ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕਿਉਂ ਲੋੜ ਪਈ ਅਕਾਲੀ ਆਗੂਆਂ ਨੂੰ ਵਿਦੇਸ਼ਾਂ ‘ਚ ਆਉਣ ਦੀ ?
ਕਿਉਂ ਲੋੜ ਪਈ ਅਕਾਲੀ ਆਗੂਆਂ ਨੂੰ ਵਿਦੇਸ਼ਾਂ ‘ਚ ਆਉਣ ਦੀ ?
Page Visitors: 2635

ਕਿਉਂ ਲੋੜ ਪਈ ਅਕਾਲੀ ਆਗੂਆਂ ਨੂੰ ਵਿਦੇਸ਼ਾਂ ‘ਚ ਆਉਣ ਦੀ ?
ਗੁਰਜਤਿੰਦਰ ਸਿੰਘ ਰੰਧਾਵਾ , ਸੈਕਰਾਮੈਂਟੋ, ਕੈਲੀਫੋਰਨੀਆ, 916-320-9444
  ਪਿਛਲੇ ਸੰਪਾਦਕੀ ਵਿਚ ਅਸੀਂ ਇਹ ਗੱਲ ਬੜੀ ਸਪੱਸ਼ਟਤਾ ਨਾਲ ਆਖੀ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹੋਣ ਕਾਰਨ ਅਕਾਲੀ ਨੇਤਾ ਪ੍ਰਵਾਸੀ ਪੰਜਾਬੀਆਂ ਨੂੰ ਭਰਮਾਉਣ ਲਈ ਉਤਰੀ ਅਮਰੀਕਾ ਵੱਲ ਨੂੰ ਚਾਲੇ ਪਾ ਰਹੇ ਹਨ। ਉਨ੍ਹਾਂ ਵੱਲੋਂ ਇਹ ਦੌਰੇ ਪੰਜਾਬ ‘ਚ ਹੁੰਦੀਆਂ ਚੋਣਾਂ, ਖਾਸਕਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਪ੍ਰਵਾਸੀ ਪੰਜਾਬੀਆਂ ਦੇ ਲਗਾਤਾਰ ਵਧ ਰਹੇ ਪ੍ਰਭਾਵ ਕਾਰਨ ਕੀਤੇ ਜਾ ਰਹੇ ਹਨ। ਪਰ ਅਸੀਂ ਇਸ ਗੱਲ ਦਾ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਅਕਾਲੀ ਆਗੂ ਤੇ ਸਰਕਾਰੀ ਵਜ਼ੀਰ ਉੱਤਰੀ ਅਮਰੀਕਾ ਵਿਚ ਪੰਜਾਬੀ ਮੀਡੀਏ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰਕੇ ਆ ਰਹੇ ਹਨ। ਇਕ ਪਾਸੇ ਭਾਵੇਂ ਇਹ ਆਗੂ ਪੰਜਾਬ ਅੰਦਰ ਪੰਜਾਬੀ ਪ੍ਰਵਾਸੀ ਸੰਮੇਲਨ ਕਰਵਾ ਕੇ ਅਤੇ ਉਥੇ ਪ੍ਰਵਾਸੀ ਪੰਜਾਬੀ ਮੀਡੀਏ ਨੂੰ ਸੱਦ ਕੇ ਲਗਾਤਾਰ ਸੰਪਰਕ ਰੱਖਣ ਅਤੇ ਹਮਾਇਤੀ ਲੈਣ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਪਰ ਹੁਣ ਦੌਰੇ ‘ਤੇ ਆਉਣ ਤੋਂ ਪਹਿਲਾਂ ਕਿਸੇ ਵੀ ਪੰਜਾਬੀ ਮੀਡੀਏ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ। ਨਾ ਉਨ੍ਹਾਂ ਨੂੰ ਉਚਿਤ ਢੰਗ ਨਾਲ ਦੌਰੇ ਬਾਰੇ ਜਾਣਕਾਰੀ ਹੀ ਮੁਹੱਈਆ ਕੀਤੀ ਗਈ। ਸਾਡਾ ਇਹ ਖਦਸ਼ਾ ਸੀ ਕਿ ਪੰਜਾਬੀ ਮੀਡੀਏ ਪ੍ਰਤੀ ਅਕਾਲੀ ਆਗੂਆਂ ਦੇ ਅਜਿਹੇ ਵਤੀਰੇ ਕਾਰਨ ਉਨ੍ਹਾਂ ਦੇ ਦੌਰੇ ਦੀ ਸਫਲਤਾ ਉਪਰ ਸਵਾਲੀਆ ਚਿੰਨ੍ਹ ਲੱਗ ਸਕਦੇ ਹਨ। ਸਾਡੀ ਇਹ ਗੱਲ ਸੌਲਾਂ ਆਨੇ ਸੱਚ ਸਾਬਿਤ ਹੋਈ ਹੈ। ਅਕਾਲੀ ਆਗੂਆਂ ਨੇ ਨਾ ਸਿਰਫ ਵਿਦੇਸ਼ਾਂ ਵਿਚਲੇ ਪੰਜਾਬੀ ਮੀਡੀਏ ਨੂੰ ਅਣਗੌਲਿਆਂ ਕੀਤਾ ਹੈ, ਸਗੋਂ ਇਸ ਤੋਂ ਵੀ ਵੱਧ ਉਨ੍ਹਾਂ ਨੇ ਦੌਰੇ ‘ਤੇ ਆਉਣ ਤੋਂ ਪਹਿਲਾਂ ਪੰਜਾਬੀਆਂ ਦੇ ਕਿਸੇ ਵੀ ਵਰਗ ਨੂੰ ਭਰੋਸੇ ਵਿਚ ਨਹੀਂ ਲਿਆ। ਇਥੋਂ ਤੱਕ ਕਿ ਅਕਾਲੀ ਦਲ ਦੇ ਕਿਸੇ ਸਮੇਂ ਅਹੁਦੇਦਾਰ ਰਹੇ ਜਾਂ ਸਰਗਰਮ ਵਰਕਰਾਂ ਵਜੋਂ ਵਿਚਰਦੇ ਰਹੇ ਆਗੂ ਵੀ ਭਰੋਸੇ ਵਿਚ ਨਾ ਲਏ ਜਾਣ ਕਾਰਨ ਨਾਰਾਜ਼ ਦਿਖਾਈ ਦਿੱਤੇ ਹਨ। ਅਕਾਲੀ ਆਗੂਆਂ ਵੱਲੋਂ ਬਿਨਾਂ ਤਿਆਰੀ, ਮੀਡੀਆ ਅਤੇ ਹੋਰ ਆਗੂਆਂ ਨੂੰ ਭਰੋਸੇ ਵਿਚ ਲਏ ਬਗੈਰ ਹੀ ਇਥੇ ਆ ਕੇ ਸ਼ੁਰੂ ਕੀਤੇ ਦੌਰੇ ਦਾ ਖਾਮਿਆਜ਼ਾ ਸਭ ਦੇ ਸਾਹਮਣੇ ਆ ਚੁੱਕਾ ਹੈ। ਉੱਤਰੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਅਕਾਲੀ ਨੇਤਾਵਾਂ ਦੀਆਂ ਮੀਟਿੰਗਾਂ ਦਾ ਜੋ ਬੁਰਾ ਹਾਲ ਹੋਇਆ ਹੈ, ਉਹ ਸਭ ਦੇ ਸਾਹਮਣੇ ਹੈ। ਟੋਰਾਂਟੋ ਵਿਖੇ ਕਰਵਾਏ ਜਨਤਕ ਸਮਾਗਮ ਵਿਚ ਅਕਾਲੀ ਨੇਤਾਵਾਂ ਨੂੰ ਜਾਨ ਛੁਡਾ ਕੇ ਭੱਜਣਾ ਪਿਆ। ਵੱਡੀ ਗਿਣਤੀ ਵਿਚ ਹਾਲ ਅੰਦਰ ਆਏ ਲੋਕ ਤਰ੍ਹਾਂ-ਤਰ੍ਹਾਂ ਦੇ ਸਵਾਲਾਂ ਦੀ ਬੁਛਾੜ ਕਰਦੇ ਰਹੇ। ਆਖਰ ਲੋਕਾਂ ਦਾ ਰੋਹ ਵਧਦਿਆਂ ਦੇਖਕੇ ਪੁਲਿਸ ਨੂੰ ਦਖਲ ਦੇਣਾ ਪਿਆ ਅਤੇ ਅਕਾਲੀ ਆਗੂਆਂ ਨੂੰ ਕੱਢਣਾ ਪਿਆ। ਫਿਰ ਨਿਊਯਾਰਕ ਵਿਚ ਵੀ ਇਕ ਹੋਟਲ ਵਿਚ ਬੈਠੇ ਅਕਾਲੀ ਆਗੂਆਂ ਨੂੰ ਪੁਲਿਸ ਦੇ ਦਖਲ ਨਾਲ ਕੱਢਿਆ ਗਿਆ। ਇਥੇ ਵੀ ਲੋਕਾਂ ਨੇ ਅਕਾਲੀ ਨੇਤਾਵਾਂ ਵਿਰੁੱਧ ਸਖਤ ਰੋਸ ਪ੍ਰਗਟਾਇਆ। ਇਸ ਤੋਂ ਬਾਅਦ ਵੈਨਕੂਵਰ ਦੇ ਨਾਲ ਲੱਗਦੇ ਸ਼ਹਿਰ ਐਬਟਸਫੋਰਡ ਵਿਖੇ ਤਾਂ ਹਾਲ ਇਹ ਸੀ ਕਿ ਇਕੱਠ ਵਾਲੀ ਥਾਂ ਲੋਕਾਂ ਦੇ ਰੋਹ ਨੂੰ ਵੇਖਦਿਆਂ ਬਹੁਤੇ ਅਕਾਲੀ ਆਗੂ ਰਾਹ ਵਿਚੋਂ ਹੀ ਪਤਰਾ ਵਾਚ ਗਏ ਅਤੇ ਸਮਾਗਮ ਵਿਚ ਗਏ ਇਕ ਆਗੂ ਨੂੰ ਲੋਕਾਂ ਦੇ ਸਵਾਲਾਂ ‘ਚ ਘਿਰੇ ਨੂੰ ਪੁਲਿਸ ਘੇਰਾ ਪਾ ਕੇ ਬਾਹਰ ਕੱਢ ਕੇ ਲਿਆਈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਵਿਚ ਵਾਪਰਿਆ ਹੈ। ਸੈਕਰਾਮੈਂਟੋ ਵਿਖੇ ਇਕ ਅਕਾਲੀ ਵਿਧਾਇਕ ਨੇ ਲੋਕਾਂ ਦਾ ਰੋਹ ਵੇਖਦਿਆਂ ਉਥੇ ਨਾ ਆਉਣ ਵਿਚ ਹੀ ਭਲਾ ਸਮਝਿਆ। ਅਕਾਲੀ ਨੇਤਾਵਾਂ ਦੇ ਦੌਰਿਆਂ ਵਿਰੁੱਧ ਲੋਕਾਂ ਵਿਚ ਫੈਲਿਆ ਰੋਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਅੰਦਰ ਪੰਜਾਬ ਸਰਕਾਰ ਪ੍ਰਤੀ ਬੇਹੱਦ ਗੁੱਸਾ ਅਤੇ ਰੋਸ ਹੈ। ਅਜਿਹੇ ਗੁੱਸੇ ਅਤੇ ਰੋਸ ਦੇ ਅਨੇਕ ਕਾਰਨ ਹਨ। ਪਿਛਲੇ 8 ਸਾਲ ਤੋਂ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਦਾ ਰਾਜ ਹੈ। ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰ ਵੱਲੋਂ ਬੜੀ ਵਾਰ ਭਰੋਸੇ ਦਿਵਾਏ ਗਏ ਕਿ ਉਨ੍ਹਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਦਾ ਨਿਪਟਾਰਾ ਕਰਨ ਲਈ ਵੱਖਰੇ ਐੱਨ.