ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਵੱਡੀ ਉਥਲ-ਪੁਥਲ ਦੀ ਕਗਾਰ ਤੇ ਖੜਾ ਹੈ ਪੰਜਾਬ
ਵੱਡੀ ਉਥਲ-ਪੁਥਲ ਦੀ ਕਗਾਰ ਤੇ ਖੜਾ ਹੈ ਪੰਜਾਬ
Page Visitors: 2667

ਵੱਡੀ ਉਥਲ-ਪੁਥਲ ਦੀ ਕਗਾਰ ਤੇ ਖੜਾ ਹੈ ਪੰਜਾਬ
ਗੁਰਜਤਿੰਦਰ ਸਿੰਘ ਰੰਧਾਵਾ ,
ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਕੁਝ ਹਫਤਿਆਂ ਤੋਂ ਪੰਜਾਬ ਅੰਦਰ ਬੜੀ ਤੇਜ਼ੀ ਨਾਲ ਵਾਪਰ ਰਹੀਆਂ ਸਰਗਰਮੀਆਂ ਅਤੇ ਹੋ ਰਹੀਆਂ ਕਾਰਵਾਈਆਂ ਇਸ ਗੱਲ ਦਾ ਸੰਕੇਤ ਦੇ ਰਹੀਆਂ ਹਨ ਕਿ ਪੰਜਾਬ ਵੱਡੀ ਉਥਲ-ਪੁਥਲ ਦੀ ਕਗਾਰ ਉਪਰ ਖੜ੍ਹਾ ਹੈ। ਭਾਵੇਂ ਪਿਛਲੇ 2 ਦਹਾਕਿਆਂ ਤੋਂ ਪੰਜਾਬ ਅੱਤਵਾਦ ਦੀ ਸੇਕ ਤੋਂ ਮੁਕਤ ਨਜ਼ਰ ਆ ਰਿਹਾ ਸੀ ਅਤੇ 1995 ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਚੰਡੀਗੜ੍ਹ ਸਕੱਤਰੇਤ ਵਿਖੇ ਹੋਏ ਕਤਲ ਦੀ ਘਟਨਾ ਤੋਂ ਬਾਅਦ ਪੰਜਾਬ ਅੰਦਰ ਕਦੇ ਕੋਈ ਵੱਡੀ ਘਟਨਾ ਨਹੀਂ ਸੀ ਵਾਪਰੀ। ਪਰ ਸਰਹੱਦ ਦੇ ਐਨ ਨਾਲ ਪੈਂਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਥਾਣੇ ਉਪਰ ਪਾਕਿਸਤਾਨ ਤੋਂ ਆਏ ਤਿੰਨ ਅੱਤਵਾਦੀਆਂ ਵੱਲੋਂ ਜਿਸ ਤਰ੍ਹਾਂ ਪਹਿਲਾਂ ਕਸਬੇ ‘ਚ ਗੋਲੀਆਂ ਦਾ ਮੀਂਹ ਵਰ੍ਹਾ ਕੇ ਦਹਿਸ਼ਤ ਫੈਲਾਈ ਅਤੇ ਫਿਰ ਥਾਣੇ ਉਪਰ ਹੀ ਜਾ ਕਬਜ਼ਾ ਕੀਤਾ, ਉਸ ਤੋਂ ਲੱਗਦਾ ਹੈ ਕਿ ਪੰਜਾਬ ਅਜੇ ਵੱਡੇ ਸੰਤਾਪ ਦੇ ਖਦਸ਼ੇ ਤੋਂ ਬਾਹਰ ਨਹੀਂ ਆਇਆ ਹੈ। ਫੌਜੀ ਵਰਦੀ ਵਿਚ ਆਏ ਇਹ ਤਿੰਨ ਅੱਤਵਾਦੀ ਥਾਣੇ ਅੰਦਰ ਵੜ ਕੇ ਆਧੁਨਿਕ ਹਥਿਆਰਾਂ ਨਾਲ ਲੈਸ ਸੁਰੱਖਿਆ ਦਲਾਂ ਉਪਰ ਸਾਰਾ ਦਿਨ ਗੋਲੀਬਾਰੀ ਕਰਦੇ ਰਹੇ। ਪੁਲਿਸ ਅਤੇ ਸੁਰੱਖਿਆ ਦਲਾਂ ਨੂੰ ਇਨ੍ਹਾਂ ਅੱਤਵਾਦੀਆਂ ਨੂੰ ਮਾਰ-ਮੁਕਾਉਣ ਅਤੇ ਥਾਣਾ ਉਨ੍ਹਾਂ ਦੇ ਕਬਜ਼ੇ ਤੋਂ ਮੁਕਤ ਕਰਾਉਣ ‘ਚ ਘੱਟੋ-ਘੱਟ 12 ਘੰਟੇ ਬੀਤ ਗਏ। ਇਸ ਘਟਨਾ ਨਾਲ ਇਕ ਵਾਰ ਫਿਰ ਪੰਜਾਬ ਹੀ ਨਹੀਂ, ਦਿੱਲੀ ਤੱਕ ਕੰਬ ਉੱਠੇ।
