ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕੇਜਰੀਵਾਲ ਨੇ ਦਿਖਾਇਆ ਸਿਆਸਤ ’ਚ ਤਬਦੀਲੀ ਦਾ ਰਾਹ
ਕੇਜਰੀਵਾਲ ਨੇ ਦਿਖਾਇਆ ਸਿਆਸਤ ’ਚ ਤਬਦੀਲੀ ਦਾ ਰਾਹ
Page Visitors: 2579

ਕੇਜਰੀਵਾਲ ਨੇ ਦਿਖਾਇਆ ਸਿਆਸਤ ’ਚ ਤਬਦੀਲੀ ਦਾ ਰਾਹ

 

ਗੁਰਜਤਿੰਦਰ ਸਿੰਘ ਰੰਧਾਵਾ, ਮੁੱਖ ਸੰਪਾਦਕ 916-320-9444

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਨਵੀਂ ਪਾਰਟੀ ਆਮ ਆਦਮੀ ਦੀ ਪਾਰਟੀ ਨੇ ਭਾਰਤ ਦੇ ਵੋਟਰਾਂ ਨੂੰ ਇਕ ਨਵਾਂ ਰਸਤਾ ਦਿਖਾਇਆ ਹੈ। ਆਮ ਆਦਮੀ ਦੀ ਪਾਰਟੀ ਨੇ ‘ਆਮ ਆਦਮੀ’ ਤੱਕ ਪਹੁੰਚ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਉਸ ਦਾ ਸਮੁੱਚਾ ਵਿਵਹਾਰ ਅਤੇ ਆਚਰਨ ਵੀ ਆਮ ਆਦਮੀ ਵਾਲਾ ਹੈ। ਇਹੀ ਕਾਰਨ ਹੈ ਕਿ ਦਿੱਲੀ ਦੇ ਵੋਟਰਾਂ ਨੇ ਆਮ ਆਦਮੀ ਦੇ ਉਮੀਦਵਾਰਾਂ ਨੂੰ ਆਪਣੇ ਗਲੇ ਲਗਾਇਆ ਹੈ। ਭਾਵੇਂ ਦਿੱਲੀ ਵਿਚ ਸਰਕਾਰ ਬਣਾਉਣ ਲਈ ਸਪੱਸ਼ਟ ਬਹੁਮਤ ਕੇਜਰੀਵਾਲ ਦੀ ਪਾਰਟੀ ਨੂੰ ਨਹੀਂ ਮਿਲਿਆ, ਪਰ ਵੋਟਾਂ ਦੀ ਗਿਣਤੀ ਦੇਖਿਆਂ ਪਤਾ ਲੱਗਦਾ ਹੈ ਕਿ 70 ਵਿਚੋਂ 28 ਸੀਟਾਂ ਉਪਰ ਉਹ ਜੇਤੂ ਰਹੇ ਹਨ, ਜਦਕਿ 22 ਸੀਟਾਂ ਉਪਰ ਉਸ ਦੇ ਉਮੀਦਵਾਰ ਦੂਜੇ ਨੰਬਰ ’ਤੇ ਆਏ ਹਨ। ਕੇਜਰੀਵਾਲ ਦੀ ਪਾਰਟੀ ਦੇ ਦੂਜੇ ਨੰਬਰ ’ਤੇ ਰਹਿਣ ਵਾਲੇ ਉਮੀਦਵਾਰਾਂ ਦਾ ਫਰਕ ਵੀ ਬਹੁਤ ਥੋੜ੍ਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਹਿਲੀ ਪਸੰਦੀਦਾ ਪਾਰਟੀ ਬਣ ਗਈ ਹੈ। ਕੇਜਰੀਵਾਲ ਨੇ ਭਾਰਤੀ ਸਿਆਸਤ ਵਿਚ ਚੱਲਦੇ ਆ ਰਹੇ ਭ੍ਰਿਸ਼ਟਾਚਾਰ, ਬਾਹੂਬਲ, ਪੈਸੇ ਦੇ ਜ਼ੋਰ ਅਤੇ ਹੋਰ ਤਿਕੜਮਬਾਜ਼ੀਆਂ ਨੂੰ ਤਿਆਗ ਕੇ ਲੋਕਾਂ ਪ੍ਰਤੀ ਸਮਰਪਿਤ ਅਤੇ ਲੋਕਾਂ ਦੀ ਕਿਸਮਤ ਬਦਲਣ ਵਾਲੀ ਸਿਆਸਤ ਕਰਨ ਦਾ ਐਲਾਨ ਕੀਤਾ ਸੀ। ਕੇਜ਼ਰੀਵਾਲ ਦਾ ਕਹਿਣਾ ਹੈ ਕਿ ਭਾਰਤ ਦੀ ਸਿਆਸਤ ਵਿਚ ਆਏ ਨਿਘਾਰ ਨੂੰ ਦੂਰ ਕੀਤੇ ਬਿਨਾਂ ਸਹੀ ਢੰਗ ਨਾਲ ਲੋਕਾਂ ਦੀ ਪ੍ਰਤੀਨਿਧਤਾ ਨਹੀਂ ਕੀਤੀ ਜਾ ਸਕਦੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਵਪਾਰਕ ਧੰਦਾ ਬਣ ਚੁੱਕੀ ਹੈ। ਸਾਰੇ ਵੱਡੇ-ਛੋਟੇ ਨੇਤਾ ਪੈਸਾ ਇਕੱਠਾ ਕਰਨ ਅਤੇ ਸ਼ੌਹਰਤ ਕਰਨ ਲਈ ਹੀ ਸਿਆਸਤ ਵਿਚ ਸ਼ਾਮਲ ਹੁੰਦੇ ਹਨ। ਇਸੇ ਗੱਲ ਦਾ ਕਰਿਸ਼ਮਾ ਹੈ ਕਿ ਕੁੱਝ ਮਹੀਨੇ ਪਹਿਲਾਂ ਤੱਕ ਆਮ ਆਦਮੀ ਵਾਂਗ ਜਿਊਣ ਵਾਲੇ ਇਹ ਨੇਤਾ ਸਿਆਸਤ ਵਿਚ ਚੱਲਦਿਆਂ ਥੋੜ੍ਹੇ ਹੀ ਸਮੇਂ ਵਿਚ ਵੱਡੀਆਂ ਕਾਰਾਂ-ਕੋਠੀਆਂ ਦੇ ਮਾਲਕ ਬਣ ਜਾਂਦੇ ਹਨ ਅਤੇ ਲੋਕਾਂ ਉਪਰ ਹੁਕਮ ਚਲਾਉਣ ਲਈ ਕਾਰਾਂ ਉਪਰ ਲਾਲ ਬੱਤੀਆਂ, ਗੰਨਮੈਨ ਅਤੇ ਹੋਰ ਸ਼ਾਹੀ ਸਹੂਲਤਾਂ ਲੈਣ ਲੱਗ ਪੈਂਦੇ ਹਨ। ਅਸਲ ਵਿਚ ਭਾਰਤ ਅੰਦਰ ਸਿਆਸਤ ਦਾ ਨਾਂ ਹੀ ਭ੍ਰਿਸ਼ਟਾਚਾਰ ਬਣ ਚੁੱਕਾ ਹੈ। ਪਿੰਡ ਦੀ ਪੰਚਾਇਤ ਦਾ ਸਰਪੰਚ ਚੁਣੇ ਜਾਣ ’ਤੇ ਹੀ ਕੋਈ ਮਾਨ ਨਹੀਂ ਹੁੰਦਾ। ਜਿਉਂ-ਜਿਉਂ ਇਹ ਰੁਤਬੇ ਵੱਧਦੇ ਜਾਂਦੇ ਹਨ, ਤਿਉਂ-ਤਿਉਂ ਨੇਤਾਵਾਂ ਦੇ ਭ੍ਰਿਸ਼ਟਾਚਾਰ ਦਾ ਕੱਦ ਵੀ ਵੱਧਦਾ ਜਾਂਦਾ ਹੈ। ਚੋਣਾਂ ਵਿਚ ਪੈਸੇ, ਨਸ਼ਿਆਂ ਅਤੇ ਧੌਂਸ ਦੇ ਵਰਤਾਰੇ ਦੀ ਚਰਚਾ ਤਾਂ ਪੰਚਾਇਤ ਤੋਂ ਲੈ ਕੇ ਵਿਧਾਨ ਸਭਾ, ਲੋਕ ਸਭਾ ਅਤੇ ਹੋਰ ਅਦਾਰੇ ਦੀਆਂ ਚੋਣਾਂ ਵਿਚ ਆਮ ਵੇਖੀ ਜਾਂਦੀ ਹੈ। ਅਸਲ ਵਿਚ ਭਾਰਤੀ ਸਿਆਸਤਦਾਨਾਂ ਨੇ ਹੀ ਇਹ ਅਲਾਮਤਾਂ ਲੋਕਾਂ ਸਿਰ ਮੜ੍ਹ ਦਿੱਤੀਆਂ ਹਨ। ਉਲਟਾ ਆਖਿਆ ਇਹ ਜਾਂਦਾ ਹੈ ਕਿ ਲੋਕ ਉਨ੍ਹਾਂ ਤੋਂ ਅਜਿਹੀਆਂ ਚੀਜ਼ਾਂ ਦੀ ਮੰਗ ਕਰਦੇ ਹਨ। ਪਿਛਲੇ ਦਿਨਾਂ ਵਿਚ ਪੰਜਾਬ ਅੰਦਰ ਨਸ਼ੀਲੇ ਪਦਾਰਥਾਂ ਦੀਆਂ ਅਰਬਾਂ ਰੁਪਏ ਦੀਆਂ ਖੇਪਾਂ ਫੜੇ ਜਾਣ ਅਤੇ ਇਸ ਵਿਚ ਸਿਆਸੀ ਆਗੂਆਂ ਦੇ ਲਿਪਤ ਹੋਣ ਦੇ ਸਾਹਮਣੇ ਆਏ ਸਬੂਤਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤੀ ਸਿਆਸਤਦਾਨ ਕਿਸ ਕਦਰ ਅਜਿਹੀਆਂ ਕੁਰੀਤੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਕੇਜਰੀਵਾਲ ਨੇ ਅੰਨਾ ਹਜ਼ਾਰੇ ਨਾਲ ਮਿਲ ਕੇ ਦੋ ਸਾਲ ਪਹਿਲਾਂ ਭਾਰਤ ਦੀ ਸਿਆਸਤ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਲੋਕਪਾਲ ਕਾਇਮ ਕਰਨ ਦੀ ਮੰਗ ਉਠਾਈ ਸੀ। ਉਨ੍ਹਾਂ ਕਿਹਾ ਸੀ ਕਿ ਲੋਕਪਾਲ ਕੋਲ ਸਭ ਸਿਆਸਤਦਾਨਾਂ ਸਮੇਤ ਪ੍ਰਧਾਨ ਮੰਤਰੀ ਵਿਰੁੱਧ ਆਈਆਂ ਸ਼ਿਕਾਇਤਾਂ ਸੁਣਨ ਅਤੇ ਉਸ ਵਿਰੁੱਧ ਕਾਰਵਾਈ ਕਰਨ ਦਾ ਸੰਵਿਧਾਨਿਕ ਅਧਿਕਾਰ ਹੋਣਾ ਚਾਹੀਦਾ ਹੈ। ਇਹ ਮੰਗ ਭਾਵੇਂ ਅਜੇ ਤੱਕ ਪੂਰੀ ਨਹੀਂ ਹੋਈ, ਪਰ ਕੇਜਰੀਵਾਲ ਵੱਲੋਂ ਵੱਡੀ ਤਬਦੀਲੀ ਦੀ ਵਿੱਢੀ ਮੁਹਿੰਮ ਨੂੰ ਲੋਕਾਂ ਵੱਲੋਂ ਵਿਆਪਕ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।
ਕੇਜਰੀਵਾਲ ਨੇ ਆਮ ਆਦਮੀ ਦੀ ਪਾਰਟੀ ਦਾ ਗਠਨ ਕਰਕੇ ਸਭ ਤੋਂ ਪਹਿਲਾਂ ਦਿੱਲੀ ਨੂੰ ਚੁਣਿਆ। ਇਹ ਉਸ ਦੀ ਸਿਆਣਪ ਅਤੇ ਸਿਆਸੀ ਰਣਨੀਤੀ ਦਾ ਪਹਿਲਾ ਸਫਲ ਕਦਮ ਹੈ। ਉਨ੍ਹਾਂ ਦੇਸ਼ ਦੀ ਰਾਜਧਾਨੀ ਤੋਂ ਸਿਆਸਤ ’ਚ ਤਬਦੀਲੀ ਦਾ ਬਿਗੁਲ ਵਜਾਇਆ। ਭਾਵੇਂ ਕਿ ਇਸ ਸਮੇਂ ਚਾਰ ਹੋਰ ਰਾਜਾਂ ਵਿਚ ਵੀ ਚੋਣਾਂ ਹੋ ਰਹੀਆਂ ਸਨ, ਪਰ ਉਨ੍ਹਾਂ ਨੇ ਸਾਰੇ ਥਾਂਈਂ ਖਿਲਾਰਾ ਪਾਉਣ ਦੀ ਬਜਾਏ ਆਪਣੀ ਸਾਰੀ ਸ਼ਕਤੀ ਇਕੋ ਥਾਂ ਕੇਂਦਰਿਤ ਕਰਕੇ ਨਤੀਜੇ ਦੇਣ ਉਪਰ ਲਗਾ ਦਿੱਤੀ। ਇਸ ਮਾਮਲੇ ਵਿਚ ਕੇਜਰੀਵਾਲ ਪੂਰੀ ਤਰ੍ਹਾਂ ਸਫਲ ਰਹੇ ਹਨ। ਉਨ੍ਹਾਂ ਵੱਲੋਂ ਸਿਆਸਤ ਵਿਚ ਤਬਦੀਲੀ ਦੇ ਦਿੱਤੇ ਨਾਅਰੇ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਅਮਰੀਕਾ ਵਿਚ ਵੀ ਜਦੋਂ ਬੁੱਸ਼ ਦੀਆਂ ਗਲਤ ਨੀਤੀਆਂ ਕਾਰਨ ਹਰ ਫਰੰਟ ’ਤੇ ਅਮਰੀਕਾ ਸੰਕਟ ਵਿਚ ਫਸਿਆ ਹੋਇਆ ਸੀ, ਤਾਂ ਲੋਕ ਤਬਦੀਲੀ ਦੀ ਮੰਗ ਚਾਹੁੰਦੇ ਸਨ। ਉਸ ਸਮੇਂ ਬਰਾਕ ਓਬਾਮਾ ਤਬਦੀਲੀ ਦਾ ਸੂਚਕ ਬਣ ਕੇ ਉਭਰਿਆ। ਉਸ ਨੇ ਅਮਰੀਕਾ ਦੀਆਂ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਕਰਨ ਦਾ ਵਾਅਦਾ ਕੀਤਾ। ਅਮਰੀਕੀ ਲੋਕ ਤਬਦੀਲੀ ਚਾਹੁੰਦੇ ਸਨ, ਇਸ ਕਰਕੇ ਉਨ੍ਹਾਂ ਨੇ ਨਹੀਂ ਵੇਖਿਆ ਕਿ ਓਬਾਮਾ ਕਿਸ ਨਸਲ ਅਤੇ ਧਰਮ ਦਾ ਵਿਅਕਤੀ ਹੈ। ਉਨ੍ਹਾਂ ਸਿਰਫ ਇਹ ਗੱਲ ਵੇਖੀ ਕਿ ਲੰਮ-ਸਲੰਮੇ, ਤੇਜ਼-ਤਰਾਰ ਓਬਾਮਾ ਵਿਚ ਅਮਰੀਕਾ ਅੰਦਰ ਵੱਡੀਆਂ ਤਬਦੀਲੀਆਂ ਲਿਆਉਣ ਦੀ ਸਮਰੱਥਾ ਹੈ। ਅਮਰੀਕੀ ਲੋਕਾਂ ਨੇ ਸਿਆਹ ਕਾਲੇ ਓਬਾਮਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਇਕ ਵਾਰ ਪਦ ਹੀ ਨਹੀਂ ਦਿੱਤਾ, ਸਗੋਂ ਦੂਜੀ ਵਾਰ ਬੜੀ ਸ਼ਾਨ ਨਾਲ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਠਾਇਆ ਹੈ। ਅਜਿਹਾ ਮਾਣ ਓਬਾਮਾ ਨੂੰ ਉਸ ਵੱਲੋਂ ਆਪਣੇ ਕੀਤੇ ਵਾਅਦਿਆਂ ਉਪਰ ਖਰੇ ਉਤਰਨ ਕਾਰਨ ਮਿਲਿਆ ਹੈ। ਅਜਿਹਾ ਕੁਝ ਹੀ ਕੇਜਰੀਵਾਲ ਨੇ ਕਿਹਾ। ਉਸ ਦੇ ਖੜ੍ਹੇ ਹੋਏ ਉਮੀਦਵਾਰ ਆਮ ਆਦਮੀ ਹਨ। ਕੋਈ ਵੀ ਧਨਾਢ, ਅਪਰਾਧਿਕ ਪਿਛੋਕੜ ਅਤੇ ਚਰਿੱਤਰਹੀਣ ਵਿਅਕਤੀ ਨਹੀਂ ਹੈ। ਕੇਜਰੀਵਾਲ ਨੇ ਲਿਖਤੀ ਪੱਤਰ ਵੰਡ ਕੇ ਕਿਹਾ ਕਿ ਜੇਕਰ ਹਲਕੇ ਦੇ ਲੋਕ ਉਨ੍ਹਾਂ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਬਾਰੇ ਕੋਈ ਵੀ ਇਤਰਾਜ਼ ਦੇਣਗੇ ਤਾਂ ਉਨ੍ਹਾਂ ਵੱਲੋਂ ਉਸ ਨੂੰ ਪੂਰੀ ਈਮਾਨਦਾਰੀ ਨਾਲ ਸੁਣਿਆ ਜਾਵੇਗਾ ਅਤੇ ਗਲਤ ਪਾਏ ਗਏ ਉਮੀਦਵਾਰ ਦੀ ਉਮੀਦਵਾਰੀ ਕੱਟ ਦਿੱਤੀ ਜਾਵੇਗੀ। ਉਨ੍ਹਾਂ ਦੇ ਉਮੀਦਵਾਰਾਂ ਨੇ ਆਪਣੇ ਵੋਟਰਾਂ ਨੂੰ ਸੰਕਲਪ ਪੱਤਰ ਛਾਪ ਕੇ ਭੇਜੇ ਹਨ ਕਿ ਚੁਣੇ ਜਾਣ ਬਾਅਦ ਅਸੀਂ ਕਦੇ ਵੀ ਲਾਲ ਬੱਤੀ ਦੀ ਵਰਤੋਂ ਨਹੀਂ ਕਰਾਂਗੇ। ਕੋਈ ਵੱਡਾ ਸਰਕਾਰੀ ਬੰਗਲਾ ਨਹੀਂ ਲਵਾਂਗੇ ਅਤੇ ਨਾ ਹੀ ਬੇਲੋੜੀ ਸੁਰੱਖਿਆ ਦੇ ਨਾਂ ਉਪਰ ਪੁਲਿਸ ਪਹਿਰੇ ਹੀ ਆਪਣੇ ਨਾਲ ਹੀ ਲਗਾਵਾਂਗੇ। ਉਨ੍ਹਾਂ ਸੰਕਲਪ ਪੱਤਰ ਵਿਚ ਕਿਹਾ ਕਿ ਉਹ ਚੁਣੇ ਜਾਣ ਬਾਅਦ ਵੀ ਲੋਕਾਂ ਅੰਦਰ ‘ਆਮ ਆਦਮੀ’ ਵਾਂਗ ਹੀ ਵਿਚਰਨਗੇ। ਹਰ ਹਲਕੇ ਬਾਰੇ ਕੀਤੇ ਜਾਣ ਵਾਲੇ ਫੈਸਲਿਆਂ ਵਿਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਹੋਵੇਗੀ। ਹਰ ਹਲਕੇ ਦੇ ਲੋਕਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਕਮੇਟੀਆਂ ਵਿਚ ਹੀ ਫੈਸਲੇ ਲਏ ਜਾਇਆ ਕਰਨਗੇ। ਭਾਵ ਕਿਸੇ ਵੀ ਤਰ੍ਹਾਂ ਦੇ ਫੈਸਲੇ ਉਪਰੋਂ ਨਹੀਂ ਥੋਪੇ ਜਾਣਗੇ ਅਤੇ ਨਾ ਹੀ ਅਫਸਰਸ਼ਾਹੀ ਧੌਂਸ ਨਾਲ ਲੋਕਾਂ ’ਚ ਆਪਣੇ ਫੈਸਲੇ ਹੀ ਮੜੇਗੀ, ਸਗੋਂ ਲੋਕ ਆਪਣੇ ਬਾਰੇ ਫੈਸਲੇ ਆਪ ਹੀ ਕਰਿਆ ਕਰਨਗੇ। ਕੇਜਰੀਵਾਲ ਦੇ ਉਮੀਦਵਾਰਾਂ ਵੱਲੋਂ ਕੀਤੇ ਗਏ ਇਹ ਸੰਕਲਪ ਆਮ ਆਦਮੀ ਦੀ ਸੋਚ ਦੀ ਤਰਜ਼ਮਾਨੀ ਕਰਨ ਵਾਲੇ ਸਨ। ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਜਿਵੇਂ ਉਨ੍ਹਾਂ ਦੀ ਸੋਚ ਨੂੰ ਹੀ ਕੇਜਰੀਵਾਲ ਆਵਾਜ਼ ਦੇ ਰਹੇ ਹਨ। ਇਹੀ ਕਾਰਨ ਹੈ ਕਿ ਦਿੱਲੀ ਦੇ ਸਭ ਤੋਂ ਗਰੀਬ ਅਤੇ ਪੱਛੜੀ ਵਸੋਂ ਵਾਲੇ ਖੇਤਰਾਂ ਵਿਚ ਕੇਜਰੀਵਾਲ ਦੇ ਉਮੀਦਵਾਰਾਂ ਨੂੰ ਵਧੇਰੇ ਸਫਲਤਾ ਹਾਸਲ ਹੋਈ ਹੈ। ਕੇਜਰੀਵਾਲ ਦੀ ਮਿਹਨਤ ਨੇ ਇਹ ਗੱਲ ਵੀ ਦਰਸਾ ਦਿੱਤੀ ਹੈ ਕਿ ਪੈਸੇ ਦਾ ਮੀਂਹ ਵਰ੍ਹਾ ਕੇ, ਬਾਹੂਬਲ ਅਤੇ ਨਸ਼ਿਆਂ ਦੇ ਜ਼ੋਰ ’ਤੇ ਚੋਣਾਂ ਜਿੱਤਣ ਵਾਲੀ ਸਿਆਸਤ ਨੂੰ ਵੀ ਕਰਾਰੀ ਹਾਰ ਦਿੱਤੀ ਜਾ ਸਕਦੀ ਹੈ। ਪਰ ਇਸ ਵਾਸਤੇ ਪਹਿਲਾਂ ਖੁਦ ਨੂੰ ਤਿਆਰ ਕਰਨਾ ਪਵੇਗਾ। ਕੇਜਰੀਵਾਲ ਦੀ ਸਮੁੱਚੀ ਮੁਹਿੰਮ ਵਿਚ ਪੈਸੇ, ਨਸ਼ਿਆਂ ਅਤੇ ਬਾਹੂਬਲ ਦਾ ਕਿਧਰੇ ਵੀ ਕੋਈ ਅੰਸ਼ ਨਹੀਂ ਸੀ। ਉਨ੍ਹਾਂ ਨੇ ਬੜੇ ਸਵੱਛ ਢੰਗ ਨਾਲ ਆਪਣੀ ਸਿਆਸਤ ਲੋਕਾਂ ਸਾਹਮਣੇ ਰੱਖੀ। ਜਿਵੇਂ ਬਾਹਰਲੇ ਵਿਕਸਿਤ ਮੁਲਕਾਂ ਵਿਚ ਸਿਆਸੀ ਲੋਕ ਆਮ ਆਦਮੀ ਵਾਂਗ ਵਿਚਰਦੇ ਹਨ, ਬਿਲਕੁਲ ਉਸੇ ਤਰ੍ਹਾਂ ਕੇਜਰੀਵਾਲ ਅਤੇ ਉਨ੍ਹਾਂ ਦੇ ਉਮੀਦਵਾਰ ਚੋਣਾਂ ਦਰਮਿਆਨ ਆਮ ਲੋਕਾਂ ਵਿਚ ਵਿਚਰਦੇ ਰਹੇ। ਉਂਝ ਵੀ ਅਰਵਿੰਦ ਕੇਜਰੀਵਾਲ ਬਹੁਤ ਹੀ ਸਾਦੇ ਅਤੇ ਫੱਕਰ ਸੁਭਾਅ ਦੇ ਮਾਲਕ ਹਨ। ਮੈਂ ਪਿਛਲੇ ਵਰ੍ਹੇ ਕੇਰਲਾ ਦੇ ਸ਼ਹਿਰ ਕੋਚੀ ਵਿਖੇ ਪ੍ਰਵਾਸੀ ਭਾਰਤੀ ਸੰਮੇਲਨ ਵਿਚ ਸ਼ਾਮਲ ਹੋਣ ਗਿਆ ਸੀ ਤਾਂ ਸਬੱਬ ਨਾਲ ਕੇਜਰੀਵਾਲ ਵਾਪਸੀ ਸਮੇਂ ਮੇਰੇ ਨਾਲ ਹੀ ਹਵਾਈ ਜਹਾਜ਼ ਵਿਚ ਦਿੱਲੀ ਪਰਤ ਰਹੇ ਸਨ। ਉਨ੍ਹਾਂ ਦੀ ਸਾਦੀ ਰਹਿਣੀ-ਬਹਿਣੀ ਅਤੇ ਸ਼ਾਂਤ ਸੁਭਾਅ ਹਰ ਇਕ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ।