ਆਰ.ਆਈ. ਥਾਣੇ ਬਣਾਏ ਗਏ, ਵੱਖਰੀਆਂ ਐੱਨ.ਆਰ.ਆਈ. ਅਦਾਲਤਾਂ ਬਣਾਈਆਂ ਅਤੇ ਐੱਨ.ਆਰ.ਆਈ. ਕਮਿਸ਼ਨ ਬਣਾਇਆ ਗਿਆ। ਇਹ ਸਾਰੇ ਅਦਾਰੇ ਕਾਇਮ ਹੋਣ ਤੋਂ ਬਾਅਦ ਗੱਲ ਉਥੇ ਦੀ ਉਥੇ ਹੀ ਖੜ੍ਹੀ ਹੈ। ਲੋਕਾਂ ਦੇ ਜ਼ਮੀਨ-ਜਾਇਦਾਦ ਦੇ ਝਗੜੇ ਨਹੀਂ ਨਿਪਟੇ। ਪੰਜਾਬ ਅੰਦਰ ਆਪਣੀਆਂ ਜ਼ਮੀਨ-ਜਾਇਦਾਦਾਂ ਜਾਂ ਹੋਰ ਅਦਾਲਤੀ ਕੇਸਾਂ ਦੀ ਪੈਰਵਾਈ ਕਰਨ ਲਈ ਜਾਂਦੇ ਪੰਜਾਬੀਆਂ ਉਪਰ ਝੂਠੇ ਕੇਸ ਮੜ੍ਹ ਕੇ ਉਨ੍ਹਾਂ ਨੂੰ ਭਗੌੜੇ ਕਰਾਰ ਦੇਣ ਦੀ ਪ੍ਰਕਿਰਿਆ ਵਿਚ ਵੀ ਕੋਈ ਫਰਕ ਨਹੀਂ ਪਿਆ। ਇਸ ਵੇਲੇ ਪੰਜਾਬ ਅੰਦਰ 1200 ਦੇ ਕਰੀਬ ਪ੍ਰਵਾਸੀ ਪੰਜਾਬੀ ਮਾਮੂਲੀ ਕਿਸਮ ਦੇ ਦਰਜ ਕੇਸਾਂ ਵਿਚ ਭਗੌੜਾ ਕਰਾਰ ਦਿੱਤੇ ਗਏ ਹਨ। ਇਹ ਪ੍ਰਵਾਸੀ ਪੰਜਾਬੀ ਹੁਣ ਪੰਜਾਬ ਵਿਚ ਨਹੀਂ ਜਾ ਸਕਦੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਪ੍ਰਵਾਸੀ ਪੰਜਾਬੀ ਵੀਰਾਂ ਦੇ ਭੈਣ-ਭਰਾ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਪੰਜਾਬ ਅੰਦਰ ਤੰਗੀਆਂ ਅਤੇ ਮੁਸ਼ਕਿਲਾਂ ਝੱਲ ਰਹੇ ਹਨ। ਪੰਜਾਬ ਅੰਦਰ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਦੇ ਵਪਾਰ ਅਤੇ ਮੰਦਹਾਲੀ ਦੂਰ ਬੈਠੇ ਪੰਜਾਬੀਆਂ ਨੂੰ ਵੀ ਪ੍ਰੇਸ਼ਾਨ ਕਰਦੀ ਹੈ। ਅਕਾਲੀ ਆਗੂ ਅਤੇ ਸਰਕਾਰ ਜਿੰਨਾ ਮਰਜ਼ੀ ਦਾਅਵੇ ਕਰਦੀ ਰਹੇ, ਪਰ ਇਸ ਗੱਲ ਉਪਰ ਪਰਦਾ ਨਹੀਂ ਪਾਇਆ ਜਾ ਸਕਦਾ ਕਿ ਪੰਜਾਬ ਅੰਦਰ ਨਸ਼ਾ ਤਸਕਰਾਂ, ਜ਼ਮੀਨ ਮਾਫੀਏ ਅਤੇ ਹੋਰ ਹਰ ਤਰ੍ਹਾਂ ਦੀ ਜ਼ੋਰ-ਜ਼ਬਰਦਸਤੀ ਕਰਨ ਵਾਲਿਆਂ ਦੀ ਚੱਲਦੀ ਹੈ। ਅਨੇਕਾਂ ਪ੍ਰਵਾਸੀ ਪੰਜਾਬੀਆਂ ਦੇ ਆਪਣੇ ਨਿੱਜੀ ਤਜ਼ਰਬੇ ਹਨ, ਜਿਥੇ ਅਕਾਲੀ ਨੇਤਾਵਾਂ ਅਤੇ ਉਨ੍ਹਾਂ ਦੇ ਨੇੜਲਿਆਂ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਖਿਲਾਫ ਮੁਕੱਦਮੇ ਦਰਜ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਜਾਂ ਫਿਰ ਅਨੇਕਾਂ ਹੀ ਅਜਿਹੇ ਹੋਰ ਮਾਮਲੇ ਹਨ, ਜਿਨ੍ਹਾਂ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਦਿੱਤੀਆਂ ਦਰਖਾਸਤਾਂ ਉਪਰ ਅਜਿਹੇ ਨੇਤਾਵਾਂ ਦੇ ਦਖਲ ਕਾਰਨ ਕੋਈ ਕਾਰਵਾਈ ਹੀ ਨਹੀਂ ਹੋ ਸਕੀ, ਸਗੋਂ ਉਲਟਾ ਲੰਬਾ ਸਮਾਂ ਪ੍ਰਵਾਸੀ ਪੰਜਾਬੀ ਖੱਜਲ-ਖੁਆਰ ਹੋ ਕੇ ਮੁੜਦੇ ਰਹੇ। ਜਦ ਪੰਜਾਬ ਤੋਂ ਆ ਕੇ ਅਜਿਹੇ ਲੋਕ ਆਪਣੀ ਹੱਡ-ਬੀਤੀ ਇਥੇ ਵਸਦੇ ਪੰਜਾਬੀਆਂ ਨੂੰ ਦੱਸਦੇ ਹਨ, ਤਾਂ ਪ੍ਰਵਾਸੀ ਪੰਜਾਬੀਆਂ ਦਾ ਮਨ ਕੁਦਰਤੀ ਹੀ ਸਰਕਾਰ ਵਿਰੁੱਧ ਵਹਿ ਤੁਰਦਾ ਹੈ। ਹੁਣ ਇਹੀ ਗੱਲ ਹੋਈ ਹੈ ਕਿ ਅਕਾਲੀ ਨੇਤਾ ਜਦ ਵਹੀਰਾਂ ਘੱਤ ਕੇ ਉੱਤਰੀ ਅਮਰੀਕਾ ਵੱਲ ਨੂੰ ਬਹੁੜੇ ਹਨ, ਤਾਂ ਲੋਕਾਂ ਨੇ ਇਹ ਗੱਲ ਠਾਣ ਲਈ ਕਿ ਇਹ ਚੰਗਾ ਮੌਕਾ ਹੈ ਕਿ ਅਕਾਲੀ ਆਗੂਆਂ ਦੀਆਂ ਅੱਖਾਂ ਖੋਲ੍ਹੀਆਂ ਜਾਣ। ਇਕ ਪਾਸੇ ਬਾਪੂ ਸੂਰਤ ਸਿੰਘ ਖਾਲਸਾ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਸੜ ਰਹੇ ਸਿੱਖ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਮਰਨ ਵਰਤ ‘ਤੇ ਬੈਠਾ ਹੈ, ਮਰਨ ਵਰਤ ਉਪਰ ਬੈਠੇ ਬਾਪੂ ਸੂਰਤ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਪੁਲਿਸ ਡੰਡੇ ਦੇ ਜ਼ੋਰ ‘ਤੇ ਗ੍ਰਿਫ਼ਤਾਰ ਕਰਕੇ ਉਠਾ ਲਿਆਈ ਹੈ। ਸਿੱਖ ਬੰਦੀਆਂ ਦੀ ਰਿਹਾਈ ਲਈ ਮੰਗ ਕਰਨ ਵਾਲੇ ਵੱਡੀ ਗਿਣਤੀ ਆਗੂ ਜੇਲ੍ਹਾਂ ਵਿਚ ਡੱਕ ਦਿੱਤੇ ਗਏ ਹਨ। ਅਜਿਹੀ ਮੁਹਿੰਮ ਪ੍ਰਤੀ ਪ੍ਰਵਾਸੀ ਪੰਜਾਬੀਆਂ ਅੰਦਰ ਵੱਡੀ ਹਮਦਰਦੀ ਹੈ। ਉਹ ਖੁਦ ਚਾਹੁੰਦੇ ਹਨ ਕਿ ਅਕਾਲੀ ਮੋਰਚਿਆਂ ਵਿਚ ਸ਼ਾਮਲ ਹੋ ਕੇ ਪੰਜਾਬ ਦੇ ਸੰਘਰਸ਼ਸ਼ੀਲ ਰਹੇ ਸਿੱਖ ਬੰਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪਰ ਉੱਤਰੀ ਅਮਰੀਕਾ ਦੀ ਧਰਤੀ ‘ਤੇ ਆ ਕੇ ਅਕਾਲੀ ਆਗੂ ਸਗੋਂ ਉਲਟਾ ਇਹ ਆਖ ਰਹੇ ਹਨ ਕਿ ਪੰਜਾਬ ਵਿਚ ਸਿੱਖ ਬੰਦੀਆਂ ਦੀ ਰਿਹਾਈ ਦਾ ਕੋਈ ਮਾਮਲਾ ਹੀ ਨਹੀਂ। ਇਸ ਤਰ੍ਹਾਂ ਭਲਾ ਅਕਾਲੀ ਆਗੂ ਝੂਠ ਬੋਲ ਕੇ ਕਿਸ ਤਰ੍ਹਾਂ ਪ੍ਰਵਾਸੀ ਪੰਜਾਬੀਆਂ ਦੇ ਅੱਖੀਂ ਘੱਟਾ ਪਾ ਸਕਦੇ ਹਨ। ਇਹ ਗੱਲਾਂ ਹਨ, ਜਿਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਬਦਜਨ ਕੀਤਾ ਹੈ ਅਤੇ ਹੁਣ ਤੱਕ ਇਥੇ ਆਉਂਦੇ ਅਕਾਲੀ ਆਗੂਆਂ ਦੀ ਬੇਹੱਦ ਮੋਹ ਨਾਲ ਖਾਤਿਰਦਾਰੀ ਕਰਦੇ ਪ੍ਰਵਾਸੀ ਪੰਜਾਬੀ ਹੁਣ ਉਨ੍ਹਾਂ ਪ੍ਰਤੀ ਆਪਣੇ ਤਿੱਖੇ ਤੇਵਰ ਦਿਖਾਉਣ ਲੱਗੇ ਹਨ। ਜੇ ਇਹ ਕਹਿ ਲਿਆ ਜਾਵੇ ਕਿ ਇਕ ਹਿਸਾਬ ਨਾਲ ਇਸ ਵਾਰ 1984 ਦੇ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਦੂਜੀ ਵਾਰ ਅਕਾਲੀ ਆਗੂਆਂ ਦੀ ਵਿਦੇਸ਼ਾਂ ਅੰਦਰ ਖਿੱਲੀ ਉੱਡੀ ਹੈ, ਤਾਂ ਇਹ ਕਥਨੀ ਕੋਈ ਅਤਿਕਥਨੀ ਨਹੀਂ ਹੋਵੇਗੀ।
