ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿੱਖ ਪ੍ਰੋਫੈਸਰ ਉਪਰ ਨਸਲੀ ਹਮਲਾ – ਜਾਗਣ ਦੀ ਲੋੜ
ਸਿੱਖ ਪ੍ਰੋਫੈਸਰ ਉਪਰ ਨਸਲੀ ਹਮਲਾ – ਜਾਗਣ ਦੀ ਲੋੜ
Page Visitors: 2637

 

ਸਿੱਖ ਪ੍ਰੋਫੈਸਰ ਉਪਰ ਨਸਲੀ ਹਮਲਾ ਜਾਗਣ ਦੀ ਲੋੜ
ਅਮਰੀਕਾ ਵਿਚ ਅਮਰੀਕੀ ਸਿੱਖਾਂ ਉਪਰ ਨਸਲੀ ਹਮਲਿਆਂ ਦੀਆਂ ਇਕਾ-ਦੁੱਕਾ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਜੇਕਰ ਇਹ ਘਟਨਾ ਇਕੱਲੀ ਕਹਿਰੀ ਹੋਵੇ ਤਾਂ ਇਸ ਨੂੰ ਅਣਗੌਲਿਆਂ ਕੀਤਾ ਜਾ ਸਕਦਾ ਹੈ ਜਾਂ ਛੋਟੀ-ਮੋਟੀ ਘਟਨਾ ਕਹਿ ਕੇ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਪਰ ਜੇ ਅਸੀਂ ਪਿਛਲੇ ਸਾਲ, ਡੇਢ ਸਾਲ ਦੇ ਅਰਸੇ ਉਪਰ ਨਜ਼ਰ ਮਾਰੀਏ ਤਾਂ ਕੋਈ ਅਜਿਹਾ ਹਫਤਾ ਨਹੀਂ, ਜਦ ਅਮਰੀਕੀ ਸਿੱਖਾਂ ਉਪਰ ਹਮਲੇ ਨਾ ਹੋਏ ਹੋਣਘਟਨਾਵਾਂ ਦੀ ਇਹ ਲੜੀ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਵਿਸਕਾਨਸਨ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਸਿਰਫਿਰੇ ਵਿਅਕਤੀ ਵੱਲੋਂ ਗੋਲੀਆਂ ਚਲਾ ਕੇ 6 ਸ਼ਰਧਾਲੂ ਸਿੱਖਾਂ ਨੂੰ ਮਾਰ ਦੇਣ ਦੀ ਬੇਹੱਦ ਦਰਦਨਾਕ ਘਟਨਾ ਨੇ ਸਮੁੱਚੇ ਅਮਰੀਕੀ ਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕੀ ਪ੍ਰਸ਼ਾਸਨ ਨੂੰ ਇਸ ਹਮਲੇ ਵਿਰੁੱਧ ਕਰੜੀ ਕਾਰਵਾਈ ਕੀਤੀ ਸੀ ਅਤੇ ਸਖ਼ਤ ਰੁੱਖ ਵੀ ਅਪਣਾਇਆ ਸੀ। ਸਿੱਖ ਭਾਈਚਾਰੇ ਅੰਦਰੋਂ ਵੀ ਇਸ ਹਮਲੇ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ। ਪਰ ਇਸ ਦੇ ਬਾਵਜੂਦ ਨਸਲੀ ਹਮਲਿਆਂ ਦੀਆਂ ਘਟਨਾਵਾਂ ਨਾ ਰੁਕੀਆਂ ਅਤੇ ਨਾ ਹੀ ਘਟੀਆਂ, ਸਗੋਂ ਲਗਾਤਾਰ ਵਾਪਰ ਰਹੀਆਂ ਹਨ। ਕਿੰਨੇ ਵਾਰ ਪਾਰਕਾਂ ਦੁਆਲੇ ਸੈਰ ਕਰਨ ਗਏ ਸਿੱਖਾਂ ਉਪਰ ਹਮਲੇ ਹੋਏ। ਕਈ ਥਾਂਈਂ ਗੁਰੂਘਰਾਂ ਵਿਚ ਨਤਮਸਤਕ ਹੋ ਕੇ ਵਾਪਸ ਆ ਰਹੇ ਬਜ਼ੁਰਗ ਸਿੱਖਾਂ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਹੁਣ ਕੋਲੰਬੀਆ ਯੂਨੀਵਰਸਿਟੀ ਦੇ ਇਕ ਨੌਜਵਾਨ ਸਿੱਖ ਪ੍ਰੋਫੈਸਰ ਨੂੰ 25-30 ਵਿਅਕਤੀਆਂ ਦੇ ਹਜ਼ੂਮ ਵੱਲੋਂ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਪ੍ਰੋਫੈਸਰ ਉਪਰ ਹਮਲਾ ਆਪਣੇ ਆਪ ਵਿਚ ਵੱਡੀ ਘਟਨਾ ਨਹੀਂ, ਪਰ ਵੱਡੀ ਗੱਲ ਇਹ ਹੈ ਕਿ ਇਸ ਵਾਰ ਇਹ ਕਾਰਵਾਈ ਕਿਸੇ ਇਕ-ਅੱਧ ਸਿਰਫਿਰੇ ਨਸਲੀ ਵਿਅਕਤੀ ਨੇ ਨਹੀਂ ਕੀਤੀ, ਸਗੋਂ ਇਕ ਹਜ਼ੂਮ ਵੱਲੋਂ ਰਾਹ ਜਾਂਦੇ ਪ੍ਰੋਫੈਸਰ ਨੂੰ ਪਹਿਲਾਂ ਗਾਲੀ-ਗਲੋਚ ਕੀਤਾ ਗਿਆ ਅਤੇ ਫਿਰ ਉਸ ਉਪਰ ਹਮਲਾ ਕੀਤਾ ਗਿਆ। ਹਜ਼ੂਮ ਵਿਚੋਂ ਕਿਸੇ ਨੇ ਵੀ ਪ੍ਰੋਫੈਸਰ ਨੂੰ ਛਡਾਉਣ ਜਾਂ ਉਸ ਦੀ ਰਾਖੀ ਕਰਨ ਦਾ ਯਤਨ ਨਹੀਂ ਕੀਤਾ। ਇਸ ਤੋਂ ਪਹਿਲਾਂ ਜਿੰਨੀਆਂ ਵੀ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਉਹ ਇਕਾ-ਦੁੱਕਾ ਵਿਅਕਤੀਆਂ ਵੱਲੋਂ ਹੁੰਦੀਆਂ ਰਹੀਆਂ ਹਨ। ਇਸ ਕਰਕੇ ਅਜਿਹੀਆਂ ਘਟਨਾਵਾਂ ਨੂੰ ਆਮ ਕਰਕੇ ਸਮਾਜ ਤੋਂ ਟੁੱਟੀਆਂ ਹੋਈਆਂ ਘਟਨਾਵਾਂ ਦਾ ਨਾਂ ਦਿੱਤਾ ਜਾਂਦਾ ਰਿਹਾ ਹੈ। ਪਰ ਕੋਲੰਬੀਆ ਯੂਨੀਵਰਸਿਟੀ ਦੇ ਨੌਜਵਾਨ ਸਿੱਖ ਪ੍ਰੋਫੈਸਰ ਉਪਰ ਹਜ਼ੂਮ ਵੱਲੋਂ ਕੀਤਾ ਗਿਆ ਇਹ ਹਮਲਾ ਇਕ ਨਵੇਂ ਉਠ ਰਹੇ ਰੁਝਾਨ ਦਾ ਸੰਕੇਤ ਦੇ ਰਿਹਾ ਹੈ। ਉਹ ਇਹ ਹੈ ਕਿ ਅਮਰੀਕੀ ਸਮਾਜ ਵਿਚ ਸਿੱਖਾਂ ਦੀ ਪਹਿਚਾਣ ਬਾਰੇ ਗਲਤਫਹਿਮੀ ਅਤੇ ਨਫਰਤ ਇਕੱਲੇ-ਕਹਿਰੇ ਵਿਅਕਤੀਆਂ ਤੱਕ ਸੀਮਤ ਨਹੀਂ, ਸਗੋਂ ਇਹ ਹਜ਼ੂਮੀਆਂ ਦੀ ਮਾਨਸਿਕਤਾ ਵਿਚ ਵੀ ਘਰ ਕਰ ਗਿਆ ਹੈ। ਇਹੀ ਕਾਰਨ ਹੈ ਕਿ ਹਜ਼ੂਮ ਵੱਲੋਂ ਪ੍ਰੋਫੈਸਰ ਉਪਰ ਹਮਲਾ ਕੀਤਾ ਗਿਆ ਹੈ। ਜਦੋਂ ਕਿਸੇ ਫਿਰਕੇ ਵਿਰੁੱਧ ਹਜ਼ੂਮ ਦੀ ਅਜਿਹੀ ਮਾਨਸਿਕਤਾ ਬਣਦੀ ਹੈ ਤਾਂ ਇਹ ਸਭ ਤੋਂ ਵਧੇਰੇ ਖਤਰਨਾਕ ਹੁੰਦੀ ਹੈ। 1984 ਦੇ ਸਿੱਖ ਵਿਰੋਧੀ ਦੰਗੇ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਹਨ। ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਉਸ ਸਮੇਂ ਇਕ ਵਰਗ ਅੰਦਰ ਸਿੱਖਾਂ ਵਿਰੁੱਧ ਅਜਿਹੀ ਭਾਵਨਾ ਪੈਦਾ ਕੀਤੀ ਗਈ ਕਿ ਨਵੰਬਰ 84 ਵਿਚ ਇਸ ਵਰਗ ਦੇ ਹਜ਼ੂਮ ਉਠ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਸਿੱਖਾਂ ਦੀ ਜਾਨ ਅਤੇ ਮਾਲ ਨੂੰ ਬੁਰੀ ਤਰ੍ਹਾਂ ਦਰੜ ਕੇ ਰੱਖ ਦਿੱਤਾ। ਕੁਝ ਇਸੇ ਤਰ੍ਹਾਂ ਦਾ ਆਲਮ ਅਮਰੀਕਾ ਵਿਚ ਖੜ੍ਹਾ ਹੋਇਆ ਨਜ਼ਰ ਆ ਰਿਹਾ ਹੈ।
ਹੁਣੇ ਜਿਹੇ ਮਿਸ ਅਮਰੀਕਾ ਚੁਣੀ ਗਈ ਭਾਰਤੀ ਮੂਲ ਦੀ ਨੀਨਾ ਵਿਰੁੱਧ ਵੀ ਸੋਸ਼ਲ ਮੀਡੀਆ ਵਿਚ ਜਿਸ ਤਰ੍ਹਾਂ ਵੱਡੇ ਪੱਧਰ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ ਅਤੇ ਨਫਰਤ ਭਰੇ ਅੰਦਾਜ਼ ਵਿਚ ਗੱਲਾਂ ਸਾਹਮਣੇ ਆਈਆਂ ਹਨ, ਉਹ ਵੀ ਇਸੇ ਗੱਲ ਦਾ ਸੰਕੇਤ ਹਨ ਕਿ ਅਮਰੀਕੀ ਸਮਾਜ ਵਿਚ ਨਸਲੀ ਭਾਵਨਾ ਅਜੇ ਵੀ ਕਾਇਮ ਹੈ। ਸਿੱਖ ਜਗਤ ਜਦ ਕਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਸਮੇਂ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕਰਦਾ ਹੈ। ਆਗੂ ਲੋਕ ਬਿਆਨਬਾਜ਼ੀ ਕਰ ਲੈਂਦੇ ਹਨ ਅਤੇ ਫਿਰ ਚੁੱਪ ਹੋ ਜਾਂਦੇ ਹਨ। ਸਿੱਖਾਂ ਦੀ ਪਹਿਚਾਣ ਬਾਰੇ ਗਲਤਫਹਿਮੀ ਦੂਰ ਹੋਣ ਦੀ ਬਜਾਏ, ਲਗਾਤਾਰ ਸਗੋਂ ਵਧਦੀ ਹੀ ਜਾ ਰਹੀ ਹੈਇਸ ਦਾ ਸਪੱਸ਼ਟ ਸੰਕੇਤ ਨਸਲੀ ਹਮਲਿਆਂ ਵਿਚ ਹੋ ਰਹੇ ਲਗਾਤਾਰ ਵਾਧੇ ਤੋਂ ਮਿਲਦਾ ਹੈ। ਸਾਡੀਆਂ ਧਾਰਮਿਕ ਸੰਸਥਾਵਾਂ, ਸੱਭਿਆਚਾਰਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਕੁਝ ਇਕ ਸਮਾਗਮ ਕਰਕੇ ਜਾਂ ਨਗਰ ਕੀਰਤਨ ਕੱਢ ਕੇ ਸਿੱਖ ਪਹਿਚਾਣ ਬਾਰੇ ਜਾਗ੍ਰਿਤੀ ਪੈਦਾ ਕਰਨ ਦਾ ਭਰਮ ਪਾਲ ਲਿਆ ਜਾਂਦਾ ਹੈ। ਪਰ ਅਸਲ ਗੱਲ ਸਮਝਣ ਦੀ ਲੋੜ ਇਹ ਹੈ ਕਿ ਇਨ੍ਹਾਂ ਸਮਾਗਮਾਂ ਵਿਚ ਸਿਰਫ ਤੇ ਸਿਰਫ ਸਿੱਖ ਖੁਦ ਹੀ ਇਕੱਠੇ ਹੁੰਦੇ ਹਨ। ਦੂਜੀਆਂ ਕੌਮਾਂ ਅਤੇ ਨਸਲਾਂ ਦੇ ਲੋਕ ਤਾਂ ਸ਼ਾਮਲ ਹੁੰਦੇ ਹੀ ਨਹੀਂ। ਇਸ ਕਰਕੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਪਹਿਚਾਣ ਬਾਰੇ ਪੈਦਾ ਹੋਏ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਾਂ। ਸਮੁੱਚੇ ਸਿੱਖ ਜਗਤ, ਖਾਸ ਕਰਕੇ ਇਸ ਦੀਆਂ ਮੋਹਰੀ ਸੰਸਥਾਵਾਂ ਅਤੇ ਆਗੂਆਂ ਨੂੰ ਸਿੱਖ ਪਹਿਚਾਣ ਸੰਬੰਧੀ ਜਾਣੂੰ ਕਰਵਾਉਣ ਲਈ ਇਕ ਸੰਗਠਿਤ ਪ੍ਰੋਗਰਾਮ ਉਲੀਕਣ ਦੀ ਲੋੜ ਹੈ। ਪਹਿਲਾ ਕੰਮ ਤਾਂ ਸਿੱਖਾਂ ਦੀ ਸਰਵਉ¤ਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਦਾ ਹੈ, ਕਿ ਉਹ ਦੁਨੀਆ ਭਰ ਵਿਚ ਸਿੱਖਾਂ ਦੀ ਪਹਿਚਾਣ ਬਣਾਉਣ ਲਈ ਨਵੀਂ ਸੂਚਨਾ ਟੈਕਨਾਲੋਜੀ ਦੀ ਵਰਤੋਂ ਕਰੇ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਢੰਗ ਨਾਲ ਆਪਣੀ ਵੈਬਸਾਈਟ ਵੀ ਤਿਆਰ ਨਹੀਂ ਕੀਤੀ। ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਮੁਲਕਾਂ ਵਿਚ ਕੰਮ ਕਰਦੀਆਂ ਗੁਰਦੁਆਰਾ ਕਮੇਟੀਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਦੋ ਪੱਧਰਾਂ ਉਤੇ ਕੰਮ ਕਰਨ ਦੀ ਲੋੜ ਹੈ। ਪਹਿਲਾ, ਉਹ ਸਿੱਖ ਧਰਮ ਕੇ ਬੁਨਿਆਦੀ ਸਿਧਾਂਤਾਂ ਅਤੇ ਸਾਡੇ ਗੁਰੂਆਂ ਵੱਲੋਂ ਦਿੱਤੇ ਮਾਨਵੀ ਉਪਦੇਸ਼ਾਂ ਨੂੰ ਨਵੀਂ ਸੂਚਨਾ ਟੈਕਨਾਲੋਜੀ ਦੇ ਜ਼ਰੀਏ ਦੁਨੀਆ ਵਿਚ ਪਹੁੰਚਾਉਣ ਦਾ ਯਤਨ ਕਰੇ। ਦੂਜਾ, ਦੁਨੀਆ ਭਰ ਵਿਚ ਵਾਪਰਦੀ ਹਰ ਘਟਨਾ ਬਾਰੇ ਸੋਸ਼ਲ ਮੀਡੀਏ ਰਾਹੀਂ ਆਪਣਾ ਪੱਖ ਪੇਸ਼ ਕੀਤਾ ਜਾਵੇ। ਇਸੇ ਤਰ੍ਹਾਂ ਹੋਰਨਾਂ ਨਸਲਾਂ ਅਤੇ ਕੌਮਾਂ ਦੇ ਮਸਲਿਆਂ ਬਾਰੇ ਆਪਣੀ ਸਥਿਤੀ ਸਪੱਸ਼ਟ ਕੀਤੀ ਜਾਵੇ। ਇਸ ਦੇ ਨਾਲ ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਅਮਰੀਕੀ ਸਿੱਖ ਆਪਣੀਆਂ ਵੱਡੀਆਂ ਮੀਟਿੰਗਾਂ ਕਰਕੇ ਜਾਂ ਸਮਾਗਮ ਕਰਕੇ ਆਪਣੀ ਪਹਿਚਾਣ ਬਾਰੇ ਪੈਦਾ ਹੋਏ ਭਰਮ-ਭੁਲੇਖੇ ਦੂਰ ਨਹੀਂ ਕਰ ਸਕਦੇ, ਸਗੋਂ ਅਸੀਂ ਦੂਸਰੇ ਵਰਗਾਂ ਅਤੇ ਧਰਮਾਂ ਦੇ ਲੋਕਾਂ ਨਾਲ ਜੇਕਰ ਘੁਲ-ਮਿਲ ਕੇ ਚੱਲਾਂਗੇ ਅਤੇ ਸੁਚੇਤ ਰੂਪ ਵਿਚ ਉਨ੍ਹਾਂ ਨੂੰ ਆਪਣੀ ਪਹਿਚਾਣ ਬਾਰੇ ਦੱਸਣ ਦਾ ਯਤਨ ਕਰਾਂਗੇ, ਤਾਂ ਹੀ ਅਮਰੀਕੀ ਸਮਾਜ ਵਿਚ ਅਸੀਂ ਆਪਣੀ ਹੈਸੀਅਤ ਬਣਾ ਸਕਾਂਗੇ। ਜੇਕਰ ਇਕ ਸਿੱਖ ਪਰਿਵਾਰ ਆਪਣੇ ਆਲੇ-ਦੁਆਲੇ ਵੱਸਦੇ 10 ਹੋਰ ਅਮਰੀਕੀ ਪਰਿਵਾਰਾਂ ਨੂੰ ਇਕ ਸਾਲ ਵਿਚ ਆਪਣੀ ਪਹਿਚਾਣ ਬਾਰੇ ਸਮਝਾਉਣ ਅਤੇ ਸਥਿਤੀ ਸਪੱਸ਼ਟ ਕਰਨ ਵਿਚ ਸਫਲ ਹੋ ਜਾਵੇ, ਤਾਂ ਵੀ ਹਾਲਾਤ ਵੱਡੇ ਪੱਧਰ ਤੇ ਬਦਲ ਸਕਦੇ ਹਨ। ਦੇਖਿਆ ਜਾਵੇ ਤਾਂ ਨਸਲੀ ਹਮਲਾ ਕਰਨ ਵਾਲੇ ਲੋਕ ਕਿਧਰੋਂ ਬਾਹਰੋਂ ਨਹੀਂ ਆਉਂਦੇ, ਸਗੋਂ ਉਨ੍ਹਾਂ ਹੀ ਕਸਬਿਆਂ ਅਤੇ ਨੇੜ-ਤੇੜ ਦੇ ਹੁੰਦੇ ਹਨ। ਇਸ ਕਰਕੇ ਜੇ ਸਾਡੇ ਲੋਕਾਂ ਦੀ ਆਪਣੇ ਖੇਤਰ ਦੇ ਲੋਕਾਂ ਨਾਲ ਸਾਂਝ ਹੋਵੇਗੀ, ਤਾਂ ਲਾਜ਼ਮੀ ਹੀ ਹਜ਼ੂਮ ਵੱਲੋਂ ਕਿਸੇ ਅਜਿਹੀ ਘਟਨਾ ਕਰਨ ਨੂੰ ਖਾਸ ਤੌਰ ਤੇ ਰੋਕਿਆ ਜਾ ਸਕਦਾ ਹੈ। ਸਾਨੂੰ ਇਸ ਸਮੇਂ ਵਧੇਰੇ ਚਿੰਤਾ ਇਸ ਗੱਲ ਦੀ ਹੈ ਕਿ ਪ੍ਰੋਫੈਸਰ ਪ੍ਰਭਜੋਤ ਸਿੰਘ ਤੇ ਹਮਲਾ ਇਕਾ-ਦੁੱਕਾ ਨੇ ਨਹੀਂ, ਸਗੋਂ ਹਜ਼ੂਮ ਵੱਲੋਂ ਕੀਤਾ ਗਿਆ ਹੈ। ਇਸ ਕਰਕੇ ਹਜ਼ੂਮ ਅੰਦਰ ਪੈਦਾ ਹੋ ਰਹੀ ਨਸਲੀ ਨਫਰਤ ਦੀ ਅਜਿਹੀ ਮਾਨਸਿਕਤਾ ਨੂੰ ਰੋਕਣ ਲਈ ਸਾਨੂੰ ਆਪਣੇ ਆਲੇ-ਦੁਆਲੇ ਨਾਲ ਸੰਬੰਧ ਸੁਧਾਰਨ ਅਤੇ ਆਪਣੀ ਪਹਿਚਾਣ ਬਾਰੇ ਉਨ੍ਹਾਂ ਨੂੰ ਜਾਗ੍ਰਿਤ ਕਰਨ ਦੀ ਵੱਡੀ ਲੋੜ ਹੈ। ਸਾਡੇ ਆਗੂਆਂ ਨੂੰ ਯੋਜਨਾਬੱਧ ਢੰਗ ਨਾਲ ਵਿਉਂਤਬੰਦੀ ਕਰਨੀ ਚਾਹੀਦੀ ਹੈ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.