ਦਿੱਲੀ ਵਿਧਾਨ ਸਭਾ ਵਿਚ ਮਿਲੀ ਵੱਡੀ ਸਫਲਤਾ ਤੋਂ ਬਾਅਦ ਹੁਣ ਕੁਝ ਹੀ ਮਹੀਨਿਆਂ ਵਿਚ ਭਾਰਤ ਪੱਧਰ ’ਤੇ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ। ਕੇਜਰੀਵਾਲ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਦਿੱਲੀ ਦੀ ਖੇਤਰੀ ਪਾਰਟੀ ਨਹੀਂ ਹਨ, ਸਗੋਂ ਦਿੱਲੀ ਦੇ ਤਜ਼ਰਬੇ ਨੂੰ ਪੂਰੇ ਦੇਸ਼ ’ਤੇ ਲਾਗੂ ਕਰਨਗੇ। ਜੇਕਰ ਕੇਜਰੀਵਾਲ ਇਸੇ ਸੋਚ ਅਤੇ ਸਮਰੱਥਾ ਨਾਲ ਲੋਕ ਸਭਾ ਚੋਣਾਂ ਵਿਚ ਕੁੱਦਦਾ ਹੈ ਤਾਂ ਉਥੇ ਵੀ ਉਸ ਨੂੰ ਭਰਪੂਰ ਹੁੰਗਾਰਾ ਮਿਲਣ ਦੀ ਉਮੀਦ ਰੱਖੀ ਜਾ ਸਕਦੀ ਹੈ। ਕਿਉਂਕਿ ਪੂਰਾ ਭਾਰਤ ਇਸ ਸਮੇਂ ਸਿਆਸਤ ਵਿਚ ਤਬਦੀਲੀ ਦੀ ਮੰਗ ਕਰ ਰਿਹਾ ਹੈ। ਕਾਂਗਰਸ ਅਤੇ ਭਾਜਪਾ ਸਰਕਾਰਾਂ ਤੋਂ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਉਨ੍ਹਾਂ ਵਿਚਕਾਰ ਰਾਜ ਕਰਨ ਦਾ ਫਰਕ ਵੀ ਕੋਈ ਨਹੀਂ ਹੈ। ਪਿਛਲੇ 15 ਸਾਲਾਂ ਦੌਰਾਨ ਲੋਕਾਂ ਨੇ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਅਤੇ ਕੇਂਦਰ ਅਤੇ ਰਾਜਾਂ ਵਿਚ ਵੇਖ ਲਈਆਂ ਹਨ। ਕਿਸੇ ਨੇ ਵੀ ਦੇਸ਼ ਦੇ ਰਾਜਸੀ ਢਾਂਚੇ ਨੂੰ ਸੁਧਾਰਨ ਜਾਂ ਲੋਕਾਂ ਦਾ ਭਲਾ ਕਰਨ ਲਈ ਕੁਝ ਵੀ ਨਹੀਂ ਕੀਤਾ। ਇਸੇ ਕਾਰਨ ਭਾਰਤ ਦੇ ਲੋਕ ਵੀ ਸਿਆਸਤ ਵਿਚ ਤਬਦੀਲੀ ਲਈ ਤੀਬਰਤਾ ਨਾਲ ਨਿਗ੍ਹਾ ਲਗਾਈ ਬੈਠੇ ਹਨ ਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਲੋਕਾਂ ਦੀ ਇਸ ਉਮੀਦ ਨੂੰ ਪੂਰਾ ਕਰਨ ਲਈ ਅੱਗੇ ਆਉਣਗੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.