ਅਕਾਲੀ ਨੇਤਾਵਾਂ ਦੀ ਵਿਦੇਸ਼ੀ ਫੇਰੀ ਦੌਰਾਨ ਵੱਡੀ ਗਿਣਤੀ ਪ੍ਰਵਾਸੀ ਪੰਜਾਬੀਆਂ ਦਾ ਮਨ ਫਿੱਕਾ ਪੈਣ ਦਾ ਮਸਲਾ ਤਾਂ ਸਾਹਮਣੇ ਆ ਹੀ ਗਿਆ ਹੈ, ਪਰ ਇਸ ਫੇਰੀ ਨੇ ਇਕ ਹੋਰ ਵੱਡੀ ਸਮੱਸਿਆ ਵੀ ਖੜ੍ਹੀ ਕਰ ਦਿੱਤੀ ਹੈ। ਕੁਝ ਅਕਾਲੀ ਨੇਤਾਵਾਂ ਨੇ ਕੈਨੇਡਾ ਵਿਚ ਅਕਾਲੀ ਨੇਤਾਵਾਂ ਦੀਆਂ ਮੀਟਿੰਗਾਂ, ਕਾਨਫਰੰਸਾਂ ਵਿਚ ਲੋਕਾਂ ਵੱਲੋਂ ਦਿੱਤੇ ਦਖਲ ਅਤੇ ਕਾਨਫਰੰਸਾਂ ਦੇ ਅਸਫਲ ਹੋਣ ਲਈ ਕੈਨੇਡਾ ਪੁਲਿਸ ਨੂੰ ਦੋਸ਼ੀ ਠਹਿਰਾਇਆ ਹੈ। ਇਸ ਉੱਤੇ ਇਤਰਾਜ਼ ਕਰਦਿਆਂ ਕੈਨੇਡਾ ਦੇ ਰੱਖਿਆ ਮੰਤਰੀ ਜੈਸਨ ਕੇਨੀ ਨੇ ਅਕਾਲੀ ਨੇਤਾਵਾਂ ਨੂੰ ਬੜਾ ਕਰਾਰਾ ਜਵਾਬ ਦਿੱਤਾ ਹੈ ਕਿ ਸਾਨੂੰ ਮੱਤਾਂ ਦੇਣ ਦੀ ਬਜਾਏ ਅਕਾਲੀ ਨੇਤਾ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਦੇ ਵਪਾਰ ਅਤੇ ਵੱਡੀ ਪੱਧਰ ‘ਤੇ ਹੋ ਰਹੇ ਇੰਮੀਗ੍ਰੇਸ਼ਨ ਫਰਾਡ ਦੀ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਦੇਣ। ਕੈਨੇਡਾ ਸਰਕਾਰ ਵੱਲੋਂ ਆਇਆ ਇਹ ਪ੍ਰਤੀਕਰਮ ਬੇਹੱਦ ਗੰਭੀਰ ਹੈ। ਵਰਣਨਯੋਗ ਹੈ ਕਿ ਕੈਨੇਡਾ ਹੀ ਇਕ ਅਜਿਹਾ ਦੇਸ਼ ਹੈ, ਜਿਥੇ ਵੱਡੀ ਗਿਣਤੀ ਵਿਚ ਸਿੱਖ ਅਤੇ ਪੰਜਾਬੀ ਵਸੋਂ ਵਸਦੀ ਹੈ ਅਤੇ ਉਨ੍ਹਾਂ ਨੂੰ ਸੂਬੇ ਦੀਆਂ ਵਿਧਾਨ ਸਭਾਵਾਂ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਮੈਂਬਰ ਅਤੇ ਵਜ਼ੀਰਾਂ ਵਜੋਂ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਜੇਕਰ ਪੰਜਾਬ ਸਰਕਾਰ ਅਤੇ ਉਸ ਦੇ ਆਗੂ ਇਥੇ ਆ ਕੇ ਕੈਨੇਡਾ ਸਰਕਾਰ ਨਾਲ ਆਡਾ ਲਗਾਉਣ ਦਾ ਯਤਨ ਕਰਨਗੇ, ਤਾਂ ਇਹ ਇਥੇ ਵੱਸਦੇ ਪੰਜਾਬੀ ਭਾਈਚਾਰੇ ਲਈ ਵੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਸੋ ਹੁਣ ਵੀ ਅਕਾਲੀ ਨੇਤਾਵਾਂ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ। ਜੇਕਰ ਉਹ ਚਾਹੁੰਦੇ ਹਨ ਕਿ ਪ੍ਰਵਾਸੀ ਪੰਜਾਬੀ ਪੰਜਾਬ ਅੰਦਰ ਉਨ੍ਹਾਂ ਦੀ ਧਿਰ ਬਣਨ ਜਾਂ ਉਨ੍ਹਾਂ ਦੇ ਹਮਾਇਤੀ ਹੋਣ, ਤਾਂ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਖੁਦ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਪਵੇਗਾ ਕਿ ਪਿਛਲੇ 8 ਸਾਲਾਂ ਦੌਰਾਨ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿੰਨੀ ਕੁ ਗੰਭੀਰਤਾ ਨਾਲ ਕਦਮ ਚੁੱਕੇ ਗਏ ਹਨ। ਪੰਜਾਬ ਗਏ ਪ੍ਰਵਾਸੀ ਪੰਜਾਬੀ ਆਗੂਆਂ ਨਾਲ ਕਿੰਨਾ ਕੁ ਨੇੜਲਾ ਰਿਸ਼ਤਾ ਬਣਾਇਆ ਹੈ। ਇਸੇ ਤਰ੍ਹਾਂ ਪ੍ਰਵਾਸੀ ਪੰਜਾਬੀਆਂ ਦੀਆਂ ਪ੍ਰਸ਼ਾਸਨਿਕ ਮੁਸ਼ਕਿਲਾਂ ਬਾਰੇ ਆਈਆਂ ਸ਼ਿਕਾਇਤਾਂ ਅਕਾਲੀ ਆਗੂਆਂ ਦੇ ਬੇਲੋੜੇ ਦਖਲ ਤੋਂ ਉਹ ਕਿੰਨਾ ਕੁ ਸੰਕੋਚ ਕਰਨਗੇ। ਇਸ ਤਰ੍ਹਾਂ ਅਕਾਲੀ ਨੇਤਾਵਾਂ ਨੂੰ ਪੰਜਾਬ ਦੇ ਵਿਕਾਸ ਬਾਰੇ ਅਮਰੀਕਾ ਜਾਂ ਕੈਨੇਡਾ ਆ ਕੇ ਗੱਲਾਂ ਕਰਨ ਦੀ ਬਜਾਏ ਪੰਜਾਬ ਵਿਚ ਹੀ ਅਜਿਹਾ ਵਿਕਾਸ ਕਰਨਾ ਚਾਹੀਦਾ ਹੈ, ਜਿਸ ਨੂੰ ਦੇਖ ਕੇ ਪ੍ਰਵਾਸੀ ਪੰਜਾਬੀ ਇਥੇ ਆ ਕੇ ਗੱਲਾਂ ਕਰਨ ਕਿ ਪੰਜਾਬ ਤਾਂ ਹੁਣ ਬਦਲ ਚੁੱਕਾ ਹੈ। ਜਦੋਂ ਤੱਕ ਅਕਾਲੀ ਆਗੂ ਅਜਿਹੇ ਵਿਵਹਾਰ ਵੱਲ ਨਹੀਂ ਮੁੜਦੇ, ਉਦੋਂ ਤੱਕ ਅਮਰੀਕਾ, ਕੈਨੇਡਾ ਦੇ ਗੇੜੇ ਕੱਢਣ ਨਾਲੋਂ ਕੁਝ ਨਹੀਂ ਬਣਨਾ। 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.