ਕੈਟੇਗਰੀ

ਤੁਹਾਡੀ ਰਾਇ



ਹਰਮੀਤ ਸਿੰਘ ਖਾਲਸਾ
1984 ਦੇ 100 ਦੇ ਕਰੀਬ ਪੀੜਤਾਂ ਦੇ ਇੰਨਸਾਫ ਦੀ ਸਫਲਤਾਪੂਰਵਕ, ਇਕਲਾ ਲੜਾਈ ਲੜਨ ਵਾਲਾ ਸਿਰੜੀ ਤੇ ਨੀਤੀਵਾਨ ਯੋਧਾ- ਮਨਵਿੰਦਰ ਸਿੰਘ ਗਿਆਸਪੁਰਾ
1984 ਦੇ 100 ਦੇ ਕਰੀਬ ਪੀੜਤਾਂ ਦੇ ਇੰਨਸਾਫ ਦੀ ਸਫਲਤਾਪੂਰਵਕ, ਇਕਲਾ ਲੜਾਈ ਲੜਨ ਵਾਲਾ ਸਿਰੜੀ ਤੇ ਨੀਤੀਵਾਨ ਯੋਧਾ- ਮਨਵਿੰਦਰ ਸਿੰਘ ਗਿਆਸਪੁਰਾ
Page Visitors: 2846

1984 ਦੇ 100 ਦੇ ਕਰੀਬ ਪੀੜਤਾਂ ਦੇ ਇੰਨਸਾਫ ਦੀ ਸਫਲਤਾਪੂਰਵਕ, ਇਕਲਾ ਲੜਾਈ ਲੜਨ ਵਾਲਾ ਸਿਰੜੀ ਤੇ ਨੀਤੀਵਾਨ ਯੋਧਾ- ਮਨਵਿੰਦਰ ਸਿੰਘ ਗਿਆਸਪੁਰਾ
ਅੱਜ ਸਿੱਖ ਕੌਮ ਵਿਚ ਪੰਥ ਦਰਦੀਆਂ ਦੀ ਤਾਂ ਭਾਵੇਂ ਘਾਟ ਨਹੀ ਹੈ ਪਰ ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ ਵਰਗੇ ਅਜਿਹੇ ਪੰਥ ਦਰਦੀ ਬਹੁਤ ਹੀ ਘੱਟ ਹਨ ਜੋ ਆਪਣੇ ਆਪ ਨੂੰ ਅਤਿ ਦੀ ਮੁਸ਼ਕਲ ਵਿਚ ਪਾ ਕੇ ਜਨੂਨੀਆਂ ਵਾਂਗ ਸਿਰ ਤੇ ਕਫਨ ਬਨ ਕੇ ਦਿਨ ਰਾਤ ਸਿਰਫ ਕੌਮ ਦੀ ਚੜਦੀ ਕਲਾ ਵਾਸਤੇ ਹੀ ਕੰਮ ਕਰਦੇ ਹੋਣ।
ਮਨਵਿੰਦਰ ਸਿੰਘ ਗਿਆਸਪੁਰਾ ਇੰਜੀਨਿਅਰਿੰਗ ਦੀ ਵਿਦਯਕ ਯੋਗਤਾ ਰਖਣ ਵਾਲਾ ਇਕ ਅਜਿਹਾ ਸ਼ਕਸ ਹੈ ਜੋ ਗੁੜਗਾਂਵ ਦੀ ਕਿਸੇ ਕੰਪਨੀ ਵਿਚ ਜਨਰਲ ਮੈਨੇਜਰ ਦੀ ਪਦਵੀ ਉਪਰ ਕੰਮ ਕਰਦਾ ਸੀ ਜਦੋ ਉਸ ਨੂੰ ਜਨਵਰੀ 2011 ਵਿਚ ਕਿਸੇ ਤੁੱਛ ਜਿਹੇ ਆਦਮੀ ਨੇ ਮਿਹਣਾ ਮਾਰਿਆ ਕਿ ਤੁਹਾਡੇ ਸਿੱਖਾਂ ਦਾ ਅਸੀਂ 1984 ਵਿਚ ਹਰਿਆਣੇ ਦੇ ‘ਹੋਂਦ’ ਪਿੰਡ ਵਿਚੋਂ ਅਜਿਹਾ ਬੀਜ ਨਾਸ ਕੀਤਾ ਹੈ ਕਿ ਅੱਜ ਤੱਕ ਵੀ ਉੱਥੇ ਕੋਈ ਸਿੱਖ ਆ ਕੇ ਨਹੀ ਵਸਿਆ। ਇਸ ਗੱਲ ਨੇ ਮਨਵਿੰਦਰ ਸਿੰਘ ਨੂੰ ਅਜਿਹਾ ਬੇਚੈਨ ਕੀਤਾ ਕਿ ਉਸ ਕੋਲੋਂ ਰਿਹਾ ਨਾ ਗਿਆ ਅਤੇ ਕੁੱਝ ਹੀ ਦਿਨਾ ਵਿਚ ਉਹ ਇਕਲਾ ਹੀ ‘ਹੋਂਦ’ ਪਿੰਡ ਵਿਚ ਅਸਲਿਅਤ ਜਾਨਣ ਚਲਾ ਗਿਆ, ਉਥੇ ਜਾ ਕੇ ਜੋ ਉਹ ਦੇਖਦਾ ਹੈ ਉਸ ਸਭ ਨੂੰ ਅਖਰਾਂ ਵਿਚ ਬਿਆਨ ਕਰਨਾ ਔਖਾ ਹੈ ਕਿਉਂਕਿ, ਸਿੱਖਾਂ ਦੇ ਨਰਸੰਘਾਰ ਦੇ 31 ਸਾਲਾਂ ਬਾਅਦ, ਅੱਜ ਵੀ ਸਿੱਖਾਂ ਦੇ ਘਰ ਅਤੇ ਗੁਰਦਵਾਰਾ ਉਸੇ ਤਰ੍ਹਾ ਹੀ ਉਜੜੇ ਪਏ ਹੋਏ ਹਨ ਅਤੇ ਖੰਡਰ ਬਣ ਕੇ ਹੁਣ ਢੱਠਣ ਦੀ ਕਗਾਰ ਉਪਰ ਹਨ।
ਇਹ ਸਭ ਦੇਖ ਕੇ ਉਸ ਪੰਥ ਦਰਦੀ ਦੀ ਬੇਚੈਨੀ ਹੋਰ ਵਧੀ ਅਤੇ ਉਸ ਨੇ ਪੀੜਤਾਂ ਦਾ ਵੇਰਵਾ ਇਕਠਾ ਕੀਤਾ ਜਿਸ ਤੋਂ ਪਤਾ ਚਲਿਆ ਕਿ 1984 ਦੇ ਨਰਸੰਘਾਰ ਵਿਚ ‘ਹੋਂਦ’ ਪਿੰਡ ਵਿਚ 32 ਸਿਖਾਂ ਨੂੰ ਬੜੀ ਹੀ ਬੇਹਰੈਮੀ ਨਾਲ ਕਤਲ ਕੀਤਾ ਗਿਆ ਸੀ।  
ਕੋਈ ਸਾਧਾਰਨ ਪੰਥ ਦਰਦੀ ਹੁੰਦਾ ਤਾਂ ਸ਼ਾਇਦ ਇਸ ਸਭ ਬਾਰੇ ਲੇਖ ਲਿੱਖ ਕੇ ਮੈਗਜ਼ੀਨਾਂ/ਵੈਬਸਾਈਟਾਂ ਉਪਰ ਛਪਵਾ ਕੇ ਸੰਤੁਸ਼ਟ ਹੋ ਜਾਂਦਾ ਅਤੇ ਆਪਣਾ ਫਰਜ਼ ਪੂਰਾ ਹੋਇਆ ਸੱਮਝਦਾ ਪਰ ਮਨਵਿੰਦਰ ਸਿੰਘ ਗਿਆਸਪੁਰਾ ਕੋਈ ਸਾਧਾਰਨ ਪੰਥ ਦਰਦੀ ਨਹੀ ਹੈ ਇਸ ਲਈ ਉਸ ਨੇ ਨਾ ਸਿਰਫ ਇਸ ਨੂੰ ਅਖਬਾਰਾਂ/ਮੈਗਜ਼ੀਨਾ/ਇਲੈਕਟ੍ਰਾਨਿਕ ਮਿਡੀਆ ਵਿਚ ਹਾਈਲਾਈਟ ਹੀ ਕੀਤਾ ਬਲਕਿ ਹਰਿਆਣਾ ਪ੍ਰਸ਼ਾਸਨ ਨੂੰ ਇਸ ਕਾਂਡ ਦੀ ਜਾਂਚ ਵਾਸਤੇ ਇਕ ਕਮਿਸ਼ਨ ਬਿਠਾਉਣ ਵਾਸਤੇ ਵੀ ਮਜਬੂਰ ਕਰ ਦਿਤਾ, ਇਸ ਕਮਿਸ਼ਨ ਦੀ ਰਿਪੋਰਟ ਤੈਅ ਸਮੇਂ ਨਾਲੋਂ ਬਹੁਤ ਦੇਰ ਨਾਲ, ਮਾਰਚ 2015 ਵਿਚ ਆਈ ਜੋ ਕਿ ਸਰਕਾਰ ਨੇ ਸਾਰਵਜਨਕ ਨਹੀ ਕੀਤੀ ਬੱਸ ਰਿਪੋਰਟ ਦੀ ਸਿਫਾਰਿਸ਼ ਦਾ ਇਕ ਹਿਸਾ ਦੱਸ ਦਿਤਾ ਕਿ ਇਸ ਕਾਂਡ ਵਿਚ ਮਾਰੇ ਗਏ ਹਰ ਇਕ ਸਿੱਖ ਦੇ ਪਰਿਵਾਰ ਨੂੰ 20 ਲੱਖ ਰੁਪਿਆ ਦਿਤਾ ਜਾਵੇਗਾ ਜੋ ਕਿ ਸਰਕਾਰ ਨੇ ਮਨ ਲਿਆ ਹੈ।
ਇਸ ਸਾਰੀ ਪ੍ਰਕਿਰਿਆ ਵਿਚ ਦੋ ਗੱਲਾਂ ਬਹੁਤ ਹੀ ਮਹਤੱਵਪੂਰਨ ਹਨ ਇਕ ਮਨਵਿੰਦਰ ਸਿੰਘ ਗਿਆਸਪੁਰ ਦਾ ਸਿਰੜੀ ਹੋਣਾ ਅਤੇ ਦੂਜਾ ਉਸ ਦਾ ਚੰਗਾ ਨੀਤੀਵਾਨ ਹੋਣਾ, ਇਹ ਦੋਨੋ ਗੱਲਾਂ ਸਾਡੇ ਸਾਰਿਆਂ ਪੰਥ ਦਰਦੀਆਂ ਵਾਸਤੇ ਸਮਝਣੀਆਂ ਬਹੁਤ ਹੀ ਜਰੂਰੀ ਹਨ ਕਿਉਂਕਿ ਆਮ ਹੀ ਦੇਖਣ ਵਿਚ ਆਇਆ ਹੈ ਕਿ ਅਸੀ ਸਾਰੇ ਪੰਥ ਦਾ ਦਰਦ ਰਖੱਦੇ ਹੋਏ ਬਹੁਤ ਸਾਰੇ ਕੰਮ ਕਰਦੇ ਹਾਂ ਅਤੇ ਪੰਥਕ ਮੀਟਿੰਗਾਂ ਵੀ ਕਰਦੇ ਹਾਂ ਪਰ ਸਾਡੀਆਂ ਮੀਟਿੰਗਾਂ ਦਾ ਕੌਮ ਨੂੰ ਕੋਈ ਬਹੁਤਾ ਫਾਇਦਾ ਹੁੰਦਾ ਦਿਖਾਈ ਨਹੀ ਦਿੰਦਾ ਕਿਉਂਕਿ ਉਸ ਵਿਚ ਨੀਤੀ/ਪਲੈਨਿਂਗ ਦੀ ਘਾਟ ਸਪਸ਼ਟ ਦਿਖਾਈ ਦੇਂਦੀ ਹੈ।
ਮਨਵਿੰਦਰ ਸਿੰਘ ਗਿਆਸਪੁਰ ਦੇ ਦੋ ਗੁਣ ‘ਸਿਰੜੀ’ ਅਤੇ ‘ਨੀਤੀਵਾਨ’ ਹੋਣ ਦਾ ਜਿਕਰ ਕਰਦੇ ਹੋਏ ਅਤੇ ਇਸ ਉਪਰ ਜੋਰ ਦਿੰਦੇ ਹੋਏ, ਸਿਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਇਨ੍ਹਾ ਦੋਨੋ ਗੁਣਾ ਦਾ ਧਾਰਨੀ ਹੋਣ ਨਾਲ ਅਸੀ ਸਾਰੇ ਪੰਥ ਦਰਦੀ ਕੌਮ ਦਾ ਭਲਾ ਕਰ ਸਕਦੇ ਹਾਂ।
ਮਨਵਿੰਦਰ ਸਿੰਘ ਗਿਆਸਪੁਰ ਦਾ ‘ਸਿਰੜੀ’ ਹੋਣਾ
‘ਹੌਦ’ ਪਿੰਡ ਦੇ ਕੇਸ ਨੂੰ ਇਸ ਪੰਥ ਦਰਦੀ ਨੇ ਆਪਣੀ ਸਫਲ ਨੀਤੀ ਨਾਲ ਐਨਾ ਹਾਈਲਾਈਟ ਕਰ ਦਿਤਾ ਕਿ ਜਦੋਂ ਇਸ ਨੇ ਗੁੜਗਾਂਵ ਗੁਰਦਵਾਰਾ ਕਮੇਟੀਆਂ ਦੀ ਮਦੱਦ ਨਾਲ 6 ਮਾਰਚ 2011 ਨੂੰ ‘ਹੋਂਦ’ ਪਿੰਡ ਵਿਚ ਅਖੰਡ ਪਾਠ ਦਾ ਭੋਗ ਪਵਾਇਆ ਤਾਂ ਉਸ ਵਿਚ ਸਿੱਖਾਂ ਦਾ ਇਕੱਠ 10-12 ਹਜ਼ਾਰ ਦੇ ਕਰੀਬ ਸੀ ਪਰ ਇਸ ਨਾਲ ਹੀ ਉਸ ਦੇ ‘ਸਿਰੜ’ ਦਾ ਇਮਤਿਹਾਨ ਵੀ ਸ਼ੁਰੂ ਹੋ ਗਿਆ ਸੀ। 