ਕੈਟੇਗਰੀ

ਤੁਹਾਡੀ ਰਾਇ



ਬਲਬੀਰ ਸਿੰਘ ਸੂਚ (ਵਕੀਲ)
ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ (ਭਾਗ ਪਹਿਲਾ )
ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ (ਭਾਗ ਪਹਿਲਾ )
Page Visitors: 2617

ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ  
                                                                  (ਭਾਗ ਪਹਿਲਾ )
ਬਲਬੀਰ ਸਿੰਘ ਸੂਚ, ਐਡਵੋਕੇਟ,ਲੁਧਿਆਣਾ      
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਨਵੰਬਰ 1984 ਵਿੱਚ ਸਿੱਖਾਂ ਦੇ ਕਤਲ ਅਤੇ ਹੋਰ ਉਸ ਵੇਲੇ ਹੋਏ ਵਹਿਸ਼ੀਆਨਾ ਜ਼ੁਲਮਾਂ ਸਬੰਧੀ ‘ਸਿੱਖ ਕਤਲੇਆਮ’ ਸਿਰਲੇਖ ਹੇਠ ਚਾਰ ਭਾਗਾਂ ਵਿੱਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੋਰ ਵੇਰਵੇ ਗੁਰਦੁਆਰਾ ਗਜ਼ਟ ਵਿੱਚ ਛਾਪਣ ਦਾ ਵਚਨ ਕੀਤਾ ਹੋਇਆ ਹੈ। ਇਹ ਸਿੱਖਾਂ ਦਾ ਕਤਲੇਆਮ ਲੰਬੇ ਸਮੇਂ ਤੋਂ ਕੀਤੀ ਤਿਆਰੀ ਦੇ ਸਿੱਟੇ ਵਜੋਂ ਬੜੇ ਯੋਜਨਾਬੱਧ ਢੰਗ ਨਾਲ ਕੀਤਾ ਗਿਆ। ਇਹ ਕਤਲੇਆਮ ਸਰਕਾਰ ਨੇ ਖੁਦ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਛਤਰ ਛਾਇਆ ਹੇਠ ਕਰਵਾਇਆ। ਭਾਰਤ ਦੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਤਿੰਨ-ਚਾਰ ਦਿਨ ਤੱਕ ਸ਼ਰੇ੍ਹਆਮ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ। ਇਹ ਸਾਰੀ ਗੱਲ ਦੁਨੀਆਂ ਜਾਣਦੀ ਹੈ। ਉਸ ਤੋਂ ਬਾਅਦ ਵਿੱਚ ਬਣੀਆਂ ਭਾਰਤ ਦੀਆਂ ਸਰਕਾਰਾਂ ਇਸ ਪ੍ਰਤੀ ਅਣਜਾਣ ਨਹੀਂ ਹਨ। ਸਿੱਖਾਂ ਦੇ ਇਸ ਕਤਲੇਆਮ ਨੂੰ ਭਾਰਤੀ ਹਾਕਮਾਂ, ਉਨ੍ਹਾਂ ਦੇ ਪਿੱਠੂਆਂ ਤੇ ਪ੍ਰੈਸ ਵੱਲੋਂ ਦੰਗੇ ਲਿਖਣਾ ਤੇ ਕਹਿਣਾ ਸ਼ਰਾਰਤ ਪੂਰਨ ਤਾਂ ਹੈ ਹੀ, ਇਹ ਫਿਰਕਾਪ੍ਰਸਤੀ ਦੀ ਉਘੜਵੀਂ ਮਿਸਾਲ ਵੀ ਹੈ।
ਵਿਦਵਾਨ ਮਿ. ਰਜਨੀ ਕੁਠਾਰੀ ਅਨੁਸਾਰ, “ਜੋ ਕੁਝ ਦਿੱਲੀ ਵਿੱਚ ਨਵੰਬਰ 1984 ਦੇ ਸ਼ੁਰੂ ਵਿੱਚ ਹੋਇਆਂ, ਉਹ ਦੰਗੇ ਨਹੀਂ ਸਨ ਸਗੋਂ ਕਿਸੇ ਸਾਜਿਸ਼ ਅਧੀਨ ਪਹਿਲਾਂ ਤੋਂ ਘੜੀ ਯੋਜਨਾ ਸੀ। ਇਸ ਨੂੰ ਸਿਰੇ ਚਾੜ੍ਹਨ ਲਈ ਖਿੱਤੇ ਦੀ ਚੋਣ (ਸਿੱਖਾਂ ਦੀਆਂ ਹੀ ਰਿਹਾਇਸ਼ੀ ਆਬਾਦੀਆਂ) ਸਾਜੋ-ਸਮਾਨ ਦਾ ਪ੍ਰਬੰਧ, ਇਸ ਅਪਰਾਧ ਨੂੰ ਕਰਨ ਵਾਲੇ ਜਾਣੇ-ਪਹਿਚਾਣੇ ਸਨ। ਸਭ ਕੁਝ ਪਹਿਲਾਂ ਤੋਂ ਹੀ ਤਹਿਸ਼ੁਦਾ ਸਕੀਮ ਨੂੰ ਸਿਰੇ ਚਾੜ੍ਹਨ ਲਈ ਸਰਕਾਰ ਦੀ ਇੱਛਾ ਅਨੁਸਾਰ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਨੂੰ ਗੁੰਡਿਆਂ ਨੇ ਸਿਰਫ ਬਹਾਨੇ ਦੇ ਤੌਰ `ਤੇ ਢੁਕਵੇਂ ਸਮੇਂ ਵਜੋਂ ਵਰਤਿਆ। ਇਹ ਕਤਲੇਆਮ ਖੁਦ-ਬ-ਖੁਦ ਬਿਨਾਂ ਉਚੇਚ ਸ਼ੁਰੂ ਨਹੀਂ ਹੋਇਆ। ਇਸ ਨੂੰ ਪੁਲਿਸ ਦੀ ਦੇਖ ਰੇਖ ਵਿੱਚ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਕਹਿਣ ਤੋਂ ਬਿਨਾਂ ਹੋਰ ਨਾਂ ਨਹੀਂ ਦਿੱਤਾ ਜਾ ਸਕਦਾ।
ਕਾਤਲਾਂ ਦੀਆਂ ਇਹ ਵਹਿਸ਼ੀਆਨਾ ਅਣਮਨੁੱਖੀ ਹਰਕਤਾਂ ਦੇਖ ਕੇ ਸ੍ਰੀ ਰਾਜ ਥਾਪਰ ਨੇ ਲਿਖਿਆ ਹੈ, “ਤੁਸੀਂ ਇਨ੍ਹਾਂ ਕਾਤਲਾਂ ਨੂੰ ਮਨੁੱਖ ਜਾਤੀ ਵਿੱਚੋਂ ਨਹੀਂ ਕਹਿ ਸਕਦੇ। ਇਹ ਕਿਸੇ ਹੋਰ ਰਲਾਵਟ ਨਾਲ ਬਣੇ ਹਨ। ਕਿਉਂਕਿ ਸੰਸਾਰ ਅੰਦਰ ਕਿਧਰੇ ਹੋਰ ਇਸ ਢੰਗ ਨਾਲ ਨਹੀਂ ਵਾਪਰਿਆ। ਹਿਟਲਰ ਨੇ ਵੀ ਇਸ ਤਰ੍ਹਾਂ ਨਹੀਂ ਕੀਤਾ ਭਾਵੇਂ ਉਸ ਨੇ ਸਮੂਹਿਕ ਤੌਰ `ਤੇ ਲੋਕਾਂ ਦਾ ਕਤਲੇਆਮ ਕਰਵਾਇਆ। ਉੇਸ ਨੇ ਇਹ ਕਰਵਾਉਣ ਲਈ ਰਾਖਸ਼ ਤੇ ਕਰੂਪ ਜੀਵ ਤਿਆਰ ਕੀਤੇ। ਪਰ ਸਾਰਾ ਕੁਝ ਲੋਕਾਂ ਦੀ ਵਸੋਂ ਤੋਂ ਦੂਰ ਕੀਤਾ।” ਜਦੋਂ ਕਿ ਸਰਕਾਰ ਨੇ ਆਪਣੇ ਗੰੁਿਡਆਂ ਕੋਲੋਂ ਯੋਜਨਾ ਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਸੰਘਣੀ  ਵਸੋਂ ਵਾਲੇਇਲਾਕਿਆਂ ਵਿੱਚ ਪੁਲਿਸ ਦੀ ਦੇਖ-ਰੇਖ ਅੰਦਰ ਕਰਵਾਇਆ। ਇਸ ਨੂੰ ਦੰਗੇ ਕਹਿ ਕੇ ਸਰਕਾਰ ਆਪਣੀ ਜ਼ਿੰਮੇਂਵਾਰੀ ਤੋਂ ਭੱਜਦੀ ਹੋਈ ਆਪਣੇ ਗੁੰਡਿਆਂ ਨੂੰ ਇਸ ਬੱਜਰ ਪਾਪ ਤੋਂ ਬਰੀ ਕਰਨਾ ਚਾਹੁੰਦੀ ਹੈ ਤੇ ਅਜਿਹਾ ਹੀ ਕਰ ਰਹੀ ਹੈ।
ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਐਡਹਾਕ ਕਮੇਟੀ ਨੇ ਇਹ ਨਿਰਣਾ ਲਿਆ ਕਿ ਨਵੰਬਰ ਦੀਆਂ ਵਹਿਸ਼ੀ ਘਟਨਾਵਾਂ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਉਸ ਦੀ ਸਰਕਾਰ ਸਿੱਧੇ ਜ਼ਿੰਮੇਵਾਰ ਹਨ। ਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਦੇ ਕਤਲੇਆਮ ਦੀ ਸਰਕਾਰਜੁਡੀਸ਼ੀਅਲ ਜਾਂਚ ਕਰਵਾਉਂਦੀ ਪਰ ਉਲਟਾ ਰਾਜੀਵ ਗਾਂਧੀ ਨੇ ਇਹ ਕਹਿ ਕੇ ਕਿ “ਜਬ ਕੋਈ ਦਰੱਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੈ” ਸਗੋਂ ਕਾਤਲਾਂ ਤੇ ਗੁੰਡਿਆਂ ਦੀ ਪਿੱਠ ਪੂਰੀ ਸੀ ਤੇ ਅਜੇ ਵੀ ਪੂਰੀ ਜਾ ਰਹੀ ਹੈ।
ਯਾਦ ਰਹੇ ਕਿ ਗੈਰ-ਸਰਕਾਰੀ ‘ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ `ਤੇ ‘ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼’ ਸੰਸਥਾਵਾਂ ਵੱਲੋਂ ਸਿੱਖਾਂ ਦੇ ਕਤਲੇਆਮ ਲਈ ਜ਼ਿਮੇਂਵਾਰ ਲੋਕਾਂ ਨੂੰ ਨੰਗੇ ਕਰਦੀ ਰਿਪੋਰਟ ‘ਦੋਸ਼ੀ ਕੌਣ ਹਨ’ ਛਾਪੀ ਗਈ।