(ਵਿਸ਼ਾ-ਚੌਥਾ, ਲੇਖਾ-ਜੋਖਾ)
(ਭਾਗ ਤੀਜਾ)
ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥4॥1॥7॥ (165)
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥
ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥1॥
ਹਮ ਵਣਜਾਰੇ ਰਾਮ ਕੇ ॥
ਹਰ ਵਣਜੁ ਕਰਾਵੈ ਦੇ ਰਾਸਿ ਰੇ ॥1॥ਰਹਾਉ॥
ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥
ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥2॥
ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥
ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥3॥
ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥
ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥4॥1॥7॥ (165)
ਹਮ ਵਣਜਾਰੇ ਰਾਮ ਕੇ ॥
ਹਰ ਵਣਜੁ ਕਰਾਵੈ ਦੇ ਰਾਸਿ ਰੇ ॥1॥ਰਹਾਉ॥
ਹੇ ਭਾਈ, ਸਾਨੂੰ ਰਾਮ ਨੇ ਧਰਤੀ (ਕਰਮ-ਭੂਮੀ) ਤੇ ਵਪਾਰ ਕਰਨ ਲਈ ਭੇਜਿਆ ਹੈ । ਸਾਡੇ ਸ਼ਾਹ , ਰੱਬ ਨੇ ਸਾਨੂੰ ਆਪਣੇ ਨਾਮ ਦੀ, ਆਪਣੇ ਹੁਕਮ ਵਿਚ ਚੱਲਣ ਦੀ ਪੂੰਜੀ ਦੇ ਕੇ ਸਾਡੇ ਕੋਲੋਂ ਵਪਾਰ ਕਰਵਾਉਣਾ ਹੈ। ਸ਼ਬਦ ਗੁਰੂ ਦੇ ਆਖੇ ਵਿਚ ਚੱਲਣ ਵਾਲੇ ਗੁਰਮੁਖ, ਪ੍ਰਭੂ ਦੇ ਹੁਕਮ ਵਿਚ, ਉਸ ਦੀ ਰਜ਼ਾ ਵਿਚ ਚਲਦਿਆਂ , ਉਸ ਪੂੰਜੀ ਨੂੰ ਵਧਾ ਕੇ , ਜੀਵਨ ਦੀ ਬਾਜ਼ੀ ਜਿੱਤ ਜਾਂਦੇ ਹਨ । ਆਪਣੇ ਮਨ ਦੇ ਕਹੇ ਚੱਲਣ ਵਾਲੇ ਮਨਮੁਖ , ਪ੍ਰਭੂ ਦੀ ਰਜ਼ਾ , ਉਸ ਦੇ ਹੁਕਮ ਦੀ ਅਵੱਗਿਆ ਕਰਦੇ , ਉਸ ਪੂੰਜੀ ਨੂੰ ਗਵਾ ਕੇ, ਜੀਵਨ ਬਾਜ਼ੀ ਹਾਰ ਜਾਂਦੇ ਹਨ ।
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥
ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥1॥
