ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਤੀਜਾ) ਨਿੰਦਕਿ ਅਹਿਲਾ ਜਨਮੁ ਗਵਾਇਆ ॥ ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ਰਹਾਉ॥ (381)
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਤੀਜਾ) ਨਿੰਦਕਿ ਅਹਿਲਾ ਜਨਮੁ ਗਵਾਇਆ ॥ ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ਰਹਾਉ॥ (381)
Page Visitors: 2961

                          (ਵਿਸ਼ਾ-ਛੇਵਾਂ, ਆਵਾ ਗਵਣ )              
                                   (ਭਾਗ ਤੀਜਾ)      
                      ਨਿੰਦਕਿ ਅਹਿਲਾ ਜਨਮੁ ਗਵਾਇਆ ॥
              ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ਰਹਾਉ॥ (381)

                          ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥
                        ਈਹਾ ਸੁਖੁ ਨਹੀਂ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ
॥1॥
                          ਨਿੰਦਕਿ ਅਹਿਲਾ ਜਨਮੁ ਗਵਾਇਆ ॥
                        ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ
॥1॥ਰਹਾਉ॥
                          ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥
                        ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸ ਪਹਿ ਕਰੇ ਪੁਕਾਰਾ
॥2॥
                          ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
                        ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ
॥3॥
                          ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
                        ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ
॥4॥2॥ (381)

            ॥ਰਹਾਉ॥           ਨਿੰਦਕਿ ਅਹਿਲਾ ਜਨਮੁ ਗਵਾਇਆ ॥
                                   ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ਰਹਾਉ॥
    ਨਿੰਦਾ ਕਰਨ ਵਾਲੇ ਨੇ ਆਪਣਾ ਕੀਮਤੀ ਜੀਵਨ , ਬਿਨਾ ਕਿਸੇ ਕਮਾਈ ਦੇ , ਐਂਵੇਂ ਬੇਕਾਰ ਵਿਚ ਹੀ ਗਵਾ ਲਿਆ । ( ਇਸ ਵਿਚਚੋਂ ਇਕ ਚੀਜ਼ ਜ਼ਾਹਰ ਹੁੰਦੀ ਹੈ ਕਿ ਇਹ ਮਨੁੱਖਾ ਜੀਵਨ , ਬੜਾ ਕੀਮਤੀ ਹੈ । ਅਤੇ ਦੋ ਚੀਜ਼ਾਂ ਵਿਚਾਰਨ ਵਾਲੀਆਂ ਹਨ ।  1 .  ਨਿੰਦਾ ਕੀ ਹੈ  ?    2 .  ਇਸ ਬੇਸ਼ਕੀਮਤੀ ਜੀਵਨ ਵਿਚ ਬੰਦੇ ਨੂੰ ਕੀ ਕਰਨਾ ਬਣਦਾ ਹੈ , ਜੋ ਉਸ ਨੇ ਨਹੀਂ ਕੀਤਾ  ? ) ਆਉ ਵਿਚਾਰੀਏ ।
  1 ,  ਨਿੰਦਾ ਕੀ ਹੈ  ?
           ਆਪਣੇ ਸਵਾਰਥ ਨੂੰ ਮੁੱਖ ਰੱਖ ਕੇ , ਬੰਦੇ ਦੇ ਉਹ ਅਵਗੁਣ ਪਰਚਾਰਨੇ , ਨਸ਼ਰ ਕਰਨੇ , ਜੋ ਉਸ ਵਿਚ ਨਾ ਹੋਣ , ਉਸ ਦੀ ਨਿੰਦਾ ਹੈ । ਜੋ ਅਵਗੁਣ ਉਸ ਵਿਚ ਹਨ , ਜਿਨ੍ਹਾਂ ਕਰ ਕੇ ਸਮਾਜ ਜਾਂ ਕਿਸੇ ਵਿਅਕਤੀ ਦਾ ਨੁਕਸਾਨ ਹੋ ਰਿਹਾ ਹੋਵੇ , ਜਾਂ ਹੋਣ ਦੀ ਸੰਭਾਵਨਾ ਹੋਵੇ , ਉਸ ਤੋਂ ਸਮਾਜ ਨੂੰ , ਜਾਂ ਉਸ ਬੰਦੇ ਨੂੰ ਸੁਚੇਤ ਕਰਨਾ , ਨਿੰਦਾ ਨਹੀਂ , ਸੱਚ ਬੋਲਣਾ ਹੈ ।   ਇਵੇਂ ਹੀ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ , ਕਿਸੇ ਬੰਦੇ ਦ ਉਹ ਗੁਣ ਪਰਚਾਰਨੇ , ਜੋ ਉਸ ਵਿਚ ਨਾ ਹੋਣ , ਉਸ ਦੀ ਵਡਿਆਈ ਨਹੀਂ , ਚਾਪਲੂਸੀ , ਖੁਸ਼ਾਮਦ ਹੈ । ਇਹ ਦੋਵੇਂ ਕੰਮ ਬਹੁਤ ਸਾਰੇ ਸਿੱਖ , ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਕਰਦੇ (ਝੁਠ ਬੋਲਦੇ) ਰਹਿੰਦੇ ਹਨ ।