ਸਰਕਾਰ ਨੇ ਇਸ ਰਿਪੋਰਟ ਨੂੰ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾ। ਇਸ ਤਰ੍ਹਾਂ ਸੱਚਾਈ ਸਾਹਮਣੇ ਆਉਣ ਨਹੀਂ ਦਿੱਤੀ ਗਈ ਕਿਉਂਕਿ ਸਰਕਾਰ ਖੁਦ ਦੋਸ਼ੀ ਸੀ। ਕਾਂਗਰਸ ਸਰਕਾਰਾਂ ਨੇ ਜਿਹੜੇ ਕਮਿਸ਼ਨ ਬਣਾਏ ਸਨ, ਉਨ੍ਹਾਂ ਨਿਰਪੱਖ ਢੰਗ ਨਾਲਜਾਂਚ ਨਹੀਂ ਕੀਤੀ। ਜਸਟਿਸ ਰੰਗਾ ਨਾਥ ਮਿਸ਼ਰਾ ਕਮਿਸ਼ਨ ਦਾ ਘੇਰਾ ਸੀਮਿਤ ਸੀ। ਜੱਜਾਂ ਦੀ ਕਮੇਟੀ `ਤੇ ਆਧਾਰਿਤ ਇੱਕ ਨਵਾਂ ਜੁਡੀਸ਼ੀਅਲ ਕਮਿਸ਼ਨ ਬਣਾਉਣ ਦੀ ਅਜੇਮੰਗ ਕੀਤੀ ਜਾ ਰਹੀ ਹੈ, ਪਰ ਸਾਬਕਾ ਗ੍ਰਹਿ ਮੰਤਰੀ ਸ੍ਰੀ ਐਲ. ਕੇ. ਅਡਵਾਨੀ ਨੇ ਆਪਣੇ ਸਮੇਂ, ਲੋਕ ਸਭਾ ਵਿੱਚ ਵਾਰ-ਵਾਰ ਚੁਸਕੀਆਂ ਲੈ ਕੇ ਵਿਰੋਧੀ ਧਿਰ ਦੇ ਮੈਂਬਰ ਡਾ. ਮਨਮੋਹਨ ਸਿੰਘ ਨੂੰ ਕਹਿ ਰਹੇ ਸਨ ਕਿ ਦੱਸੋ ਨਵਾਂ ਕਮਿਸ਼ਨ ਬਣਾਉਣ ਦੀ ਲੋੜ ਹੈ, ਜਾਂ ਨਹੀਂ। ਸ੍ਰੀ ਅਡਵਾਨੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਨਵੰਬਰ 84 ਵਿੱਚ ਸਿੱਖਾਂ ਦਾਵਹਿਸ਼ੀਆਨਾ ਕਤਲੇਆਮ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਆਪਣੇ ਆਗੂਆਂ ਅਤੇ ਗੁੰਡਿਆਂ ਰਾਹੀਂ ਕਰਵਾਇਆ ਸੀ। ਉਹ ਇਹ ਵੀ ਜਾਣਦੇ ਹਨ ਕਿ ਡਾ. ਮਨਮੋਹਨ ਸਿੰਘ ਜੇ ‘ਹਾਂ’ ਕਰਦੇ ਹਨ ਤਾਂ ਮੁਸ਼ਕਲ `ਚ ਫਸਣਗੇ ਜੇ ‘ਨਹੀਂ’ ਕਹਿੰਦੇ ਹਨ ਤਾਂ ਉੱਕਾ ਹੀ ਮਰਦੇ ਹਨ। ਸ੍ਰੀ ਅਡਵਾਨੀ ਜਾਂ ਉਸ ਦੀ ਸਰਕਾਰ ਨਾ ਹੀ ਸੱਚਾਈਸਾਹਮਣੇ ਲੈ ਕੇ ਆਉਣਾ ਚਾਹੁੰਦੀ ਸੀ ਤੇ ਨਾ ਹੀ ਉਹ ਸਿੱਖਾਂ ਨਾਲ ਵਫਾਦਾਰ ਸੀ। ਇਹ ਸਾਰਾ ਸਿਆਸੀ ਡਰਾਮਾ ਹੈ। ਦੁਨੀਆਂ ਦੇ ਅੱਖੀ ਘੱਟਾ ਪਾਉਣ ਵਾਲੀਆਂ ਗੱਲਾਂ ਸਨ।ਸਿੱਖ ਅਗਿਆਨਤਾ ਦੇ ਸ਼ਿਕਾਰ ਤੇ ਆਰਥਿਕ ਪੱਖੋਂ ਲਾਚਾਰ ਹਨ।
ਇਸ ਸਿੱਖ ਕਤਲੇਆਮ ਸਬੰਧੀ ਕੁਝ ਛਪੀਆਂ ਰਿਪੋਰਟਾਂ ਅਨੁਸਾਰ, “ਇਹ ਸਾਕਾ ਇੰਨਾ ਭਿਆਨਕ ਤੇ ਯੋਜਨਾਬੱਧ ਸੀ ਤੇ ਇਸ ਵਿੱਚ ਹੁਕਮਰਾਨ ਪਾਰਟੀ ਦੇ ਸਰਗਨਿਆਂ ਦਾ ਹੱਥ ਸੀ, ਤੱਥ ਰੌਂਗਟੇ ਖੜ੍ਹੇ ਕਰਨ ਵਾਲੇ ਹਨ। ਨਿਰਸੰਦੇਹ ਇਨ੍ਹਾਂ ਜ਼ੁਲਮਾਂ ਪਿੱਛੇ ਸਰਕਾਰ ਦਾ ਆਪਣਾ ਹੱਥ ਸੀ। ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਛਤਰ ਛਾਇਆ ਹੇਠ ਇਹ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਉਤੇ ਜੂਨ ਚੁਰਾਸੀ ਵਿੱਚ ਭਾਰਤੀ ਫੌਜ ਦੇ ਵਹਿਸ਼ੀਆਨਾ ਹਮਲੇ ਤੋਂ ਬਾਅਦ ਆਜ਼ਾਦ ਭਾਰਤ ਦੇ ਸਿੱਖਾਂ ਨਾਲ ਇਹ ਵੱਡਾ ਸ਼ਰਮਨਾਕ ਕਾਂਡ ਵਾਪਰਿਆ। ਇਸ ਘੋਰ ਜ਼ੁਲਮ ਨੂੰ ਹਿੰਦੂ-ਸਿੱਖ ਫਸਾਦ (ਦੰਗੇ) ਕਹਿਣਾ ਹਕੀਕਤ ਤੋਂ ਅੱਖਾਂ ਮੀਟਣ ਤੇ ਸੱਚਾਈ `ਤੇ ਪਰਦਾ ਪਾੳੇਣ ਦੇ ਤੁੱਲ ਹੈ। ਇਹ ਸਰਕਾਰੀ ਗੁੰਡਿਆ ਵੱਲੋਂ ਇੱਕ ਪਾਸੜ ਨਿਹੱਥੇ ਸਿੱਖਾਂ ਦਾ ਵੱਡੀ ਪੱਧਰ `ਤੇ ਕਤਲੇਆਮ ਹੋਇਆ। ਮਾਸੂਮ ਬੱਚੇ ਜ਼ਿੰਦਾ ਜਲਾਏ ਗਏ। ਹਜ਼ਾਰਾਂ ਹੀ ਮੁਟਿਆਰਾਂ ਦਾ ਬਲਾਤਕਾਰ ਕੀਤਾ ਗਿਆ। ਸਿੱਖਾਂ ਦੇ ਘਰਾਂ ਨੂੰ ਲੁੱਟ-ਮਾਰ ਕਰਨ ਤੋਂ ਬਾਅਦ ਅੱਗਾਂ ਲਾਈਆਂ ਗਈਆਂ। ਦੇਸ਼ ਭਰ ਵਿੱਚ ਸਮੁੱਚੀ ਸਿੱਖ ਕੌਮ ਨੂੰ ਇਹ ਨਾ ਭੁੱਲਣ ਵਾਲਾ ਸਬਕ ਸਿਖਾਉਣ ਲਈ 31 ਅਕਤੂਬਰ ਦੀ ਸ਼ਾਮ ਨੂੰ ਫੈਸਲਾ ਉਚ ਪੱਧਰ `ਤੇ ਕਰ ਲਿਆ ਗਿਆ ਸੀ।
ਮਿਲੀਆਂ ਰਿਪੋਰਟਾਂ ਦੇ ਆਧਾਰ `ਤੇ ਕੁਝ ਦਰਦਨਾਕ ਘਟਨਾਵਾਂ ਦੀਆਂ ਝਲਕੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਯੋਜਨਾਬੱਧ ਅਣਮਨੁੱਖੀ ਕਿਸਮ ਦੇ ਜ਼ੁਲਮ ਦਾ ਪ੍ਰਗਟਾਵਾ ਕਰਦੀਆਂ ਹਨ:
(ੳ) ਗੁੰਡਿਆਂ ਦਾ ਕਤਲ ਕਰਨ ਦਾ ਤਰੀਕਾ ਬੜਾ ਡਰਾਉਣਾ ਤੇ ਬਰਦਾਸ਼ਤ ਤੋਂ ਬਾਹਰ ਸੀ। ਵਿਧਵਾਵਾਂ ਨੇ ਚੀਕਦਿਆਂ ਕੁਰਲਾਉਂਦਿਆਂ ਦੱਸਿਆ ਕਿ “ਉਹ ਬਦਮਾਸ਼ ਸਾਡੇਘਰਾਂ ਵਿੱਚੋਂ ਆਦਮੀ ਫੜ ਕੇ ਉਸ ਦੇ ਵਾਲ ਕੱਟ ਦਿੰਦੇ। ਵਾਲ ਕੱਟਦਿਆਂ ਉਹ ਸਾਰੇ ਉਸ ਸਿੱਖ ਦਾ ਮਖੌਲ ਉਡਾਉਂਦੇ ਤੇ ਹੱਸਦੇ ਤੇ ‘ਮੋਨਾ ਮੋਨਾ’ ਕਹਿ ਕੇ ਹੱਸੀ ਜਾਂਦੇ।ਇਸ ਤੋਂ ਬਾਅਦ ਕੁੱਟ-ਮਾਰ ਕਰਕੇ ਉਸ ਆਦਮੀ ਨੂੰ ਨੱਚਣ ਲਈ ਕਹਿੰਦੇ ਤੇ ਆਪ ਜੰਗਲੀਆਂ ਦੀ ਤਰ੍ਹਾਂ ਭਿਆਨਕ ਮੌਤ ਵਰਗਾ ਹਾਸਾ ਹੱਸਦੇ। ਫੇਰ ਉਸ ਨੱਚਦੇ ਆਦਮੀ `ਤੇਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਾ ਕੇ ਕੋਲ ਹੀ ਰਹਿੰਦੇ, ਜਿੰਨਾ ਚਿਰ ਤਕ ਉਹ ਜ਼ਿੰਦਾ ਸੜ ਕੇ ਦਮ ਨਹੀਂ ਤੋੜ ਦਿੰਦਾ। ਉਹ ਬਦਮਾਸ਼ ਕਾਂਗਰਸੀ ਚਮਚੇ ਸਨ।
(ਅ) ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਬੀਬੀਆਂ, ਭੈਣਾਂ ਦੇ ਬਲਾਤਕਾਰ ਕੀਤੇ ਗਏ। ਬਹੁਤ ਸਾਰੇ ਬਦਮਾਸ਼ਾਂ ਨੇ ਇੱਕ ਨੌਜਵਾਨ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫੇਰ ਉਨ੍ਹਾਂ ਨੇ ਉਸ ਲੜਕੀ ਦੇ ਗੁਪਤ ਅੰਗ ਵਿੱਚੋਂ ਸੀਖ ਲੰਘਾ ਕੇ ਆਰ-ਪਾਰ ਕਰ ਦਿੱਤੀ। ਉਹ ਲੜਕੀ ਗੰਭੀਰ ਹਾਲਤ ਵਿੱਚ ਹਸਪਤਾਲ ਪਈ ਸੀ।
(ੲ) ਸਿੱਖਾਂ ਨੂੰ ਘਰਾਂ ਵਿੱਚੋਂ ਬਾਹਰ ਲਿਆ ਕੇ ਬੜੀ ਬੇਰਹਿਮੀ ਨਾਲ ਕੁੱਟਿਆ ਜਾਂਦਾ। ਉਨ੍ਹਾਂ ਦੇ ਕੇਸ `ਤੇ ਦਾੜੀਆਂ ਕੱਟ ਦਿੰਦੇ। ਉਨ੍ਹਾਂ ਅੱਧ-ਮੋਏ ਸਿੱਖਾਂ ਨੂੰ ਠੁੱਡੇ ਮਾਰ ਮਾਰ ਕੇ ਫੁੱਟਬਾਲ ਦੀ ਤਰ੍ਹਾਂ ਰੋੜ੍ਹ ਕੇ ਸੀਵਰੇਜ਼ ਦੇ ਗੰਦੇ ਗਟਰਾਂ ਵਿੱਚ ਸੁੱਟ ਦਿੰਦੇ। ਜਦੋਂ ਉਹ ਮਰਨ ਕਿਨਾਰੇ ਹੋ ਜਾਂਦੇ ਤਾਂ ਉਨ੍ਹਾਂ ਉਤੇ ਪੈਟਰੋਲ ਪਾ ਕੇ ਜ਼ਿੰਦਾ ਹੀ ਸਾੜ ਦਿੱਤਾ ਜਾਂਦਾ।
(ਸ) ਕਾਫੀ ਇਲਾਕਿਆਂ ਵਿੱਚ ਹਿੰਸਾ ਦਾ ਤਰੀਕਾ ਬੜਾ ਹੀ ਭਿਆਨਕ ਹੁੰਦਾ। ਸਿੱਖਾਂ ਦੇ ਸਿਰਾਂ ਉਤੇ ਅੱਗ ਲਾ ਦਿੰਦੇ, ਇਸ ਤਰ੍ਹਾਂ ਜਾਪਦਾ ਜਿਵੇਂ ਕੋਈ ਇਨਸਾਨੀ ਮਿਸਾਲ ਜਗਦੀ ਹੋਵੇ।
