਇਕ ਦੂਜੇ ਨੂੰ ਉਤਸ਼ਾਹਿਤ ਜ਼ਰੂਰ ਕਰ ਲੈਂਦੇ ਹਨ।
ਸਾਡੇ ਵਿਚਾਰ ਅਨੁਸਾਰ ਪੰਜਾਬੀ ਸਾਹਿਤ ਸਭਾਵਾਂ ਨੂੰ ਬਾਹਰਲੇ ਮੁਲਕਾਂ ਅੰਦਰ ਪੰਜਾਬੀ ਦੇ ਵਿਸਥਾਰ ਲਈ ਹੋਰ ਵਧੇਰੇ ਸੁਚਾਰੂ
ਕੰਮ ਕਰਨ ਦੀ ਜ਼ਰੂਰਤ ਹੈ। ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਅੰਦਰ ਰਚਨਾਵਾਂ ਪੜ੍ਹਨ ਅਤੇ ਸੁਣਨ ਤੋਂ ਇਲਾਵਾ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਅਜਿਹੀਆਂ ਸਭਾਵਾਂ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਅਤੇ ਇਤਿਹਾਸ ਬਾਰੇ ਪੇਟਿੰਗ ਮੁਕਾਬਲੇ ਕਰਵਾ ਸਕਦੀਆਂ ਹਨ। ਸਾਡੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਛੋਟੇ ਲੇਖ ਲਿਖਣ ਲਈ ਬੱਚਿਆਂ ਦੇ ਮੁਕਾਬਲੇ ਹੋ ਸਕਦੇ ਹਨ। ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾ ਸਕਦੇ ਹਨ। ਜਿਸ ਤਰ੍ਹਾਂ ਅੰਗਰੇਜ਼ੀ ਦੇ ਵਾਕ ਅਤੇ ਮੁਹਾਵਰੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ
, ਇਸੇ ਤਰ੍ਹਾਂ ਪੰਜਾਬੀ ਬੋਲੀ ਦੇ ਵਾਕਾਂ ਅਤੇ ਮੁਹਾਵਰਿਆਂ ਬਾਰੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾ ਸਕਦੇ ਹਨ। ਅਜਿਹੇ ਯਤਨਾਂ ਨਾਲ ਅਸੀਂ ਨਵੀਂ ਪੀੜ੍ਹੀ ਨੂੰ ਠੇਠ ਪੰਜਾਬੀ ਨਾਲ ਜੋੜਨ ਲਈ ਅੱਗੇ ਵੱਧ ਸਕਦੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਅਤੇ ਜੜ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ। ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਜਿਥੇ ਸਕੂਲਾਂ ਅਤੇ ਸਾਹਿਤ ਸਭਾਵਾਂ ਚੰਗਾ ਯੋਗਦਾਨ ਪਾ ਸਕਦੀਆਂ ਹਨ, ਉਥੇ ਸਭ ਤੋਂ ਅਹਿਮ ਭੂਮਿਕਾ ਸਾਡੇ ਘਰਾਂ ਅੰਦਰ ਮਾਵਾਂ ਦੀ ਹੈ। ਜੇਕਰ ਘਰਾਂ ਅੰਦਰ ਚੰਗੀ ਪੰਜਾਬੀ ਬੋਲਣ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਬੱਚੇ ਚੰਗੀ ਤੇ ਠੇਠ ਪੰਜਾਬੀ ਉਚਾਰਨ ਕਰ ਸਕਦੇ ਹਨ। ਨਹੀਂ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਬਹੁਤ ਸਾਰੇ ਬੱਚੇ ਅੰਗਰੇਜ਼ੀ ਰਲੀ ਅਜਿਹੀ ਪੰਜਾਬੀ ਬੋਲਦੇ ਹਨ ਕਿ ਉਹ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ
ਅਜਿਹੇ ਬੱਚੇ ਫਿਰ ਪੰਜਾਬੀ ਬੋਲਣ ਨੂੰ ਕਦੀ ਵੀ ਤਰਜੀਹ ਨਹੀਂ ਦਿੰਦੇ, ਸਗੋਂ ਉਲਟਾ ਮਾਨਸਿਕ ਤੌਰ ਤੇ ਪੰਜਾਬੀ ਪ੍ਰਤੀ ਉਨ੍ਹਾਂ ਦੇ ਮਨਾਂ ਅੰਦਰ ਵੱਖਰੀ ਤਰ੍ਹਾਂ ਦੀ ਭਾਵਨਾ ਬਣ ਜਾਂਦੀ ਹੈ। ਸੋ ਘਰਾਂ ਅੰਦਰ ਠੀਕ ਅਤੇ ਠੇਠ ਕਿਸਮ ਦੀ ਪੰਜਾਬੀ ਜੇਕਰ ਬੋਲੀ ਜਾਵੇਗੀ ਤਾਂ ਬੱਚਿਆਂ ਦੇ ਮਨਾਂ ਉਪਰ ਉਸ ਦੀ ਮੋਹਰ ਛਾਪ ਲੱਗਣਾ ਕੁਦਰਤੀ ਗੱਲ ਹੈ। ਘਰਾਂ ਅੰਦਰ ਸਿੱਖੀ ਪੰਜਾਬੀ ਬੱਚੇ ਦੀ ਰੂਹ ਅੰਦਰ ਘਰ ਕਰ ਜਾਂਦੀ ਹੈ ਅਤੇ ਰਹਿੰਦੀ ਜ਼ਿੰਦਗੀ ਉਹ ਭਾਵੇਂ ਜਿਹੜੀ ਮਰਜ਼ੀ ਭਾਸ਼ਾ ਪੜ੍ਹਦਾ ਤੇ ਬੋਲਦਾ ਰਹੇ, ਪਰ ਆਪਣੀ ਮਾਂ ਬੋਲੀ ਤੋਂ ਨਾ ਤਾਂ ਵਿਰਵਾ ਰਹਿੰਦਾ ਅਤੇ ਨਾ ਹੀ ਦੂਰ ਹੁੰਦਾ ਹੈ। ਇਸ ਕਰਕੇ ਘਰਾਂ ਅੰਦਰ ਪੰਜਾਬੀ ਬੋਲੀ ਨੂੰ ਤਰਜੀਹ ਦੇਣਾ ਬੇਹੱਦ ਜ਼ਰੂਰੀ ਹੈ। ਸਾਡੇ ਲੋਕਾਂ ਨੂੰ ਇਸ ਗੱਲ ਦੀ ਕਦੀ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਘਰਾਂ ਅੰਦਰ ਬੱਚਿਆਂ ਨਾਲ ਪੰਜਾਬੀ ਬੋਲਣ ਸਦਕਾ ਉਨ੍ਹਾਂ ਦੇ ਬੱਚੇ ਕਿਧਰੇ ਅੰਗਰੇਜ਼ੀ ਸਿੱਖਣ ਤੋਂ ਵਿਰਵੇ ਨਾ ਰਹਿ ਜਾਣ। ਅਜਿਹੇ ਪ੍ਰਭਾਵ ਬਿਲਕੁਲ ਗਲਤ ਹੈ।
ਬਾਹਰਲੇ ਮੁਲਕਾਂ ਅੰਦਰ ਸਕੂਲਾਂ, ਕਾਲਜਾਂ ਅਤੇ ਆਲੇ ਦੁਆਲੇ ਅੰਗਰੇਜ਼ੀ ਦਾ ਬਹਾਅ ਹੋਣ ਕਾਰਨ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਸਿੱਖਣ ਵਿਚ ਕਦੇ ਵੀ ਕੋਈ ਮੁਸ਼ਕਿਲ ਨਹੀਂ ਆਉਂਦੀ। ਜਦੋਂ ਅਸੀਂ ਪੰਜਾਬੀ ਪੜ੍ਹਨ ਉਪਰ ਜ਼ੋਰ ਦਿੰਦੇ ਹਾਂ, ਇਸ ਦਾ ਅਰਥ ਇਹ ਕਦੇ ਨਹੀਂ ਕਿ ਅਸੀਂ ਅੰਗਰੇਜ਼ੀ ਸਿੱਖਣ ਤੋਂ ਵਰਜਦੇ ਹਾਂ। ਸਾਡਾ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿ ਸਕਦੇ ਹਾਂ। ਤੇ ਅਜਿਹਾ ਕਰਨਾ ਸਾਡੇ ਲਈ ਜ਼ਰੂਰੀ ਵੀ ਹੈ। ਜਿਥੋਂ ਤੱਕ ਬਾਹਰਲੇ ਮੁਲਕਾਂ ਵਿਚ ਰਹਿ ਕੇ ਸਿੱਖਿਆ ਹਾਸਲ ਕਰਨ, ਉਚ ਅਹੁਦਿਆਂ ਤੇ ਜਾਣ ਆਰਥਿਕ ਤਰੱਕੀਆਂ ਛੂਹਣ ਅਤੇ ਹੋਰ ਖੇਤਰਾਂ ਵਿਚ ਮੱਲ੍ਹਾਂ ਮਾਰਨ ਦਾ ਸਵਾਲ ਹੈ, ਉਸ ਵਿਚ ਅੰਗਰੇਜ਼ੀ ਦੀ ਮੁਹਾਰਤ ਤੋਂ ਅਸੀਂ ਕਦੇ ਵੀ ਮੁਨਕਰ ਨਹੀਂ ਹੁੰਦੇ ਤੇ ਉਸ ਪ੍ਰਤੀ ਨਾ ਕਦੇ ਕਿਸੇ ਨੂੰ ਅਵੇਸਲਾ ਹੋਣ ਲਈ ਕਹਿੰਦੇ ਹਾਂ। ਸੋ ਸਾਡਾ ਮੂਲ ਮੰਤਵ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਧਰਮ ਨਾਲ ਜੋੜੀ ਰੱਖਣ ਲਈ ਆਪਣੀ ਬੋਲੀ ਨਾਲ ਜੁੜਨ ਵਾਸਤੇ ਸੁਚੇਤ ਕਰਨ ਦਾ ਹੈ।
ਗੁਰਜਤਿੰਦਰ ਸਿੰਘ ਰੰਧਾਵਾ,  916-320-9444

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.