   2 ,  ਇਸ ਬੇਸ਼ਕੀਮਤੀ ਮਨੁੱਖਾ ਜੂਨ ਵਿਚ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ ?
          ਇਸ ਬਾਰੇ ਗੁਰਬਾਣੀ ਸੇਧ ਦਿੰਦੀ ਹੈ ,

                        ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
                       ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
                       ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥1॥
                       ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
                       ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥1॥ਰਹਾਉ॥
                       ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
                       ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
                       ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥2॥
                       ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
                       ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
                       ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥3॥
                       ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
                       ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
                       ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥4॥        (43)

         ॥ਰਹਾਉ॥   ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
                        ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ
॥1॥ਰਹਾਉ॥
       ਹੇ ਪ੍ਰਾਣੀ ਤੂੰ ਜਗਤ ਵਿਚ ਲਾਹਾ , ਲਾਭ ਫਾਇਦਾ ਖੱਟਣ ਆਇਆ ਸੀ । ਪਰ ਤੂੰ ਕਿਸ ਖੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ  ?  ਤੇਰੀ ਜ਼ਿੰਦਗੀ ਦਾ ਸਮਾ ਅਗਿਆਨਤਾ ਵਿਚ ਹੀ ਬੀਤਦਾ ਜਾ ਰਿਹਾ ਹੈ ।

            ॥1॥      ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
                        ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
                        ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ
॥1॥
      ਹਰ ਰੋਜ਼ ਇਸ ਸਰੀਰ ਨੂੰ ਪਾਲਣ-ਪੋਸਣ ਦਾ ਯਤਨ ਤਾਂ ਕਰੀਦਾ ਹੈ , ਪਰ ਜ਼ਿੰਦਗੀ ਦਾ ਮਕਸਦ ਸਮਝੇ ਬਗੈਰ , ਬੰਦਾ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ । ਇਸ ਨੂੰ ਕਦੀ ਪਰਮਾਤਮਾ ਦੀ ਯਾਦ ਨਹੀਂ ਆਉਂਦੀ , ਅਤੇ ਆਖਿਰ ਵਿਚ , ਜਦ ਇਹ ਮਰ ਜਾਂਦਾ ਹੈ ਤਾਂ , ਮਸਾਣਾਂ ਜਾਂ ਕਬਰਿਸਤਾਨ ਵਿਚ ਪਹੁੰਚਾ ਦਿੱਤਾ ਜਾਂਦਾ ਹੈ ।
      ਹੇ ਪ੍ਰਾਣੀ , ਸਤਿਗੁਰ , ਸ਼ਬਦ ਗੁਰੂ ਨਾਲ ਮਨ ਜੋੜ ਕੇ ਸਦਾ ਕਾਇਮ ਰਹਿਣ ਵਾਲਾ ਆਨੰਦ ਮਾਣਦਾ ਰਹੁ ।

      ॥2॥             ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
                         ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
                         ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ
॥2॥
      ਪਸੂ ਅਤੇ ਪੰਛੀ ਕਲੋਲਾਂ ਕਰਦੇ ਹਨ , ਕਿਉਂਕਿ ਉਨ੍ਹਾਂ ਨੂੰ ਮੌਤ ਦੀ ਪਰਵਾਹ ਨਹੀਂ ਹੁੰਦੀ , ਪਰ ਮਨੁੱਖ ਅਕਲ ਹੁੰਦੇ ਹੋਏ ਵੀ , ਮਾਇਆਂ ਮੋਹ ਦੇ ਜਾਲ ਵਿਚ ਫਸਿਆ , ਮੌਤ ਤੋਂ ਡਰਦਾ ਰਹਿੰਦਾ ਹੈ । ਇਸ ਮੌਤ ਦੇ ਡਰ ਤੋਂ ਉਹੀ ਮੁਕਤ ਦਿਸਦੇ ਹਨ ਜਿਹੜੇ ਪਰਮਾਤਮਾ ਦੇ ਸਦਾ ਕਾਇਮ ਰਹਿਣ ਵਾਲੇ , ਅਟੱਲ ਨਾਮ ਦੀ ਸੰਭਾਲ ਕਰਦੇ ਹਨ । ਉਸ ਪ੍ਰਭੂ ਦੇ ਹੁਕਮ ਦੀ ਪਾਲਣਾ ਕਰਦੇ ਹਨ ।

      ॥3॥            ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
                        ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
                        ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ
॥3॥
      ਜਿਹੜਾ ਘਰ ਸਦਾ ਲਈ ਛੱਡ ਕੇ ਤੁਰ ਜਾਣਾ ਹੈ , ਉਹ ਤੈਨੂੰ ਮਨੋਂ ਪਿਆਰਾ ਲਗ ਰਿਹਾ ਹੈ । ਪਰ ਜਿਸ ਘਰ ਵਿਚ ਜਾ ਕੇ ਤੂੰ ਵਰਤਣਾ ਹੈ , ਉਸ ਬਾਰੇ ਤੈਨੂੰ ਜ਼ਰਾ ਵੀ ਫਿਕਰ ਨਹੀਂ ਹੈ । ਇਸ ਮੋਹ-ਮਾਇਆ ਦੀ ਘੁੱਮਣ-ਘੇਰੀ ਵਿਚੋਂ ਉਹੀ ਬੰਦੇ ਬਚਦੇ ਹਨ , ਜਿਹੜੇ ਸ਼ਬਦ ਗੁਰੂ ਦੀ ਚਰਨੀ ਲਗ ਜਾਂਦੇ ਹਨ , ਸ਼ਬਦ ਦੀ ਵਿਚਾਰ ਅਨੁਸਾਰ ਚਲਦੇ ਹਨ ।

     ॥4॥             ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
                        ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
                        ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ
॥4॥
      ਹੇ ਨਾਨਕ ਆਖ , ਮੈਂ ਚਾਰੇ ਕੁੰਡਾਂ , ਹਰ ਪਾਸੇ ਭਾਲ ਕੇ ਵੇਖ ਲਿਆ ਹੈ , ਮੈਨੂੰ ਸ਼ਬਦ ਗੁਰੂ ਦੀ ਚਰਨੀ ਲੱਗਜ਼ ਨਾਲ ਸਮਝ ਆ ਗਈ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਅਜਿਹਾ ਨਹੀਂ ਹੈ , ਜਿਹੜਾ ਮੈਨੂੰ ਸੰਸਾਰਿਕ ਭਵਸਾਗਰ ਤੋਂ ਬਚਾ ਸਕੇ । ਇਸ ਲਈ ਮੈਂ ਹੁਣ ਉਸ ਦੀ ਹੀ ਸਰਣ ਲਈ ਹੈ । ਅਤੇ ਉਸ ਨੇ ਮੈਨੂੰ ਭਵਸਾਗਰ ਵਿਚ ਡੁੱਬਣ ਤੋਂ ਬਚਾ ਲਿਆ ਹੈ ।
 ਇਹ ਹੈ ਬੰਦੇ ਦੇ ਜੀਵਨ ਦਾ ਮਨੋਰਥ , ਜਿਸ ਦੀ ਪਰਾਪਤੀ ਲਈ ਬੰਦੇ ਨੂੰ ਬੇਸ਼ਕੀਮਤੀ ਮਨੁੱਖਾ ਜੂਨੀ ਮਿਲੀ ਹੈ । ਜੋ ਨਿੰਦਕ ਨੇ ਨਿੰਦਾ ਕਰਨ ਵਿਚ ਹੀ , ਵਿਅਰਥ ਗਵਾ ਦਿੱਤੀ । ਉਹ ਆਪਣੀ ਅਕਲ ਦੀ ਕਿਸੇ ਸਿਆਣਪ ਨਾਲ ਵੀ , ਪਰਮਾਤਮਾ ਨਾਲ ਮਿਲਣ ਦੀ ਅਵਸਥਾ ਵਿਚ ਨਹੀਂ ਪਹੁੰਚ ਸਕਦਾ । ਇਵੇਂ ਉਸ ਨੂੰ ਪਰਲੋਕ ਵਿਚ , ਕੋਈ ਆਦਰ ਵਾਲੀ ਥਾਂ ਨਹੀਂ ਮਿਲਦੀ । ਕੋਈ ਚੰਗੀ ਜੂਨ ਨਹੀਂ ਮਿਲਦੀ । 

      ॥1॥           ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥
                       ਈਹਾ ਸੁਖੁ ਨਹੀਂ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥1॥
       ਨਿੰਦਕ ਦੂਸਰਿਆਂ ਦੀ ਨਿੰਦਾ ਕਰ-ਕਰ ਕੇ , ਉਨ੍ਹਾਂ ਦੀ ਜਨਮਾਂ-ਜਨਮਾਂ ਦੀ ਮੈਲ ਧੋਂਦਾ ਰਹਿੰਦਾ ਹੈ । (ਏਥੇ ਵੀ ਇਹ ਗੱਲ ਵਿਚਾਰਨ ਵਾਲੀ ਹੈ ਕਿ ਉਹ , ੳਨ੍ਹਾਂ ਬੰਂਦਿਆਂ ਦੀ ਜਨਮਾਂ-ਜਨਮਾਂ ਦੀ ਮੈਲ ਕਿਵੇਂ ਧੋਂਦਾ ਰਹਿੰਦਾ ਹੈ ? )
    ਜਦ ਕਿਸੇ ਬੰਦੇ ਦੀ ਨਿੰਂਦਿਆ ਹੁੰਦੀ ਹੈ , ਤਾਂ ਆਮ ਬੰਦਾ , ਨਿੰਂਦਿਆ ਕਰਨ ਵਾਲੇ ਨਾਲ ਉਲਝਦਾ ਰਹਿੰਦਾ ਹੈ , ਕਿਉਂਕਿ ਉਹ ਨਿੰਦਾ ਨਹੀਂ ਹੁੰਦੀ , ਬਲਕਿ ਸੱਚ ਹੁੰਦਾ ਹੈ , ਜੋ ਉਸ ਨੂੰ ਕੌੜਾ ਲਗਦਾ ਹੈ । ਪਰ ਗੁਰਮੁਖ ਬੰਦਾ ,

                     
                    ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
                    ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ
॥1॥ਰਹਾਉ॥   (727)
    ਅਰਥ , ਹੇ ਭਾਈ , ਅਪਣੇ ਦਿਲ ਦੀ ਹਰ ਵੇਲੇ ਖੋਜ ਕਰਦਾ ਰਹੁ , ਐਵੇਂ ਵਾਦ-ਵਿਵਾਦ ਵਿਚ ਨਾ ਉਲਝਦਾ ਰਹੁ । ਇਹ ਦੁਨੀਆਂ ਜਾਦੂਗਰੀ ਵਾਲਾ ਖੇਲ ਹੈ , ਇਸ ਵਿਚ ਕੋਈ ਕਿਸੇ ਦਾ ਹੱਥ ਫੜਨ ਵਾਲਾ ਨਹੀਂ , ਕਿਸੇ ਦਾ ਭਲਾ ਚਾਹੁਣ ਵਾਲਾ ਨਹੀਂ । ਜਦ ਤੂੰ ਹਰ ਰੋਜ਼ ਆਪਣਾ ਦਿਲ ਖੋਜਦਾ ਰਹੇਂਗਾ , ਉਸ ਨੂੰ ਵਕਾਰਾਂ ਤੋਂ ਬਚਾਈ ਰਖੇਂਗਾ , ਫਿਰ ਤੈਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ ।        
    ਇਸ ਸਿਖਿਆ ਅਨੁਸਾਰ , ਚਲਦਿਆਂ , ਰੋਜ਼ ਆਪਣਾ ਦਿਲ ਖੋਜਦਿਆਂ , ਵਿਕਾਰਾਂ ਤੋਂ ਬਚਿਆ ਰਹਿੰਦਾ ਹੈ । ਇਸ ਨੂੰ ਇਵੇਂ ਵੀ ਸਮਝਾਇਆ ਹੈ ,

