ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਓਬਾਮਾ ਕੇਅਰ ਦੇ ਸਦਨ ’ਚ ਪਾਸ ਹੋਣ ਕਾਰਨ ਅਮਰੀਕਾ ਵੱਡੇ ਸੰਕਟ ’ਚ
ਓਬਾਮਾ ਕੇਅਰ ਦੇ ਸਦਨ ’ਚ ਪਾਸ ਹੋਣ ਕਾਰਨ ਅਮਰੀਕਾ ਵੱਡੇ ਸੰਕਟ ’ਚ
Page Visitors: 2632

 

ਓਬਾਮਾ ਕੇਅਰ ਦੇ ਸਦਨ ਚ ਪਾਸ ਹੋਣ ਕਾਰਨ ਅਮਰੀਕਾ ਵੱਡੇ ਸੰਕਟ
ਗੁਰਜਤਿੰਦਰ ਸਿੰਘ ਰੰਧਾਵਾ, ਮੁੱਖ ਸੰਪਾਦਕ , ਪੰਜਾਬ ਮੇਲ , 916-320-9444
ਓਬਾਮਾ ਕੇਅਰ ਭਾਵ ਸਭਨਾਂ ਲਈ ਸਿਹਤ ਬੀਮਾ ਜ਼ਰੂਰੀ ਪ੍ਰੋਗਰਾਮ ਦੇ ਪਾਸ ਹੋਣ ਕਾਰਨ ਅਮਰੀਕਾ ਦੀ ਉਭਾਰ ਵਿਚ ਆਈ ਆਰਥਿਕ ਵਿਵਸਥਾ ਨੂੰ ਇਕ ਵਾਰ ਫਿਰ ਵੱਡੇ ਝੱਟਕੇ ਲੱਗਣ ਦੇ ਆਸਾਰ ਬਣ ਗਏ ਹਨ। ਰਾਸ਼ਟਰਪਤੀ ਓਬਾਮਾ ਵੱਲੋਂ ਬੜੀ ਸ਼ਿੱਦਤ ਨਾਲ ਆਮ ਲੋਕਾਂ ਦੀ ਸਿਹਤ ਸੰਭਾਲ ਲਈ ਲਿਆਂਦਾ ਗਿਆ ਇਹ ਪ੍ਰੋਗਰਾਮ ਅਮਰੀਕਾ ਦੀ ਸਿਆਸਤ ਦੀ ਭੇਟ ਚੜ੍ਹ ਗਿਆ ਹੈ। ਜਿੱਥੇ ਓਬਾਮਾ ਦੀ ਡੈਮੋਕ੍ਰੇਟਿਕ ਪਾਰਟੀ ਨੇ ਇਸ ਪ੍ਰੋਗਰਾਮ ਦੀ ਹਮਾਇਤ ਕੀਤੀ ਹੈ, ਉਥੇ ਅਮੀਰਾਂ ਦੀ ਪਾਰਟੀ ਵਜੋਂ ਸਮਝੀ ਜਾਂਦੀ ਰਿਪਬਲਿਕਨ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਹੈ। ਅਮਰੀਕਾ ਵਿਚ ਬਜਟ ਨੂੰ ਲੈ ਕੇ ਖੜ੍ਹੇ ਹੋਏ ਇਸ ਰਾਜਨੀਤਿਕ ਅੜਿੱਕੇ ਕਾਰਨ ਕਰੀਬ 18 ਸਾਲਾਂ ਬਾਅਦ ਮੁੜ ਫਿਰ ਸਰਕਾਰੀ ਵਿਭਾਗਾਂ ਦਾ ਕੰਮਕਾਜ ਠੱਪ ਹੋ ਕੇ ਰਹਿ ਗਿਆ ਹੈ। ਅਮਰੀਕਾ ਦਾ ਬਜਟ ਪਾਸ ਨਹੀਂ ਹੋਇਆ, ਜਿਸ ਕਾਰਨ ਫੈਡਰਲ ਸਰਕਾਰ ਦੇ ਵਿਭਾਗਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਅਤੇ ਫੈਡਰਲ ਸਰਕਾਰ ਰਾਹੀਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਵੀ ਵੱਡਾ ਝੱਟਕਾ ਲੱਗ ਸਕਦਾ ਹੈ। ਇਸ ਸਮੇਂ ਡੈਮੋਕ੍ਰੇਟ ਅਤੇ ਰਿਪਬਲਿਕਨ ਦੋਵੇਂ ਹੀ ਇਸ ਮੁੱਦੇ ਨੂੰ ਲੈ ਕੇ ਇਕ ਦੂਜੇ ਖਿਲਾਫ ਡਟੇ ਖੜ੍ਹੇ ਹਨ ਅਤੇ ਉਨ੍ਹਾਂ ਵੱਲੋਂ ਪਿੱਛੇ ਮੁੜਨ ਦਾ ਕੋਈ ਸੰਕੇਤ ਨਹੀਂ ਆ ਰਿਹਾ। ਅਮਰੀਕਾ ਵਿਚ ਇਹ ਆਪਣੇ ਆਪ ਹੀ ਇਕ ਵੱਡਾ ਰਾਜਨੀਤਿਕ ਅਤੇ ਆਰਥਿਕ ਸੰਕਟ ਹੈ।
ਦਰਅਸਲ ਰਾਸ਼ਟਰਪਤੀ ਦੀ ਚੋਣ ਸਮੇਂ ਬਰਾਕ ਓਬਾਮਾ ਨੇ ਅਮਰੀਕਾ ਵਿਚ ਹਰ ਇਕ ਲਈ ਸਿਹਤ ਬੀਮਾ ਲਾਜ਼ਮੀ ਕਰਨ ਦਾ ਪ੍ਰੋਗਰਾਮ ਰੱਖਿਆ ਸੀ ਅਤੇ ਇਸ ਪ੍ਰੋਗਰਾਮ ਤਹਿਤ ਬੀਮਾ ਯੋਜਨਾ ਪਰਿਵਾਰਾਂ ਤੇ ਆਧਾਰਿਤ ਨਹੀਂ ਸੀ ਹੋਣੀ, ਸਗੋਂ ਨਵੇਂ ਪ੍ਰੋਗਰਾਮ ਮੁਤਾਬਕ ਇਕ ਤਾਂ ਇਹ ਬੀਮਾ ਹਰ ਇਕ ਨੂੰ ਕਰਵਾਉਣਾ ਕਾਨੂੰਨੀ ਤੌਰ ਤੇ ਜ਼ਰੂਰੀ ਹੋਵੇਗਾ ਤੇ ਦੂਜਾ ਇਹ ਬੀਮਾ ਪਰਿਵਾਰਾਂ ਉਤੇ ਆਧਾਰਿਤ ਨਹੀਂ, ਸਗੋਂ ਬੀਮੇ ਦੀ ਦਰ ਹਰ ਵਿਅਕਤੀ ਦੀ ਆਮਦਨ ਦੇ ਆਧਾਰ ਤੇ ਤੈਅ ਹੋਣੀ ਹੈ। ਇਸ ਸਿਹਤ ਬੀਮੇ ਦਾ ਵੱਡਾ ਲਾਭ ਆਮ ਅਮਰੀਕੀ ਲੋਕਾਂ ਨੂੰ ਹੋਣਾ ਹੈ। ਕਿਉਂਕਿ ਥੋੜ੍ਹੀ ਆਮਦਨ ਵਾਲੇ ਲੋਕਾਂ ਲਈ ਬੀਮਾ ਦਰ ਬਹੁਤ ਹੀ ਘੱਟ ਰੱਖੀ ਗਈ ਹੈ। ਪਰ ਜਿਵੇਂ ਜਿਵੇਂ ਕਿਸੇ ਵਿਅਕਤੀ ਦੀ ਆਮਦਨ ਵੱਧ ਹੈ, ਤਿਵੇਂ ਉਸ ਵੱਲੋਂ ਦਿੱਤੇ ਜਾਣ ਵਾਲੇ ਬੀਮੇ ਦੀ ਦਰ ਵੀ ਵੱਧ ਹੋਵੇਗੀ। ਇਸ ਤਰ੍ਹਾਂ ਓਬਾਮਾ ਦੀ ਇਸ ਨਵੀਂ ਸਿਹਤ ਸੰਭਾਲ ਯੋਜਨਾ ਦਾ ਜਿੱਥੇ ਆਮ ਅਮਰੀਕੀ ਲੋਕਾਂ ਨੂੰ ਤਾਂ ਬਹੁਤ ਵੱਡਾ ਲਾਭ ਹੋਣਾ ਹੈ, ਉਥੇ ਵੱਧ ਆਮਦਨੀ ਵਾਲੇ ਅਤੇ ਅਮੀਰ ਲੋਕਾਂ ਲਈ ਬੀਮਾ ਦਰ ਕਾਫੀ ਉ¤ਚੀ ਹੋ ਜਾਣੀ ਹੈ। ਨਾਲ ਹੀ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਲਾਜ਼ਮੀ ਕਰਾਰ ਦਿੱਤੇ ਜਾਣ ਵਾਲੇ ਇਸ ਬੀਮਾ ਪ੍ਰੋਗਰਾਮ ਨੂੰ ਨਾ ਅਪਣਾਉਣ ਵਾਲੇ ਲੋਕਾਂ ਵਿਰੁੱਧ ਸਜ਼ਾ ਵੀ ਰੱਖੀ ਗਈ ਹੈ। ਇਸ ਨੂੰ ਪਹਿਲੀ ਜਨਵਰੀ, 2014 ਤੋਂ ਲਾਗੂ ਕੀਤਾ ਜਾ ਰਿਹਾ ਹੈ। ਪਿਛੋਕੜ ਉਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਮਰੀਕਾ ਵਿਚ ਸਿਹਤ ਸੇਵਾਵਾਂ ਬੇਹੱਦ ਮਹਿੰਗੀਆਂ ਹਨ। ਆਮ ਲੋਕਾਂ ਲਈ ਵੱਡੇ ਬਜਟ ਨਾਲ ਗੰਭੀਰ ਬਿਮਾਰੀਆਂ ਦਾ ਹੀ ਨਹੀਂ, ਸਗੋਂ ਆਮ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਉਣਾ ਵੀ ਬੇਹੱਦ ਔਖਾ ਹੈ। ਇਹੀ ਕਾਰਨ ਹੈ ਕਿ ਅਮਰੀਕਾ ਵਿਚੋਂ ਮੈਡੀਕਲ ਟੂਰੀਜ਼ਮ ਦਾ ਰੁਝਾਨ ਬੇਹੱਦ ਵਧਿਆ ਹੈ। ਹਰ ਸਾਲ ਅਸੀਂ ਦੇਖਦੇ ਹਾਂ ਕਿ ਪੰਜਾਬੀ ਜਾਂ ਇੰਝ ਕਹਿ ਲਈਏ ਕਿ ਸਾਰੇ ਭਾਰਤੀ ਇਲਾਜ ਕਰਵਾਉਣ ਲਈ ਪੰਜਾਬ ਜਾਂ ਭਾਰਤ ਵੱਲ ਨੂੰ ਦੌੜਦੇ ਹਨ। ਦੰਦਾਂ ਦਾ ਇਲਾਜ ਕਰਵਾਉਣਾ ਹੋਵੇ, ਅੱਖਾਂ ਦਿਖਾਉਣੀਆਂ ਹੋਣ ਜਾਂ ਫਿਰ ਦਿਲ ਦੀ ਕਿਸੇ ਬਿਮਾਰੀ ਦਾ ਇਲਾਜ ਕਰਵਾਉਣਾ ਹੋਵੇ ਤਾਂ ਸਾਡੇ ਲੋਕ ਪੰਜਾਬ ਜਾਣ ਨੂੰ ਤਰਜੀਹ ਦਿੰਦੇ ਹਨ। ਲੋਕਾਂ ਵਿਚ ਆਮ ਚਰਚਾ ਹੈ ਕਿ ਨਾਲੇ ਤਾਂ ਆਪਣੇ ਸਾਕ-ਸੰਬੰਧੀਆਂ ਨੂੰ ਮਿਲ ਆਈਦਾ ਹੈ, ਤੇ ਨਾਲੇ ਜਹਾਜ਼ ਦੀ ਟਿਕਟ ਕੱਢ ਕੇ ਫਿਰ ਵੀ ਇਲਾਜ ਉਪਰ ਖਰਚ ਕਾਫੀ ਘੱਟ ਪੈਂਦਾ ਹੈ। ਇਸੇ ਤਰ੍ਹਾਂ ਚੀਨੀ ਅਤੇ ਹੋਰ ਵੱਖ-ਵੱਖ ਦੇਸ਼ਾਂ ਦੇ ਲੋਕ ਕਰਦੇ ਹਨ। ਇਸੇ ਕਰਕੇ ਰਾਸ਼ਟਰਪਤੀ ਓਬਾਮਾ ਨੇ ਆਮ ਅਮਰੀਕੀਆਂ ਦੀ ਸਿਹਤ ਸੰਭਾਲ ਦੇ ਬਚਾਅ ਲਈ ਓਬਾਮਾ ਕੇਅਰ ਦੇ ਨਾਂ ਨਾਲ ਮਸ਼ਹੂਰ ਹੋਇਆ ਇਹ ਸਿਹਤ ਪ੍ਰੋਗਰਾਮ ਚੋਣਾਂ ਦੌਰਾਨ ਲੋਕਾਂ ਸਾਹਮਣੇ ਰੱਖਿਆ ਸੀ।
ਓਬਾਮਾ ਕੇਅਰ ਦੇ ਪ੍ਰਵਾਨ ਹੋਣ ਕਾਰਨ ਅਮਰੀਕਾ ਨੂੰ ਇਕ ਅਜੀਬ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਿਹਤ ਸੰਭਾਲ ਵਾਲਾ ਇਹ ਵੱਡਾ ਪ੍ਰੋਗਰਾਮ ਤਾਂ ਭੰਬਲ-ਭੂਸੇ ਵਿਚ ਪੈ ਹੀ ਗਿਆ ਹੈ, ਪਰ ਇਸ ਦੇ ਨਾਲ ਹੀ ਬਜਟ ਪਾਸ ਨਾ ਹੋਣ ਕਾਰਨ ਪੂਰੇ ਅਮਰੀਕਾ ਨੂੰ ਇਕ ਨਵੇਂ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਵਿਚ ਬਜਟ ਨੂੰ ਲੈ ਕੇ ਰਾਜਨੀਤਕ ਅੜਿੱਕੇ ਕਾਰਨ ਅੱਜ ਲਗਭਗ 18 ਸਾਲ ਬਾਅਦ ਪਹਿਲੀ ਵਾਰ ਸਰਕਾਰੀ ਵਿਭਾਗਾਂ ਦਾ ਕੰਮਕਾਜ ਠੱਪ ਹੋ ਗਿਆ ਹੈ। ਇਹ ਸੰਕਟ ਮੁੱਖ ਰੂਪ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿਹਤ ਸੰਭਾਲ ਪ੍ਰੋਗਰਾਮ ਤੇ ਖਰਚ ਨੂੰ ਲੈ ਕੇ ਵਿਰੋਧੀ ਪਾਰਟੀ ਰਿਪਬਲੀਕਨ ਅਤੇ ਸੱਤਾਧਾਰੀ ਡੈਮੋਕਰੈਟ ਸੰਸਦ ਮੈਂਬਰਾਂ ਵਿਚਕਾਰ ਚਲ ਰਹੇ ਘਰੇਲੂ ਵਿਵਾਦ ਕਾਰਨ ਪੈਦਾ ਹੋਇਆ ਹੈ। ਦੋਵਾਂ ਧਿਰਾਂ ਚੋਂ ਕਿਸੇ ਵੱਲੋਂ ਵੀ ਆਪਣੇ ਰੁਖ ਤੋਂ ਪਿੱਛੇ ਨਾ ਹਟਣ ਕਾਰਨ ਰਾਸ਼ਟਰਪਤੀ ਭਵਨ ਤੋਂ ਹੁਕਮ ਜਾਰੀ ਕਰਨਾ ਪਿਆ ਕਿ ਫੈਡਰਲ ਸਰਕਾਰ ਦੀਆਂ ਏਜੰਸੀਆਂ ਦਾ ਕੰਮਕਾਜ ਬੰਦ ਕਰ ਦਿੱਤਾ ਗਿਆ ਹੈ। ਇਸ ਹੁਕਮ ਨਾਲ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਹਾਲ ਦੀ ਘੜੀ ਛੁੱਟੀ ਤੇ ਜਾਣਾ ਪਿਆ ਹੈ ਅਤੇ ਕਈ ਸੇਵਾਵਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਸਥਿਤੀ 1995-96 ਵਿਚ ਪੈਦਾ ਹੋਈ ਸੀ। ਅੱਜ ਦੇ ਸੰਕਟ ਨੂੰ ਆਖਰੀ ਪਲ ਤੱਕ ਟਾਲਣ ਦਾ ਯਤਨ ਕੀਤਾ ਗਿਆ ਅਤੇ ਦੋਵੇਂ ਧਿਰਾਂ ਆਪਣੇ ਰੁਖ ਤੇ ਕਾਇਮ ਰਹੀਆਂ। ਬਰਾਕ ਓਬਾਮਾ ਨੇ ਹਥਿਆਰਬੰਦ ਸੈਨਾਵਾਂ ਦੇ ਨਾਂਅ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਸੰਸਦ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਇਹ ਬਜਟ ਪਾਸ ਕਰਨ ਚ ਨਾਕਾਮ ਰਹੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਾਡੀ ਸਰਕਾਰ ਨੂੰ ਤਦ ਤਕ ਕੰਮ ਬੰਦ ਕਰਨਾ ਪੈ ਰਿਹਾ ਜਦੋਂ ਤਕ ਸੰਸਦ ਪੈਸੇ ਦੀ ਮਨਜੂਰੀ ਨਹੀਂ ਦਿੰਦੀ। ਇਹ ਸੰਦੇਸ਼ ਸਰਕਾਰੀ ਕੰਮਕਾਜ ਬੰਦ ਕਰਨ ਦੇ ਫ਼ੈਸਲੇ ਨੂੰ ਲਾਗੂ ਕੀਤੇ ਜਾਣ ਤੋਂ ਕੁਝ ਦੇਰ ਬਾਅਦ ਜਾਰੀ ਕੀਤਾ ਗਿਆ। ਓਬਾਮਾ ਨੇ ਕਿਹਾ ਕਿ ਸਾਡੀ ਕੌਮੀ ਸੁਰੱਖਿਆ ਲਈ ਖਤਰਾ ਟਲਿਆ ਨਹੀਂ ਅਤੇ ਤੁਸੀਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਚੌਕਸ ਰਹਿਣਾ ਹੈ। ਅਫਗਾਨਿਸਤਾਨ ਆਪਰੇਸ਼ਨ ਵਰਗੀਆਂ ਇਸ ਸਮੇਂ ਚਲ ਰਹੀਆਂ ਸੈਨਿਕ ਕਾਰਵਾਈਆਂ ਨੂੰ ਜਾਰੀ ਰੱਖਿਆ ਜਾਵੇਗਾ। ਜੇਕਰ ਤੁਸੀਂ ਦੇਸ਼ ਤੋਂ ਦੂਰ ਖਤਰੇ ਵਿਚ ਰਹਿ ਕੇ ਸੇਵਾ ਕਰ ਰਹੇ ਹੋ ਤਾਂ ਅਸੀਂ ਵੀ ਇਹ ਯਕੀਨੀ ਬਣਾਵਾਂਗੇ ਕਿ ਤੁਹਾਨੂੰ ਵੀ ਉਹ ਕੁਝ ਉਪਲਬਧ ਹੋਵੇ ਜੋ ਤੁਹਾਡੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਜ਼ਰੂਰੀ ਹੈ। ਰਾਸ਼ਟਰਪਤੀ ਨੇ ਸੈਨਿਕਾਂ ਨੂੰ ਭਰੋਸਾ ਦਿੱਤਾ ਕਿ ਇਸ ਅੜਿੱਕੇ ਕਾਰਨ ਉਨ੍ਹਾਂ ਦੀ ਤਨਖਾਹ ਅਤੇ ਉਨ੍ਹਾਂ ਦੇ ਪਰਿਵਾਰ ਕਲਿਆਣ ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ। ਬਜਟ ਵਿਭਾਗ ਦੇ ਡਾਇਰੈਕਟਰ ਸਿਲਵੀਆ ਮੈਥਿਊਜ਼ ਬਰਵੇਲ ਨੇ ਦੱਸਿਆ ਕਿ ਏਜੰਸੀਆਂ ਨੂੰ ਪੈਸੇ ਖਰਚ ਕਰਨ ਦੀ ਮਨਜੂਰੀ ਨਾ ਹੋਣ ਕਾਰਨ ਫੈਡਰਲ ਸਰਕਾਰ ਦੇ ਕੰਮਕਾਜ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੰਮਕਾਜ ਠੱਪ ਹੋਣ ਦਾ ਮਤਲਬ ਕੌਮੀ ਪਾਰਕ ਬੰਦ ਰਹਿਣਗੇ, ਖਾਣ ਵਾਲੀਆਂ ਚੀਜ਼ਾਂ ਦੀ ਜਾਂਚ ਦਾ ਕੰਮ ਬੰਦ ਰਹੇਗਾ। ਸਰਕਾਰੀ ਦਫ਼ਤਰਾਂ ਵਿਚ ਕਾਗਜ਼ੀ ਕਾਰਵਾਈ ਹੌਲੀ ਹੋ ਜਾਵੇਗੀ ਅਤੇ ਫੈਡਰਲ ਸਰਕਾਰ ਦੇ 10 ਲੱਖ ਦੇ ਕਰੀਬ ਮੁਲਾਜ਼ਮਾਂ ਨੂੰ ਘਰ ਬਿਠਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੰਮਕਾਜ ਠੱਪ ਰਹਿਣ ਦੇ ਸਮੇਂ ਦੀ ਤਨਖਾਹ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਓਬਾਮਾ ਨੇ ਕਿਹਾ ਸੀ ਕਿ ਕੰਮਕਾਜ ਬੰਦ ਰਹਿਣ ਨਾਲ ਆਰਥਿਕਤਾ ਅਤੇ ਲੋਕਾਂ ਤੇ ਤੁਰੰਤ ਗੰਭੀਰ ਪ੍ਰਭਾਵ ਪਵੇਗਾ। ਇਸ ਨਾਲ ਆਰਥਿਕਤਾ ਦੇ ਪਹੀਏ ਡਾਵਾਂਡੋਲ ਹੋ ਜਾਣਗੇ ਜਦਕਿ ਅਜੇ ਇਹ ਲੀਹ ਤੇ ਆਉਣ ਲੱਗੇ ਸਨ।
ਓਬਾਮਾ ਵੱਲੋਂ ਲਿਆਂਦਾ ਗਿਆ ਸਿਹਤ ਬੀਮਾ ਆਮ ਲੋਕਾਂ ਦੀ ਸਿਹਤ ਲਈ ਬੇਹੱਦ ਚੰਗਾ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਣਾ ਹੈ। ਰਿਪਬਲਿਕਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਲੋਕਾਂ ਦੀ ਸਿਹਤ ਸੰਭਾਲ ਦਾ ਜੇਕਰ ਫਿਕਰ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਉਨ੍ਹਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਗਾਰੰਟੀ ਨਹੀਂ ਹੋਵੇਗੀ ਤਾਂ ਫਿਰ ਅਮਰੀਕਾ ਕਿਵੇਂ ਅੱਗੇ ਵੱਧ ਸਕਦਾ ਹੈ। ਅਜੇ ਵੀ ਵੇਲਾ ਹੈ ਕਿ ਅਮਰੀਕਨ ਆਪਣੇ ਪੈਂਤੜੇ ਬਾਰੇ ਮੁੜ ਵਿਚਾਰਨ ਅਤੇ ਪੈਦਾ ਹੋਏ ਇਸ ਸੰਕਟ ਨੂੰ ਦੂਰ ਕਰਨ। ਅਮਰੀਕਾ ਦੀ ਆਰਥਿਕਤਾ ਮੁੜ ਪੈਰਾਂ ਸਿਰ ਖੜ੍ਹੀ ਹੋਣ ਲੱਗ ਪਈ ਹੈਅਮਰੀਕੀਆਂ ਦੇ ਵੱਡੇ ਹਿੱਸੇ ਨੂੰ ਇਸ ਨੇ ਖੁਸ਼ੀ ਦਿੱਤੀ ਹੈ। ਹੁਣ ਨਵੇਂ ਝਮੇਲੇ ਖੜ੍ਹੇ ਕਰਕੇ ਇਸ ਖੁਸ਼ੀ ਨੂੰ ਖਤਮ ਨਾ ਕੀਤਾ ਜਾਵੇ। ਸਗੋਂ ਸਿਹਤ ਬੀਮਾ ਉਰਫ ਓਬਾਮਾ ਕੇਅਰ ਨੂੰ ਪ੍ਰਵਾਨ ਕਰਕੇ ਅਮਰੀਕਾ ਨੂੰ ਆਰਥਿਕ ਪੱਖੋਂ ਅੱਗੇ ਵਧਣ ਲਈ ਮਦਦ ਕੀਤੀ ਜਾਵੇ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.