ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਕਾਲੀਆਂ ਦਾ ਮਕਸਦ ਨਹੀਂ ਪੂਰਾ ਕਰ ਸਕੀ ‘ਫਤਹਿ ਰੈਲੀ’
ਅਕਾਲੀਆਂ ਦਾ ਮਕਸਦ ਨਹੀਂ ਪੂਰਾ ਕਰ ਸਕੀ ‘ਫਤਹਿ ਰੈਲੀ’
Page Visitors: 2741

ਅਕਾਲੀਆਂ ਦਾ ਮਕਸਦ ਨਹੀਂ ਪੂਰਾ ਕਰ ਸਕੀ ‘ਫਤਹਿ ਰੈਲੀ’

 

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444

ਪੰਜਾਬ ਅੰਦਰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰ ਫੜ ਗਈਆਂ ਹਨ। ਅਕਾਲੀ-ਭਾਜਪਾ ਗਠਜੋੜ ਵੱਲੋਂ 23 ਫਰਵਰੀ ਨੂੰ ਜਗਰਾਓਂ ਵਿਖੇ ਕਰਵਾਈ ਫਤਹਿ ਰੈਲੀ ਗਠਜੋੜ ਵੱਲੋਂ ਆਪਣੀ ਚੋਣ ਮੁਹਿੰਮ ਤੇਜ਼ ਕਰਨ ਦਾ ਆਗਾਜ਼ ਹੀ ਸਮਝਿਆ ਜਾ ਰਿਹਾ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਨੂੰ ਸੱਦ ਕੇ ਰੈਲੀ ਕਰਵਾਉਣ ਦਾ ਮੁੱਖ ਮਕਸਦ ਇਹ ਸੀ ਕਿ ਪੰਜਾਬ ਅੰਦਰ ਗਠਜੋੜ ਦੇ ਹੱਕ ਵਿਚ ਉਭਾਰ ਪੈਦਾ ਕੀਤਾ ਜਾ ਸਕੇ। ਜਿਸ ਤਰ੍ਹਾਂ ਪੂਰੇ ਦੇਸ਼ ਵਿਚ ਨਰਿੰਦਰ ਮੋਦੀ ਵੱਖ-ਵੱਖ ਖੇਤਰਾਂ ਵਿਚ ਜਾ ਕੇ ਰੈਲੀਆਂ ਕਰ ਰਹੇ ਹਨ, ਉਸੇ ਤਰ੍ਹਾਂ ਪੰਜਾਬ ਅੰਦਰ ਵੀ ਇਹ ਰੈਲੀ ਕਰਵਾਈ ਗਈ ਹੈ। ਰੈਲੀ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਨੇ ਪੂਰੇ ਪੰਜਾਬ ਅੰਦਰ ਰੈਲੀ ਦੀ ਸਫਲਤਾ ਲਈ ਪੂਰਾ ਟਿੱਲ ਲਾਈ ਰੱਖਿਆ ਹੈ। ਰੈਲੀ ਦੀ ਸਫਲਤਾ ਲਈ ਸਰਕਾਰੀ ਪ੍ਰਸ਼ਾਸਨ ਵੀ ਝੌਕ ਦਿੱਤਾ ਗਿਆ। ਵੱਡੀ ਪੱਧਰ ’ਤੇ ਟਰਾਂਸਪੋਰਟ ਵਿਭਾਗ ਨੂੰ ਬੱਸਾਂ ਦਾ ਪ੍ਰਬੰਧ ਕਰਨ ਉਪਰ ਲਾਇਆ ਗਿਆ। ਰੈਲੀ ਵਾਲੀ ਜਗ੍ਹਾ ਦੇ ਪ੍ਰਬੰਧਾਂ ਲਈ ਵੀ ਖੁੱਲ੍ਹੇਆਮ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ। ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਸਮੇਤ ਪੰਜਾਬ ਭਰ ਦੇ ਸਾਰੇ ਅਹਿਮ ਆਗੂ ਕਾਨਫਰੰਸ ਵਿਚ ਸ਼ਾਮਲ ਹੋਏ। ਪਰ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਮੁੱਖ ਪਾਰਲੀਮਾਨੀ ਸਕੱਤਰ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਗੈਰ ਹਾਜ਼ਰੀ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਇਸੇ ਤਰ੍ਹਾਂ ਲੁਧਿਆਣਾ ਤੋਂ ਆਜ਼ਾਦ ਰੂਪ ਵਿਚ ਜਿੱਤੇ ਅਤੇ ਬਾਅਦ ਵਿਚ ਅਕਾਲੀ ਦਲ ਦੇ ਹਮਾਇਤੀ ਬਣੇ ਬੈਂਸ ਭਰਾਵਾਂ ਦੀ ਗੈਰ ਹਾਜ਼ਰੀ ਵੀ ਚਰਚਾ ਦਾ ਵਿਸ਼ਾ ਰਹੀ। ਸ. ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਤੌਰ ’ਤੇ ਲੁਧਿਆਣਾ ਤੋਂ ਵਿਧਾਨ ਸਭਾ ਵਿਚ ਪੁੱਜੇ ਸਨ। ਵਰਣਨਯੋਗ ਹੈ ਕਿ ਇਨ੍ਹਾਂ ਦੋਵਾਂ ਭਰਾਵਾਂ ਨੇ ਅਕਾਲੀ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।

‘ਫਤਹਿ ਰੈਲੀ’ ਦੌਰਾਨ ਸਟੇਜ ’ਤੇ ਐਨ.ਡੀ.ਏ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਤੇ ਹੋਰ ਪਤਵੰਤੇ ਨਜ਼ਰ ਆ ਰਹੇ ਹਨ। (ਫੋਟੋ : ਨਿਰਮਲ ਬਿੱਲਾ)

ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੈਲੀ ਵਿਚ ਸਿੱਖ ਵਿਰੋਧੀ ਦੰਗਿਆਂ ਸਮੇਤ ਪੰਜਾਬ ਦੇ ਕਈ ਮਾਮਲਿਆਂ ਬਾਰੇ ਗੱਲ ਕੀਤੀ ਅਤੇ ਸ. ਬਾਦਲ ਨੇ ਇਹ ਮੰਗ ਵੀ ਕੀਤੀ ਕਿ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠ ਕੇ ਨਰਿੰਦਰ ਮੋਦੀ ਸਿੱਖਾਂ ਦੇ ਅੱਲ੍ਹੇ ਜ਼ਖਮਾਂ ਉਪਰ ਮੱਲ੍ਹਮ ਲਗਾਉਣ ਅਤੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਫਾਸਟ ਟਰੈਕ ਅਦਾਲਤਾਂ ਕਾਇਮ ਕਰਨ। ਸ਼੍ਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ਵਿਚ ਗੁਜਰਾਤ ਦੇ ਕੱਛ ਖੇਤਰ ਵਿਚ ਵਸੇ ਸਿੱਖ ਕਿਸਾਨਾਂ ਨੂੰ ਨਾ ਉਜਾੜਨ ਦੀ ਗੱਲ ਬੜੇ ਜ਼ੋਰ ਨਾਲ ਕਹੀ ਅਤੇ ਇਸ ਗੱਲ ਉਪਰ ਵੀ ਜ਼ੋਰ ਦਿੱਤਾ ਕਿ ਵੀਰਾਨ ਕੱਛ ਦਾ ਖੇਤਰ ਸਿੱਖ ਕਿਸਾਨਾਂ ਨੇ ਹੀ ਹਰਿਆ-ਭਰਿਆ ਕੀਤਾ ਹੈ। ਇਸ ਕਰਕੇ ਗੁਜਰਾਤ ਨੂੰ ਸਿੱਖ ਕਿਸਾਨਾਂ ਵੱਲੋਂ ਦਿੱਤੀ ਦਾਤ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੇ। ਪਰ ਉਨ੍ਹਾਂ ਨੇ ਕਿਸਾਨਾਂ ਨੂੰ ਬੇਦਖਲ ਕਰਨ ਲਈ ਗੁਜਰਾਤ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਬਾਰੇ ਕੋਈ ਗੱਲ ਨਹੀਂ ਕੀਤੀ। ਉਲਟਾ ਸਗੋਂ ਗੁਜਰਾਤ ਸਰਕਾਰ ਵੱਲੋਂ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦੀਆਂ ਖ਼ਬਰਾਂ ਨੂੰ ਗੁੰਮਰਾਹਕੁੰਨ ਅਤੇ ਅਫਵਾਹਾਂ ਕਰਾਰ ਦਿੱਤਾ। ਨਰਿੰਦਰ ਮੋਦੀ ਵੱਲੋਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਗੱਲ ਨਾ ਕਰਨਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਦਾ ਭਰੋਸੇ ਨਾ ਦਿੱਤੇ ਜਾਣ ਕਾਰਨ ਅਕਾਲੀ ਲੀਡਰਸ਼ਿਪ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਕ ਪਾਸੇ ਅਕਾਲੀ ਲੀਡਰਸ਼ਿਪ ਸ਼੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪੂਰੀ ਤਰ੍ਹਾਂ ਉਤਾਵਲੀ ਹੈ ਅਤੇ ਉਸ ਦੇ ਹੱਕ ਵਿਚ ਹਵਾ ਬਣਾਉਣ ਲਈ ਲਗਾਤਾਰ ਸਰਗਰਮੀ ਨਾਲ ਪ੍ਰਚਾਰ ਕਰ ਰਹੀ ਹੈ। ਰੈਲੀ ਵਿਚ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਸ਼੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਪਦ ਲਈ ਉਮੀਦਵਾਰ ਬਣਾਉਣ ਲਈ ਸਭ ਤੋਂ ਪਹਿਲੀ ਸਿਫਾਰਸ਼ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹੀ ਕੀਤੀ ਸੀ। ਇਸ ਗੱਲ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਲੀਡਰਸ਼ਿਪ ਸ਼੍ਰੀ ਮੋਦੀ ਨੂੰ ਉਭਾਰਨ ਲਈ ਕਿਸ ਹੱਦ ਤੱਕ ਉਤਾਵਲੀ ਹੈ। ਪਰ ਮੋਦੀ ਵੱਲੋਂ ਦੰਗਿਆਂ ਦੇ ਦੋਸ਼ੀਆਂ ਖਿਲਾਫ ਮੂੰਹ ਨਾ ਖੋਲ੍ਹਣ ਨੇ ਅਕਾਲੀਆਂ ਲਈ ਸਮੱਸਿੋਆ ਪੈਦਾ ਕਰ ਦਿੱਤੀ ਹੈ। ਹੁਣ ਅਕਾਲੀ ਲੀਡਰਸ਼ਿਪ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਿੱਖਾਂ ਨਾਲ ਇਨਸਾਫ ਦੀਆਂ ਗੱਲਾਂ ਪਹਿਲੇ ਦਮ-ਖਮ ਨਾਲ ਨਹੀਂ ਕਰ ਸਕੇਗੀ। ਅਕਾਲੀ ਭਾਜਪਾ ਗਠਜੋੜ ਵੱਲੋਂ ਰੈਲੀ ਪੰਜਾਬ ਅੰਦਰ ਆਪਣੀ ਚੋਣ ਮੁਹਿੰਮ ਤੇਜ਼ ਕਰਨ ਲਈ ਕਰਵਾਈ ਗਈ ਸੀ। ਪਰ ਲੱਗਦਾ ਹੈ ਕਿ ਰੈਲੀ ਵਿਚ ਜਿਸ ਤਰ੍ਹਾਂ ਪ੍ਰਬੰਧਕਾਂ ਦੀ ਉਮੀਦ ਤੋਂ ਬਹੁਤ ਹੀ ਘੱਟ ਇਕੱਠ ਹੋਇਆ ਅਤੇ ਫਿਰ ਭਾਜਪਾ ਲੀਡਰਸ਼ਿਪ, ਖਾਸ ਕਰ ਨਰਿੰਦਰ ਮੋਦੀ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰਨ ਤੋਂ ਜਿਸ ਤਰ੍ਹਾਂ ਸੰਕੋਚ ਕਰ ਗਏ, ਉਸ ਨਾਲ ਉਹ ਆਪਣਾ ਮਕਸਦ ਪੂਰਾ ਨਹੀਂ ਕਰ ਸਕੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.