                      ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥    (136)
   ਜੋ ਅਠਾਹਟ ਤੀਰਥਾਂ ਦੇ ਇਸ਼ਨਾਨ ਦਾ ਪੁੰਨ , ਬ੍ਰਾਹਮਣਾ ਵਲੋਂ ਮਿਥਿਆ ਹੋਇਆ ਹੈ , ਉਹ ਸਾਰਾ ਕੁਝ ਤੈਨੂੰ ਹਾਸਲ ਹੋ ਜਾਵੇਗਾ , ਜੇ ਤੂੰ ਆਪਣੇ ਜੀਅ , ਆਪਣੇ ਮਨ ਤੇ ਦਇਆ ਕਰ ਕੇ ਉਸ ਨੂੰ ਵਿਸ਼ੇ-ਵਿਕਾਰਾਂ ਤੋਂ ਬਚਾ ਲਵੇਂ ।
    ਸੋ ਜੋ ਬੰਦੇ ਆਪਣੀ ਨਿੰਦਾ ਸੁਣ ਕੇ , ਉਸ ਦੀ ਅਸਲੀਅਤ ਜਾਨਣ ਲਈ , ਆਪਣਾ ਮਨ , ਨਿਰੰਤਰ ਖੋਜਦੇ ਰਹਿੰਦੇ ਹਨ , ਉਹ ਆਪਣੇ ਮਨ ਨੂੰ ਬੁਰੇ ਕੰਮਾਂ ਤੋਂ ਬਚਾ ਕੇ , ਆਉਣ ਵਾਲੇ ਜਨਮਾਂ ਵਿਚ ਜਿਹੜੀ ਮੈਲ ਲਗਣੀ ਸੀ , ਉਸ ਤੋਂ ਬਚ ਜਾਂਦੇ ਹਨ । ਜਿਸ ਵਿਚ ਨਿੰਦਕ ਉਨ੍ਹਾਂ ਦੀ ਮਦਦ ਕਰਦਾ ਹੈ । ਨਿੰਦਕ ਦੂਸਰਿਆਂ ਦੀ ਤਾਂ ਜਨਮਾਂ-ਜਨਮਾਂ ਦੀ ਮੈਲ ਧੋ ਦੇਂਦਾ ਹੈ ,  ਪਰ ਅਪਣੇ ਕੀਤੇ ਦਾ ਫਲ ਪਾਉਣ ਤੋਂ ਆਪ ਨਹੀਂ ਬਚ ਸਕਦਾ । ਇਸ ਤਰ੍ਹਾਂ ਉਸ ਨੂੰ ਇਸ ਦੁਨੀਆ ਵਿਚ ਸੁੱਖ ਨਹੀਂ ਮਿਲਦਾ , ਅਤੇ ਕਰਤਾਰ ਦੀ ਦਰਗਾਹ ਵਿਚ ਵੀ ਢੋਈ ਨਹੀਂ ਮਿਲਦੀ , ਜਿਸ ਕਾਰਨ ਉਹ , ਜਮਾਂ ਦੀ ਪੁਰੀ ਵਿਚ , ਜਨਮ-ਮਰਨ ਦੇ ਗੇੜ ਵਿਚ ਪੈ ਕੇ ਖੁਆਰ ਹੁੰਦਾ ਰਹਿੰਦਾ ਹੈ ।

