ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸੋਸ਼ਲ ਮੀਡੀਆ ਅਤੇ ਪ੍ਰਵਾਸੀ ਪੰਜਾਬੀ
ਸੋਸ਼ਲ ਮੀਡੀਆ ਅਤੇ ਪ੍ਰਵਾਸੀ ਪੰਜਾਬੀ
Page Visitors: 2538

ਸੋਸ਼ਲ ਮੀਡੀਆ ਅਤੇ ਪ੍ਰਵਾਸੀ ਪੰਜਾਬੀ
ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹਰ ਛੋਟੀ-ਵੱਡੀ ਗੱਲ ਮਿੰਟਾਂ-ਸਕਿੰਟਾਂ ਵਿਚ ਵਿਸ਼ਵ ਭਰ ਵਿਚ ਫੈਲ ਜਾਂਦੀ ਹੈ। ਇਸ ਵਿਗਿਆਨਕ ਯੁੱਗ ਵਿਚ ਸੋਸ਼ਲ ਮੀਡੀਏ ਦਾ ਆਪਣਾ ਵਿਲੱਖਣ ਸਥਾਨ ਹੈ। ਦੂਜੀਆਂ ਕੌਮਾਂ ਦੇ ਨਾਲ-ਨਾਲ ਪ੍ਰਵਾਸੀ ਪੰਜਾਬੀ ਵੀ ਪੂਰੀ ਤਰ੍ਹਾਂ ਇਸ ਵਿਚ ਗੜੁੱਚੇ ਗਏ ਹਨ। ਫੇਸਬੁੱਕ, ਵੱਟਸ ਐਪ, ਟਵਿੱਟਰ, ਸਕਾਈਪ ਸਮੇਤ ਹੋਰ ਵੀ ਬਹੁਤ ਸਾਰੇ ਸੋਸ਼ਲ ਮੀਡੀਏ ਦੇ ਸਾਧਨ ਹਨ, ਜਿਸ ਨਾਲ ਲੋਕ ਚੁਟਕੀ ਮਾਰਦਿਆਂ ਸਾਰ ਦੇਸਾਂ-ਵਿਦੇਸ਼ਾਂ ਵਿਚ ਆਪਣਾ ਸੰਦੇਸ਼ ਭੇਜ ਦਿੰਦੇ ਹਨ। ਬਹੁਤੇ ਲੋਕ ਤਾਂ ਆਪਣੇ ਬਿਜ਼ਨਸ ਜਾਂ ਵਪਾਰ ਨਾਲ ਸੰਬੰਧਤ ਕੰਮਾਂ ਲਈ ਸੋਸ਼ਲ ਮੀਡੀਏ ਦਾ ਇਸਤੇਮਾਲ ਕਰਦੇ ਹਨ। ਬਹੁਤੇ ਤਾਂ ਮਨਪ੍ਰਚਾਵੇ ਲਈ ਹੀ ਇਸ ਨੂੰ ਵਰਤਦੇ ਹਨ। ਟੀ.ਵੀ., ਰੇਡੀਓ ਤੋਂ ਬਾਅਦ ਸੋਸ਼ਲ ਮੀਡੀਆ ਉੱਭਰ ਕੇ ਸਾਹਮਣੇ ਆਇਆ ਹੈ। ਇਸ ਨੂੰ ਵਰਤਣਾ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ। ਬੱਸ ਜੇ ਤੁਹਾਡੇ ਕੋਲ ਫੋਨ ਜਾਂ ਕੰਪਿਊਟਰ ਹੈ ਅਤੇ ਉਸ ਦਾ ਕੁਨੈਕਸ਼ਨ ਇੰਟਰਨੈੱਟ ਨਾਲ ਹੈ, ਜਿਸ ਨਾਲ ਤੁਸੀਂ ਸੋਸ਼ਲ ਮੀਡੀਏ ਦੀ ਵਰਤੋਂ ਬੜੀ ਆਸਾਨੀ ਨਾਲ ਕਰ ਸਕਦੇ ਹੋ ਅਤੇ ਆਪਣਾ ਸੰਦੇਸ਼ ਦੂਜਿਆਂ ਤੱਕ ਪੁੱਜਦਾ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ-ਨਾਲ ਫੋਟੋ, ਵੀਡੀਓ ਦਾ ਵੀ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਫੇਸਟਾਈਮ ਜਾਂ ਸਕਾਈਪ ਆਦਿ ਸਮੇਤ ਹੋਰ ਵੀ ਬਹੁਤ ਸਾਰੇ ਅਜਿਹੇ ਸਾਧਨ ਹਨ, ਜਿਸ ਨਾਲ ਅਸੀਂ ਇਕ ਦੂਜੇ ਨੂੰ ਮੌਕੇ ‘ਤੇ ਸਿੱਧਾ ਦੇਖ-ਸੁਣ ਸਕਦੇ ਹਾਂ।
ਸੋਸ਼ਲ ਮੀਡੀਏ ‘ਤੇ ਤਾਜ਼ੀਆਂ ਖ਼ਬਰਾਂ ਨਾਲੋਂ-ਨਾਲ ਇਕ ਦੂਜੇ ਤੱਕ ਪਹੁੰਚ ਜਾਂਦੀਆਂ ਹਨ। ਇਸ ਦਾ ਅਕਾਊਂਟ ਸੈੱਟ ਕਰਕੇ ਖੁਦ ਹੀ ਸੁਨੇਹੇ ਭੇਜੇ ਜਾ ਸਕਦੇ ਹਨ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਰਾਜਨੀਤਿਕ ਪਾਰਟੀਆਂ ਇਨ੍ਹਾਂ ਸੋਸ਼ਲ ਸਾਈਟਾਂ ਦਾ ਸਹਾਰਾ ਲੈ ਕੇ ਜਿੱਤਾਂ ਪ੍ਰਾਪਤ ਕਰ ਰਹੀਆਂ ਹਨ। ਵੱਡੇ-ਵੱਡੇ ਵਪਾਰਕ ਅਦਾਰੇ ਵੀ ਅੱਜ ਸੋਸ਼ਲ ਸਾਈਟਾਂ ਦਾ ਸਹਾਰਾ ਲੈ ਰਹੇ ਹਨ। ਦੁਨੀਆ ਭਰ ਵਿਚ ਪ੍ਰੈੱਸ ਨੂੰ ਜਮਹੂਰੀਅਤ ਦਾ ਚੌਥਾ ਥੰਮ੍ਹ ਦੱਸਿਆ ਜਾਂਦਾ ਹੈ। ਸਿਆਸਤ ਅੰਦਰ ਮੀਡੀਆ ਦੀ ਭੂਮਿਕਾ ਨੂੰ ਕਦੇ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਚੌਕਸ ਮੀਡੀਏ ਨੇ ਵੱਡੀਆਂ-ਵੱਡੀਆਂ ਰਾਜਸੀ ਉਥਲ-ਪੁਥਲ ਦਾ ਮੁੱਢ ਬੰਨ੍ਹਿਆ ਹੈ ਅਤੇ ਬਹੁਤ ਸਾਰੀਆਂ ਰਾਜਸੀ ਲਹਿਰਾਂ ਦੇ ਉਠਣ ਅਤੇ ਪ੍ਰਫੁਲਿਤ ਹੋਣ ‘ਚ ਮੀਡੀਏ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ।
