ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ਸਿਆਸਤ ਦੇ ਬਦਲਦੇ ਰੰਗ-ਬਾਦਲ ਨੇ ਚੁੱਕੇ ਪੰਥਕ ਮੁੱਦੇ
ਪੰਜਾਬ ਸਿਆਸਤ ਦੇ ਬਦਲਦੇ ਰੰਗ-ਬਾਦਲ ਨੇ ਚੁੱਕੇ ਪੰਥਕ ਮੁੱਦੇ
Page Visitors: 2674

ਪੰਜਾਬ ਸਿਆਸਤ ਦੇ ਬਦਲਦੇ ਰੰਗ-ਬਾਦਲ ਨੇ ਚੁੱਕੇ ਪੰਥਕ ਮੁੱਦੇ
ਗੁਰਜਤਿੰਦਰ ਸਿੰਘ ਰੰਧਾਵਾ
 ਪੰਜਾਬ ਦੀ ਸਿਆਸਤ ਅੰਦਰ ਲਗਾਤਾਰ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ। ਇਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਅਤੇ ਫਿਰ 2014 ਦੀਆਂ ਲੋਕ ਸਭਾ ਚੋਣਾਂ ਨਿਰੋਲ ਵਿਕਾਸ ਮੁੱਦੇ ‘ਤੇ ਲੜੀਆਂ ਸਨ। ਇਨ੍ਹਾਂ ਚੋਣਾਂ ਦੌਰਾਨ ਉਹ ਇਹ ਦਾਅਵਾ ਕਰਦੇ ਰਹੇ ਕਿ ਉਹ ਲੋਕਾਂ ਕੋਲੋਂ ਵਿਕਾਸ ਦੇ ਮੁੱਦੇ ‘ਤੇ ਵੋਟਾਂ ਮੰਗ ਰਹੇ ਹਨ। ਪਰ ਕੁੱਝ ਸਮੇਂ ਅੰਦਰ ਹੀ ਹਾਲਾਤ ਨੇ ਐਸਾ ਪਲਟਾ ਮਾਰਿਆ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਮਿੰਟਾਂ ਵਿਚ ਹੀ ਵਿਕਾਸ ਮੁੱਦੇ ਨੂੰ ਛੱਡ ਕੇ ਪੰਥਕ ਮੁੱਦੇ ‘ਤੇ ਆ ਡਟੀ ਹੈ। ਅਸਲ ‘ਚ ਪੰਜਾਬ ਦਾ ਵਿਕਾਸ ਕੁੱਝ ਕੁ ਵੱਡੀਆਂ ਸੜਕਾਂ ਕੱਢਣ ਅਤੇ ਪੁੱਲ ਬਣਾਉਣ ਤੱਕ ਹੀ ਸੀਮਤ ਨਹੀਂ ਹੈ।
   ਪੰਜਾਬ ਅੰਦਰ ਪਿਛਲੇ ਸਾਰੇ ਸਾਲਾਂ ਦੌਰਾਨ ਕੇਂਦਰ ਸਰਕਾਰ ਦੇ ਫਡਾਂ ਨਾਲ ਕੁੱਝ ਵੱਡੀਆਂ ਜਰਨੈਲੀ ਸੜਕਾਂ ਤਾਂ ਬੜੇ ਆਹਲਾ-ਮਿਆਰੀ ਢੰਗ ਨਾਲ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਸੜਕਾਂ ਉਪਰ ਕਈ ਓਵਰਬਰਿੱਜ ਵੀ ਬੜੇ ਮਿਆਰੀ ਢੰਗ ਦੇ ਬਣੇ ਹਨ। ਪਰ ਬਾਹਰੋਂ ਆਉਂਦੇ ਲੋਕਾਂ ਦੀਆਂ ਅੱਖਾਂ ਚੁਧਿਆਉਂਦੇ ਇਹ ਵਿਕਾਸ ਕਾਰਜ ਉਸ ਸਮੇਂ ਉੱਡ-ਪੁੱਡ ਜਾਂਦੇ ਹਨ, ਜਿਉਂ ਹੀ ਪ੍ਰਵਾਸੀ ਪੰਜਾਬੀਆਂ ਦੀਆਂ ਗੱਡੀਆਂ ਇਨ੍ਹਾਂ ਸੜਕਾਂ ਤੋਂ ਆਪਣੇ ਪਿੰਡਾਂ ਵੱਲ ਮੁੜਦੀਆਂ ਹਨ। ਉਨ੍ਹਾਂ ਨੂੰ ਇਨ੍ਹਾਂ ਸੜਕਾਂ ਉਪਰ ਪਏ ਵੱਡੇ ਖੱਡਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਗਿਆਂ ਨੂੰ ਪਤਾ ਲੱਗਦਾ ਹੈ ਕਿ ਕਿਹੜੇ-ਕਿਹੜੇ ਕਿਸਾਨ ਨੇ ਕਰਜ਼ਾ ਨਾ ਮੁੜਦਾ ਵੇਖ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ ਹੈ।
  70 ਫੀਸਦੀ ਦੇ ਕਰੀਬ ਪੇਂਡੂ ਵਸੋਂ ਅਜੇ ਪੀਣ ਵਾਲੇ ਸਾਫ ਪਾਣੀ ਤੋਂ ਹੀ ਵਾਂਝੀ ਹੈ। ਪਿੰਡਾਂ ਦੇ 80 ਫੀਸਦੀ ਲੋਕ ਅਜੇ ਵੀ ਸਵੇਰੇ ਜੰਗਲ-ਪਾਣੀ ਲਈ ਖੇਤਾਂ ਵੱਲ ਨੂੰ ਜਾਂਦੇ ਹਨ। ਪਿੰਡਾਂ ਵਿਚ ਨੌਜਵਾਨਾਂ ਦੀਆਂ ਹੇੜਾਂ ਬੇਰੁਜ਼ਗਾਰ ਘੁੰਮ ਰਹੀਆਂ ਹਨ। ਜਦ ਪ੍ਰਵਾਸੀ ਪੰਜਾਬੀ ਕੁਝ ਦਿਨ ਆਪਣੇ ਪਿੰਡਾਂ ਵਿਚ ਰਹਿੰਦੇ ਹਨ, ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਆਂਢ-ਗੁਆਂਢ ਦੇ ਬਹੁਤੇ ਨੌਜਵਾਨ ਨਸ਼ਿਆਂ ਦੀ ਧੂੜ ਵਿਚ ਗੁਆਚ ਰਹੇ ਹਨ। ਫਿਰ ਪਤਾ ਲੱਗਦਾ ਹੈ ਕਿ ਪੰਜਾਬ ਦਾ ਵਿਕਾਸ ਕਿਸ ਕਦਰ ਹੋਇਆ ਹੈ। ਕਦੇ ਪੰਜਾਬ ਭਾਰਤ ਦਾ ਅੰਨਦਾਤਾ ਸੀ ਅਤੇ ਪੰਜਾਬ ਦੇ ਕਿਸਾਨ ਦੇਸ਼ ਦੇ ਸਭ ਤੋਂ ਉਦਮੀ ਅਤੇ ਖਾਂਦੇ-ਪੀਂਦੇ ਲੋਕਾਂ ਵਿਚ ਗਿਣੇ ਜਾਂਦੇ ਸਨ। ਪਰ ਅੱਜ ਪੰਜਾਬ ਸਰਕਾਰਾਂ ਦੀਆਂ ਨੀਤੀਆਂ ਕਾਰਨ ਕੰਗਾਲ ਬਣ ਕੇ ਰਹਿ ਗਿਆ ਹੈ।

   ਭਾਰਤ ਦੀ ਕੇਂਦਰੀ ਸਰਕਾਰ ਦੀਆਂ ਨੀਤੀਆਂ ਵੀ ਅਜਿਹੀਆਂ ਹਨ, ਜਿਨ੍ਹਾਂ ਨੇ ਪੰਜਾਬ ਦਾ ਬੁਰੀ ਤਰ੍ਹਾਂ ਲੱਕ ਤੋੜਿਆ ਹੈ।

 ਜਦ ਤੱਕ ਦੇਸ਼ ਨੂੰ ਅੰਨ ਦੀ ਲੋੜ ਸੀ, ਤਾਂ ਪੰਜਾਬ ਨੂੰ ਮੋਹਰਾ ਬਣਾ ਲਿਆ ਗਿਆ। ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀ ਉਪਜਾਊ ਧਰਤੀ, ਇਥੋਂ ਦੇ ਧਰਤੀ ਹੇਠਲੇ ਪਾਣੀ ਅਤੇ ਆਪਣੀ ਹਿੰਮਤ ਜੁਟਾ ਕੇ ਭਿਖਾਰੀ ਬਣੇ ਦੇਸ਼ ਨੂੰ ਆਪਣੇ ਪੈਰਾਂ ਉਪਰ ਖੜ੍ਹਾ ਕਰਨ ਦਾ ਵੱਡਾ ਕਾਰਨਾਮਾ ਕਰ ਦਿਖਾਇਆ। ਅੱਜ ਹਾਲਤ ਇਹ ਹੈ ਕਿ ਨਦੀਨ ਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਬੇਦਰੇਗ ਵਰਤੋਂ ਕਾਰਨ ਪੰਜਾਬ ਦੀ ਜ਼ਮੀਨ ਦਾ ਉਪਜਾਊਪਣ ਢਿੱਲਾ ਪੈ ਗਿਆ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਸਿਰੇ ਦੀ ਹੱਦ ਤੱਕ ਹੇਠਾਂ ਜਾ ਪੁੱਜਾ ਹੈ ਅਤੇ ਕਿਸਾਨ ਕਰਜ਼ੇ ਦੀਆਂ ਪੰਡਾਂ ਲਗਾਤਾਰ ਸਿਰ ਉਪਰ ਵਧਣ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਅਜਿਹੀ ਹਾਲਤ ਵਿਚ ਫਿਰ ਕੌਣ ਸਰਕਾਰ ਦੇ ਵਿਕਾਸ ਕਾਰਜਾਂ ਦੀ ਗੱਲ ਸੁਣੇਗਾ। ਸਾਡੇ ਪ੍ਰਵਾਸੀ ਪੰਜਾਬੀ ਵੀ ਖੁਦ ਜਦ ਅਸਲ ਹਕੀਕਤ ਦੇਖ ਕੇ ਵਾਪਸ ਪਰਤਦੇ ਹਨ, ਤਾਂ ਇਥੇ ਆ ਕੇ ਹੈਰਾਨੀ ਨਾਲ ਇਹੀ ਗੱਲਾਂ ਆਖਦੇ ਹਨ ਕਿ ਪੰਜਾਬ ਵਿਚ ਗੱਲਾਂ ਤਾਂ ਵਿਕਾਸ ਬਾਰੇ ਬੜੀਆਂ ਕੀਤੀਆਂ ਜਾਂਦੀਆਂ ਹਨ, ਪਰ ਜਦੋਂ ਉਥੇ ਜਾ ਕੇ ਦੇਖੋ, ਤਾਂ ਹਾਲਾਤ ਕੁਝ ਹੋਰ ਹੀ ਸਾਹਮਣੇ ਆਉਂਦੇ ਹਨ।
ਇਹ ਗੱਲ ਹੁਣ ਖੁਦ ਸਰਕਾਰ ਵੱਲੋਂ ਪੈਂਤੜਾ ਬਦਲਣ ਨਾਲ ਵੀ ਸਾਹਮਣੇ ਆਉਣ ਲੱਗੀ ਹੈ
  ਵਿਕਾਸ ਦੀਆਂ ਟਾਹਰਾਂ ਮਾਰਨ ਵਾਲੀ ਪੰਜਾਬ ਸਰਕਾਰ ਨੇ ਹੁਣ ਇਕਦਮ ਪੈਂਤੜਾ ਬਦਲਦਿਆਂ ਸਾਰਾ ਜ਼ੋਰ ਪੰਥਕ ਮੁੱਦਿਆਂ ਉਪਰ ਕੇਂਦਰਿਤ ਕਰ ਦਿੱਤਾ ਹੈ। ਇਸ ਗੱਲ ਦਾ ਸਬੂਤ ਇਥੋਂ ਮਿਲਦਾ ਹੈ ਕਿ ਵਿਕਾਸ ਕਾਰਜਾਂ ਦੇ ਨਾਅਰੇ ਮਾਰਦਿਆਂ ਜਦ ਬਾਦਲ ਸਰਕਾਰ ਓਰਬਿਟ ਬੱਸ ਕਾਂਡ, ਮੋਗਾ ਕਾਂਡ ਕਾਰਨ ਲੋਕਾਂ ਦੇ ਵੱਡੇ ਰੋਹ ਦਾ ਨਿਸ਼ਾਨਾ ਬਣ ਗਈ, ਤਾਂ ਉਸ ਨੇ ਪੰਥਕ ਮੁੱਦਿਆਂ ਵੱਲ ਨੂੰ ਮੂੰਹ ਮੋੜ ਕੇ ਲੋਕਾਂ ਦਾ ਧਿਆਨ ਬਦਲਣ ਦਾ ਰਾਹ ਅਪਣਾਇਆ ਹੈ। ਪੰਥਕ ਮੁੱਦੇ ਉਭਾਰਨੇ ਨਾ ਤਾਂ ਗਲਤ ਹੈ ਅਤੇ ਨਾ ਹੀ ਕੋਈ ਗੁਨਾਹ, ਸਗੋਂ ਅਸੀਂ ਇਨ੍ਹਾਂ ਗੱਲਾਂ ਦਾ ਸੁਆਗਤ ਕਰਦੇ ਹਾਂ ਕਿ ਪੰਜਾਬ ਸਰਕਾਰ ਪੰਥ ਅਤੇ ਸਿੱਖਾਂ ਦੇ ਮਸਲੇ ਹੱਲ ਕਰਾਉਣ ਲਈ ਕੁਝ ਹੰਭਲਾ ਮਾਰਨ ਲੱਗੀ ਹੈ। ਪਰ ਜੇਕਰ ਅਜਿਹੇ ਹੰਭਲੇ ਪਿੱਛੇ ਨੀਯਤ ਕੁੱਝ ਹੋਰ ਹੋਵੇ, ਤਾਂ ਫਿਰ ਸ਼ੰਕਾ ਉਠਣਾ ਕੁਦਰਤੀ ਹੈ।
ਪੰਜਾਬ ਸਰਕਾਰ ਖਾਸਕਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਕਦਮੀ ਉਪਰ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਗੁਰੂ ਸਾਹਿਬਾਨ ਦੇ ਵਸਤਰਾਂ ਅਤੇ ਸ਼ਸਤਰਾਂ ਦੀ ਦਰਸ਼ਨ ਯਾਤਰਾ ਆਰੰਭ ਕੀਤੀ ਗਈ।
ਇਹ ਦਰਸ਼ਨ ਯਾਤਰਾ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਹੋ ਕੇ ਆਖਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਈ ਹੈ। ਇਕ ਮਹੀਨੇ ਦੇ ਕਰੀਬ ਚੱਲਣ ਵਾਲੀ ਇਹ ਯਾਤਰਾ ਪੰਜਾਬ ਵਿਚ ਇਕ ਵੱਡੀ ਸਰਗਰਮੀ ਬਣ ਗਈ।