4 ਮਾਰਚ ਨੂੰ ਹੋਂਦ ਪਿੰਡ ਵਿਚ ਅਖੰਡ ਪਾਠ ਰਖਣਾ ਸੀ ਅਤੇ 3 ਮਾਰਚ ਦੀ ਰਾਤ ਨੂੰ ਸਰਕਾਰ ਨੇ ਮਨਵਿੰਦਰ ਸਿੰਘ ਦੇ ਪਿੰਡ ‘ਗਿਆਸਪੁਰ’ ( ਲੁਧਿਆਣੇ ਦੇ ਕੋਲ ਇਕ ਪਿੰਡ ) ਦੇ ਘਰ ਵਿਚ ਚੋਰੀ ਕਰਵਾ ਕੇ ਇਸ ਸਿਰੜੀ ਪੰਥ ਦਰਦੀ ਦਾ ਬਹੁਤ ਹੀ ਭਾਰੀ ਨੁਕਸਾਨ ਕਰ ਦਿਤਾ ਪਰ ਧੰਨ ਹੈ ਇਹ ਪੰਥ ਦਰਦੀ ਜੋ ਆਪਣੇ ਘਰ ਦਾ ਹਾਲ ਤੱਕ ਨਹੀ ਦੇਖਣ ਆਇਆ ਅਤੇ 4 ਮਾਰਚ ਨੂੰ ‘ਹੋਂਦ’ ਪਿੰਡ ਵਿਚ ਆਪਣੀ ਪੰਥਕ ਸੇਵਾ ਨਿਭਾਉਣ ਲਈ ਚਲਾ ਗਿਆ। ਦੂਜਾ ਵਡਾ ਇਮਤਿਹਾਨ ਇਸ ਸਿਰੜੀ ਪੰਥ ਦਰਦੀ ਦਾ ਉਦੋਂ ਹੋਇਆ ਜਦੋਂ ਇਸ ਨੂੰ ‘ਹੋਂਦ’ ਵਿਚ ਸਫਲਤਾਪੂਰਵਕ ਸਮਾਗਮ ਕਰਨ ਤੋਂ ਮਹਿਜ 5 ਦਿਨਾ ਬਾਅਦ ਹੀ ਜਨਰਲ ਮੈਨੇਜਰ ਦੀ ਨੋਕਰੀ ਤੋਂ ਕੱਢ ਦਿਤਾ ਗਿਆ ਪਰ ਇਹ ਇਮਤਿਹਾਨ ਵੀ ਇਸ ਯੋਧੇ ਨੇ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਪਾਸ ਕਰ ਲਿਆ ਅਤੇ ਆਪਣੇ ਇਸ ਪੰਥਕ ਕਾਰਜ ਨੂੰ ਅੱਗੇ ਵਧਾਉਂਦਾ ਰਿਹਾ। ‘ਹੋਂਦ’ ਦਾ ਕੇਸ ਇਨ੍ਹਾ ਹਾਈਲਾਈਟ ਹੋਇਆ ਕਿ ‘ਗੁੜਗਾਂਵ’ ਅਤੇ ‘ਪਟੋਦੀ’ ਵਿਚ ਵਸਦੇ ਸਿਖਾਂ ਨੇ ਵੀ ਮਨਵਿੰਦਰ ਸਿੰਘ ਨਾਲ ਸੰਪਰਕ ਕਾਇਮ ਕੀਤਾ ਅਤੇ ਦਸਿਆਂ ਕਿ ‘ਗੁੜਗਾਂਵ’ ਵਿਚ 47 ਅਤੇ ‘ਪਟੋਦੀ’ ਵਿਚ 17 ਸਿੱਖਾਂ ਦਾ ਨਰਸੰਘਾਰ 1984 ਵਿਚ ਕੀਤਾ ਗਿਆ ਸੀ।