      ॥2॥                 ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥
                             ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸ ਪਹਿ ਕਰੇ ਪੁਕਾਰਾ ॥2॥
     ਪਰ ਨਿੰਦਕ ਵਿਚਾਰਾ ਵੀ ਕੀ ਕਰੇ ?  ਉਹ ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਕਰ ਕੇ , ਬਣੇ ਸੰਸਕਾਰਾਂ ਅਨੁਸਾਰ ਕਰਮ ਕਰਦਾ ਹੈ । ( ਇਕ-ਇਕ ਕਰ ਕੇ ਕੀਤੇ ਕੰਮ , ਕਰਮ ਹੁੰਦੇ ਹਨ , ਬਾਰ-ਬਾਰ ਉਹੀ ਕਰਮ ਕਰਨ ਨਾਲ , ਇਕ ਸੁਭਾਅ ਬਣ ਜਾਂਦਾ ਹੈ , ਉਸ ਨੂੰ ਕਿਰਤ , ਸੰਸਕਾਰ ਕਹਿੰਦੇ ਹਨ ।) ਇਵੇਂ ਨਿੰਦਕ , ਅਜਿਹੀ ਨਿਘਰੀ ਹੋਈ ਹਾਲਤ ਵਿਚ ਖੁਆਰ ਹੁੰਦਾ ਰਹਿੰਦਾ ਹੈ । ਉਸ ਅਵਸਥਾ ਵਿਚ , ਉਸ ਦੀ ਮਦਦ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ । ਸਹਾਇਤਾ ਲਈ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਵੀ ਨਹੀਂ ਹੁੰਦਾ ।   

      ॥3॥                  ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
                              ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥3॥
      ਖਸਮ ਦੀ , ਪ੍ਰਭੂ ਦੀ ਰਜ਼ਾ ਇਵੇਂ ਹੀ ਹੈ ਕਿ , ਨਿੰਦਾ ਕਰਨ ਵਾਲੇ ਮਨੁੱਖ ਦਾ ਕਿਤੇ ਵੀ ਭਲਾ ਨਹੀਂ ਹੋ ਸਕਦਾ । ਜਿਵੇਂ-ਜਿਵੇਂ ਉਹ ਸਤਸੰਗੀਆਂ ਦੀ ਨਿੰਦਾ ਕਰਦਾ ਹੈ , ਤਿਵੇਂ-ਤਿਵੇਂ ਸਤਸੰਗੀ ਆਪਣੇ ਮਨ ਦੀ ਪੜਚੋਲ ਕਰ ਕੇ , ਉਸ ਵਿਚੋਂ ਵਿਕਾਰਾਂ ਨੂੰ ਦੂਰ ਕਟ ਕੇ , ਆਤਮਕ ਸੁਖ ਪਾਉਂਦੇ ਹਨ ।

      ॥4॥                   ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
                               ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥4॥
      ਹੇ ਵਾਹਿਗੁਰੂ , ਸਤਸੰਗੀਆਂ ਨੂੰ ਤੇਰਾ ਹੀ ਆਸਰਾ ਹੈ , ਅਤੇ ਤੂੰ ਵੀ ਸਤਸੰਗੀਆਂ ਦੀ ਹਮੇਸ਼ਾ ਮਦਦ ਕਰਦਾ ਹੈਂ , ਉਨ੍ਹਾਂ ਨੂੰ ਆਤਮਕ ਮਾਰਗ ਤੇ ਚੱਲਣ ਲਈ , ਸਦਾ ਸਹਾਈ ਹੁੰਦਾ ਹੈਂ ।
      ਹੇ ਨਾਨਕ ਆਖ , ਸਤਸੰਗੀਆਂ ਨੂੰ ਪਰਮਾਤਮਾ ਰੱਖ ਲੈਂਦਾ ਹੈ , ( ਉਹ ਆਪਣੀ ਸਵੈ-ਪੜਚੋਲ ਆਸਰੇ ਬੁਰੇ ਕੰਮਾਂ ਤੋਂ ਬਚ ਜਾਂਦੇ ਹਨ )  ਪਰ ਨਿੰਦਕ ਅਜਿਹਾ ਨਹੀਂ ਕਰ ਪਾਉਂਦੇ , ਉਨ੍ਹਾਂ ਦਾ ਆਤਮਕ ਜੀਵਨ , ਮਾਇਆ ਮੋਹ ਦੀਆਂ ਲਹਿਰਾਂ ਵਿਚ ਹੀ ਰੁੜ੍ਹ ਜਾਂਦਾ ਹੈ , ਬਰਬਾਦ ਹੋ ਜਾਂਦਾ ਹੈ ।

                                                  ਅਮਰ ਜੀਤ ਸਿੰਘ ਚੰਦੀ
                                               ਫੋਨ:- 91 95685 41414

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.