ਹੇ ਕਰਤਾਰ , ਤੂੰ ਹੀ ਸਾਡਾ ਸ਼ਾਹ ਹੈਂ , ਤੂੰ ਹੀ ਸਾਡਾ ਮਾਲਕ ਹੈਂ, ਤੂੰ ਸਾਨੂੰ ਵਪਾਰ ਕਰਨ ਲਈ, ਜੈਸੀ ਰਾਸ-ਪੂੰਜੀ ਦਿੰਦਾ ਹੈਂ ਅਸੀਂ ਵੈਸੀ ਹੀ ਪੂੰਜੀ ਲੈਂਦੇ ਹਾਂ । ਜੇ ਤੂੰ ਆਪ ਦਿਆਲ ਹੋ ਕੇ ਸਾਨੂੰ ਆਪਣੇ ਨਾਮ ਦੀ ਪੂੰਜੀ , ਆਪਣੇ ਹੁਕਮ ਵਿਚ ਚੱਲਣ ਦੀ ਤੌਫੀਕ ਦੇਵੇਂ ਤਾਂ ਅਸੀਂ ਖੁਸ਼ੀ ਨਾਲ, ਤੇਰੇ ਨਾਮ ਦਾ ਵਪਾਰ ਕਰਨ ਲੱਗ ਜਾਂਦੇ ਹਾਂ, ਤੇਰੇ ਹੁਕਮ ਵਿਚ ਚੱਲਣ ਲੱਗ ਜਾਦੇ ਹਾਂ ।
ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥
ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥2॥
ਜਿਸ ਜੀਵ ਵੰਜਾਰੇ ਨੇ ਮਨੁੱਖਾ ਜੂਨ ਵਿਚ, ਪਰਮਾਤਮਾ ਦੀ ਭਗਤੀ ਦੀ ਕਮਾਈ ਕੀਤੀ ਹੈ, ਨਾਮ ਦਾ ਲਾਹਾ ਖੱਟਿਆ ਹੈ, ਉਹ ਜੀਵ ਸੱਚੇ ਪਾਤਸ਼ਾਹ ਨੂੰ, ਹਮੇਸ਼ਾ ਕਾਇਮ ਰਹਣ ਵਾਲੀ ਸ਼ਕਤੀ ਨੂੰ, ਮਨੋਂ ਪਿਆਰਾ ਲੱਗਣ ਲੱਗ ਪਿਆ।ਉਸ ਜੀਵ ਨੇ ਹਰੀ ਨੂੰ ਹਰ ਵੇਲੇ ਯਾਦ ਰੱਖ ਕੇ , ਉਸ ਦੀ ਰਜ਼ਾ ਵਿਚ ਚੱਲਣ ਦਾ ਸੌਦਾ ਲੱਦਿਆ ਹੈ, ਜਮ ਦਾ ਮਸੂਲੀਆ ਉਸ ਵਪਾਰੀ ਦੇ ਨੇੜੇ ਨਹੀਂ ਲਗਦਾ , ਉਸ ਕੋਲੋਂ ਟੈਕਸ ਨਹੀਂ ਲੈਂਦਾ ।
ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥
ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥3॥
ਜਿਹੜੇ ਵਪਾਰੀ, ਪ੍ਰਭੂ ਦੇ ਨਾਮ ਤੋਂ ਇਲਾਵਾ , ਹੋਰ ਵਪਾਰ ਕਰਦੇ ਹਨ, ਉਹ ਮਇਆ-ਮੋਹ ਦੀਆਂ ਬੇਗਿਣਤ ਲਹਿਰਾਂ ਵਿਚ ਫੱਸ ਕੇ ਦੁੱਖ ਪਾਉਂਦੇ ਰਹਿੰਦੇ ਹਨ । ਪਰ ਉਨ੍ਹਾਂ ਦੇ ਵੱਸ ਦਾ ਵੀ ਕੀ ਹੈ ? ਕਰਤਾਰ ਨੇ ਉਨ੍ਹਾਂ ਨੂੰ ਜਿਹੋ ਜਿਹੇ ਵਪਾਰ ਵਿਚ ਲਾਇਆ ਹੈ , ਉਨ੍ਹਾਂ ਨੇ ਓਹੋ-ਜਿਹਾ ਫੱਲ ਹੀ ਪਾਇਆ ਹੈ ।
ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥
ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥4॥1॥7॥ (165)
ਅਕਾਲ-ਪੁਰਖ ਨੇ ਕਿਰਪਾਲ ਹੋ ਕੇ , ਜਿਸ ਨੂੰ ਹਰੀ ਦੇ ਵਪਾਰ ਵਿਚ ਲਾਇਆ ਹੈ, ਉਹੀ ਹਰੀ ਦੇ ਨਾਮ ਦਾ ਵਪਾਰ ਕਰਦਾ ਹੈ । ਹੇ ਦਾਸ ਨਾਨਕ, ਜਿਸ ਮਨੁੱਖ ਨੇ ਸਭ ਦੇ ਸ਼ਾਹ, ਹਰੀ ਦੀ ਪ੍ਰੇਮਾ-ਭਗਤੀ ਕੀਤੀ ਹੈ, ਉਸ ਕੋਲੋਂ ਉਹ ਪ੍ਰਭੂ-ਸ਼ਾਹ , ਉਸ ਦੇ ਵਪਾਰ ਦਾ ਹਿਸਾਬ ਨਹੀਂ ਲੈਂਦਾ ।
26-10-2014