ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਨਸ਼ਿਆਂ ਦਾ ਹੋ ਰਿਹੈ ਭਿਅੰਕਰ ਪਸਾਰਾ
ਨਸ਼ਿਆਂ ਦਾ ਹੋ ਰਿਹੈ ਭਿਅੰਕਰ ਪਸਾਰਾ
Page Visitors: 2624

ਨਸ਼ਿਆਂ ਦਾ ਹੋ ਰਿਹੈ ਭਿਅੰਕਰ ਪਸਾਰਾ

ਗੁਰਜਤਿੰਦਰ ਸਿੰਘ ਰੰਧਾਵਾ, ਮੁੱਖ ਸੰਪਾਦਕ 916-320-9444

ਉਘੇ ਪਹਿਲਵਾਨ ਤੇ ਪੰਜਾਬ ਪੁਲਿਸ ਦੇ ਸਾਬਕਾ ਡੀ.ਐਸ.ਪੀ. ਜਗਦੀਸ਼ ਸਿੰਘ ਭੋਲਾ ਦੇ ਗ੍ਰਿਫ਼ਤਾਰ ਹੋਣ ਬਾਅਦ ਨਸ਼ਿਆਂ ਦੇ ਪਸਰ ਰਹੇ ਭਿਅੰਕਰ ਵਰਤਾਰੇ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਕੀਤੇ ਦਾਅਵੇ ਅਨੁਸਾਰ ਭੋਲੇ ਦਾ ਇਹ ਕਾਰੋਬਾਰ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਇਹ ਕਾਰੋਬਾਰ 700 ਕਰੋੜ ਰੁਪਏ ਦਾ ਦੱਸਿਆ ਗਿਆ ਹੈ। ਨਸ਼ਿਆਂ ਦੇ ਵਪਾਰ ਦੇ ਇੰਨੇ ਵੱਡੇ ਪੱਧਰ ’ਤੇ ਫੈਲੇ ਹੋਣ ਦਾ ਸ਼ਾਇਦ ਇਹ ਪਹਿਲਾ ਮਾਮਲਾ ਹੈ। ਖਾਸ ਕਰ ਪੰਜਾਬੀਆਂ ਵਿਚ ਪਹਿਲਾਂ ਕੋਈ ਅਜਿਹਾ ਮਾਮਲਾ ਨਹੀਂ ਸੀ ਆਇਆ, ਜਿਸ ਵਿਚ ਅਰਬਾਂ ਰੁਪਏ ਦਾ ਨਸ਼ੇ ਦਾ ਵਪਾਰ ਕੀਤਾ ਜਾਂਦਾ ਹੋਵੇ ਅਤੇ ਇਸ ਦੀਆਂ ਤਾਰਾਂ ਵੀ ਸੰਸਾਰ ਭਰ ਵਿਚ ਫੈਲੀਆਂ ਹੋਣ। ਇਸ ਤੋਂ ਪਹਿਲਾਂ ਚੀਨੀਆਂ ਅਤੇ ਵੀਅਤਨਾਮੀਆਂ ਬਾਰੇ ਕਿਹਾ ਜਾਂਦਾ ਸੀ ਕਿ ਉ¤ਤਰੀ ਅਮਰੀਕਾ ਵਿਚ ਉਨ੍ਹਾਂ ਦੇ ਗੈਂਗ ਅਜਿਹੇ ਵੱਡੇ ਕਾਰੋਬਾਰ ਵਿਚ ਪਏ ਹੋਏ ਹਨ। ਲੱਗਦਾ ਹੈ ਕਿ ਹੁਣ ਭੋਲੇ ਦੇ ਗੈਂਗ ਨੇ ਇਨ੍ਹਾਂ ਸਾਰਿਆਂ ਨੂੰ ਮਾਤ ਪਾ ਦਿੱਤਾ ਹੈ। ਸਾਡੇ ਲਈ ਸਭ ਤੋਂ ਚਿੰਤਾ ਅਤੇ ਫਿਕਰ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਦੇ ਇਸ ਵੱਡੇ ਪਸਾਰੇ ਦਾ ਕੇਂਦਰ ਪੰਜਾਬ ਬਣਦਾ ਜਾ ਰਿਹਾ ਹੈ ਅਤੇ ਮੁੱਖ ਤੌਰ ’ਤੇ ਪੰਜਾਬੀਆਂ ਰਾਹੀਂ ਹੀ ਦੁਨੀਆ ਭਰ ਵਿਚ ਇਸ ਦਾ ਪਸਾਰਾ ਕੀਤਾ ਗਿਆ ਹੈ। ਜੋ ਹੁਣ ਤੱਕ ਤੱਥ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਇਹ ਗੱਲ ਵੀ ਉਜਾਗਰ ਹੋ ਰਹੀ ਹੈ ਕਿ ਨਸ਼ੇ ਦੇ ਵਪਾਰ ਨੂੰ ਵਧਾਉਣ ਲਈ ਖੇਡਾਂ ਅਤੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਦਾ ਸਹਾਰਾ ਲਿਆ ਜਾਂਦਾ ਹੈ। ਪੁਲਿਸ ਵੱਲੋਂ ਦੱਸੀ ਜਾ ਰਹੀ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਵੱਡੇ ਖੇਡ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਅਤੇ ਫਿਰ ਇਨ੍ਹਾਂ ਦੇ ਜੇਤੂਆਂ ਨੂੰ ਆਲੀਸ਼ਾਨ ਕਾਰਾਂ ਮੋਟਰਸਾਈਕਲ ਅਤੇ ਗੋਲਡ ਮੈਡਲ ਤੋਂ ਇਲਾਵਾ ਨਕਦ ਇਨਾਮ ਦੇਣ ਵਿਚ ਮੋਹਰੀ ਰਹਿਣ ਵਾਲੇ ਕਈ ਪ੍ਰਵਾਸੀ ਪੰਜਾਬੀਆਂ ਦਾ ਨਾਂ ਨਸ਼ਿਆਂ ਦੇ ਇਸ ਵਪਾਰਕ ਨੈ¤ਟਵਰਕ ਵਿਚ ਲਿਆ ਜਾਣ ਲੱਗਾ ਹੈ। ਇਹ ਲੋਕ ਇਨ੍ਹਾਂ ਮੇਲਿਆਂ ਦੌਰਾਨ ਵੱਡੇ ਗਾਇਕਾਂ ਨੂੰ ਸੱਦ ਕੇ ਪੈਸਾ ਮੀਂਹ ਵਾਂਗ ਵਰ੍ਹਾਉਂਦੇ ਰਹੇ ਹਨ। ਪੁਲਿਸ ਵੱਲੋਂ ਕੀਤੇ ਦਾਅਵਿਆਂ ਮੁਤਾਬਕ 40 ਤੋਂ ਵਧੇਰੇ ਅਜਿਹੇ ਖੇਡ ਪ੍ਰਮੋਟਰ ਅਤੇ ਸੱਭਿਆਚਾਰਕ ਮੇਲੇ ਕਰਵਾਉਣ ਵਾਲੇ ਇਸ ਧੰਦੇ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਨਸ਼ਿਆਂ ਦੇ ਵਪਾਰ ਨਾਲ ਜੁੜਨ ਦਾ ਪ੍ਰਵਾਸੀ ਪੰਜਾਬੀਆਂ ਦਾ ਇਹ ਰੁਝਾਨ ਬੇਹੱਦ ਖਤਰਨਾਕ ਹੈ। ਸਾਡਾ ਵਿਰਸਾ, ਸੱਭਿਆਚਾਰ ਅਤੇ ਇਤਿਹਾਸ ਸਾਨੂੰ ਮਿਹਨਤ ਕਰਕੇ ਅੱਗੇ ਵਧਣ ਦਾ ਰਾਹ ਦਿਖਾਉਂਦਾ ਹੈ। ਸਾਡੇ ਲੋਕਾਂ ਨੇ ਵਿਦੇਸ਼ਾਂ ਵਿਚ ਆ ਕੇ ਸਖ਼ਤ ਮਿਹਨਤ ਅਤੇ ਅਥਾਹ ਘਾਲਣਾਵਾਂ ਕਰਕੇ ਪੈਸਾ ਕਮਾਇਆ ਹੈ ਅਤੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਹਨ। ਇਸ ਗੱਲ ਤੋਂ ਸਾਫ ਹੁੰਦਾ ਹੈ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਕੀਤੇ ਕੰਮ ਦੇ ਸਿਰ ’ਤੇ ਹੀ ਕੋਈ ਵਿਅਕਤੀ ਆਪਣੇ ਕਾਰੋਬਾਰ ਸਥਾਪਿਤ ਕਰ ਸਕਦਾ ਹੈ ਅਤੇ ਸਮਾਜ ਅੰਦਰ ਨਾਮਨਾ ਖੱਟ ਸਕਦਾ ਹੈ। ਨਸ਼ਿਆਂ ਦੇ ਵਪਾਰ ਰਾਹੀਂ ਕਮਾਏ ਪੈਸੇ ਨਾਲ ਵਕਤੀ ਤੌਰ ’ਤੇ ਤਾਂ ਕੋਈ ਸ਼ੌਹਰਤ ਹਾਸਲ ਕਰ ਸਕਦਾ ਹੈ ਅਤੇ ਲੋਕਾਂ ਤੋਂ ਵਾਹ-ਵਾਹ ਕਰਵਾ ਸਕਦਾ ਹੈ। ਸਮਾਜ ਸੇਵਕ ਹੋਣ ਦਾ ਭਰਮ ਪਾਲ ਸਕਦਾ ਹੈ। ਪਰ ਆਖਰ ਅਜਿਹੇ ਲੋਕਾਂ ਦਾ ਪਰਦਾਫਾਸ਼ ਹੋ ਹੀ ਜਾਂਦਾ ਹੈ। ਵੱਡੇ-ਵੱਡੇ ਖੇਡ ਮੇਲੇ ਕਰਵਾਉਣ, ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਅਤੇ ਗਰੀਬਾਂ ਨੂੰ ਸਹਾਇਤਾ ਕਰਨ ਦਾ ਅਡੰਬਰ ਰਚਨ ਵਾਲਿਆਂ ਦਾ ਦਿਨ-ਬ-ਦਿਨ ਪਰਦਾਫਾਸ਼ ਹੋ ਰਿਹਾ ਹੈ ਅਤੇ ਫਿਰ ਇਨ੍ਹਾਂ ਦੀ ਅਸਲ ਹਕੀਕਤ ਸਾਡੇ ਸਾਹਮਣੇ ਹੈ। ਬਿਨਾਂ ਮਿਹਨਤ ਝੱਟਪਟ ਧਨਵਾਨ ਹੋਣ ਦੀ ਲਾਲਸਾ ਇਸ ਸਮੇਂ ਇੰਨੀ ਪ੍ਰਬਲ ਹੋ ਰਹੀ ਹੈ ਕਿ ਕਈ ਨਾਮੀ-ਕਨਾਮੀ ਲੋਕ ਇਸ ਵੱਲ ਖਿੱਚੇ ਜਾ ਰਹੇ ਹਨ। ਸਾਡੇ ਸਮਾਜ ਅੰਦਰ ਇਹੀ ਵੱਡੀ ਗਿਰਾਵਟ ਦੀ ਨਿਸ਼ਾਨੀ ਹੈ।
ਨਸ਼ਿਆਂ ਦਾ ਵਪਾਰ ਇਸ ਦੇ ਵਪਾਰੀਆਂ ਨੂੰ ਲਾਭ ਪਹੁੰਚਾਉਣ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਇਹ ਸਾਰੇ ਸਮਾਜ ਅੰਦਰ ਕੋਹੜ ਫੈਲਾਉਣ ਦਾ ਸਾਧਨ ਵੀ ਬਣਦਾ ਹੈ। ਇਸ ਵਪਾਰ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਸ ਨਾਲ ਸਮੁੱਚੇ ਸਮਾਜ ਅੰਦਰ ਨਸ਼ਿਆਂ ਦੀ ਬਿਮਾਰੀ ਫੈਲਦੀ ਹੈ, ਜੋ ਅੱਗੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਵੱਲ ਧੱਕਦੀ ਹੈ। ਇਸ ਕਰਕੇ ਬੇਇਮਾਨੀ ਨਾਲ ਪੈਸਾ ਕਮਾਉਣ ਦੇ ਧੰਦੇ ਵਿਚ ਸਭ ਤੋਂ ਘਟੀਆ ਅਤੇ ਖਤਰਨਾਕ ਵਪਾਰ ਇਹੀ ਗਿਣਿਆ ਜਾਂਦਾ ਹੈ। ਜਿਹੜਾ ਵਿਅਕਤੀ ਆਪਣੇ ਨਿੱਜੀ ਲਾਭ ਲਈ ਸਮਾਜ ਨੂੰ ਮੌਤ ਦੇ ਮੂੰਹ ਧੱਕਣ ਦਾ ਯਤਨ ਕਰਦਾ ਹੈ, ਉਸ ਦਾ ਜ਼ੁਰਮ ਨਾ-ਕਾਬੀਲੇ ਮੁਆਫ ਬਣਦਾ ਹੈ। ਨਵੇਂ ਸਾਹਮਣੇ ਆਏ ਨਸ਼ਿਆਂ ਦੇ ਵਪਾਰ ਦੇ ਨੈਟਵਰਕ ਵਿਚ ਦੁਨੀਆ ਭਰ ਵਿਚ ਨਸ਼ੇ ਵੇਚਣ ਲਈ ਖੇਡਾਂ ਅਤੇ ਖਿਡਾਰੀਆਂ ਨੂੰ ਹਥਿਆਰ ਵਜੋਂ ਵਰਤਣ ਦੀ ਗੱਲ ਵੀ ਸਾਹਮਣੇ ਆਈ ਹੈ। ਇਕ-ਦੂਜੇ ਦੇਸ਼ ਵਿਚ ਟੂਰਨਾਮੈਂਟਾਂ ਵਿਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਨੂੰ ਵਰਤਿਆ ਜਾਂਦਾ ਹੈ। ਪੰਜਾਬ ਇਸ ਸਮੇਂ ਨਸ਼ਿਆਂ ਦੇ ਵਪਾਰ ਦਾ ਵੱਡਾ ਅੱਡਾ ਬਣਦਾ ਜਾ ਰਿਹਾ ਹੈ। ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਹੀ ਨਹੀਂ, ਸਗੋਂ ਭਾਰਤ ਵਿਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਤੋਂ ਵੀ ਨਸ਼ਿਆਂ ਦੀਆਂ ਖੇਪਾਂ ਧੜਾਧੜ ਪੰਜਾਬ ਪੁੱਜਣ ਦੀਆਂ ਖ਼ਬਰਾਂ ਆ ਰਹੀਆਂ ਹਨ। ਭਾਰਤ ਦੀ ਗੁਆਂਢੀ ਮੁਲਕਾਂ ਨਾਲ ਲੱਗਦੀ ਪੂਰੀ ਸਰਹੱਦ ਤੋਂ ਪਿਛਲੇ ਵਰ੍ਹੇ 500 ਕਿਲੋਗ੍ਰਾਮ ਦੇ ਕਰੀਬ ਹੈਰੋਇਨ ਫੜੀ ਗਈ ਸੀ। ਇਸ ਦਾ ਵੱਡਾ ਹਿੱਸਾ 300 ਕਿਲੋਗ੍ਰਾਮ ਤੋਂ ਵੱਧ ਇਕੱਲੇ ਪੰਜਾਬ ਨਾਲ ਲੱਗਦੀ ਛੋਟੀ ਜਿਹੀ ਸਰਹੱਦ ਤੋਂ ਫੜਿਆ ਗਿਆ ਸੀ। ਲਗਭਗ ਇੰਨੀ ਹੀ ਮਾਤਰਾ ਵਿਚ ਇਹ ਨਸ਼ਾ ਪੰਜਾਬ ਦੀਆਂ ਹੋਰ ਵੱਖ-ਵੱਖ ਥਾਂਵਾਂ ਤੋਂ ਪੁਲਿਸ ਅਤੇ ਹੋਰ ਏਜੰਸੀਆਂ ਨੇ ਬਰਾਮਦ ਕੀਤਾ ਸੀ। ਕੁਇੰਟਲਾਂ ਦੇ ਹਿਸਾਬ ਅਜਿਹੇ ਖਤਰਨਾਕ ਨਸ਼ੀਲੇ ਪਦਾਰਥਾਂ ਦਾ ਪੰਜਾਬ ਵਿਚ ਆਉਣਾ ਵੱਡੀ ਖਤਰੇ ਵਾਲੀ ਘੰਟੀ ਵਜਾ ਰਿਹਾ ਹੈ। ਉਕਤ ਅੰਕੜੇ ਤਾਂ ਸਿਰਫ਼ ਫੜੇ ਗਏ ਨਸ਼ੇ ਦੇ ਹਨ। ਇਸ ਤੋਂ ਇਲਾਵਾ ਜਿਹੜੇ ਨਸ਼ੀਲੇ ਪਦਾਰਥ ਅੱਗੇ ਭੇਜ ਦਿੱਤੇ ਗਏ, ਉਨ੍ਹਾਂ ਦੀ ਗਿਣਤੀ ਇਸ ਤੋਂ ਕਿਤੇ ਵਧੇਰੇ ਦੱਸੀ ਜਾ ਰਹੀ ਹੈ। ਆਮ ਅੰਦਾਜ਼ਾ ਹੈ ਕਿ ਪੰਜਾਬ ਅੰਦਰ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਗਿਣਤੀ ਬੜੀ ਮੁਸ਼ਕਿਲ ਨਾਲ 20-25 ਫੀਸਦੀ ਹੀ ਹੁੰਦੀ ਹੈ। 