ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕਿਤੇ ਪੰਜਾਬ ਨੂੰ ਦੁਬਾਰਾ ਅੱਗ ਵਿਚ ਤਾਂ ਨਹੀਂ ਧੱਕਿਆ ਜਾ ਰਿਹਾ !
ਕਿਤੇ ਪੰਜਾਬ ਨੂੰ ਦੁਬਾਰਾ ਅੱਗ ਵਿਚ ਤਾਂ ਨਹੀਂ ਧੱਕਿਆ ਜਾ ਰਿਹਾ !
Page Visitors: 2646

ਕਿਤੇ ਪੰਜਾਬ ਨੂੰ ਦੁਬਾਰਾ ਅੱਗ ਵਿਚ ਤਾਂ ਨਹੀਂ ਧੱਕਿਆ ਜਾ ਰਿਹਾ !
ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੀਆਂ ਘਟਨਾਵਾਂ ਸੁਰਖੀਆਂ ਬਣ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਵੋਟਾਂ ਨਜ਼ਦੀਕ ਆਉਂਦੀਆਂ ਵੇਖ ਪੰਥਕ ਨਾਅਰੇ ਮਾਰਨੇ ਸ਼ੁਰੂ ਕੀਤੇ। ਫਿਰ ਦੀਨਾਨਗਰ ਦੀ ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋਂ ਉਸ ਵਾਰਦਾਤ ਨੂੰ ਸਿੱਖਾਂ ਸਿਰ ਮੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਵਿਖੇ ਹਿੰਦੂ ਸੁਰੱਖਿਆ ਸਮਿਤੀ ਦੇ ਪੰਜਾਬ ਦੇ ਇੰਚਾਰਜ ਮੁਨੀਸ਼ ਸੂਦ ਦੇ ਆਪਣੇ ਅੰਗ ਰੱਖਿਅਕ ਵੱਲੋਂ ਮਾਰੇ ਜਾਣ ਮਗਰੋਂ ਹੋਈ ਹੁੱਲੜਬਾਜ਼ੀ ਨਾਲ ਪੰਜਾਬ ਦਾ ਮਾਹੌਲ ਗਰਮਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਬਾਹਰਵਾਰ ਵੱਲਾ ਰੋਡ ‘ਤੇ ਨਿਰੰਕਾਰੀ ਭਵਨ ‘ਚ ਅੰਗਰੱਖਿਅਕ ਨੂੰ ਕਿਸੇ ਅਣਜਾਨ ਸ਼ਖਸ ਵੱਲੋਂ ਕਤਲ ਕੀਤੇ ਜਾਣ ਨੂੰ ਵੀ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ।
ਗੱਲ ਕਰਦੇ ਹਾਂ ਦੀਨਾਨਗਰ ਕਾਂਡ ਦੀ। ਇਥੇ ਤਿੰਨ ਵਿਦੇਸ਼ੀ ਅੱਤਵਾਦੀਆਂ ਵੱਲੋਂ ਇਕ ਥਾਣੇ ‘ਤੇ ਕਬਜ਼ਾ ਕਰਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਸ ਨੂੰ ਠੱਲ੍ਹ ਪਾਉਣ ਲਈ ਫੌਜ ਨੂੰ ਸੱਦਣਾ ਪਿਆ। ਇਹ ਮੁਕਾਬਲਾ ਕਰੀਬ 12 ਘੰਟੇ ਚੱਲਿਆ, ਜਿਸ ਵਿਚ ਭਾਵੇਂ ਡਿਊਟੀ ‘ਤੇ ਤਾਇਨਾਤ ਐੱਸ.