ਅਜੇ ਇਸ ਯਾਤਰਾ ਦੀ ਸਰਗਰਮੀ ਖਤਮ ਵੀ ਨਹੀਂ ਸੀ ਹੋਈ ਕਿ ਸ. ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਦੀ 350 ਸਾਲਾ ਸਥਾਪਨਾ ਦੇ ਸਮਾਗਮ ਕਰਵਾਉਣ ਦਾ ਜ਼ਿੰਮਾ ਪੰਜਾਬ ਸਰਕਾਰ ਦੇ ਹੱਥ ਲੈ ਲਿਆ।
  ਇਨ੍ਹਾਂ ਸਮਾਗਮਾਂ ਨੂੰ ਇਕ ਵੱਡੀ ਸਰਗਰਮੀ ਦਾ ਸਾਧਨ ਬਣਾਇਆ ਜਾ ਰਿਹਾ ਹੈ। ਪੰਜਾਬ ਭਰ ਤੋਂ ਲੋਕ ਇਨ੍ਹਾਂ ਸਮਾਗਮਾਂ ਲਈ ਲਿਆਂਦੇ ਜਾ ਰਹੇ ਹਨ। ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖੀ ਵਿਰਾਸਤ ਨੂੰ ਹੋਰ ਉਭਾਰਨ ਲਈ ਇਕ ਵੱਡ-ਅਕਾਰੀ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਹੈ। ਸਮੁੱਚੇ ਆਨੰਦਪੁਰ ਸਾਹਿਬ ਨੂੰ ਸ਼ਾਂਤੀ ਦੇ ਬਿੰਬ ਵਜੋਂ ਉਭਾਰਨ ਲਈ ਚਿੱਟੇ ਰੰਗ ਵਿਚ ਰੰਗਿਆ ਹੈ। ਹੋਰ ਅਨੇਕਾਂ ਢੰਗਾਂ ਨਾਲ ਇਸ ਸਮਾਗਮ ਨੂੰ ਵਿਸ਼ੇਸ਼ ਮਹੱਤਵ ਦਿੱਤੇ ਜਾ ਰਹੇ ਹਨ। ਇਹ ਸਮਾਗਮ ਆਰੰਭ ਹੋ ਚੁੱਕੇ ਹਨ ਅਤੇ ਪੂਰੇ ਪੰਜ ਦਿਨ 19 ਜੂਨ ਤੱਕ ਇਹ ਸਮਾਗਮ ਜਾਰੀ ਰਹਿਣੇ ਹਨ। ਇਸ ਦੇ ਨਾਲ ਹੀ ਪਿਛਲੇ ਕਰੀਬ ਡੇਢ-ਦੋ ਸਾਲ ਤੋਂ ਸਿੱਖ ਕੈਦੀਆਂ ਦੀ ਜੇਲ੍ਹਾਂ ‘ਚੋਂ ਰਿਹਾਈ ਜਾਂ ਉਨ੍ਹਾਂ ਨੂੰ ਪੰਜਾਬ ਵਿਚ ਤਬਦੀਲ ਕਰਨ ਦੇ ਮਾਮਲੇ ਨੂੰ ਲੈ ਕੇ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਚੱਲਦਾ ਆ ਰਿਹਾ ਹੈ। ਪਹਿਲਾਂ ਬਾਬਾ ਗੁਰਬਖਸ਼ ਸਿੰਘ 2 ਵਾਰ ਲੰਮੀ ਭੁੱਖ ਹੜਤਾਲ ‘ਤੇ ਬੈਠੇ। ਹੁਣ ਬਾਪੂ ਸੂਰਤ ਸਿੰਘ ਲੰਮੇ ਸਮੇਂ ਤੋਂ ਭੁੱਖ ਹੜਤਾਲ ਚਲਾ ਰਹੇ ਹਨ। ਪੰਜਾਬ ਸਰਕਾਰ ਨੇ ਖਾੜਕੂਆਂ ਤੋਂ ਇਹ ਮੁੱਦਾ ਖੋਹਣ ਲਈ ਸਾਬਕਾ ਖਾੜਕੂ ਆਗੂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਤਿਹਾੜ ਜੇਲ੍ਹ ਨਵੀਂ ਦਿੱਲੀ ਤੋਂ ਤਬਦੀਲ ਕਰਕੇ ਅੰਮ੍ਰਿਤਸਰ ਲੈ ਆਂਦਾ ਹੈ। ਅੰਮ੍ਰਿਤਸਰ ਵਿਖੇ ਹਸਪਤਾਲ ਦੇ ਇਕ ਵਾਰਡ ਵਿਚ ਉਨ੍ਹਾਂ ਨੂੰ ਹਰ ਰੋਜ਼ ਅਨੇਕਾਂ ਲੋਕ ਅਤੇ ਪਰਿਵਾਰ ਦੇ ਮੈਂਬਰ ਲਗਾਤਾਰ ਮਿਲ ਰਹੇ ਹਨ। ਇਸ ਨਾਲ ਗਰਮ ਖਿਆਲੀ ਲੋਕਾਂ ਦੇ ਮਨਾਂ ਵਿਚ ਰੋਸ ਘਟਿਆ ਹੈ ਅਤੇ ਕਈਆਂ ਨੇ ਤਾਂ ਸਰਕਾਰ ਦੀ ਇਸ ਨੀਤੀ ਦਾ ਸਵਾਗਤ ਵੀ ਕੀਤਾ ਹੈ। ਖਾਸਕਰ ਖਾੜਕੂ ਪਰਿਵਾਰ ਸਰਕਾਰ ਦੇ ਇਸ ਫੈਸਲੇ ਨੂੰ ਬੜੀ ਉਮੀਦ ਨਾਲ ਵੇਖ ਰਹੇ ਹਨ। ਉਪਰੋਕਤ ਸਾਰੀਆਂ ਗੱਲਾਂ ਦਰਸਾਉਂਦੀਆਂ ਹਨ ਕਿ ਵੋਟ ਰਾਜਨੀਤੀ ਤਹਿਤ ਅਕਾਲੀ ਦਲ ਲੀਡਰਸ਼ਿਪ ਨੇ ਹੁਣ ਦੇਖ ਲਿਆ ਹੈ ਕਿ ਵਿਕਾਸ ਮੁੱਦੇ ਦਾ ਪੱਤਾ ਹੁਣ ਚੋਣਾਂ ਵਿਚ ਚੱਲਣ ਵਾਲਾ ਨਹੀਂ ਹੈ। ਹੁਣ ਇਸ ਲਈ ਉਨ੍ਹਾਂ ਨੇ ਪੰਜਾਬ ਦੇ ਸਿੱਖਾਂ ਦਾ ਵੱਡੀ ਪੱਧਰ ‘ਤੇ ਮਨ ਜਿੱਤਣ ਲਈ ਅਜਿਹੇ ਮਸਲਿਆਂ ਵੱਲ ਧਿਆਨ ਮੋੜ ਲਿਆ ਹੈ।
ਪਿਛਲੇ ਕਈ ਦਿਨਾਂ ਤੋਂ ਇਹ ਆਮ ਚਰਚਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਮਾਗਮਾਂ ਵਿਚ ਭਾਗ ਲੈਣ ਆਉਣਗੇ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਖੁਦ ਉਨ੍ਹਾਂ ਨੂੰ ਸੱਦਾ ਪੱਤਰ ਦੇਣ ਗਏ ਸਨ। ਪਰ ਕਈ ਦਿਨ ਦੀ ਧੂਹ-ਖਿੱਚ ਤੋਂ ਬਾਅਦ ਆਖਰ ਮੋਦੀ ਦੇ ਸਮਾਗਮਾਂ ਵਿਚ ਨਾ ਸ਼ਾਮਲ ਹੋਣ ਦਾ ਫੈਸਲਾ ਆ ਗਿਆ ਹੈ। ਸ਼੍ਰੀ ਮੋਦੀ ਨੇ ਭਾਵੇਂ ਸਮਾਗਮ ਵਿਚ ਨਾ ਆਉਣ ਦਾ ਫੈਸਲਾ ਭਾਜਪਾ ਆਗੂਆਂ ਦੇ ਕਹਿਣ ਉਪਰ ਲਿਆ ਹੋਵੇ, ਪਰ ਇਹ ਫੈਸਲਾ ਵੀ ਬਾਦਲ ਦੀ ਨੀਤੀ ਨੂੰ ਰਾਸ ਆ ਰਿਹਾ ਨਜ਼ਰ ਆਉਂਦਾ ਹੈ। ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਨੇ ਪੰਜਾਬ ਪ੍ਰਤੀ ਕਾਫੀ ਰੁੱਖਾ ਵਤੀਰਾ ਅਪਣਾਇਆ ਹੋਇਆ ਹੈ। ਖਾਸਕਰ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਦਾ ਆਰਥਿਕ ਪੈਕੇਜ ਦੇਣ ਤੋਂ ਕੋਰਾ ਜਵਾਬ ਦਿੱਤੇ ਜਾਣ ਨਾਲ ਅਕਾਲੀ ਲੀਡਰਸ਼ਿਪ ਨੂੰ ਵੱਡਾ ਝਟਕਾ ਲੱਗਿਆ ਹੈ। ਅਕਾਲੀ ਲੀਡਰਸ਼ਿਪ ਨੇ ਅੰਦਰੋਂ-ਅੰਦਰ ਘੁਸਰ-ਮੁਸਰ ਸ਼ੁਰੂ ਕਰ ਦਿੱਤੀ ਹੈ ਕਿ ਮੋਦੀ ਸਰਕਾਰ ਵੀ ਪੰਜਾਬ ਪ੍ਰਤੀ ਕਾਂਗਰਸ ਵਰਗਾ ਵਤੀਰਾ ਹੀ ਅਪਣਾ ਰਹੀ ਹੈ। ਅਜਿਹੀ ਹਾਲਤ ਵਿਚ ਮੋਦੀ ਵੱਲੋਂ ਪੰਜਾਬ ਨਾ ਆਉਣ ਦਾ ਕੀਤਾ ਫੈਸਲਾ ਅਕਾਲੀਆਂ ਦੀ ਘੁਸਰ-ਮੁਸਰ ਨੂੰ ਹੋਰ ਬਲ ਬਖਸ਼ੇਗਾ। ਚਰਚਾ ਤਾਂ ਇਹ ਸੀ ਕਿ ਮੋਦੀ ਸ੍ਰੀ ਆਨੰਦਪੁਰ ਸਾਹਿਬ ਦੇ ਸਮਾਗਮਾਂ ਵਿਚ ਆ ਕੇ ਪੰਜਾਬ ਨੂੰ ਆਰਥਿਕ ਪੈਕੇਜ ਦੇਣ ਬਾਰੇ ਕਿਸੇ ਨਾ ਕਿਸੇ ਰੂਪ ਵਿਚ ਕੋਈ ਐਲਾਨ ਕਰ ਸਕਦੇ ਹਨ। ਪਰ ਹੋ ਇਸ ਤੋਂ ਉਲਟ ਗਿਆ ਕਿ ਆਰਥਿਕ ਪੈਕੇਜ ਤਾਂ ਦੂਰ, ਉਨ੍ਹਾਂ ਨੇ ਤਾਂ ਸਮਾਗਮ ਵਿਚ ਆਉਣਾ ਵਾਜ਼ਿਬ ਨਹੀਂ ਸਮਝਿਆ। ਇਸ ਤਰ੍ਹਾਂ ਅਕਾਲੀ ਲੀਡਰਸ਼ਿਪ ਇਕੋ ਤੀਰ ਨਾਲ ਕਈ ਨਿਸ਼ਾਨੇ ਵਿੰਨ੍ਹਣ ਦੇ ਰਾਹ ਪਈ ਨਜ਼ਰ ਆਉਂਦੀ ਹੈ।