75 ਫੀਸਦੀ ਦੇ ਕਰੀਬ ਨਸ਼ੀਲੇ ਪਦਾਰਥ ਅੱਗੇ ਚਲੇ ਜਾਂਦੇ ਹਨ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਅੱਡਾ ਬਣਨ ਕਾਰਨ ਪੰਜਾਬ ਦੇ ਨੌਜਵਾਨ ਵੀ ਅਜਿਹੇ ਨਸ਼ਿਆਂ ਦਾ ਸੇਵਨ ਕਰਨ ਵੱਲ ਵਧਦੇ ਜਾ ਰਹੇ ਹਨ। ਨਵੀਂ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਹੁਣ ਸਿਰਫ ਅਫੀਮ, ਹੈਰੋਇਨ, ਸਮੈਕ ਵਰਗੇ ਨਸ਼ੇ ਹੀ ਨਹੀਂ ਰਹਿ ਗਏ, ਸਗੋਂ ਕੈਮੀਕਲ ਰਾਹੀਂ ਬਣਾਏ ਜਾਂਦੇ ਸਿੰਥੈਟਿਕ ਨਸ਼ਿਆਂ ਦਾ ਵੀ ਪੰਜਾਬ ਅੰਦਰ ਵੱਡਾ ਭੰਡਾਰ ਹੋ ਰਿਹਾ ਹੈ। ਪਿਛਲੇ 7-8 ਮਹੀਨਿਆਂ ਵਿਚ ਕਈ ਅਜਿਹੇ ਲੋਕ ਫੜੇ ਗਏ ਹਨ, ਜਿਹੜੇ ਕੈਮੀਕਲ ਆਧਾਰਿਤ ਸਿੰਥੈਟਿਕ ਨਸ਼ੀਲੇ ਪਦਾਰਥ ਬਣਾ ਕੇ ਦੁਨੀਆ ਭਰ ਵਿਚ ਸਮੱਗਲ ਕਰਦੇ ਰਹੇ ਹਨ। ਹੁਣੇ ਫੜੇ ਗਏ ਭੋਲਾ ਗਿਰੋਹ ਦੀ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਸਿੰਥੈਟਿਕ ਨਸ਼ੀਲੇ ਪਦਾਰਥ ਬਣਾਉਣ ਲਈ ਚੀਨੀ ਅਤੇ ਵੀਅਤਨਾਮੀ ਨਾਗਰਿਕ ਵੀ ਇਥੇ ਲਿਆਉਂਦੇ ਹੋਏ ਸਨ। ਸਿੰਥੈਟਿਕ ਨਸ਼ੀਲੇ ਪਦਾਰਥਾਂ ਦੀ ਸਹੀ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ ਵਿਦੇਸ਼ੀ ਨਸ਼ੇ ਦੇ ਸੌਦਾਗਰਾਂ ਵੱਲੋਂ ਅਜਿਹੇ ਲੋਕਾਂ ਨੂੰ ਇਥੇ ਭੇਜਿਆ ਗਿਆ ਸੀ। ਉਸ ਦੇ ਨੈਟਵਰਕ ਵਿਚ ਬਹੁਤ ਸਾਰੇ ਅਹਿਮ ਪ੍ਰਵਾਸੀ ਪੰਜਾਬੀਆਂ ਦੇ ਸ਼ਾਮਲ ਹੋਣ ਦੇ ਵੀ ਪੁਲਿਸ ਵੱਲੋਂ ਸੰਕੇਤ ਦਿੱਤੇ ਜਾ ਰਹੇ ਹਨ। ਸੋ ਨਸ਼ਿਆਂ ਦੇ ਇਸ ਵੱਧ ਰਹੇ ਵਰਤਾਰੇ ਦਾ ਸਾਡੇ ਸਮਾਜ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਦੇ ਨੁਕਸਾਨ ਤੋਂ ਸਭਨਾਂ ਨੂੰ ਜਾਗ੍ਰਿਤ ਕਰਨਾ ਚਾਹੀਦਾ ਹੈ। ਜੇਕਰ ਇਸ ਸਮੇਂ ਅਸੀਂ ਸੁਚੇਤ ਹੋ ਕੇ ਇਸ ਵਰਤਾਰੇ ਨੂੰ ਠੱਲ੍ਹ ਨਾ ਪਾਈ ਤਾਂ ਸਾਡੇ ਸਮਾਜ ਲਈ ਬੇਹੱਦ ਨੁਕਸਾਨਦੇਹ ਹੋਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.