ਸਾਰਾ ਦਿਨ ਦੇਸ਼ ਭਰ ਦੇ ਟੀ.ਵੀ. ਚੈਨਲ ਇਸੇ ਇਕ ਖ਼ਬਰ ਦੁਆਲੇ ਜੁੜੇ ਰਹੇ। ਆਖਿਰ ਲੰਮੀ ਜੱਦੋ-ਜਹਿਦ ਅਤੇ ਮਣਾਂਮੂੰਹੀ ਗੋਲੀ-ਸਿੱਕੇ ਦੀ ਵਰਤੋਂ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਅਤੇ ਆਪ੍ਰੇਸ਼ਨ ਦੀ ਸਫਲਤਾ ਉਪਰ ਪੁਲਿਸ ਅਤੇ ਸਰਕਾਰ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਦੀਨਾਨਗਰ ਥਾਣੇ ਉਪਰ ਵਾਪਰੀ ਘਟਨਾ ਭਾਵੇਂ 12 ਘੰਟੇ ਬਾਅਦ ਸਮਾਪਤ ਹੋ ਗਈ ਹੈ। ਪਰ ਇਸ ਘਟਨਾ ਨੇ ਜਿਸ ਤਰ੍ਹਾਂ ਦੇਸ਼ ਦੀ ਸੁਰੱਖਿਆ, ਖਾਸ ਤੌਰ ‘ਤੇ ਪੰਜਾਬ ‘ਚ ਅਮਨ, ਸ਼ਾਂਤੀ ਅਤੇ ਭਾਈਚਾਰੇ ਲਈ ਵੱਡੀਆਂ ਚੁਣੌਤੀਆਂ ਪੇਸ਼ ਕਰ ਦਿੱਤੀਆਂ ਹਨ। ਪੁਲਿਸ ਪ੍ਰਸ਼ਾਸਨ ਨੂੰ ਵੀ ਅਵੇਸਲਾਪਣ ਤਿਆਗਣ ਦੀ ਇਹ ਆਪ੍ਰੇਸ਼ਨ ਸਿੱਖਿਆ ਦੇ ਗਿਆ ਹੈ। ਇਸ ਘਟਨਾ ਦਾ ਕਈ ਮਹੀਨਿਆਂ ਤੱਕ ਪੰਜਾਬ ਦੇ ਪਿੰਡੇ ਉਪਰ ਅਸਰ ਪਿਆ ਨਜ਼ਰ ਆਉਂਦਾ ਰਹੇਗਾ। ਵੱਖ-ਵੱਖ ਕਿਸਮ ਦੀਆਂ ਤਾਕਤਾਂ ਇਸ ਕਾਰਵਾਈ ਨੂੰ ਆਪੋ-ਆਪਣੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਵੀ ਕਰਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਪੰਜਾਬ ਦੇ ਸਿਆਸੀ ਧਰਾਤਲ ਉਪਰ ਵੀ ਬੜਾ ਕੁੱਝ ਵਾਪਰ ਰਿਹਾ ਹੈ। ਕੁੱਝ ਦਿਨ ਪਹਿਲਾਂ ਉੱਤਰੀ ਅਮਰੀਕਾ ਦੇ ਦੌਰੇ ਉਪਰ ਆਏ ਅਕਾਲੀ ਨੇਤਾਵਾਂ ਦੇ ਵਫਦ ਦਾ ਜਿਸ ਤਰ੍ਹਾਂ ਸਵਾਦ ਕਿਰਕਿਰਾ ਹੋਇਆ ਹੈ, ਉਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਭਾਵੇਂ ਅਕਾਲੀ ਨੇਤਾਵਾਂ ਨੂੰ ਪ੍ਰਵਾਸੀ ਪੰਜਾਬੀਆਂ ਦੇ ਸਖ਼ਤ ਪ੍ਰਤੀਕਰਮ ਦਾ ਸਾਹਮਣਾ ਤਾਂ ਉਤਰੀ ਅਮਰੀਕਾ ਦੀ ਧਰਤੀ ਉਪਰ ਕਰਨਾ ਪਿਆ ਹੈ। ਪਰ ਇਸ ਦਾ ਸੇਕ ਪਿੱਛੇ ਪੰਜਾਬ ਦੀ ਸਿਆਸੀ ਫਿਜ਼ਾ ਵਿਚ ਵਧੇਰੇ ਮਹਿਸੂਸ ਹੋਇਆ ਹੈ।
ਪੰਜਾਬ ਦੇ ਚੋਣ ਦ੍ਰਿਸ਼ ਉਪਰ ਪ੍ਰਵਾਸੀ ਪੰਜਾਬੀਆਂ ਦੇ ਲਗਾਤਾਰ ਵਧ ਰਹੇ ਪ੍ਰਭਾਵ ਨੂੰ ਹੁਣ ਹਰ ਕੋਈ ਵੇਖ ਰਿਹਾ ਹੈ। ਇਸ ਦਾ ਸਿੱਧਾ ਅਰਥ ਹੈ ਕਿ ਵਿਦੇਸ਼ਾਂ ਵਿਚ ਪ੍ਰਵਾਸੀ ਪੰਜਾਬੀਆਂ ਦੀ ਸੋਚ ਅਤੇ ਪ੍ਰਤੀਕਰਮ ਦਾ ਸਿੱਧਾ ਅਸਰ ਪੰਜਾਬ ਦੇ ਸਿਆਸੀ ਦ੍ਰਿਸ਼ ਉਪਰ ਵੀ ਪੈਂਦਾ ਹੈ। ਇਸੇ ਕਾਰਨ ਅਕਾਲੀ ਦਲ ਨੇ ਪ੍ਰਵਾਸੀ ਪੰਜਾਬੀਆਂ ਅੰਦਰ ਅਕਸ ਨੂੰ ਸੁਧਾਰਨ ਲਈ ਨੇਤਾਵਾਂ ਦਾ ਉੱਚ ਪੱਧਰੀ ਵਫਦ ਵਿਦੇਸ਼ਾਂ ਵਿਚ ਭੇਜਣ ਦਾ ਫੈਸਲਾ ਲਿਆ ਸੀ। ਪਰ ਪੰਜਾਬ ਵਿਚ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਨਿਰਾਸ਼ ਤੇ ਨਾਖੁਸ਼ ਪ੍ਰਵਾਸੀ ਪੰਜਾਬੀਆਂ ਨੂੰ ਅਕਾਲੀ ਨੇਤਾਵਾਂ ਦਾ ਵਫਦ ਬਿਨਾਂ ਕਿਸੇ ਕਾਮਯਾਬੀ ਦੇ ਮੰਤਰ-ਮੁਗਧ ਕਰਨ ਦੀ ਸਮਰੱਥਾ ਨਹੀਂ ਰੱਖਦਾ। ਪ੍ਰਵਾਸੀ ਪੰਜਾਬੀਆਂ ਅੰਦਰ ਫੈਲਿਆ ਇਹ ਰੋਸ ਅਤੇ ਗੁੱਸਾ ਆਖਰ ਪੰਜਾਬ ਅੰਦਰ ਨਵੀਂ ਤਰਥੱਲੀ ਮਚਾਉਣ ਦਾ ਸਾਧਨ ਵੀ ਬਣੇਗਾ।
ਪੰਜਾਬ ਅੰਦਰ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਧੜੇ ਨੇ ਵੀ ਸਰਗਰਮੀ ਜ਼ੋਰਾਂ ਨਾਲ ਵਿੱਢ ਦਿੱਤੀ ਹੈ ਅਤੇ ਉਨ੍ਹਾਂ ਵੱਲੋਂ ਰਾਜ ਦੇ ਲੋਕਾਂ ਨੂੰ ਅਕਾਲੀ-ਭਾਜਪਾ ਗਠਜੋੜ ਸਰਕਾਰ ਵਿਰੁੱਧ ਲਾਮਬੰਦ ਕਰਨ ਲਈ ਜਨਤਕ ਸਰਗਰਮੀ ਵਿੱਢੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ ਮਹੀਨੇ ਵਿਦੇਸ਼ੀ ਦੌਰਾ ਕਰਨ ਦਾ ਵੀ ਐਲਾਨ ਕੀਤਾ ਹੈ। ਯੂਰਪੀਅਨ ਅਤੇ ਉੱਤਰੀ ਅਮਰੀਕਾ ਦੇ ਪ੍ਰਵਾਸੀ ਪੰਜਾਬੀਆਂ ਨੂੰ ਮਿਲ ਕੇ ਆਪਣਾ ਪੱਖ ਰੱਖਣਗੇ। ਅਕਾਲੀ ਨੇਤਾਵਾਂ ਪ੍ਰਤੀ ਦਿਖਾਈ ਸਖ਼ਤ ਨਾਰਾਜ਼ਗੀ ਤੋਂ ਬਾਅਦ ਇਹ ਪ੍ਰਭਾਵ ਬਣ ਰਿਹਾ ਹੈ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਕੈਪਟਨ ਨੂੰ ਵੱਡਾ ਹੁੰਗਾਰਾ ਮਿਲੇਗਾ। ਪਰ ਦੂਜੇ ਪਾਸੇ ਗਰਮਖਿਆਲੀ ਜਥੇਬੰਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਮਰੀਕਾ, ਕੈਨੇਡਾ ‘ਚ ਘੇਰਨ ਦਾ ਮਨ ਬਣਾ ਲਿਆ ਹੈ। ਇਨ੍ਹਾਂ ਜਥੇਬੰਦੀਆਂ ਨੇ ਮੀਡੀਆ ਰਾਹੀਂ ਸੰਦੇਸ਼ ਭੇਜਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਟਾਰਨੀ ਜਨਰਲ ਆਫ ਅਮਰੀਕਾ ਕੋਲ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਵੱਲੋਂ ਕੈਪਟਨ ‘ਤੇ ਦੋਸ਼ ਲਾਇਆ ਗਿਆ ਹੈ ਕਿ ਕੈਪਟਨ ਨੇ ਆਪਣੇ ਰਾਜਕਾਲ ਦੌਰਾਨ ਉਨ੍ਹਾਂ ਪੁਲਿਸ ਅਫਸਰਾਂ ਨੂੰ ਮੁੜ ਬਹਾਲ ਕੀਤਾ ਸੀ, ਜਿਨ੍ਹਾਂ ਦਾ ਨਾਂ ਪੀੜਤਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਵਾਰ-ਵਾਰ ਲਿਆ ਜਾਂਦਾ ਸੀ ਕਿ ਉਹ 1990ਵਿਆਂ ਵਿਚ ਬਗਾਵਤ ਵਿਰੋਧੀ ਆਪ੍ਰੇਸ਼ਨਾਂ ਦੌਰਾਨ ਤਸ਼ੱਦਦ, ਲਾਪਤਾ ਕਰਨ ਅਤੇ ਫਰਜ਼ੀ ਮੁਕਾਬਲਿਆਂ ਦੇ ਦੋਸ਼ੀ ਸਨ ਪਰ ਕੈਪਟਨ ਦੇ ਪੰਜਾਬ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਹਾਲੇ ਵੀ ਪ੍ਰਵਾਸੀਆਂ ਵਿਚ ਕਿਤੇ ਨਾ ਕਿਤੇ ਉਸ ਪ੍ਰਤੀ ਲਗਾਅ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਅਮਰੀਕਾ ਰਹਿੰਦੇ ਆਪਣੇ ਸਾਥੀਆਂ ਨੂੰ ਇਸ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਸੰਦੇਸ਼ ਭੇਜਿਆ ਹੈ।
ਪੰਜਾਬ ‘ਚ ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ ਵੀ ਬੜੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਵਿਦੇਸ਼ਾਂ ਵਿਚ ਵਸੇ ਸਿੱਖ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਨ। ਪਹਿਲਾਂ ਬਾਬਾ ਗੁਰਬਖਸ਼ ਸਿੰਘ ਵੱਲੋਂ ਦੋ ਵਾਰ ਇਸ ਮਸਲੇ ਨੂੰ ਲੈ ਕੇ ਭੁੱਖ ਹੜਤਾਲ ਆਰੰਭੀ ਗਈ ਅਤੇ ਹੁਣ ਕਰੀਬ 6 ਮਹੀਨੇ ਤੋਂ ਬਾਪੂ ਸੂਰਤ ਸਿੰਘ ਖਾਲਸਾ ਬਣਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਸਿੱਖ ਕੈਦੀਆਂ ਨੂੰ ਜੇਲ੍ਹਾਂ ਵਿਚ ਰੱਖਣ ਵਿਰੁੱਧ ਭੁੱਖ ਹੜਤਾਲ ‘ਤੇ ਬੈਠੇ ਹਨ। ਉਨ੍ਹਾਂ ਦੀ ਹਮਾਇਤ ਉਪਰ ਜਿਥੇ ਸਿੱਖ ਬੰਦੀ ਸੰਘਰਸ਼ ਕਮੇਟੀ ਬਣਾਈ ਗਈ ਹੈ, ਉਥੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਵੀ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੀ ਹਮਾਇਤ ਉਪਰ ਡਟੇ ਹੋਏ ਹਨ। ਪੰਜਾਬ ਵਿਚ ਇਸ ਮਸਲੇ ਨੂੰ ਲੈ ਕੇ ਕਾਫੀ ਸਰਗਰਮੀ ਹੋਈ ਹੈ। ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਨੇ ਬਾਪੂ ਸੂਰਤ ਸਿੰਘ ਨੂੰ ਉਨ੍ਹਾਂ ਦੇ ਘਰੋਂ ਚੁੱਕ ਕੇ ਆਪਣੀ ਹਿਫਾਜ਼ਤ ਵਿਚ ਲੁਧਿਆਣਾ ਦੇ ਹਸਪਤਾਲ ‘ਚ ਰੱਖਿਆ ਹੋਇਆ ਹੈ। ਬਾਪੂ ਸੂਰਤ ਸਿੰਘ ਨੂੰ ਉਨ੍ਹਾਂ ਦੇ ਘਰੋਂ ਚੁੱਕਣ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਹਮਾਇਤੀਆਂ ਨੂੰ ਜੇਲ੍ਹਾਂ ਵਿਚ ਡੱਕਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ‘ਚ ਵੀ ਰੋਸ ਹੈ। ਪਰ ਬਾਹਰਲੇ ਮੁਲਕਾਂ ‘ਚ ਵਸੇ ਸਿੱਖ ਇਸ ਮਸਲੇ ਨੂੰ ਲੈ ਕੇ ਵਧੇਰੇ ਨਾਰਾਜ਼ ਦੇਖੇ ਜਾ ਰਹੇ ਹਨ।
   ਪੰਜਾਬ ਅਸੈਂਬਲੀ ਦੀਆਂ ਚੋਣਾਂ ਨੂੰ 18 ਕੁ ਮਹੀਨੇ ਰਹਿੰਦੇ ਹਨ। ਬਾਦਲ ਸਰਕਾਰ ਵੱਲੋਂ ਵੀ ਪਿਛਲੇ ਕੁੱਝ ਸਮੇਂ ਤੋਂ ਪੰਥਕ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪੰਜਾਬ ਆਉਣ ਤੋਂ ਬਾਅਦ ਸਿੱਖ ਨੌਜਵਾਨਾਂ ਵਿਚ ਨਵਾਂ ਜੋਸ਼ ਉਭਰਿਆ ਹੈ। ਹਿੰਦੂ ਜਥੇਬੰਦੀਆਂ ਨੇ ਵੀ ਪ੍ਰੋ. ਭੁੱਲਰ ਦੇ ਪੰਜਾਬ ਲਿਆਉਣ ‘ਤੇ ਇਤਰਾਜ਼ ਕੀਤਾ ਹੈ ਅਤੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਪ੍ਰੋ. ਭੁੱਲਰ ਦੇ ਪੰਜਾਬ ਆਉਣ ਨਾਲ ਗਰਮਖਿਆਲੀ ਜਥੇਬੰਦੀਆਂ ਨੂੰ ਸ਼ਹਿ ਮਿਲੇਗੀ ਅਤੇ ਜਿਸ ਨਾਲ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ।