ਪੀ. ਬਲਜੀਤ ਸਿੰਘ ਸਮੇਤ ਹੋਰ ਵੀ ਸਿੱਖ ਪੁਲਿਸ ਮੁਲਾਜ਼ਮ ਮੁਕਾਬਲੇ ਦੌਰਾਨ ਮਾਰੇ ਗਏ। ਬਾਅਦ ਵਿਚ ਸਿੱਖ ਰੈਜੀਮੈਂਟ ਦੀ ਫੌਜ ਵੀ ਮੁਕਾਬਲੇ ਲਈ ਆਈ, ਜਿਨ੍ਹਾਂ ਬੜੀ ਬਹਾਦਰੀ ਨਾਲ ਮੁਕਾਬਲੇ ਨੂੰ ਕਾਬੂ ‘ਚ ਕੀਤਾ। ਪਰ ਸੱਦ ਕੇ ਜਾਈਏ ਭਾਰਤੀ ਮੀਡੀਏ ਦੇ, ਜਿੰਨਾ ਚਿਰ ਇਹ ਮੁਕਾਬਲਾ ਚੱਲਦਾ ਰਿਹਾ, ਓਨੀ ਦੇਰ ਸਮੁੱਚੇ ਭਾਰਤੀ ਮੀਡੀਏ ਤੋਂ ਇਹੀ ਖ਼ਬਰਾਂ ਆਉਂਦੀਆਂ ਰਹੀਆਂ ਕਿ ਖਾਲਿਸਤਾਨੀ ਜਥੇਬੰਦੀਆਂ ਨੇ ਦੀਨਾਨਗਰ ਥਾਣੇ ‘ਤੇ ਹਮਲਾ ਕਰ ਦਿੱਤਾ ਹੈ, ਜਿਥੇ ਉਨ੍ਹਾਂ ਕੁਝ ਲੋਕਾਂ ਨੂੰ ਬੰਦੀ ਵੀ ਬਣਾਇਆ ਹੈ। ਇਸ ਦੇ ਨਾਲ ਇਹ ਵੀ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਜਲਦ ਹੀ ਖਾਲਿਸਤਾਨੀ ਮਾਰੇ ਦਿੱਤੇ ਜਾਣਗੇ ਤੇ ਜਿੱਤ ਸਾਡੀ ਹੀ ਹੋਵੇਗੀ। ਬੜੀ ਹਾਸੋਹੀਣੀ ਗੱਲ ਤਾਂ ਉਦੋਂ ਹੋਈ, ਜਦੋਂ ਮੁਕਾਬਲੇ ਤੋਂ ਬਾਅਦ ਵੀ ਭਾਰਤੀ ਮੀਡੀਆ ਆਪਣੀ ਗੱਲ ‘ਤੇ ਕਾਇਮ ਰਿਹਾ ਤੇ ਉਥੇ ਸਿੱਖ ਵਿਰੋਧੀ ਪ੍ਰਚਾਰ ਹੁੰਦਾ ਰਿਹਾ।
  ਪ੍ਰਸ਼ਾਸਨ ਤੇ ਫੌਜ ਕੋਲ ਤਿੰਨਾਂ ਅੱਤਵਾਦੀਆਂ ਦੇ ਵਿਦੇਸ਼ੀ ਹੋਣ ਦੇ ਪੁਖਤਾ ਸਬੂਤ ਸਨ। ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਗਿਆ, ਜਿਸ ਨਾਲ ਸਥਿਤੀ ਸਪੱਸ਼ਟ ਹੋ ਜਾਵੇ। ਉਲਟਾ ਕੁਝ ਆਗੂਆਂ ਨੇ ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਖੁਦ ਹੀ ਖਾਲਿਸਤਾਨੀਆਂ ਦੇ ਖਿਲਾਫ ਬਿਆਨ ਦੇਣੇ ਸ਼ੁਰੂ ਕਰ ਦਿੱਤੇ। ਚਾਹੇ ਉਹ ਕਾਂਗਰਸੀ ਸੀ ਜਾਂ ਅਕਾਲੀ, ਹਰ ਕੋਈ ਆਪਣੀਆਂ ਸਿਆਸੀ ਰੋਟੀਆਂ ਸੇਕਦਾ ਹੀ ਨਜ਼ਰ ਆਇਆ। ਜੇ ਗੱਲ ਕਰੀਏ ਗੁਰਦਾਸਪੁਰ ਹਲਕੇ ਦੇ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੀ, ਉਹ ਤਾਂ ਇੰਝ ਚੁੱਪ ਰਿਹਾ, ਜਿਵੇਂ ਉਸ ਦੇ ਹਲਕੇ ਵਿਚ ਕੁਝ ਹੋਇਆ ਹੀ ਨਾ ਹੋਵੇ।
   ਪੰਜਾਬ ਵਿਚ ਦੂਜੀ ਵੱਡੀ ਘਟਨਾ ‘ਚ ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ ਦੇ ਪੰਜਾਬ ਦੇ ਇੰਚਾਰਜ ਮੁਨੀਸ਼ ਸੂਦ ਦਾ ਉਸ ਦੇ ਆਪਣੇ ਹੀ ਅੰਗ ਰੱਖਿਅਕ ਸੋਮਦੱਤ ਨਾਂ ਦੇ ਹਿੰਦੂ ਵੱਲੋਂ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਸ਼ਰਾਬ ਪੀਣ ਤੋਂ ਬਾਅਦ ਹੋਈ ਬਹਿਸ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਨੂੰ ਅੱਤਵਾਦੀ ਕਾਰਵਾਈ ਮੰਨਣ ਤੋਂ ਇਨਕਾਰ ਕੀਤਾ ਹੈ। ਪਰ ਇਸ ਦੇ ਬਾਵਜੂਦ ਹਿੰਦੂ ਜਥੇਬੰਦੀਆਂ ਨੇ ਫਤਿਹਗੜ੍ਹ ਸਾਹਿਬ ਵਿਚ ਡੇਰੇ ਲਾ ਲਏ ਹਨ। ਸਥਾਨਕ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਤੇ ਹੁੱਲੜਬਾਜ਼ੀ ਦੀਆਂ ਖ਼ਬਰਾਂ ਵੀ ਆਈਆਂ ਹਨ। ਹੱਤਿਆਰੇ ਸੋਮਦੱਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪਰ ਪਤਾ ਨਹੀਂ ਕਿਸ ਗੱਲੋਂ ਉਥੇ ਸਿੱਖ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਉਹੀ ਮੁਨੀਸ਼ ਸੂਦ ਹੈ, ਜਿਸ ਨੇ 11 ਨਵੰਬਰ 2011 ਨੂੰ ਜਗਤਾਰ ਸਿੰਘ ਹਵਾਰਾ ਦੀ ਕਚਹਿਰੀ ਵਿਚ ਪੇਸ਼ੀ ਮੌਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹਵਾਰਾ ਵੱਲੋਂ ਬੇੜੀਆਂ ਤੇ ਹੱਥਕੜੀਆਂ ‘ਚ ਜਕੜੇ ਹੋਣ ਦੇ ਬਾਵਜੂਦ ਵੀ ਇਸ ਨੂੰ ਬੜੀ ਫੁਰਤੀ ਨਾਲ ਧੱਕਾ ਦੇ ਕੇ ਪਰ੍ਹਾਂ ਸੁੱਟ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਮੁਨੀਸ਼ ਸੂਦ ਆਪਣੇ ਆਪ ਨੂੰ ਹਿੰਦੂ ਆਗੂ ਕਹਾਉਣ ਲੱਗ ਪਿਆ ਸੀ। ਇਸ ਨੇ ਆਪਣੇ ਅੰਗ ਰੱਖਿਅਕ ਵੀ ਤਾਇਨਾਤ ਕੀਤੇ ਹੋਏ ਸਨ। ਪਰ ਉਹੀ ਇਸ ਦੀ ਮੌਤ ਦਾ ਕਾਰਨ ਬਣੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਹਿੰਦੂ ਸੰਗਠਨਾਂ ਵੱਲੋਂ ਸੂਦ ਦੇ ਕਤਲ ਵਿਚ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜਦਕਿ ਅਸਲ ਤਸਵੀਰ ਸਾਰਿਆਂ ਦੇ ਸਾਹਮਣੇ ਹੈ।
  ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਨਿਰੰਕਾਰੀ ਭਵਨ ਵਿਖੇ ਤਾਇਨਾਤ ਗੰਨਮੈਨ ਵੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮਾਰਿਆ ਗਿਆ। ਕੁੱਝ ਅਣਜਾਣ ਲੋਕਾਂ ਨੇ ਨਿਰੰਕਾਰੀ ਭਵਨ ਵਿਚ ਰਹਿਣ ਲਈ ਕਮਰੇ ਦੀ ਮੰਗ ਕੀਤੀ ਸੀ। ਪਰ ਗੰਨਮੈਨਾਂ ਵੱਲੋਂ ਮਨਾਂ ਕਰਨ ‘ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ ਅਤੇ ਇਕ ਗੰਨਮੈਨ ਨੂੰ ਮਾਰ ਦਿੱਤਾ ਗਿਆ। ਇਸ ਵਾਰਦਾਤ ਨੂੰ ਵੀ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਥੇ ਇਹ ਗੱਲ ਕਹਿਣੀ ਵੀ ਬਣਦੀ ਹੈ ਕਿ 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਪੰਜਾਬ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਸਨ ਅਤੇ ਹੁਣ ਵੀ ਸ਼ਾਇਦ ਕੁਝ ਰਾਜਨੀਤਿਕ ਆਗੂ ਇਹ ਚਾਹੁੰਦੇ ਹੋਣ ਕਿ ਉਸ ਸੀਨ ਨੂੰ ਫਿਰ ਤੋਂ ਦੁਹਰਾਇਆ ਜਾਵੇ। ਫਤਿਹਗੜ੍ਹ ਸਾਹਿਬ ਵਿਖੇ ਹੋਈ ਹੁੱਲੜਬਾਜ਼ੀ ਲਈ ਪ੍ਰਸ਼ਾਸਨ ਵੱਲੋਂ ਕੋਈ ਖਾਸ ਐਕਸ਼ਨ ਨਹੀਂ ਲਿਆ ਗਿਆ। ਵਰਨਾ ਅੰਗ ਰੱਖਿਅਕ ਵੱਲੋਂ ਕਤਲ ਗਏ ਮੁਨੀਸ਼ ਸੂਦ ਲਈ ਕੋਈ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਸੀ ਕਿ ਉਥੇ ਬਾਜ਼ਾਰ ਬੰਦ ਕਰਕੇ ਹੁੱਲੜਬਾਜ਼ੀ ਕੀਤੀ ਜਾਂਦੀ। ਪੰਜਾਬ ਦੀ ਜਨਤਾ ਨੇ ਇਥੇ 15 ਸਾਲ ਕਾਲੇ ਦੌਰ ਵਜੋਂ ਬਿਤਾਏ ਹਨ। ਇਸ ਤੋਂ ਬਾਅਦ ਜਦੋਂ ਪੰਜਾਬ ਆਪਣੇ ਪੈਰਾਂ ਭਾਰ ਖੜ੍ਹਾ ਹੋਣਾ ਸ਼ੁਰੂ ਹੋਇਆ, ਤਾਂ ਇਥੇ ਨਸ਼ਿਆਂ ਦਾ ਘੁਣ ਲੱਗ ਗਿਆ। ਪੰਜਾਬ ਦੀ ਜਵਾਨੀ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹ ਰਹੀ ਹੈ। ਪੰਜਾਬ ਇਸ ਵੇਲੇ ਲਾਵਾਰਿਸ ਨਜ਼ਰ ਆ ਰਿਹਾ ਹੈ। ਸਿਆਸੀ ਆਗੂ ਆਪੋ-ਆਪਣੀਆਂ ਕੁਰਸੀਆਂ ਬਚਾਉਣ ਜਾਂ ਹਥਿਆਉਣ ਲਈ ਨਿੱਤ ਨਵੇਂ ਰਾਹ ਲੱਭ ਰਹੇ ਹਨ। ਸੱਤਾ ਦਾ ਨਸ਼ਾ ਹਰ ਪਾਰਟੀ ਦੇ ਸਿਰ ਚੜ੍ਹਿਆ ਹੋਇਆ ਹੈ। ਸਿੱਖ ਕੌਮ ਨੂੰ ਪਹਿਲਾਂ ਵੀ ਬਦਨਾਮ ਕੀਤਾ ਗਿਆ ਸੀ ਤੇ ਹੁਣ ਵੀ ਉਸੇ ਰਾਹ ‘ਤੇ ਧੱਕਿਆ ਜਾ ਰਿਹਾ ਹੈ। ਸਿੱਖਾਂ ਖਿਲਾਫ ਭੜਕਾਊ ਬਿਆਨ ਦਿੱਤੇ ਜਾ ਰਹੇ ਹਨ।
   ਕੋਈ ਸਮਾਂ ਸੀ, ਜਦੋਂ ਪੰਜਾਬੀਆਂ ਨੂੰ ‘ਜੈ ਜਵਾਨ-ਜੈ ਕਿਸਾਨ’ ਦਾ ਨਾਅਰਾ ਦਿੱਤਾ ਗਿਆ ਸੀ। ਸਿੱਖ ਜਿਥੇ ਦੇਸ਼ ਦੀ ਰੱਖਿਆ ਲਈ ਮੂਹਰਲੀ ਕਤਾਰ ਵਿਚ ਹੁੰਦੇ ਸਨ, ਉਥੇ ਪੂਰੇ ਦੇਸ਼ ਦਾ ਅੰਨਦਾਤਾ ਵੀ ਕਹਾਉਂਦੇ ਸਨ। ਅੱਜ ਨਸ਼ਿਆਂ ਵਿਚ ਖੁੱਭਿਆ ਇਕ ਨੌਜਵਾਨ ਭਾਰਤੀ ਫੌਜ ਲਈ ਭਰਤੀ ਹੋਣ ਦੀਆਂ ਸਿਹਤ ਪੱਖੋਂ ਸ਼ਰਤਾਂ ਵੀ ਪੂਰੀਆਂ ਨਹੀਂ ਕਰ ਸਕਦਾ। ਜੇ ਗੱਲ ਕਰੀਏ ਖੇਤੀਬਾੜੀ ਦੀ, ਤਾਂ ਹੁਣ ਪੰਜਾਬ ਨਾਲੋਂ ਮੱਧ ਪ੍ਰਦੇਸ਼ ਵਿਚ ਕਣਕ ਤੇ ਝਾਰਖੰਡ ‘ਚ ਝੋਨਾ ਵੱਧ ਪੈਦਾ ਕੀਤਾ ਜਾ ਰਿਹਾ ਹੈ। ਪੰਜਾਬ ਦਾ ਕਿਸਾਨ ਕਰਜ਼ੇ ਵਿਚ ਡੁੱਬਿਆ ਹੋਇਆ ਹੈ ਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਜੇ ਕਿਹਾ ਜਾਵੇ ਕਿ ਪੰਜਾਬ ਨੂੰ ਹਰ ਪੱਖੋਂ ਖੱਸੀ ਕੀਤਾ ਜਾ ਰਿਹਾ ਹੈ, ਤਾਂ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦੇ ਬਹੁਤੇ ਲੋਕ ਉਥੋਂ ਦੇ ਹਾਲਾਤਾਂ ਤੋਂ ਡਰਦਿਆਂ ਵਿਦੇਸ਼ਾਂ ਨੂੰ ਭੱਜ ਰਹੇ ਹਨ, ਜਿਥੇ ਉਹ ਆਪਣੇ ਪੈਰਾਂ ‘ਤੇ ਤਾਂ ਖੜ੍ਹਾ ਹੋ ਗਏ ਹਨ, ਪਰ ਉਨ੍ਹਾਂ ਨੂੰ ਪੰਜਾਬ ਦੇ ਡਿਗਦੇ ਹਾਲਾਤਾਂ ਬਾਰੇ ਹਮੇਸ਼ਾ ਚਿੰਤਾ ਰਹਿੰਦੀ ਹੈ।
ਪੰਜਾਬ ਦੇ ਹਾਲਾਤ ਇਸ ਵੇਲੇ ਸੱਤਾਧਾਰੀ ਜਾਂ ਵਿਰੋਧੀ ਪਾਰਟੀਆਂ ਦੇ ਹੱਕ ਵਿਚ ਨਹੀਂ ਹਨ। ਇਸ ਦੇ ਆਗੂ ਸੱਤਾ ਹਥਿਆਉਣ ਲਈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਕੋਝੀਆਂ ਹਰਕਤਾਂ ਕਰ ਰਹੇ ਹਨ। ਇਹ ਜਥੇਬੰਦੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਹਾਲਾਤ ਠੀਕ ਰਹਿਣ। ਲੋਕਾਂ ਦਾ ਧਿਆਨ ਵੰਡਾ ਕੇ ਇਹ ਆਪਣੀਆਂ ਸਿਆਸੀ ਰੋਟੀਆਂ ਸੇਕਣ ਨੂੰ ਤਰਜੀਹ ਦਿੰਦੇ ਹਨ। ਪੰਜਾਬ ਨੇ ਆਜ਼ਾਦੀ ਤੋਂ ਬਾਅਦ ਆਪਣੇ ਪਿੰਡੇ ‘ਤੇ ਬਹੁਤ ਜ਼ਿਆਦਾ ਦੁੱਖ ਹੰਢਾਏ ਹਨ। ਇਸ ਵਿਚ ਹੁਣ ਹੋਰ ਸ਼ਹਿਣਸ਼ੀਲਤਾ ਨਹੀਂ ਰਹੀ। ਅੱਜ ਲੋੜ ਹੈ ਕਿਸੇ ਚੰਗੇ ਆਗੂ ਅਤੇ ਰਾਜਨੀਤਿਕ ਪਾਰਟੀ ਦੀ, ਜੋ ਇਸ ਨੂੰ ਮੁੜ ਲੀਹ ‘ਤੇ ਲੈ ਕੇ ਆਵੇ। ਤਾਂਕਿ ਇਥੇ ਵਸਦੇ ਲੋਕ ਫਿਰਕੂ ਭਾਵਨਾ ਤੋਂ ਉਪਰ ਉੱਠ ਕੇ ਚੰਗਾ ਜੀਵਨ ਬਿਤਾਉਣ। ਲੋੜ ਹੈ ਕਿ ਪੰਜਾਬ ਦੇ ਲੋਕ ਜਾਗਰੂਕ ਹੋਣ ਅਤੇ ਉਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣ, ਜਿਸ ਨਾਲ ਪੰਜਾਬ ਦੇ ਮਾਹੌਲ ਨੂੰ ਕੋਈ ਠੇਸ ਪਹੁੰਚੇ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.