ਸੋਸ਼ਲ ਮੀਡੀਆ ਕਿਸੇ ਵੀ ਬੰਦਿਸ਼ਾਂ ਦਾ ਮੁਥਾਜ ਨਹੀਂ ਹੈ। ਇਹ ਮੀਡੀਆ ਪੂਰੀ ਤਰ੍ਹਾਂ ਆਜ਼ਾਦ ਹੈ। ਇਸ ਦੇ ਨਾਲ-ਨਾਲ ਇਹ ਕਿਸੇ ਖਿੱਤੇ ਜਾਂ ਦੇਸ਼ ਤੱਕ ਹੀ ਸੀਮਤ ਨਹੀਂ, ਬਲਕਿ ਇਸ ਦਾ ਦਾਇਰਾ ਪੂਰੀ ਦੁਨੀਆ ਤੱਕ ਖਿਲਰਿਆ ਹੋਇਆ ਹੈ। ਇਸ ਮੀਡੀਏ ਉਪਰ ਕਿਸੇ ਧਿਰ ਜਾਂ ਗਰੁੱਪ ਦਾ ਕਬਜ਼ਾ ਨਹੀਂ ਹੈ। ਅਮਰੀਕਾ ਅੰਦਰ ਸੋਸ਼ਲ ਮੀਡੀਆ ਇਕ ਵੱਡੀ ਤਾਕਤ ਬਣ ਕੇ ਉਭਰਿਆ ਹੈ। ਇਸ ਦਾ ਫੈਲਾਅ ਦੂਰ-ਦੂਰ ਤੱਕ ਹੋਇਆ ਹੈ। ਕਈ ਵਾਰੀ ਤਾਂ ਅਜਿਹਾ ਹੁੰਦਾ ਹੈ ਕਿ ਅਖ਼ਬਾਰਾਂ, ਟੀ.ਵੀ. ਜਾਂ ਰੇਡੀਓ ‘ਤੇ ਖ਼ਬਰਾਂ ਬਾਅਦ ਵਿਚ ਪਹੁੰਚਦੀਆਂ ਹਨ, ਪਰ ਸੋਸ਼ਲ ਮੀਡੀਆ ਇਸ ਨੂੰ ਪਹਿਲਾਂ ਹੀ ਕਵਰ ਕਰ ਜਾਂਦਾ ਹੈ। ਅੱਜ ਨੌਰਥ ਅਮਰੀਕਾ ‘ਚ ਫੇਸਬੁੱਕ ਦਾ ਕਾਫੀ ਰੁਝਾਨ ਹੈ। ਬਹੁਤੇ ਲੋਕ ਤਾਂ ਸਾਰਾ-ਸਾਰਾ ਦਿਨ ਫੇਸਬੁੱਕ ਨਾਲ ਜੁੜੇ ਰਹਿੰਦੇ ਹਨ। ਜਿਨ੍ਹਾਂ ਲੋਕਾਂ ਦਾ ਕੰਮ ਫੇਸਬੁੱਕ ਨਾਲ ਸੰਬੰਧਤ ਹੈ, ਉਹ ਤਾਂ ਜਾਇਜ਼ ਹੈ। ਪਰ ਦੂਜੇ ਲੋਕ ਫੇਸਬੁੱਕ ‘ਤੇ ਪਏ ਸੰਦੇਸ਼ਾਂ ਨੂੰ ਹੀ ਘੋਖਦੇ ਰਹਿੰਦੇ ਹਨ ਅਤੇ ਆਪੋ-ਆਪਣੇ ਕੁਮੈਂਟ ਸੁੱਟੀ ਜਾਂਦੇ ਹਨ। ਕੁਝ ਇਕ ਲੋਕ ਤਾਂ ਅਜਿਹੇ ਵੀ ਦੇਖਣ ਵਿਚ ਆਏ ਹਨ, ਜਿਹੜੇ ਸਾਰਾ-ਸਾਰਾ ਦਿਨ ਫੇਸਬੁੱਕ ਨਲ ਚਿੰਬੜੇ ਰਹਿੰਦੇ ਹਨ। ਕਈ ਵਾਰੀ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਬੰਦਾ ਕੋਈ ਹੋਰ ਕੰਮ ਨਹੀਂ ਕਰਦਾ, ਸਿਰਫ ਫੇਸਬੁੱਕ ਹੀ ਉਸ ਦਾ ਸਹਾਰਾ ਹੈ। ਅੱਜ ਫੇਸਬੁੱਕ ਕਾਰਨ ਬਹੁਤ ਸਾਰੇ ਪਰਿਵਾਰਾਂ ਵਿਚ ਤਰੇੜਾਂ ਪੈ ਚੁੱਕੀਆਂ ਹਨ। ਜੇ ਕੋਈ ਮਰਦ ਫੇਸਬੁੱਕ ‘ਤੇ ਬੈਠਾ ਰਹਿੰਦਾ ਹੈ, ਤਾਂ ਔਰਤਾਂ ਉਨ੍ਹਾਂ ਨੂੰ ਇਹ ਵੀ ਕਹਿੰਦੀਆਂ ਹਨ ਕਿ ਕੋਈ ਹੋਰ ਕੰਮ ਵੀ ਕਰ ਲਿਆ ਕਰੋ। ਫੇਸਬੁੱਕ ਕਾਰਨ ਘਰਾਂ ਤੋਂ ਇਲਾਵਾ ਸਾਡੇ ਸਮਾਜ ਵਿਚ ਵੀ ਕੁੜੱਤਣ ਪੈ ਚੁੱਕੀ ਹੈ। ਧੜੇਬੰਦੀਆ ਵੱਧ ਗਈਆਂ ਹਨ। ਲੋਕ ਸੋਸ਼ਲ ਸਾਈਟਾਂ ‘ਤੇ ਕੁਝ ਸੰਦੇਸ਼ ਅਜਿਹੇ ਪਾ ਦਿੰਦੇ ਹਨ, ਜਿਸ ਨਾਲ ਸਮਾਜ ਵਿਚ ਤਕਰਾਰ ਪੈਦਾ ਹੋ ਜਾਂਦਾ ਹੈ। ਇਨ੍ਹਾਂ ਸਾਈਟਾਂ ਉਪਰ ਕੁੱਝ ਵੀ ਲਿਖਿਆ ਜਾ ਸਕਦਾ ਹੈ, ਜਿਸ ‘ਤੇ ਕੋਈ ਕੰਟਰੋਲ ਨਹੀਂ ਹੁੰਦਾ।
ਜਿਥੇ ਸੋਸ਼ਲ ਮੀਡੀਏ ਦੇ ਬਹੁਤ ਸਾਰੇ ਫਾਇਦੇ ਹਨ, ਉਥੇ ਇਸ ਦਾ ਦੂਜਾ ਪਾਸਾ ਵੀ ਹੈ। ਬਹੁਤ ਸਾਰੀਆਂ ਸਹੀ ਖ਼ਬਰਾਂ ਨੂੰ ਗਲਤ ਅਤੇ ਗਲਤ ਨੂੰ ਸਹੀ ਸਾਬਤ ਕੀਤਾ ਜਾ ਰਿਹਾ ਹੈ। ਜਿਸ ਨਾਲ ਸਾਡੇ ਭਾਈਚਾਰੇ ਵਿਚ ਧੜੇਬੰਦੀ ਵੱਧ ਰਹੀ ਹੈ। ਲੋਕ ਇਕ ਦੂਜੇ ਨਾਲ ਟੁੱਟ  ਕੇ ਦੂਰ ਹੋ ਰਹੇ ਹਨ, ਜੋ ਕਿ ਆਉਣ ਵਾਲੇ ਸਮੇਂ ਲਈ ਚੰਗਾ ਸੰਦੇਸ਼ ਨਹੀਂ ਹੈ। ਸਾਨੂੰ ਜੋਸ਼ ਨਾਲੋਂ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ। ਠਰੰ੍ਹਮੇ ਨਾਲ ਹਰ ਮਸਲਾ ਹੱਲ ਹੋ ਸਕਦਾ ਹੈ। ਸੋਸ਼ਲ ਸਾਈਟਾਂ ‘ਤੇ ਇੰਨਾ ਖਿਲਾਰਾ ਪਿਆ ਹੋਇਆ ਹੈ ਕਿ ਕਈ ਵਾਰੀ ਇਸ ਨੂੰ ਦੇਖ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਸਾਨੂੰ ਆਪਸੀ ਰੰਜ਼ਿਸ਼ਾਂ ਮਿਲ-ਬੈਠ ਕੇ ਹੱਲ ਕਰ ਲੈਣੀਆਂ ਚਾਹੀਦੀਆਂ ਹਨ। ਧੀਰਜ ਨਾਲ ਕੰਮ ਕਰਨ ‘ਤੇ ਸਮੱਸਿਆਵਾਂ ਘੱਟਦੀਆਂ ਹਨ। ਜੇ ਅਸੀਂ ਸੋਸ਼ਲ ਮੀਡੀਏ ਨੂੰ ਚੰਗੀ ਨੀਯਤ ਅਤੇ ਚੰਗੀ ਸੋਚ ਨਾਲ ਵਰਤਾਂਗੇ, ਤਾਂ ਅਸੀਂ ਆਪਣੇ ਭਾਈਚਾਰੇ ਨੂੰ ਜੋੜੀ ਰੱਖ ਸਕਦੇ ਹਾਂ।

ਗੁਰਜਤਿੰਦਰ ਸਿੰਘ ਰੰਧਾਵਾ ,

 ਸੈਕਰਾਮੈਂਟੋ, ਕੈਲੀਫੋਰਨੀਆ,

 916-320-9444

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.