ਇਹ ਗੱਲ ਠੀਕ ਹੈ ਕਿ ਧਾਰਮਿਕ ਮੁੱਦਿਆਂ ਵੱਲ ਉਲਾਰ ਹੋ ਕੇ ਅਕਾਲੀ ਲੀਡਰਸ਼ਿਪ ਨੇ ਆਪਣੇ ਫੌਰੀ ਸੰਕਟ ਤੋਂ ਤਾਂ ਨਿਜ਼ਾਤ ਪਾ ਲਈ ਹੈ ਕਿ ਡੇਢ ਸਾਲ ਬਾਅਦ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਸਿਰਫ ਧਾਰਮਿਕ ਮੁੱਦਿਆਂ ਉਪਰ ਹੀ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਵਿਚ ਕਾਮਯਾਬ ਹੋ ਸਕਣਗੇ, ਇਸ ਗੱਲ ਦਾ ਪਤਾ ਤਾਂ ਬਾਅਦ ਵਿਚ ਹੀ ਲੱਗ ਸਕੇਗਾ। ਪ੍ਰਵਾਸੀ ਪੰਜਾਬੀਆਂ ਦੀਆਂ ਨਜ਼ਰਾਂ ਵੀ ਇਸ ਗੱਲ ‘ਤੇ ਵਧੇਰੇ ਟਿਕੀਆਂ ਹੋਈਆਂ ਹਨ ਕਿ ਅਕਾਲੀ ਲੀਡਰਸ਼ਿਪ ਧਾਰਮਿਕ ਮੁੱਦਿਆਂ ਉਪਰ ਲੋਕਾਂ ਨੂੰ ਝੂਠ-ਮੂਠ ਨਾਲ ਹੀ ਵਰਚਾਉਣ ਦਾ ਯਤਨ ਕਰ ਰਹੀ ਹੈ ਜਾਂ ਸੱਚੇ ਮਨੋਂ ਕੁਝ ਕਰਨਾ ਵੀ ਚਾਹੁੰਦੀ ਹੈ। ਆਖਰ ਨਿਬੇੜਾ ਅਮਲਾ ‘ਤੇ ਹੀ ਹੋਣਾ ਹੈ। ਦੇਖਦੇ ਹਾਂ ਕਿ ਅਕਾਲੀ ਲੀਡਰਸ਼ਿਪ ਇਸ ਮੁੱਦੇ ‘ਤੇ ਕਿੰਨਾ ਕੁ ਪੂਰਾ ਉਤਰਦੀ ਹੈ।
................................................
ਟਿਪਣੀ:-    ਸ਼ਕਾਰੀਆਂ ਨੇ ਤਾਂ ਸ਼ਕਾਰ ਕਰਨਾ, ਭਾਵੇਂ ਸ਼ਕਾਰ ਜਾਲ ਵਿਚ ਫੱਸ ਕੇ ਮਰੇ, ਜਾਂ ਕਿਸੇ ਕੜਿਕੇ ਵਿਚ ਫੱਸ ਕੇ ਮਰੇ, ਜਾਂ ਬੰਦੂਕ ਦੀ ਗੋਲੀ ਨਾਲ ਮਾਰਨਾ ਪਵੇ। ਇਹ ਹੁਣ ਸ਼ਕਾਰ ਨੇ ਸੋਚਣਾ, ਕਿ ਉਸ ਨੇ ਕਿਵੇਂ ਮਰਨਾ ? ਜਾਂ ਇਕੱਠੇ ਹੋ ਕੇ ਇਨ੍ਹਾਂ ਸ਼ਕਾਰੀਆਂ ਤੋਂ ਬਚ ਕੇ ਨਿਕਲਣ ਦੀ ਵਿਉਂਤ-ਬੰਦੀ ਕਰਨੀ ਹੈ ?       ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.