ਉਪਰੋਕਤ ਸਾਰੀਆਂ ਘਟਨਾਵਾਂ ਇਸ ਗੱਲ ਦਾ ਸੰਕੇਤ ਦੇ ਰਹੀਆਂ ਹਨ ਕਿ ਪੰਜਾਬ ਇਸ ਵੇਲੇ ਵੱਡੀ ਉਥਲ-ਪੁਥਲ ਵਿਚੋਂ ਲੰਘ ਰਿਹਾ ਹੈ। ਪੰਜਾਬ ਸਰਕਾਰ ਭਾਵੇਂ ਅਮਨ, ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਦਾਅਵੇ ਤਾਂ ਕਰ ਰਹੀ ਹੈ। ਪਰ ਇਨ੍ਹਾਂ ਦਾਅਵਿਆਂ ਹੇਠ ਲੁੱਕਿਆ ਸੱਚ ਲਗਾਤਾਰ ਸਾਹਮਣੇ ਆ ਰਿਹਾ ਹੈ। ਦੀਨਾਨਗਰ ਵਿਖੇ ਹੋਏ ਮੁਕਾਬਲੇ ਦੌਰਾਨ ਕੁੱਝ ਹਿੰਦੂ ਸੰਗਠਨਾਂ ਦੇ ਆਗੂਆਂ ਵੱਲੋਂ ਇਕ ਖਾਸ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਨਾਅਰੇਬਾਜ਼ੀ ਇਸ ਗੱਲ ਦਾ ਉਭਰਵਾਂ ਸਬੂਤ ਕਹੀ ਜਾ ਸਕਦੀ ਹੈ। ਅਕਾਲੀ ਲੀਡਰਸ਼ਿਪ ਨੇ ਭਾਵੇਂ ਪਿਛਲੇ ਦਿਨਾਂ ਵਿਚ ਸਿੱਖ ਏਜੰਡਾ ਉਭਾਰਨ ਦਾ ਯਤਨ ਕੀਤਾ ਸੀ। ਪਰ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਵਿਚ ਉਨ੍ਹਾਂ ਦੇ ਯਤਨ ਨੂੰ ਭਾਰੀ ਠੇਸ ਪਹੁੰਚਾਈ ਹੈ ਅਤੇ ਦੂਜਾ ਦੀਨਾਨਗਰ ਵਿਖੇ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੀ ਕਾਰਵਾਈ ਵੀ ਅਕਾਲੀਆਂ ਦੇ ਰਾਹ ਵਿਚ ਰੁਕਾਵਟਾਂ ਖੜ੍ਹੀ ਕਰ ਸਕਦੀ ਹੈ। ਕੁੱਲ ਮਿਲਾ ਕੇ ਸਿਆਸੀ ਅਤੇ ਅਮਨ, ਕਾਨੂੰਨ ਦੀ ਹਾਲਤ ਵੀ ਅਜਿਹੀ ਉਭਰ ਰਹੀ ਹੈ ਕਿ ਪੰਜਾਬ ਅੰਦਰ ਵੱਡੀਆਂ ਤਬਦੀਲੀਆਂ ਦੀ ਦਸਤਕ ਆ ਰਹੀ ਹੈ। ਸਾਡੀ ਸਿਆਸੀ ਲੀਡਰਸ਼ਿਪ ਲਈ ਵੀ ਇਹ ਇਮਤਿਹਾਨ ਦਾ ਮੌਕਾ ਹੈ ਕਿ ਇਸ ਮੌਕੇ ਉਥਲ-ਪੁਥਲ ਦੀ ਮਾਰ ਹੇਠ ਆਏ ਪੰਜਾਬ ਨੂੰ ਚੰਗੀ ਦਿਸ਼ਾ ਦੇ ਕੇ ਅੱਗੇ ਵਧਾ ਜਾਂਦੇ ਹਨ ਜਾਂ ਇਸੇ ਚੱਕਰਵਿਊ ਦੀ ਮੰਝਦਾਰ ਵਿਚ ਫਸਾ ਕੇ ਪੰਜਾਬ ਦੇ ਲੋਕਾਂ ਨੂੰ ਨਵੀਆਂ ਸਮੱਸਿਆਵਾਂ ਵੱਲ ਧਕੇਲ ਦਿੰਦੇ ਹਨ। ਅਸੀਂ ਆਸ ਕਰਾਂਗੇ ਕਿ ਪਿਛਲੇ ਤਜ਼ਰਬਿਆਂ ਅਤੇ ਮੌਜੂਦਾ ਹਾਲਾਤ ਤੋਂ ਸਬਕ ਸਿੱਖਦਿਆਂ ਸਾਡੀ ਸਿਆਸੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਨੂੰ ਬਲਦੀ ਦੇ ਬੂਥੇ ਪਾਉਣ ਦੀ ਥਾਂ ਸੁਹਾਵਣੇ ਪਾਸੇ ਲਿਜਾਣ ਵੱਲ ਮੋੜ ਕੱਟੇਗੀ। 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.