ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪ੍ਰਵਾਸੀ ਪੰਜਾਬੀ ਲੜਾਈਆਂ ਦੀ ਥਾਂ ਏਕੇ ‘ਤੇ ਜ਼ੋਰ ਦੇਣ
ਪ੍ਰਵਾਸੀ ਪੰਜਾਬੀ ਲੜਾਈਆਂ ਦੀ ਥਾਂ ਏਕੇ ‘ਤੇ ਜ਼ੋਰ ਦੇਣ
Page Visitors: 2823

ਪ੍ਰਵਾਸੀ ਪੰਜਾਬੀ ਲੜਾਈਆਂ ਦੀ ਥਾਂ ਏਕੇ ‘ਤੇ ਜ਼ੋਰ ਦੇਣ

 

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444

ਉਤਰੀ ਅਮਰੀਕਾ ਵਿਚ ਇਸ ਸਮੇਂ ਪੰਜਾਬੀਆਂ ਦਾ ਚੰਗਾ ਮਾਣ-ਤਾਣ ਹੈ। ਹਰ ਥਾਂ ਪੰਜਾਬੀਆਂ ਲਈ ਗਿਣਨਯੋਗ ਵਸੋਂ ਹੈ। ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਤੌਰ ‘ਤੇ ਵੀ ਸਾਡੇ ਲੋਕਾਂ ਨੇ ਆਪਣੇ ਚੰਗੀ ਥਾਂ ਇਥੇ ਬਣਾ ਲਈ ਹੈ। ਕੰਮਕਾਰ ਵੀ ਚੰਗੇ ਸਥਾਪਤ ਕਰ ਲਏ ਹਨ। ਜੇਕਰ ਵੇਖਿਆ ਜਾਵੇ ਤਾਂ ਲੱਗਭਗ ਹਰ ਸ਼ਹਿਰ ਕਸਬੇ ਵਿਚ ਸਿੱਖਾਂ ਦੇ ਗੁਰੂ ਘਰ ਕਾਇਮ ਹਨ। ਕਬੱਡੀ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਪੰਜਾਬੀ ਸਭਿਆਚਾਰਕ ਸਮਾਗਮ ਵੀ ਹੁੰਦੇ ਰਹਿੰਦੇ ਹਨ। ਇਹ ਗੱਲਾਂ ਉਤਰੀ ਅਮਰੀਕਾ ਵਿਚ ਪੰਜਾਬੀ ਸਭਿਆਚਾਰ ਅਤੇ ਸਿੱਖਾਂ ਦੇ ਵੱਖਰੀ ਪਛਾਣ ਸਥਾਪਤ ਹੋਣ ਦੇ ਸੰਕੇਤ ਹਨ। ਪੰਜਾਬੀ ਮਾਂ ਬੋਲੀ ਨੂੰ ਵੀ ਅਸੀਂ ਆਪਣੀ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਾਂ। ਅਜਿਹੀਆਂ ਗੱਲਾਂ ਉਪਰ ਅਸੀਂ ਮਾਣ ਕਰ ਸਕਦੇ ਹਾਂ। ਪਰ ਇਨ੍ਹਾਂ ਪ੍ਰਾਪਤੀਆਂ ਦੇ ਬਾਵਜੂਦ ਸਾਡੇ ਸਮਾਜ ਵਿਚ ਬਹੁਤ ਸਾਰੀਆਂ ਘਾਟਾਂ ਅਤੇ ਉਣਤਾਈਆਂ ਵੀ ਪਾਈਆਂ ਜਾ ਰਹੀਆਂ ਹਨ। ਸਾਡੇ ਸਮਾਜ ਦੇ ਲੋਕ ਜਿਥੇ ਕਿਤੇ ਵੀ ਇਕੱਠੇ ਹੋ ਕੇ ਵਿਚਰਦੇ ਹਨ, ਉਥੇ ਆਪਸੀ ਏਕਾ ਅਤੇ ਭਾਈਚਾਰਾ ਦਿਖਾਉਣ ਦੀ ਬਜਾਏ ਕਈ ਵਾਰ ਹੋਮੇ ਤੇ ਸਸਤੀ ਸ਼ੌਹਰਤ ਦਿਖਾਉਣ ਲਈ ਯਤਨ ਹੁੰਦੇ ਹਨ। ਸਭਿਆਚਾਰਕ ਪ੍ਰੋਗਰਾਮ ਕਰਵਾਉਣ, ਕਬੱਡੀ ਦੇ ਟੂਰਨਾਮੈਂਟ ਕਰਵਾਉਣ ਅਤੇ ਇਥੋ ਤੱਕ ਕਿ ਗੁਰੂ ਘਰਾਂ ਵਿਚ ਹੁੰਦੇ ਧਾਰਮਿਕ ਸਮਾਗਮ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਮੌਕੇ ਧੜੇਬੰਧੀ ਅਤੇ ਇਕ=ਦੂਸਰੇ ਖਿਲਾਫ਼ ਤੌਮਤਬਾਜੀ ਆਮ ਦੇਖੀ ਜਾਂਦੀ ਹੈ। ਕਈ ਵਾਰ ਤਾਂ ਆਪਸੀ ਤੌਮਤਬਾਜੀ ਅਤੇ ਇਕ-ਦੂਜੇ ਖਿਲਾਫ ਚਿੱਕੜ ਉਸਾਰੀ ਇੰਨੀ ਘਟੀਆ ਬੰਧਨ ‘ਤੇ ਕੀਤੀ ਜਾਂਦੀ ਹੈ ਕਿ ਆਮ ਲੋਕ ਹੈਰਾਨ ਰਹਿ ਜਾਂਦੇ ਹਨ। ਆਪਸੀ ਧੜੇਬੰਧੀ ਅਤੇ ਤੌਮਤਬਾਜੀ ਦੀਆਂ ਮੁਹਿੰਮਾਂ ਕਾਰਨ ਆਮ ਲੋਕਾਂ ਵਿਚ ਸਮਾਜਿਕ ਕਾਰਜਾਂ ਵਿਚ ਹਿੱਸਾ ਲੈਣ ਦੀ ਰੂਚੀ ਵੀ ਘਟਦੀ ਹੈ। ਉਹ ਇਹ ਸੋਚਣ ਲੱਗਦੇ ਹਨ ਕਿ ਪ੍ਰਬੰਧਕ ਇਨ੍ਹਾਂ ਸਮਾਜਿਕ ਕਾਰਜਾਂ ਵਿਚ ਲੋਕ ਸੇਵਾ ਨਹੀਂ, ਸਗੋਂ ਚੌਦਰ ਕਰਨ ਲਈ ਹੀ ਆਉਂਦੇ ਹਨ। ਚੌਦਰਪੁਣੇ ਦੀ ਪ੍ਰਬੰਧਕਾਂ ਦੀ ਅਜਿਹੀ ਭਾਵਨਾ ਸਿਰਫ਼ ਸਾਡੇ ਆਪਣੇ ਸਮਾਜ ਵਿਚ ਹੀ ਗਲਤ ਪ੍ਰਭਾਵ ਨਹੀਂ ਛੱਡਦੀ, ਸਗੋਂ ਸਭਿਆਚਾਰਕ, ਖੇਡਾਂ ਜਾਂ ਧਾਰਮਿਕ ਸਮਾਗਮਾਂ ਵਿਚ ਹੁੰਦੀਆਂ ਲੜਾਈਆਂ ਅਤੇ ਧੜੇਬੰਦੀਆਂ ਹੋਰਨਾਂ ਨਸਲਾਂ ਅਤੇ ਧਰਮਾਂ ਦੇ ਲੋਕਾਂ ਵਿਚ ਵੀ ਸਾਡਾ ਅਕਸ਼ ਵਿਗੜਦੀਆਂ ਹਨ। ਬਹੁਤ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਵਿਚ ਆਪਣੇ ਧੜੇ ਦੀ ਸਰਦਾਰੀ ਕਾਇਮ ਕਰਨ ਲਈ ਇਕ-ਦੂਜੇ ਖਿਲਾਫ ਦੂਸ਼ਣਬਾਜੀ ਕੀਤੀ ਜਾਂਦੀ ਹੈ ਅਤੇ ਕਈ ਵਾਰ ਤਾਂ ਇਹ ਲੜਾਈ ਝਗੜੇ ਪੁਲਸ ਅਤੇ ਅਦਾਲਤ ਤੱਕ ਵੀ ਪਹੁੰਚ ਜਾਂਦੇ ਹਨ ਅਤੇ ਲੋਕਾਂ ਦੀ ਸੇਵਾ ਲਈ ਖਰਚ ਹੋਣ ਵਾਲੀ ਗੁਰੂ ਦੀ ਗੋਲਕ ਦੀ ਮਾਇਆ ਵਕੀਲਾਂ ਅਤੇ ਹੋਰ ਅਦਾਲਤੀ ਖਰਚਿਆਂ ਦੇ ਮੂੰਹ ਜਾ ਪੈਂਦੀ ਹੈ। ਹੁਣ ਅਗਲੇ ਮਹੀਨੇ ਵਿਚ ਕਬੱਡੀ ਦੇ ਟੂਰਨਾਮੈਟ ਸ਼ੁਰੂ ਹੋਣੇ ਹਨ ਅਤੇ ਵੱਖ-ਵੱਖ ਸ਼ਹਿਰਾਂ ਵਿਚ ਤੀਆਂ ਦੇ ਮੇਲਿਆਂ ਸਮੇਤ ਹੋਰ ਅਨੇਕਾਂ ਸਭਿਆਚਾਰਕ ਸਮਾਗਮ ਕਰਵਾਏ ਜਾਣੇ ਹਨ। ਖੇਡ ਮੇਲੇ ਅਤੇ ਸਭਿਆਚਾਰਕ ਸਮਾਗਮ ਸਾਡੀ ਵਿਰਾਸਤ ਦਾ ਇਕ ਅਹਿਮ ਹਿੱਸਾ ਹਨ ਅਤੇ ਇਹ ਸਾਡੇ ਸਮਾਜ ਦੀ ਨਰੌਈ ਪਿਰਤ ਦੇ ਜਾਮਨ ਬਣਦੇ ਹਨ। ਜੇਕਰ ਅਜਿਹੇ ਸਮਾਗਮ ਅਸੀਂ ਰਲ=ਮਿਲ ਕੇ ਏਕੇ ਦੀ ਭਾਵਨਾ ਨਾਲ ਕਰਵਾਈਏ ਤਾਂ ਇਸ ਨਾਲ ਸਾਡੇ ਸਮਾਜ ਅੰਦਰ ਤਾਂ ਚੰਗਾ ਪ੍ਰਭਾਵ ਪਵੇਗਾ ਹੀ ਨਾਲ ਹੀ ਹੋਰਨਾਂ ਨਸਲਾਂ ਤੇ ਧਰਮਾਂ ਦੇ ਲੋਕ ਵੀ ਸਾਡਾ ਆਦਰ ਸਤਿਕਾਰ ਕਰਨ ਲੱਗਣਗੇ। ਜੇਕਰ ਸਾਡੇ ਸਮਾਗਮਾਂ ਵਿਚ ਹੋਰਨਾਂ ਨਸਲਾਂ ਤੇ ਧਰਮਾਂ ਦੇ ਲੋਕ ਸ਼ਾਮਲ ਹੋਣ ਆਉਂਦੇ ਹਨ ਤੇ ਉਥੇ ਜਾਬਤੇ, ਸ਼ਾਂਤੀ ਅਤੇ ਏਕੇ ਦਾ ਸਬੂਤ ਦਿੱਤਾ ਜਾਂਦਾ ਹੈ ਤਾਂ ਕੁਦਰਤੀ ਹੀ ਉਨ੍ਹਾਂ ਲੋਕਾਂ ਦੇ ਮਨ ਵਿਚ ਸਾਡੇ ਪ੍ਰਤੀ ਪਿਆਰ=ਸਤਿਕਾਰ ਜਾਗੇਗਾ। ਪਰ ਜੇਕਰ ਉਨ੍ਹਾਂ ਨੂੰ ਉਥੈ ਲੜਾਈ-ਝਗੜੇ, ਤੋਹਮਤਾਂ ਅਤੇ ਆਪਸੀ ਰੰਜਿਸ਼ ਦੇਖਣ ਨੂੰ ਮਿਲੇਗੀ ਤਾਂ ਉਨ੍ਹਾਂ ਦਾ ਉਥੇ ਆਉਣ ਦਾ ਸਵਾਦ ਵੀ ਕਿਰਕਿਰਾ ਹੋ ਜਾਵੇਗਾ। ਪਿਛਲੇ ਸਮੇਂ ਦੌਰਾਨ ਅਸੀਂ ਦੇਖਣਾ ਹੈ ਜਦੋਂ ਸਾਡੇ ਸਮਾਜਿਕ. ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਆਪਸੀ ਧੜੇਬੰਦੀ ਅਤੇ ਝਗੜੇ ਘੜਦੇ ਹਨ ਤਾਂ ਸਾਡੇ ਆਪਣੇ ਲੋਕਾਂ ਦੀ ਇਨ੍ਹਾਂ ਸਮਾਗਮਾਂ ਵਿਚ ਸ਼ਮੂਲੀਅਤ ਵੱਧਦੀ ਹੈ ਅਤੇ ਹੋਰਨਾਂ ਲੋਕਾਂ ਦਾ ਆਕਰਸ਼ਨ ਵਧੇਰੇ ਹੁੰਦਾ ਹੈ। ਪਰ ਜਦ ਇਥੇ ਧੜੇਬੰਦੀ ਉਭਰਦੀ ਹੈ ਤਾਂ ਉਥੋਂ ਲੋਕ ਪਾਸਾ ਵੱਟਣ ਲੱਗ ਪੈਂਦੇ ਹਨ।
9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਅੰਦਰ ਸਿੱਖਾਂ ਦੀ ਪਛਾਣ ਬਾਰੇ ਗਲਤ ਫਹਿਮੀ ਦਾ ਵੱਡਾ ਰੁਝਾਣ ਸਾਹਮਣੇ ਆਇਆ ਸੀ। ਸਿੱਖਾਂ ਦੀ ਪਛਾਣ ਸਬੰਧੀ ਭੁਲੇਖੇ ਨੂੰ ਦੂਰ ਕਰਨ ਲ ਈ ਸਾਡੇ ਅਜਿਹੇ ਸਮਾਗਮ ਅਹਿਮ ਰੋਲ ਅਦਾ ਕਰ ਸਕਦੇ ਹਨ। ਪਿਛਲੇ ਸਾਲਾਂ ਦੌਰਾਨ ਅਸੀਂ ਦੇਖਿਆ ਹੈ ਕਿ ਗੁਰਪੁਰਬਾਂ ਉਪਰ ਨਿਕਲਦੇ ਨਗਰ ਕੀਰਤਨਾਂ ਨਾਲ ਅਸੀਂ ਆਪਣੇ ਏਕੇ ਦਾ ਸਬੂਤ ਵੀ ਦਿੱਤਾ ਅਤੇ ਹੋਰਨਾਂ ਧਰਮਾਂ ਤੇ ਨਸਲਾਂ ਦੇ ਲੋਕਾਂ ਵਿਚ ਆਪਣੀ ਪਛਾਣ ਬਾਰੇ ਜਾਣਕਾਰੀ ਦੇਣ ਵਿਚ ਵੀ ਕਾਫੀ ਸਫਲਤਾ ਹਾਸਲ ਕੀਤੀ, ਸੋ ਸਾਡੇ ਸਮਾਜ ਦੇ ਧਾਰਮਿਕ, ਰਾਜਨੀਤਿਕ ਅਤੇ ਹੋਰਨਾਂ ਖੇਤਰਾਂ ਵਿਚ ਕੰਮ ਕਰਨ ਵਾਲੇ ਆਗੂਆਂ ਨੂੰ ਇਸ ਗੱਲ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਕਿ ਇਨ੍ਹਾਂ ਮੁਲਕਾਂ ਵਿਚ ਆ ਕੇ ਅਸੀ ਆਪਣੇ ਸਭਿਆਚਾਰ, ਵਿਰਾਸਤ , ਧਾਰਮਿਕ ਅਤੇ ਸਮਾਜ ਨੂੰ ਤਾਂ ਹੀ ਅੱਗੇ ਵਧਾ ਸਕਾਂਗੇ ਜੇਕਰ ਅਸ਼ੀਂ ਆਪਸੀ ਏਕੇ ਦਾ ਸਬੂਤ ਦੇਵਾਂਗੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.