(ਹ)  ਇਸ ਤੋਂ ਵੀ ਵੱਧ ਭਿਆਨਕ ਤਰੀਕਾ ਇਹ ਸੀ ਕਿ ਜ਼ਿੰਦਾ ਆਦਮੀ ਦੀਆਂ ਸਿਰਫ ਲੱਤਾਂ ਨੂੰ ਅੱਗ ਲਾ ਦਿੰਦੇ ਅਤੇ ਆਪ ਉਸ ਦੇ ਚਾਰੇ ਪਾਸੇ ਖੜ੍ਹੇ ਰਹਿੰਦੇ। ਇਸ ਤਰ੍ਹਾਂ ਉਹ ਆਦਮੀ ਜਿਊਂਦਾ ਹੀ ਅੱਗ ਵਿੱਚ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦਾ।
(ਕ)  ਨੰਦ ਨਗਰੀ ਵਿੱਚ ਜ਼ਿਆਦਾ ਬਲਾਤਕਾਰ ਅਤੇ ਅਤਿ ਹਿੰਸਾ ਤੇ ਜ਼ੁਲਮ ਇਸ ਕਰਕੇ ਹੋਇਆ ਕਿਉਂਕਿ ਇਸ ਕਲੋਨੀ ਦੇ ਹੀ ਵਾਸੀਆਂ ਉਤੇ ਹੀ ਦਰਿੰਦਗੀ ਛਾ ਗਈ ਸੀ।ਉਹ ਆਪਣੇ ਹੀ ਸਿੱਖ ਗੁਆਂਢੀਆਂ ਤੇ ਜਾਣਕਾਰਾਂ ਉਤੇ ਆਪਣੇ ਦਰਿੰਦੇਪਣ ਦਾ ਪ੍ਰਗਟਾਵਾ ਕਰ ਰਹੇ ਸਨ। ਇਸੇ ਹੀ ਕਲੋਨੀ ਦੀਆਂ ਦੋ ਔਰਤਾਂ ਅਗਜ਼ਨੀ ਅਤੇ ਕਤਲੋਗਾਰਤ ਦੀਆਂ ਹਿੰਸਕ ਘਟਨਾਵਾਂ ਵਿੱਚ ਗੁੰਡਿਆਂ ਨਾਲ ਪੂਰਾ-ਪੂਰਾ ਹਿੱਸਾ ਲੈ ਰਹੀਆਂ ਸਨ।
(ਖ)  ਗੁੰਡੇ ਕਿਸੇ ਵੀ ਸਿੱਖ ਜਾਂ ਸਿੱਖੀ ਨਾਲ ਸਬੰਧਤ ਚੀਜ਼ ਨੂੰ ਖੂਨ ਨਾਲ ਰੰਗਿਆ ਵੇਖਣਾ ਚਾਹੁੰਦੇ ਸਨ। ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੇ ਸਿਰ `ਤੇ ਅਣਗਿਣਤਹੀ ਸਰੀਏ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਉਹ ਸਾਰੇ ਉਚੀ ਉਚੀ ਚੀਕ ਰਹੇ ਸਨ-
                         “ਕਹਾਂ ਹੈ ਤਾਜ਼ੇ ਚੂਹੇ, ਹਮ ਉਨਕਾ ਸ਼ਿਕਾਰ ਕਰੇਂਗੇ।”    
             “ਯਹ ਖਾਲਿਸਤਾਨ ਚਾਹਤੇ ਹੈਂ, ਚਲੋ ਹਮ ਯਹੀ ਖਾਲਿਸਤਾਨ ਬਨਾ ਦੇਤੇ ਹੈਂ।”
                                           (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.