ਮਨਵਿੰਦਰ ਸਿੰਘ ਨੇ ਇਕ ਸਫਲ ਨੀਤੀਵਾਨ ਹੋਣ ਕਾਰਨ ‘ਗੁੜਗਾਂਵ’ ਅਤੇ ‘ਪਟੋਦੀ’ ਦੇ ਕੇਸ ਵੀ ਸਰਕਾਰ ਉਪਰ ਦਬਾਵ ਬਣਾ ਕੇ ‘ਹੋਂਦ’ ਵਾਲੀ ਜਾਂਚ ਕਮੀਸ਼ਨ ਵਿਚ ਸ਼ਾਮਿਲ ਕਰਵਾ ਲਏ। ਇਸ ਪੰਥ ਦਰਦੀ ਦੇ ਸਿਰੜ ਦਾ ਇਸ ਗੱਲ ਤੋਂ ਵੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਸ ਨੇ ਹੁਣ ਤੱਕ ਜੋ ਵੀ ਇਸ ਮਸਲੇ ਵਿਚ ਕੰਮ ਕੀਤਾ ਉਹ ਇਕਲਿਆਂ ਹੀ ਕੀਤਾ ਉਸ ਵਿਚ ਕਿਸੇ ਵੀ ਜਥੇਬੰਦੀ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀ ਮਿਲੀ ਸਿਵਾਏ ਸ਼੍ਰੋਮਣੀ ਕਮੇਟੀ ਦੇ, ਕਮਿਸ਼ਨ ਅੱਗੇ ਪੇਸ਼ ਹੋਣ ਵਾਸਤੇ ਇਕ ਕਾਰ ਮੁਹੲਵੀਆ ਕਰਵਾਉਣ ਦੇ। ਇਸੇ ਦੌਰਾਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਾ ਦੀਆਂ ਤਸਵੀਰਾਂ ਵਾਲੀਆਂ ਛਪੀਆਂ ਹੋਈਆਂ ਟੀ-ਸ਼ਰਟਾਂ ਦਾ ਦੇਸ਼ ਧ੍ਰੋਹ ਦਾ ਕੇਸ ਪੰਜਾਬ ਦੀ ਅਕਾਲੀ ਸਰਕਾਰ ਨੇ ਇਸ ਸਿਰੜੀ ਵੀਰ ਉਪਰ ਪਾ ਦਿਤਾ। ਆਪਣੇ ਪਿੰਡ ‘ਗਿਆਸਪੁਰਾ’ ਦੀ ਇਕ ਗੈਂਗ ਰੇਪ ਦੀ ਪੀੜਤ ਲੜਕੀ ਦਾ ਕੇਸ ਵੀ ਉਸ ਲੜਕੀ ਅਤੇ ਉਸ ਦੇ ਮਾਪਿਆਂ ਦੇ ਕਹਿਣ ਤੇ ਪੀੜਤ ਪਰਵਾਰ ਨਾਲ ਮਿਲ ਕੇ ਇਹ ਵੀਰ ਲੜ ਰਿਹਾ ਹੈ ਕਿਉਂਕਿ ਉਸ ਗਰੀਬ ਪਰਵਾਰ ਦੀ ਕਿਸੇ ਨੇ ਨਹੀ ਸੁਣੀ ਕਿਉਂਕਿ ਰੇਪ ਕਰਨ ਵਾਲੇ ਸਾਰੇ ਮੁੰਡੇ ਅਮੀਰ ਪਰਵਾਰਾਂ ਦੇ ਉਪਰ ਤੱਕ ਪਹੁੰਚ ਰਖਣ ਵਾਲੇ ਮੁੰਡੇ ਸਨ। ਮਨਦੀਪ ਸਿੰਘ ਕੁੱਬਾ ( ਜਿਸ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਕਸ ਨੂੰ ਹਵਾਲਾਤ ਵਿਚ ਜਾ ਕੇ ਗੋਲੀ ਮਾਰੀ ਸੀ ) ਦੇ ਕੇਸ ਵਿਸ ਵੀ ਇਸ ਵੀਰ ਦੀ ਸ਼ਮੂਲੀਅਤ ਹੈ। ਲੁਧਿਆਣੇ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਬਚਿਆਂ ਦੀਆਂ ਗੁਰਮੱਤ ਕਲਾਸਾਂ ਅਤੇ ਦਸਤਾਰਬੰਧੀ ਮੁਕਾਬਲੇ ਵੀ ਇਹ ਵੀਰ ਆਪਣੇ ਉਦਮ ਨਾਲ ਕਰਵਾਉਂਦਾ ਹੈ । ਨੌਕਰੀ ਜਾਣ ਤੋਂ ਬਾਅਦ ਇਕਲਿਆਂ ਹੀ ਪੀੜਤਾਂ ਨਾਲ ਵੱਖ-ਵੱਖ ਕੇਸ ਲੜਦੇ ਹਏ ਆਰਥਿਕ ਹਾਲਾਤ ਐਨੇ ਵਿਗੜੇ ਕਿ ਕਰਜਾਈ ਹੋਣਾ ਪੈ ਗਿਆ ਪਰ ਧੰਨ ਹੈ ਇਹ ਸਿਰੜੀ ਵੀਰ ਜੋ ਸਾਰੀਆਂ ਮੁਸੀਬਤਾਂ ਝੱਲਦੇ ਹੋਏ ਵੀ ਇਕਲਾ ਹੀ ਲੱੜ ਰਿਹਾ ਹੈ ਅਤੇ ਇਤਨੇ ਪੰਥਕ ਕਾਰਜ ਸਫਲਤਾਪੂਰਵਕ ਇਕਲਾ ਹੀ ਕਰ ਰਿਹਾ ਹੈ।
ਮਨਵਿੰਦਰ ਸਿੰਘ ਗਿਆਸਪੁਰ ਦਾ ‘ਚੰਗਾ ਨੀਤੀਵਾਨ’ ਹੋਣਾ
‘ਹੌਦ’ ਪਿੰਡ ਦੇ ਕੇਸ ਨੂੰ ਨਾ ਸਿਰਫ ਪੂਰੀ ਕਾਮਯਾਬੀ ਨਾਲ ਹਾਈਲਾਈਟ ਕਰਨਾ ਬਲਕਿ ਹਰਿਆਣਾ ਦੀ ਕਾਂਗਰਸ ਸਰਕਾਰ ਉਪਰ ਮੀਡੀਏ ਨੂੰ ਆਪਣੇ ਹੱਕ ਵਿਚ ਇਸਤਮਾਲ ਕਰ ਕੇ ਦਬਾਵ ਬਣਾ ਕੇ ਜਾਂਚ ਕਮੀਸ਼ਨ ਦਾ ਗਠਨ ਕਰਵਾਉਣਾ ਅਤੇ ਉਸ ਦੀ ਜਲਦੀ ਤੋਂ ਜਲਦੀ ਰਿਪੋਰਟ ਦੀ ਮੰਗ ਕਰਨੀ, ਇਹ ਐਸਾ ਕੰਮ ਹੈ ਜੋ ਕਿਸੇ ਵਡੀ ਤੋਂ ਵਡੀ ਸੰਸਥਾ ਵਾਸਤੇ ਵੀ ਆਸਾਨ ਨਹੀ ਹੈ ਪਰ ਇਸ ਵੀਰ ਦੀ ਦੂਰ ਅੰਦੇਸ਼ੀ ਅਤੇ ਨੀਤੀ ਅਜਿਹੀ ਰਹੀ ਕਿ ਇਸ ਨੇ ਅਜਿਹਾ ਕਠਿਨ ਅਤੇ ਪਹਾੜ ਵਰਗਾ ਕੰਮ ਇਕਲਿਆਂ ਹੀ ਕਰ ਲਿਆ ਬਾਅਦ ਵਿਚ ਜਦੋ ਇਸ ਨੂੰ ਗੁੜਗਾਂਵ ਅਤੇ ਪਟੌਦੀ ਦੇ ਕੇਸਾਂ ਦਾ ਪਤਾ ਚਲਿਆ ਤਾਂ ਇਸ ਵੀਰ ਨੇ ਇਨ੍ਹਾ ਦੋਨੋ ਸ਼ਹਿਰਾਂ ਦੀ ਜਾਂਚ ਵੀ ਸਰਕਾਰ ਉਪਰ ਦਬਾਵ ਬਣਾ ਕੇ ਇਸ ਜਾਂਚ ਕਮੀਸ਼ਨ ਵਿਚ ਸ਼ਾਮਿਲ ਕਰਵਾ ਲਈ। ਚੰਗਾ ਨੀਤੀਵਾਨ ਹੋਣ ਕਾਰਨ ਇਸ ਵੀਰ ਨੇ ਮੀਡੀਏ ਨੂੰ ਆਪਣੇ ਹੱਕ ਵਿਚ ਬੜੀ ਹੀ ਸਫਲਤਾਪੂਰਵਕ ਸਮੇਂ-ਸਮੇਂ ਤੇ ਇਸਤਮਾਲ ਕੀਤਾ। ਇਸ ਵੀਰ ਦੀ ਇਕ ਨੀਤੀ ਇਹ ਵੀ ਹੈ ਕਿ ਇਸ ਦੁਆਰਾ ਲੜੇ ਜਾਂਦੇ ਕੇਸਾਂ ਨੂੰ ਪੂਰੀ ਦੁਨੀਆਂ ਵਿਚ ਵੱਧ ਤੋਂ ਵੱਧ ਹਾਈਲਾਈਟ ਕੀਤਾ ਜਾਵੇ ਤਾਂ ਜੋ ਪੂਰੀ ਦੁਨੀਆਂ ਨੂੰ ਪਤਾ ਲਗ ਸਕੇ ਕਿ ਕਿਵੇਂ ਹਿਦੁਸਤਾਨ ਵਿਚ ਅਲਪਸੰਖਿਅਕ ਕੌਮਾਂ ਨਾਲ ਧੱਕਾ ਕੀਤਾ ਜਾਂਦਾ ਹੈ। ਇਸ ਸਾਰੀ ਕਾਰਵਾਈ ਤੋਂ ਪਤਾ ਚਲਦਾ ਹੈ ਕਿ ਜੇ ਨੀਤੀ ਨਾਲ ਕੰਮ ਕੀਤਾ ਜਾਵੇ ਤਾਂ ਔਖੇ ਤੋਂ ਔਖਾ ਕੰਮ ਵੀ ਕਾਮਯਾਬੀ ਨਾਲ ਪੂਰਾ ਕੀਤਾ ਜਾ ਸਕਦਾ ਹੈ।
ਹੁਣ ਅਸੀ ਆਪਣੇਆਪ ਦੀ ਤੁਲਨਾ ਇਸ ਵੀਰ ਨਾਲ ਕਰਦੇ ਹੋਏ ਦੇਖਦੇ ਹਾਂ ਕਿ ਸਾਡੇ ਵਿਚ ਅਤੇ ਇਸ ਵੀਰ ਵਿਚ ਕੀ ਫਰਕ ਹੈ? ਅਸੀ ਵੀ ਹਾਂ ਤਾਂ ਸੱਚੇ ਪੰਥ ਦਰਦੀ ਹਾਂ ਪਰ ਸਾਡੀ ਸਭ ਤੋਂ ਵਡੀ ਕਮੀ ਇਹ ਹੈ ਕਿ ਅਸੀ ਜਮੀਨੀ ਪੱਧਰ ਤੇ ਬਹੁਤ ਘੱਟ ਕੰਮ ਕਰਦੇ ਹਾਂ ਅਤੇ ਵੈਬਸਾਈਟਾਂ ਉਪਰ ਲੇਖ ਲਿਖ ਕੇ ਅਤੇ ਇਕ ਦੁਜੇ ਪ੍ਰਤੀ ਦੂਸ਼ਨਬਾਜੀ ਕਰ ਕੇ ਹੀ ਸੰਤੁਸ਼ਟ ਹੋ ਜਾਂਦੇ ਹਾਂ ਅਤੇ ਲੇਖ ਲਿਖਣ ਨੂੰ ਹੀ ਕੌਮ ਦੀ ਸੇਵਾ ਕਰਦੇ ਹੋਏ ਸਮੱਝਦੇ ਹਾਂ ਜੱਦ ਕਿ ਸਚਾਈ ਇਹ ਹੈ ਕਿ ਪੰਥਕ ਵੈਬਸਾਈਟਾਂ ਦਾ ਇਕ ਬੱਝਾ ਪਾਠਕ ਵਰਗ ਹੈ ਜੋ ਪਹਿਲਾਂ ਤੋਂ ਹੀ ਜਾਗਰੂਕ ਹੈ, ਇਸ ਲਈ ਕੌਮ ਦੀ ਸੇਵਾ ਵਧੇਰੇ ਸਾਰਥਕ ਤਾਂ ਹੋਵੇਗੀ ਜੇ ਅਸੀ ਲੇਖ ਲਿਖਣ ਦੇ ਨਾਲ-ਨਾਲ ਜਮੀਨੀ ਪਧਰ ਤੇ ਵੀ ਪੂਰੇ ਜੋਸ਼ ਅਤੇ ਸਿਰੜ ਨਾਲ ਪਲੈਨਿੰਗ ਅਤੇ ਨੀਤੀ ਬਣਾ ਕੇ ਕੰਮ ਕਰੀਏ। ਸਾਡੀ ਹਾਲਤ ਇਹ ਹੈ ਕਿ ਅਸੀ ਜਥੇਬੰਦੀਆਂ ਦੀਆਂ ਮੀਟੀਂਗਾਂ ਤਾਂ ਬਹੁਤ ਕਰ ਲੈਂਦੇ ਹਾਂ ਪਰ ਪਲੈਨਿਂਗ/ਨੀਤੀ ਦੀ ਘਾਟ ਕਾਰਨ ਸਾਡਾ ਆਪਸ ਵਿਚ ਨਾ ਤਾਂ ਪੂਰੀ ਤਰ੍ਹਾ ਇਤਫਾਕ ਹੀ ਬਣ ਪਾਉਂਦਾ ਹੈ ਅਤੇ ਨਾ ਹੀ ਅਸੀ ਕਿਸੇ ਕੰਮ ਨੂੰ ਪੂਰੀ ਕਾਮਯਾਬੀ ਨਾਲ ਸਿਰੇ ਚਾੜ੍ਹ ਪਾਉਂਦੇ ਹਾਂ ਫੇਰ ਅਸੀ ਸਾਰੇ ਥੱਕ ਹਾਰ ਕੇ ਬੈਠ ਜਾਂਦੇ ਹਾਂ ਅਤੇ ਸਾਡੇ ਸਭ ਦਾ ਇਕ ਹੀ ਗਿਲਾ ਹੁੰਦਾ ਹੈ ਕਿ ਅਸੀ ਤਾਂ ਸੈਂਕੜੇ ਮੀਟੀਂਗਾਂ/ਕੋਸ਼ਿਸ਼ਾਂ ਕੀਤੀਆਂ ਪਰ ਕੋਈ ਫਾਇਦਾ ਨਹੀ ਹੋਇਆ। ( ਦਾਸ ਨੇ ਬਹੁਤ ਸਾਰੇ ਪੰਥਕ ਵੀਰਾਂ ਨਾਲ ਵਿਚਾਰ ਕਰਦੇ ਹੋਏ ਸੱਭ ਦੇ ਵਿਚ ਇਕ ਚੀਜ਼ ਕਾਮਨ ਪਾਈ ਅਤੇ ਉਹ ਹੈ ‘ਨਿਰਾਸ਼ਾ’, ਇਸ ਗੱਲ ਦੀ ਕਿ ਅਸੀ ਤਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਫਾਇਦਾ ਨਹੀ ਹੋਇਆ ।) ਕਮੀ ਤਾਂ ਸਾਡੀ ਇਹ ਹੈ ਕਿ ਨਾ ਤਾਂ ਅਸੀ ਨੀਤੀ ਬਣਾ ਕੇ ਕੋਈ ਕੰਮ ਕਰਦੇ ਹਾਂ ਅਤੇ ਨਾ ਹੀ ਪੂਰੇ ਸਿਰੜ ਨਾਲ ਕਿਸੇ ਕੰਮ ਦੀ ਕਾਮਯਾਬੀ ਨਾਲ ਪਾਲਨਾ ਕਰਦੇ ਹਾਂ ਅਤੇ ਬਾਅਦ ਵਿਚ ਨਿਰਾਸ਼ਾਜਨਕ ਗਿਲੇ ਕਰਦੇ ਹਾਂ।
ਦਾਸ ਦਾ ਇਹ ਲੇਖ ਲਿਖਣ ਦਾ ਸਿਰਫ ਇਹ ਹੀ ਮਨੋਰਥ ਹੈ ਕਿ ਅਸੀ ਮਨਵਿੰਦਰ ਸਿੰਘ  ਗਿਆਸਪੁਰ ਦੇ ‘ਸਿਰੜੀ’ ਅਤੇ ‘ਚੰਗਾ ਨੀਤੀਵਾਨ’ ਗੁਣਾ ਦੇ ਧਾਰਨੀ ਹੋਣ ਕਾਰਨ ਪੰਥਕ ਕਾਰਜ, ਜਾਤੀ ਮੁਸ਼ਕਲਾਂ ਦੇ ਬਾਵਜੂਦ ਕਾਮਯਾਬੀ ਨਾਲ ਸਿਰੇ ਚਾੜਨ ਤੋਂ ਸਿੱਖਦੇ ਹੋਏ ਅਸੀ ਸਾਰੇ ਪੰਥ ਦਰਦੀ ਵੀ ਕੋਈ ਵੀ ਪੰਥਕ ਕੰਮ ਛੋਹਨ ਤੋਂ ਪਹਿਲਾਂ ਚੰਗੀ ਨੀਤੀ ਬਣਾਈਏ ਅਤੇ ਫੇਰ ਉਸ ਕੰਮ ਦਾ ਪੂਰੀ ਦ੍ਰਿੜਤਾ ਅਤੇ ਸਿਰੜ ਨਾਲ ਪਾਲਨ ਕਰੀਏ ਅਸੀ ਤਾਂ ਇਸ ਵੀਰ ਵਾਂਗ ਇਤਨੀਆਂ ਜਾਤੀ ਮੁਸ਼ਕਲਾਂ ਵਿਚ ਵੀ ਨਹੀ ਹਾਂ ਫੇਰ ਲੋੜ ਸਿਰਫ ‘ਚੰਗੀ ਨੀਤੀ’ ਬਣਾ ਕੇ ‘ਸਿਰੜ’ ਨਾਲ ਕੰਮ ਕਰਨ ਦੀ ਹੈ।
ਦਾਸਰਾ
ਹਰਮੀਤ ਸਿੰਘ ਖਾਲਸਾ
ਡਬਰਾ ( ਗਵਾਲਿਅਰ )

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.