ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪ੍ਰਵਾਸੀ ਪੰਜਾਬੀਆਂ ਵਲੋਂ ਚੋਣਾਂ ਲਈ ਪਾਏ ਪੰਜਾਬ ਨੂੰ ਚਾਲੇ
ਪ੍ਰਵਾਸੀ ਪੰਜਾਬੀਆਂ ਵਲੋਂ ਚੋਣਾਂ ਲਈ ਪਾਏ ਪੰਜਾਬ ਨੂੰ ਚਾਲੇ
Page Visitors: 2678

ਪ੍ਰਵਾਸੀ ਪੰਜਾਬੀਆਂ ਵਲੋਂ ਚੋਣਾਂ ਲਈ ਪਾਏ ਪੰਜਾਬ ਨੂੰ ਚਾਲੇ

 

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444

ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਵੇਂ ਕਿੰਨੇ ਹੀ ਸਮੇਂ ਤੋਂ ਇਥੇ ਆ ਕੇ ਵੱਸ ਗਏ ਹਨ ਅਤੇ ਬਹੁਤ ਸਾਰੇ ਨੇ ਆਪਣੇ ਕਾਰੋਬਾਰ ਇਥੇ ਸਥਾਪਤ ਕਰਕੇ ਪੱਕੇ ਡੇਰੇ ਵੀ ਲਗਾ ਲਏ ਹਨ। ਹੁਣ ਉਨ੍ਹਾਂ ਦੀ ਹੋਣੀ ਇਨ੍ਹਾਂ ਮੁਲਕਾਂ ਨਾਲ ਹੀ ਜੁੜ ਗਈ ਹੈ, ਪਰ ਫਿਰ ਵੀ ਸਭਨਾਂ ਦਾ ਦਿਲ ਪੰਜਾਬ ਨਾਲ ਹੀ ਧੜਕਦਾ ਹੈ। ਪੰਜਾਬ ਵਿੱਚ ਵਾਪਰਦੀ ਹਰ ਵੱਡੀ-ਛੋਟੀ ਘਟਨਾ ਇਥੇ ਵਸਦੇ ਸਾਡੇ ਲੋਕਾਂ ਦੇ ਮਨਾਂ ਨੂੰ ਡੂੰਘੇ ਰੂਪ ਵਿੱਚ ਪ੍ਰਭਾਵਿਤ ਕਰਦੀ ਹੈ। ਅਸੀਂ ਹਮੇਸ਼ਾ ਪੰਜਾਬ ਵਿੱਚ ਵਾਪਰਦੀਆਂ ਘਟਨਾਵਾਂ ਜਾਂ ਉਥੇ ਚੱਲ ਰਹੀਆਂ ਸਰਗਰਮੀਆਂ ਨੂੰ ਬੜੀ ਉਤਸੁਕਤਾ ਨਾਲ ਦੇਖਦੇ ਹਾਂ। ਇਸ ਦਾ ਵੱਡਾ ਕਾਰਨ ਹੀ ਇਹ ਹੈ ਕਿ ਪੰਜਾਬ ਵਿੱਚ ਸਾਡੀਆਂ ਜੜ੍ਹਾਂ ਡੂੰਘੀਆਂ ਹਨ। ਸਮੁੱਚੇ ਪ੍ਰਵਾਸੀ ਪੰਜਾਬੀ ਹਮੇਸ਼ਾ ਪੰਜਾਬ ਦੀ ਸੁੱਖ ਮੰਗਦੇ ਹਨ। ਅਸੀਂ ਹਮੇਸਾ ਇਹ ਹੀ ਤਵੱਕੋ ਕਰਦੇ ਹਾਂ ਕਿ ਪੰਜਾਬ ਵਲੋਂ ਹਮੇਸ਼ਾ ਠੰਡੀ ਹਵਾ ਦੇ ਬੁੱਲ੍ਹੇ ਆਉਂਦੇ ਰਹਿਣ। ਵੱਖ-ਵੱਖ ਸਮਿਆਂ ਉਪਰ ਵਿਧਾਨ ਸਭਾ, ਪੰਚਾਇਤ ਅਦਾਰਿਆਂ ਅਤੇ ਲੋਕ ਸਭਾ ਦੀਆਂ ਹੁੰਦੀਆਂ ਚੋਣਾਂ ਵੀ ਅਜਿਹੀ ਇੱਕ ਅਹਿਮ ਸਰਗਰਮੀ ਹੁੰਦੀਆਂ ਹਨ, ਜਿਸ ਵਿੱਚ ਪ੍ਰਵਾਸੀ ਪੰਜਾਬੀ ਬੜੀ ਡੂੰਘੀ ਦਿਲਚਸਪੀ ਲੈਂਦੇ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਿਨਾਂ ਵਿੱਚ ਸਿੱਧੇ ਰੂਪ ਵਿੱਚ ਚੋਣਾਂ ‘ਚ ਭਾਗ ਲੈਣ ਲਈ ਪੰਜਾਬ ਨੂੰ ਚਾਲੇ ਪਾਉਂਦੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੱਡੀ ਗਿਣਤੀ ਇਥੇ ਬੈਠ ਕੇ ਚੋਣਾਂ ਉਪਰ ਆਪਣੀ ਤਿੱਖੀ ਨਜ਼ਰ ਰੱਖਦੀ ਹੈ। ਉਹ ਹਰ ਰੋਜ਼ ਆਪਣੇ ਸਕੇ-ਸਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨੂੰ ਫ਼ੋਨ ਉਪਰ ਗੱਲ ਕਰਕੇ ਸਾਰੇ ਹਾਲਾਤ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ। ਪੰਜਾਬੀ ਅਖਬਾਰਾਂ, ਰੇਡਿਓ ਤੇ ਟੀਵੀ ਵੀ ਅਜਿਹੀ ਹੀ ਹਰ ਜਾਣਕਾਰੀ ਹਾਸਲ ਕਰਨ ਦਾ ਇਕ ਹੋਰ ਵੱਡਾ ਜਰੀਆ ਬਣ ਗਏ ਹਨ।
ਇਸ ਵੇਲੇ ਭਾਰਤ ਅੰਦਰ ਲੋਕ ਸਭਾ ਚੋਣਾਂ ਦਾ ਵਿਗੁਲ ਵੱਜ ਗਿਆ ਹੈ। ਪੰਜਾਬ ਅੰਦਰ 13 ਸੀਟਾਂ ਲਈ ਚੋਣਾਂ 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਕਰੀਬ ਸਾਰੀਆਂ ਹੀ ਪਾਰਟੀਆਂ ਨੇ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਹਨ ਅਤੇ ਚੋਣ ਸਰਗਰਮੀ ਵੀ ਆਰੰਭ ਹੋ ਚੁੱਕੀ ਹੈ। ਕਾਂਗਰਸ ਵਲੋਂ ਕੱਦਵਾਰ ਆਗੂਆਂ ਨੂੰ ਚੋਣ ਮੈਦਾਨ ਉਤਾਰੇ ਜਾਣ ਕਾਰਨ ਪੰਜਾਬ ਅੰਦਰ ਚੋਣ ਸਰਗਰਮੀ ਹੋਰ ਵਧੇਰੇ ਦਿਲਚਸਪ ਬਣ ਗਈ ਹੈ। ਪ੍ਰਵਾਸੀ ਪੰਜਾਬੀਆਂ ਅੰਦਰ ਵੀ ਕਾਂਗਰਸ ਦੇ ਇਸ ਫੈਸਲੇ ਨਾਲ ਉਤਸੁਕਤਾ ਹੋਰ ਵਧੇਰੇ ਬਣੀ ਹੈ। ਪ੍ਰਵਾਸੀ ਪੰਜਾਬੀ ਪੰਜਾਬ ਨੂੰ ਜਾਣੇ ਸ਼ੁਰੂ ਹੋ ਗਏ ਹਨ। ਕਾਫ਼ੀ ਲੋਕ ਚਲੇ ਗਏ ਹਨ ਅਤੇ ਬਹੁਤ ਸਾਰੇ ਜਹਾਜਾਂ ਦੀਆਂ ਟਿਕਟਾਂ ਖਰੀਦੀ ਬੈਠੇ ਹਨ ਅਤੇ ਪੰਜਾਬ ਨੂੰ ਚਾਲੇ ਪਾਉਣ ਲਈ ਤਿਆਰੀਆਂ ਖਿੱਚੀ ਬੈਠੇ ਹਨ। ਹਰ ਵਾਰ ਹੀ ਪ੍ਰਵਾਸੀ ਪੰਜਾਬੀ ਪੰਜਾਬ ਅੰਦਰ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਪੰਜਾਬ ਪੁੱਜਦੇ ਹਨ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਮੁਲਕਾਂ ਵਿੱਚੋਂ ਸਾਡੇ ਲੋਕ ਪੰਜਾਬ ਅੰਦਰ ਇਹੀ ਆਸ ਅਤੇ ਵਿਸ਼ਵਾਸ਼ ਲੈ ਕੇ ਜਾਂਦੇ ਹਨ ਕਿ ਉਥੇ ਵੀ ਚੰਗੀਆਂ ਸਰਕਾਰਾਂ ਬਣਨ ਅਤੇ ਵਿਕਸਿਤ ਮੁਲਕਾਂ ਵਾਂਗ ਰਾਜ-ਭਾਗ ਵਿੱਚ ਸੁਧਾਰ ਆਵੇ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ। ਪਰ ਜਦ ਅਸੀਂ ਚੋਣਾਂ ਦੇ ਇਤਿਹਾਸ ਉਪਰ ਨਜ਼ਰ ਮਾਰਦੇ ਹਾਂ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਹਰ ਚੋਣ ਤੋਂ ਬਾਅਦ ਭਾਰਤ ਅਤੇ ਪੰਜਾਬ ਹਮੇਸ਼ਾ ਹੋਰ ਨਿਘਾਰ ਵੱਲ ਹੀ ਗਿਆ ਹੈ। ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਸਿਰਫ਼ ਕਾਗਜ਼ਾਂ ਵਿੱਚ ਹੀ ਰਹਿ ਗਈਆਂ ਹਨ। ਪੰਜਾਬ ਕਿਸੇ ਪੱਖੋਂ ਵੀ ਅੱਗੇ ਨਹੀਂ ਵਧਿਆ, ਸਗੋਂ ਓਲਟਾ ਨਸ਼ਿਆਂ ਦੀ ਭਰਮਾਰ, ਬੇਰੁਜਗਾਰੀ ਅਤੇ ਆਰਥਿਕ ਮੰਦਹਾਲੀ ਵਿੱਚ ਹੋਰ ਵਧੇਰੇ ਜਾ ਧੱਸਿਆ ਹੈ। ਹੁਣ ਲੋਕ ਸਭਾ ਚੋਣਾਂ ਵਿੱਚ ਵੀ ਪਾਰਟੀਆਂ ਲੋਕਾਂ ਨੂੰ ਅਜਿਹੇ ਹੀ ਸਬਜਵਾਗ ਦਿਖਾਉਣਗੀਆਂ। ਉਥੇ ਗਏ ਜਾਂ ਜਾਣ ਵਾਲੇ ਪ੍ਰਵਾਸੀ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਥੋਂ ਦੇ ਚੋਣ ਮਾਹੌਲ ਰੁਲ ਕੇ ਨਾ ਜਾਈਏ। ਕਈ ਵਾਰ ਇਹ ਵੀ ਵਾਪਰਦਾ ਕਿ ਇਥੋਂ ਗਏ ਸਾਡੇ ਭਰਾ ਖੁਦ ਹੀ ਨਸ਼ੇ ਅਤੇ ਨੋਟ ਵੰਡਣ ਦੇ ਕਾਰੋਬਾਰ ਵਿੱਚ ਜਾ ਫਸਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਮੁਲਕਾਂ ਵਿੱਚ ਚੱਲਦੀ ਰਾਜਨੀਤਿਕ ਵਿਵਸਥਾ, ਇਥੇ ਹੁੰਦੀਆਂ ਚੋਣਾਂ ਅਤੇ ਇਨ੍ਹਾਂ ਚੋਣਾਂ ਦੇ ਢੰਗ ਤਰੀਕਿਆਂ ਬਾਰੇ ਉਥੋਂ ਦੇ ਲੋਕਾਂ ਨੂੰ ਜਾਗ੍ਰਿਤ ਕਰੀਏ। ਉਨ੍ਹਾਂ ਨੂੰ ਦੱਸੀਏ ਕਿ ਚੋਣਾਂ ਸਿਰਫ਼ ਸਰਕਾਰ ਬਦਲਣ ਦਾ ਨਾਂ ਨਹੀਂ ਹੁੰਦਾ ਜਾਂ ਸਿਰਫ਼ ਪੱਗੜੀਆਂ ਦੇ ਰੰਗ ਹੀ ਨਹੀਂ ਬਦਲੇ ਜਾਂਦੇ, ਸਗੋਂ ਇਨ੍ਹਾਂ ਚੋਣਾਂ ਵਿੱਚ ਅਜਿਹੀਆਂ ਨਵੀਆਂ ਸਰਕਾਰਾਂ ਬਣਨੀਆਂ ਚਾਹੀਦੀਆਂ ਹਨ ਜੋ ਦੇਸ਼ ਦੇ ਭਲੇ ਲਈ ਸਮਰਪਿਤ ਹੋ ਕੇ ਕੰਮ ਕਰ ਸਕਣ। ਨਵੀਆਂ-ਨਵੀਆਂ ਅਜਿਹੀਆਂ ਯੋਜਨਾਵਾਂ ਬਣਾ ਸਕਣ ਜਿੰਨਾ ਸਦਕਾ ਦੇਸ਼ ਦੀ ਪੈਦਾਵਾਰ ਵਿੱਚ ਵਾਧਾ ਹੋਵੇ, ਲੋਕਾਂ ਨੂੰ ਰੁਜਗਾਰ ਮਿਲੇ ਅਤੇ ਮਹਿੰਗਾਈ ਨੂੰ ਨੱਥ ਪਾਈ ਜਾ ਸਕੇ। ਸਭ ਤੋਂ ਅਹਿਮ ਗੱਲ ਸਮਾਜਿਕ ਨਿਆਂ ਦੀ ਹੈ, ਕਿਸੇ ਵੀ ਚੰਗੇ ਪ੍ਰਬੰਧ ਵਿੱਚ ਆਮ ਵਿਅਕਤੀ ਨੂੰ ਸਮਾਜਿਕ ਨਿਆਂ ਤੇ ਇਨਸਾਫ਼ ਮਿਲਣਾ ਯਕੀਨੀ ਬਣਨਾ ਚਾਹੀਦਾ ਹੈ। ਪਰ ਜਦ ਅਸੀਂ ਭਾਰਤ ਜਾਂ ਪੰਜਾਬ ਵੱਲ ਵੇਖਦੇ ਹਾਂ ਤਾਂ ਅਸੀਂ ਬੜੇ ਦੂਰ ਖੜ੍ਹੇ ਹਾਂ। ਅਸੀਂ ਦੇਖਦੇ ਹਾਂ ਕਿ ਪਿਛਲੇ ਦੋ ਦਹਾਕਿਆਂ ਤੋਂ ਸਰਕਾਰਾਂ ਪ੍ਰਵਾਸੀ ਪੰਜਾਬੀਆਂ ਨੂੰ ਇਹ ਭਰੌਸੇ ਦਿੰਦੇ ਆ ਰਹੀਆਂ ਹਨ ਕਿ ਪ੍ਰਵਾਸੀ ਪੰਜਾਬੀਆਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇਗੀ ਅਤੇ ਉਥੇ ਪੂੰਜੀ ਨਿਵੇਸ਼ ਕਰਨ ਲਈ ਉਨ੍ਹਾਂ ਨੂੰ ਢੁਕਵੇ ਮੌਕੇ ਮਿਲਣਗੇ। ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਕਈ ਹੋਰ ਲੁਭਾਉਣੀਆਂ ਯੋਜਨਾਵਾਂ ਵੀ ਐਲਾਨੀਆਂ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਪ੍ਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਉਪਰ ਕਬਜ਼ਿਆਂ ਦੀ ਗਾਥਾ ਅਜੇ ਵੀ ਮੁੱਕੀ ਨਹੀਂ। ਉਥੇ ਗਏ ਪ੍ਰਵਾਸੀ ਪੰਜਾਬੀਆਂ ਨੂੰ ਝਗੜਿਆਂ ਵਿੱਚ ਫਸਾਉਣਾ ਅਜੇ ਵੀ ਆਮ ਗੱਲ ਹੈ। ਇਹੀ ਹਾਲ ਪੰਜਾਬ ਵਿੱਚ ਵਸਦੇ ਲੋਕਾਂ ਦਾ ਹੈ। ਸਾਡੇ ਪ੍ਰਵਾਸੀ ਭਰਾਵਾਂ ਨੂੰ ਵੀ ਸਮਾਜਿਕ ਨਿਆਂ ਤੇ ਇਨਸਾਫ਼ ਦੀ ਗੱਲ ਜ਼ੋਰ ਨਾਲ ਉਠਾਉਣੀ ਚਾਹੀਦੀ ਹੈ। ਪੰਜਾਬ ਜਾਣ ਵਾਲੇ ਸਾਡੇ ਪ੍ਰਵਾਸੀ ਪੰਜਾਬੀ ਵੀਰਾਂ ਦਾ ਇਹ ਫਰਜ਼ ਬਣਦਾ ਕਿ ਅਸੀਂ ਉਥੇ ਜਾ ਕੇ ਉਥੋਂ ਦੇ ਚੋਣ ਰੌਲੇ ਦਾ ਹਿੱਸਾ ਨਾ ਬਣੀਏ, ਸਗੋਂ ਚੰਗੀ ਰਾਜਨੀਤੀ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨ ਵਿੱਚ ਮਦਦਗਾਰ ਬਣੀਏ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.