ਕੈਟੇਗਰੀ

ਤੁਹਾਡੀ ਰਾਇ



ਧਰਮਵੀਰ ਗਾਂਧੀ (ਡਾ.) M.P. (A.A.P.)
ਸਿੱਖ ਸੰਕਲਪ ਬਨਾਮ ਜਾਤ-ਪਾਤ ਦਾ ਵਰਤਾਰਾ
ਸਿੱਖ ਸੰਕਲਪ ਬਨਾਮ ਜਾਤ-ਪਾਤ ਦਾ ਵਰਤਾਰਾ
Page Visitors: 2533

ਸਿੱਖ ਸੰਕਲਪ ਬਨਾਮ ਜਾਤ-ਪਾਤ ਦਾ ਵਰਤਾਰਾ
ਡਾ.ਧਰਮਵੀਰ ਗਾਂਧੀ*
*ਸੰਪਰਕ: 090138-69336*
ਪੰਜਾਬ ਦੇ ਪਿੰਡਾਂ ਦੇ ਜਾਤ-ਪਾਤ ਆਧਾਰਿਤ ਪਿਛਾਂਹ-ਖਿੱਚੂ ਸਮਾਜਿਕ ਤਾਣੇ-ਬਾਣੇ ਪਿੱਛੇ 67 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਅਤੇ ਉਨ੍ਹਾਂ ਵੱਲੋਂ ਆਮ ਲੋਕਾਂ ਵਿੱਚ ਵੰਡੀਆਂ ਪਾ ਕੇ ਸੱਤਾ ’ਤੇ ਕਾਬਜ਼ ਰਹਿਣ ਦੀ ਸੌੜੀ ਸਿਆਸੀ ਸੋਚ ਜ਼ਿੰਮੇਵਾਰ ਹੈ। ਪੰਜਾਬ ਵਿੱਚ ਜਾਤ-ਪਾਤ ਦੇ ਚਲਨ ਦਾ ਅਹਿਸਾਸ ਤਾਂ ਪਹਿਲਾਂ ਵੀ ਸੀ ਪਰ ਜਿਸ ਕਰੂਰ ਰੂਪ ਵਿੱਚ ਇਹ ਹੁਣ ਸਾਹਮਣੇ ਆ ਰਿਹਾ ਹੈ ਉਹ ਚੁਣੌਤੀ ਬਣ ਚੁੱਕਿਆ ਹੈ। ਇਹ ਸਮਝਣ ਦੀ ਜ਼ਰੂਰਤ ਹੈ ਕਿ ਵਰਨ ਵਿਵਸਥਾ ਦੀ ਪੈਰਵੀ ਕਰਨ ਵਾਲੇ ਧਰਮਾਂ ਜਾਂ ਲੋਕਾਂ ਕੋਲੋਂ ਜਾਤ-ਪਾਤ ਦੇ ਖ਼ਾਤਮੇ ਦੀ ਆਸ ਕਦੇ ਨਹੀਂ ਕੀਤੀ ਜਾ ਸਕਦੀ ਸੀ। ਹਿੰਦੁਸਤਾਨ/ਪੰਜਾਬ ਦੇ ਸੰਦਰਭ ਵਿੱਚ ਸਿੱਖ ਧਰਮ ਹੀ ਇੱਕ ਅਜਿਹਾ ਧਾਰਮਿਕ ਫ਼ਲਸਫ਼ਾ ਹੈ ਜੋ ਇਸ ਕੋਹੜ ਨੂੰ ਮੁੱਢੋਂ-ਸੁੱਢੋਂ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ।
ਸਿੱਖ ਧਰਮ ਦੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਉਸ ਧਰਮ ਦੇ ਗੁਰੂਆਂ ਜਾਂ ਮਹਾਂਪੁਰਸ਼ਾਂ ਦੀ ਬਾਣੀ ਹੀ ਦਰਜ ਕੀਤੀ ਨਹੀਂ ਮਿਲਦੀ ਸਗੋਂ ਇਸ ਵਿੱਚ ਵੱਖ ਵੱਖ ਧਰਮਾਂ ਅਤੇ ਜਾਤਾਂ ਨਾਲ ਸਬੰਧਤ 3੫ ਰੂਹਾਨੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਇਸ ਵਿੱਚ ਛੇ ਸਿੱਖ ਗੁਰੂ ਸਾਹਿਬਾਨ, 15 ਭਗਤਾਂ (ਜਿਨ੍ਹਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਆਦਿ), 11 ਭੱਟਾਂ ਅਤੇ ਗੁਰੂ ਘਰ ਦੇ ਪ੍ਰੇਮੀ ਤਿੰਨ ਸਿੱਖਾਂ ਦੀ ਬਾਣੀ ਦਰਜ ਹੈ। ਇਨ੍ਹਾਂ ਵਿੱਚ ਬਾਬਾ ਸੁੰਦਰ ਜੀ, ਸੱਤਾ ਅਤੇ ਬਲਵੰਡ ਦੀ ਬਾਣੀ ਵੀ ਸ਼ਾਮਲ ਹੈ। ਦੁਨੀਆਂ ਦੇ ਪੈਗ਼ੰਬਰਾਂ ਅਤੇ ਧਰਮ ਗ੍ਰੰਥਾਂ ਦੀ ਤੁਲਨਾ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਿਰਫ਼ ਸਿੱਖ ਧਰਮ ਦੇ ਪੈਰੋਕਾਰਾਂ ਲਈ ਨਹੀਂ ਸਗੋਂ ਇਹ ਤਾਂ ਸਰਬ-ਸਾਂਝੀਵਾਲਤਾ, ਬਰਾਬਰੀ, ਆਜ਼ਾਦੀ, ਮਨੁੱਖੀ ਭਾਈਚਾਰੇ ਦਾ ਸਰਬ ਸਾਂਝਾ ਗ੍ਰੰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣ ਅਤੇ ਸ਼ੂਦਰ, ਹਿੰਦੂ ਅਤੇ ਮੁਸਲਮਾਨ, ਭਾਰਤ ਦੇ ਪ੍ਰਸੰਗ ਵਿੱਚ ਉੱਤਰ/ਦੱਖਣ ਜਾਂ ਪੂਰਬ ਅਤੇ ਪੱਛਮ ਨਾਲ ਬਾਣੀ ਨੂੰ ਜੋੜਦਿਆਂ ਹਰ ਪ੍ਰਕਾਰ ਦੇ ਵਿਤਕਰੇ ਨੂੰ ਖ਼ਤਮ ਕਰਦਿਆਂ ‘
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ’’ ਅਤੇ ‘
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’      ’ ਦੀ ਮਹਾਨ ਸਿੱਖਿਆ ਦਿੱਤੀ ਗਈ ਹੈ।
ਹਿੰਦੂ ਧਰਮ ਵਿੱਚ ਜਾਤ-ਪਾਤ ਨੂੰ ਮਨੁੱਖ ਦੇ ਕਰਮ ਨਾਲ ਜੋੜਨ ਦੀ ਥਾਂ ਮਨੁੱਖ ਦੇ ਜਨਮ ਨਾਲ ਜੋੜਨ ਦੀ, ਜੋ ਅਣਮਨੁੱਖੀ ਰੀਤ ਇਸ ਧਰਮ ਦੇ ਆਗੂਆਂ ਅਤੇ ਮਨੂੰਸਿਮਰਿਤੀ ਵਰਗੇ ਧਰਮ ਗ੍ਰੰਥਾਂ, ਪੁਰਾਣਾਂ, ਸ਼ਾਸਤਰਾਂ ਰਾਹੀਂ ਪੱਕੀ ਕੀਤੀ ਗਈ, ਇਸ ਨਾਲ ਭਾਰਤੀ ਸਮਾਜ ਦਾ ਇੱਕ ਵੱਡਾ ਹਿੱਸਾ ਅਨਪੜ੍ਹਤਾ, ਅਗਿਆਨਤਾ, ਜ਼ਲਾਲਤ ਤੇ ਜਹਾਲਤ ਦਾ ਸ਼ਿਕਾਰ ਹੁੰਦਿਆਂ, ਹੱਥੀਂ ਕਿਰਤ ਕਰਨ ਦੇ ਬਾਵਜੂਦ ਇੱਕ ਅਣਮਨੁੱਖੀ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ। ਇਸ ਧਰਮ ਨੇ ਜਾਤ-ਪਾਤ ਦੇ ਆਧਾਰ ’ਤੇ ਸਮਾਜ ਵਿੱਚ ਵੰਡੀਆਂ ਪਾ ਕੇ ਅਤੇ ਪੁਜਾਰੀ ਸ਼੍ਰੇਣੀ ਅਤੇ ਰਾਜਾ ਸ਼੍ਰੇਣੀ ਨੇ ਆਪਣੇ ਨਾਪਾਕ ਗੱਠਜੋੜ ਰਾਹੀਂ, ਸਦੀਆਂ ਤੋਂ ਕਿਰਤੀ ਅਤੇ ਗ਼ਰੀਬ ਲੋਕਾਂ ਤੇ ਲਾਦੂ ਹੋ ਕੇ ਉਨ੍ਹਾਂ ਦੀ
ਲੁੱਟ-ਖਸੁੱਟ ਜਾਰੀ ਰੱਖੀ। ਇਸ ਦੇ ਉਲਟ ਗੁਰੂ ਨਾਨਕ ਸਾਹਿਬ ਨੇ ਆਪਣਾ ਪਹਿਲਾ ਸਾਥੀ ਹੀ ਭਾਈ ਮਰਦਾਨੇ ਨੂੰ ਚੁਣਿਆ। ਮਰਦਾਨਾ ਧਰਮ ਤੋਂ ਮੁਸਲਮਾਨ ਸੀ ਅਤੇ ਅੱਜ-ਕੱਲ੍ਹ ਦੀ ਬੋਲੀ ਵਿੱਚ ਕਹਿਣਾ ਹੋਵੇ ਤਾਂ ਦਲਿਤ ਬਲਕਿ ਦਲਿਤਾਂ ਨਾਲੋਂ ਵੀ ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉੱਤੇ ਖੜ੍ਹਾ ਸੀ।
ਗੁਰੂ ਨਾਨਕ ਜੀ ਨੇ ਉਸ ਦੀ ਜਾਤ ਨਹੀਂ ਵੇਖੀ। ਉਸ ਦਾ ਕਰਮ, ਵਿਹਾਰ, ਵਿਚਾਰ ਅਤੇ ਪਿਆਰ ਵੇਖਿਆ। ਸਾਰੀ ਉਮਰ ਉਸ ਨੂੰ ਆਪਣੇ ਨਾਲ ਰੱਖਿਆ। ਗੁਰੂ ਸਾਹਿਬ ਦੀ ਸਾਰੀ ਉਮਰ ਸਾਰੇ ਧਰਮਾਂ ਵਿੱਚ ਫੈਲੇ ਅੰਧ ਵਿਸ਼ਵਾਸਾਂ, ਫ਼ਜ਼ੂਲ ਧਾਰਮਿਕ ਰੀਤਾਂ, ਪੁਜਾਰੀ ਸ਼੍ਰੇਣੀ ਵੱਲੋਂ ਕੀਤੀ ਲੁੱਟ ਦੇ ਵਿਰੋਧ ਵਿੱਚ, ਉਨ੍ਹਾਂ ਹਰ ਧਰਮ ਵਿੱਚ ਫੈਲੀ ਤਰਕਹੀਣਤਾ ਅਤੇ ਪ੍ਰਚਲਿਤ ਅੰਧਵਿਸ਼ਵਾਸਾਂ ਨੂੰ ਖ਼ਤਮ ਕਰਨ ਲਈ ਹਰ ਧਰਮ ਦੇ ਕੇਂਦਰ ’ਤੇ ਜਾ ਕੇ ਉਨ੍ਹਾਂ ਗ਼ਲਤ ਰਸਮਾਂ ਨੂੰ ਵੰਗਾਰਿਆ, ਜੋ ਮਨੁੱਖਤਾ ਨੂੰ ਕੁਰਾਹੇ ਪਾ ਰਹੀਆਂ ਸਨ। ਇਹ ਰਸਮ ਭਾਵੇਂ ਹਰਿਦੁਆਰ ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਸੀ ਜਾਂ ਮੱਕੇ ਵਿੱਚ ਹਾਜੀ ਦੇ ਰੂਪ ਵਿੱਚ ਜਾ ਕੇ ਉੱਥੇ ਮੱਕੇ ਵੱਲ ਪੈਰ ਪਸਾਰ ਕੇ ਸੌਣ ਦੀ ਜਾਂ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦੇ ਵੇਲੇ ਤੀਰਥ ਉੱਪਰ ਜਾ ਕੇ ਮਾਸ ਰਿੰਨ੍ਹਣ ਦੀ ਸੀ। ਗੁਰੂ ਸਾਹਿਬ ਨੇ ਤਰਕ ਨਾਲ ਸਵਾਲ-ਜਵਾਬ ਕਰ ਕੇ ਬਿਨਾਂ ਕਿਸੇ ਦੇ ਧਰਮ ਦੀ ਬੇਅਦਬੀ ਕੀਤਿਆਂ, ਬਿਨਾਂ ਕਿਸੇ ਭੀੜ ਵੱਲੋਂ ਦੂਜਿਆਂ ’ਤੇ ਹਮਲਾ ਜਾਂ ਹਿੰਸਾ ਕੀਤਿਆਂ, ਆਪਣੀ ਗੱਲ
ਮਨਵਾਈ ਪਰ ਅਸੀਂ ਅੱਜ ਵੀ ਉਨ੍ਹਾਂ ਅੰਨ੍ਹੀਆਂ ਗਲੀਆਂ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਸਗੋਂ ਇਹ ਅੰਧਵਿਸ਼ਵਾਸ ਪਹਿਲਾਂ ਨਾਲੋਂ ਵੀ ਭਾਰੂ ਹੋ ਗਏ ਹਨ। ਗੁਰੂ ਨਾਨਕ ਦਾ ਗਿਆਨ ਸਿਰਫ਼ ਆਪਣੇ ਧਰਮ ਦੇ ਲੋਕਾਂ ਜਾਂ ਆਪਣੇ ਪੈਰੋਕਾਰਾਂ ਲਈ ਨਹੀਂ ਸਗੋਂ ਇਹ ਤਾਂ ਸਾਰੀ ਦੁਨੀਆਂ ਵਿੱਚ ਚੰਗੇ ਮਨੁੱਖ ਅਤੇ ਸਮਾਜ ਦੀ ਸਿਰਜਣਾ ਲਈ ਸੀ। ਇਸੇ ਕਾਰਨ ਆਪਣੀ ਮਹਾਨ ਬਾਣੀ ਜਪੁਜੀ ਸਾਹਿਬ ਵਿੱਚ ਉਨ੍ਹਾਂ ਆਪਣਾ ਗਿਆਨ ਸ਼ੁਰੂ ਹੀ ਇਸ ਪ੍ਰਸ਼ਨ ਨਾਲ ਕੀਤਾ ਕਿ‘
ਕਿਵ ਸਚਿਆਰਾ ਹੋਈ ਐ ਕਿਵਿ ਕੂੜੈ ਤੁਟੈ ਪਾਲਿ
’ ਭਾਵ ਮਨੁੱਖ ਦੇ ਦੁਆਲ਼ੇ ਉਸਰੀ ਕੂੜ ਅਤੇ ਮਾਇਆ ਦੀ ਕੰਧ ਕਿਵੇਂ ਤੋੜਨੀ ਹੈ ਅਤੇ ਉਸ ਨੂੰ ਇੱਕ ਸਚਿਆਰ ਮਨੁੱਖ ਕਿਵੇਂ ਬਣਾਉਣਾ ਹੈ? ਉਨ੍ਹਾਂ ਦੀ ਸਾਰੀ ਬਾਣੀ ਇਸ ਸਮੱਸਿਆ ਦੇ ਹੱਲ ਲਈ ਹੀ ਯਤਨਸ਼ੀਲ ਹੈ ।
ਗੁਰੂ ਸਾਹਿਬ ਦੀ ਚਿੰਤਾ ਕਿਸੇ ਇੱਕ ਧਰਮ, ਇਲਾਕੇ, ਫ਼ਿਰਕੇ ਜਾਂ ਦੌਰ ਲਈ ਨਹੀਂ ਸੀ ਸਗੋਂ ਸਾਰੀ ਮਨੁੱਖਤਾ ਲਈ ਸੀ। ਇਸੇ ਕਾਰਨ ਗੁਰੂ ਨਾਨਕ ਸਾਹਿਬ ਨੇ ਹਰ ਧਰਮ ਦੇ ਆਗੂਆਂ ਅਤੇ ਪੈਰੋਕਾਰਾਂ ਨਾਲ ਸੰਵਾਦ ਰਚਾਇਆ:
*‘‘ਜਬਿ ਲਗੁ ਦੁਨੀਆ ਰਹੀਐ*
*ਨਾਨਕ ਕਿਛੁ ਸੁਣੀਐ ਕਿਛੁ ਕਹੀਐ
¨।।’’*
ਅਜੋਕੇ ਸੰਸਾਰ ਵਿੱਚ ਸਮੇਤ ਹਿੰਦੁਸਤਾਨ ਦੇ, ਵੱਖ-ਵੱਖ ਧਰਮਾਂ-ਫ਼ਿਰਕਿਆਂ ਵਿੱਚ ਸੰਵਾਦ ਦੀ ਥਾਂ ਅਸਹਿਣਸ਼ੀਲਤਾ ਤੇ ਕੁੜੱਤਣ ਵਿਖਾਈ ਦੇ ਰਹੀ ਹੈ। ਗ਼ਰੀਬਾਂ ਅਤੇ ਨਿਮਨ ਜਾਤਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਬੇਹੱਦ ਪਿਆਰ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਏਮਨਾਬਾਦ ਵਿਖੇ ਮਲਿਕ ਭਾਗੋ ਦੇ ਸ਼ਾਹੀ ਪਕਵਾਨਾਂ ਨੂੰ ਠੁਕਰਾ ਕੇ ਕਿਰਤੀ ਪਰਿਵਾਰ ਅਤੇ ਤਰਖਾਣ ਜਾਤੀ ਨਾਲ ਸਬੰਧਿਤ ਭਾਈ ਲਾਲੋ ਦੇ ਘਰ ਖਾਣਾ ਖਾਧਾ। ਗ਼ਰੀਬ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੀ ਜ਼ਿੰਮੇਵਾਰੀ ਆਪ ਜੀ ਨੇ ਆਪਣੇ ਇੱਕ ਮਿੱਤਰ ਭਾਈ ਭਾਗੀਰਥ ਨੂੰ ਹੁਕਮ ਦੇ ਕੇ ਨਿਭਾਈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਨੀਚ ਸਮਝੇ ਜਾਣ ਵਾਲੇ ਲੋਕਾਂ ਲਈ ਆਪਣਾ ਪਿਆਰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ ਹੈ:
*ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।*
*ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।*
*ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ
।।*
ਸਿੱਖ ਲਹਿਰ ਦੇ ਨਾਲ-ਨਾਲ ਭਗਤੀ ਲਹਿਰ ਨਾਲ ਜੁੜੇ ਭਗਤਾਂ ਨੇ ਵੀ, ਜਾਤ-ਪਾਤ ਪ੍ਰਬੰਧ ਉੱਪਰ ਤਾਬੜਤੋੜ ਹਮਲੇ ਕੀਤੇ। ਕਬੀਰ ਜੀ ਨੇ ਤਾਂ ਬ੍ਰਾਹਮਣ ਦੀ ਜਾਤ-ਪਾਤ ਹਉਮੈ ਉੱਪਰ ਕਰਾਰੀ ਸੱਟ ਮਾਰਦਿਆਂ ਇੱਥੋਂ ਤਕ ਪੁੱਛ ਲਿਆ ਕਿ:
*‘ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ।।*
*ਤਉ ਆਨ ਬਾਟ ਕਾਹੇ ਨਹੀ ਆਇਆ।।*
*ਤੁਮ ਕਤ ਬ੍ਰਾਹਮਣ ਹਮ ਕਤ ਸੂਦ।।*
*ਹਮ ਕਤ ਲੋਹੂ ਤੁਮ ਕਤ ਦੂਧ
।।*
ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਿਸੇ ਇੱਕ ਜਾਤ, ਵਰਨ ਜਾਂ ਫ਼ਿਰਕੇ ਲਈ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਦਾ ਨੀਵੀਂ ਥਾਂ ’ਤੇ ਸਥਿਤ ਹੋਣਾ ਸਿੱਖ ਧਰਮ ਵਿੱਚ ਨਿਮਰਤਾ ਅਤੇ ਹਲੀਮੀ ਦੀ ਸਭ ਤੋਂ ਵੱਡੀ ਮਿਸਾਲ ਹੈ। ਜਿੱਥੇ ਕੁੱਲ ਦੁਨੀਆਂ ਦੇ ਮੰਦਰਾਂ ਵਿੱਚ ਪ੍ਰਵੇਸ਼ ਕਰਨ ਲਈ ਪੌੜੀਆਂ ਚੜ੍ਹ ਕੇ ਹੇਠੋਂ ਉੱਪਰ ਨੂੰ ਜਾਣਾ ਪੈਂਦਾ ਹੈ ਉੱਥੇ ਸਿੱਖ ਧਰਮ ਦੇ ਇਸ ਕੇਂਦਰੀ ਅਸਥਾਨ, ਸਿੱਖਾਂ ਦੇ ਮੱਕੇ ਦੇ ਦਰਸ਼ਨਾਂ ਲਈ ਉੱਪਰੋਂ ਹੇਠਾਂ ਨੂੰ ਨੀਵੇਂ ਹੋ ਕੇ ਜਾਣਾ ਪੈਂਦਾ ਹੈ।
ਚਾਰੇ ਦਰਵਾਜ਼ੇ ਚਾਰਾਂ ਵਰਨਾਂ ਲਈ ਖੋਲ੍ਹ ਕੇ ਗੁਰੂ ਸਾਹਿਬਾਨ ਨੇ ਸਾਰੇ ਮਨੁੱਖਾਂ ਅਤੇ ਵਰਨਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਵੀ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰਿਆਂ ਨੂੰ ਕੁਦਰਤ ਵੱਲੋਂ ਬਰਾਬਰ ਦੇ ਮਨੁੱਖ ਹੋਣ ਦਾ ਦਰਜਾ ਦਿੱਤੇ ਜਾਣ ਦਾ ਮਾਨਵਤਾਵਾਦੀ ਸੰਦੇਸ਼ ਦਿੰਦੀ ਹੈ:
*‘‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।*
*ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ
।।’’*
ਸਿੱਖ ਧਰਮ ਵਿੱਚ ਜਾਤ-ਪਾਤ ਦੇ ਵਿਤਕਰੇ ਨੂੰ ਕਿਤੇ ਵੀ ਪ੍ਰਵਾਨ ਨਹੀਂ ਕੀਤਾ ਗਿਆ ਪਰ ਜਿਹੜੇ ਲੋਕ ਵੱਖ-ਵੱਖ ਜਾਤਾਂ, ਭਗਤਾਂ ਦੇ ਨਾਂ ਉੱਤੇ ਗੁਰਦੁਆਰੇ ਬਣਾ ਰਹੇ ਹਨ ਜਾਂ ਸਮਾਜ ਵਿੱਚ ਵਿਤਕਰੇ ਪੈਦਾ ਕਰ ਰਹੇ ਹਨ, ਗੁਰਬਾਣੀ ਵੱਲੋਂ ਦਿੱਤੀ ਸਿੱਖਿਆ ਦੀ ਰੋਸ਼ਨੀ ਵਿੱਚ ਉਨ੍ਹਾਂ ਦੇ ਇਸ ਕਰਮ ਨੂੰ ਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਅਨੁਸਾਰ ਕਿਸੇ ਬੰਦੇ ਦੇ ਹਿੰਦੂ ਜਾਂ ਮੁਸਲਮਾਨ ਹੋਣ ਵਿੱਚ ਕੋਈ ਵਡਿਆਈ ਨਹੀਂ ਸਗੋਂ ਉਸ ਦੇ ਚੰਗੇ ਇਨਸਾਨ ਅਤੇ ਮਨੁੱਖ ਵਜੋਂ ਕੀਤੇ ਚੰਗੇ ਕਰਮਾਂ ਵਿੱਚ ਉਸ ਦੀ ਵਡਿਆਈ ਸਮੋਈ ਹੋਈ ਹੈ। ਸਿੱਖ ਧਰਮ ਦਾ ਵੱਡਾ ਇਤਿਹਾਸਕ ਯੋਗਦਾਨ ਸਮੂਹ ਲੋਕਾਈ ਨੂੰ ਰੂਹਾਨੀ ਅਗਵਾਈ ਦੇਣ ਦੇ ਨਾਲ-ਨਾਲ ਸਮਾਜ ਵਿੱਚ ਪਸਰੇ ਹਰ ਵਿਤਕਰੇ ਨੂੰ ਸਮਾਪਤ ਕਰਨ ਲਈ ਲੋਕਾਂ ਨੂੰ ਸਮਾਜਿਕ ਜੱਦੋ-ਜਹਿਦਾਂ ਦੇ ਰਾਹ ਪਾਉਣ ਵਿੱਚ ਹੈ।
ਇਸੇ ਪ੍ਰਸੰਗ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਬਰ ਵਰਗੇ ਜਾਬਰ ਅਤੇ ਲੋਕਾਂ ਦੇ ਕਾਤਲ ਰਾਜਿਆਂ ਨੂੰ ‘
‘ਪਾਪ ਕੀ ਜੰਞ ਲੈ ਕਾਬਲਹੁ ਧਾਇਆ
’ ਰਾਹੀਂ ਮੁਖ਼ਾਤਬ ਕੀਤਾ। ਰਾਜਿਆਂ ਨੂੰ ਸੀਂਹ ਅਤੇ ਮੁਕੱਦਮਾਂ ਨੂੰ ਕੁੱਤੇ ਕਹਿਣ ਦੀ ਇਤਿਹਾਸਕ ਦਲੇਰੀ ਵੀ ਸਿਰਫ਼ ਗੁਰੂ ਨਾਨਕ ਪਾਤਸ਼ਾਹ ਨੇ ਹੀ ਕੀਤੀ। ਦਸਮ ਗੁਰੂ ਸਾਹਿਬ ਨੇ:
*‘‘ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।*
*ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ
।।’’*
ਦਾ ਸੰਕਲਪ ਦੇ ਕੇ, ਖ਼ਾਲਸਾ ਪੰਥ ਦੀ ਸਥਾਪਨਾ ਕਰਦਿਆਂ ਵਿਲੱਖਣ ਮਨੁੱਖ ਖ਼ਾਲਸਾ ਸਿਰਜ ਕੇ ਖ਼ੁਦ ਸ਼ਸਤਰ ਧਾਰਨ ਕੀਤੇ ਅਤੇ ਗੁਰੀਲਾ ਫ਼ੌਜੀ ਕਾਰਵਾਈ ਰਾਹੀਂ ਹੱਕ-ਸੱਚ ਨੂੰ ਸਥਾਪਤ ਕਰਨ ਲਈ ਔਰੰਗਜ਼ੇਬ ਵਰਗੇ ਸਮੇਂ ਦੇ ਜ਼ਾਲਮ ਹਾਕਮਾਂ ਨਾਲ ਹਥਿਆਰਬੰਦ ਟੱਕਰ ਲਈ। ਗੁਰੂ ਨਾਨਕ ਜੀ ਨੇ ਆਮ ਲੋਕਾਈ ਨੂੰ ਕੁਰਾਹੇ ਪਾਉਣ ਵਿੱਚ ਲੱਗੀਆਂ ਵੱਖ-ਵੱਖ ਤਾਕਤਾਂ ਦੇ ਅਸਲੀ ਚਰਿੱਤਰ ਨੂੰ ਨੰਗਾ ਕਰਦਿਆਂ ਇੱਥੋ ਤਕ ਕਿਹਾ:
*‘ਕਾਦੀ ਕੂੜੁ ਬੋਲਿ ਮਲੁ ਖਾਇ।।*
*ਬ੍ਰਾਹਮਣੁ ਨਾਵੈ ਜੀਆ ਘਾਇ।।*
*ਜੋਗੀ ਜੁਗਤਿ ਨ ਜਾਣੈ ਅੰਧੁ।।*
*ਤੀਨੇ ਓਜਾੜੇ ਕਾ ਬੰਧੁ
।।*
ਇੰਜ ਗੁਰੂ ਸਾਹਿਬ ਨੇ ਕਾਜ਼ੀ, ਬ੍ਰਾਹਮਣ ਅਤੇ ਜੋਗੀ ਦੀ ਧਾਰਮਿਕ/ਸਮਾਜਿਕ ਸੱਤਾ ਨੂੰ ਵੰਗਾਰਿਆ ਕਿਉਂਕਿ ਤਿੰਨੋਂ ਸਮਾਜ ਨੂੰ ਬਿਹਤਰ ਬਣਾਉਣ ਦੀ ਥਾਂ ਲੁੱਟਣ ਅਤੇ ਗੁਮਰਾਹ ਕਰਨ ਵਿੱਚ ਲੱਗੇ ਹੋਏ ਸਨ। ਜਾਤ-ਪਾਤ ’ਤੇ ਕਰਾਰੀ ਚੋਟ ਮਾਰਦਿਆਂ ਗੁਰੂ ਸਾਹਿਬਾਨ ਨੇ ਸਪਸ਼ਟ ਸ਼ਬਦਾਂ ਵਿੱਚ ਸਾਨੂੰ ਸਿੱਖਿਆ ਦਿੱਤੀ ਸੀ ਕਿ ਜਾਤ-ਪਾਤ ਦੀ ਫ਼ੋਕੀ ਹੈਂਕੜ ਕਿਸੇ ਕੰਮ ਦੀ ਨਹੀਂ:
*‘‘ਜਾਤਿ ਕਾ ਗਰਬੁ ਨਾ ਕਰੀਅਹੁ ਕੋਈ।।*
*ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ।।੧।।*
*ਜਾਤਿ ਕਾ ਗਰਬੁ ਨਾ ਕਰ ਮੂਰਖ ਗਵਾਰਾ।।*
*ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ
।।’’*
ਇਸ ਤੋਂ ਵੀ ਅੱਗੇ ਗੁਰਬਾਣੀ ਕਿਸੇ ਮਨੁੱਖ ਦੀ ਜਾਤ, ਉਸ ਦੇ ਕਿਸੇ ਵਿਸ਼ੇਸ਼ ਜਾਤ ਵਿੱਚ ਜੰਮਣ ਨੂੰ ਪ੍ਰਵਾਨਗੀ ਨਹੀਂ ਦਿੰਦੀ ਸਗੋਂ ਇਸ ਦੇ ਉਲਟ ਗੁਰਬਾਣੀ  ਕਿਸੇ ਬੰਦੇ ਵੱਲੋਂ ਕੀਤੇ ਕੰਮਾਂ ਨੂੰ ਉਸ ਦੀ ਹੋਣੀ ਲਈ ਜ਼ਿੰਮੇਵਾਰ ਪ੍ਰਵਾਨ ਕਰਦੀ ਹੈ:
*‘‘ਜਾਤਿ ਜਨਮ ਨਹੁ ਪੂਛੀਐ ਸਚੁ ਘਰੁ ਲੇਹੁ ਬਤਾਇ।।*
*ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ
।।’’*
<http://static.punjabitribuneonline.com/wp-content/uploads/2014/12/gandhi.jpg>         ਗੁਰਬਾਣੀ ਵਿੱਚ
‘‘ਸੋ ਪੰਡਿਤ ਜੋ ਮਨੁ ਪ੍ਰਬੋਧੈ’’
ਦੀ ਸਿੱਖਿਆ ਦੇਣ ਦੇ ਨਾਲ-ਨਾਲ ਉਸ ਨੂੰ ਪੰਡਤ ਪ੍ਰਵਾਨ ਕੀਤਾ ਗਿਆ ਹੈ ਜਿਹੜਾ ਹਰ ਪ੍ਰਕਾਰ ਦੇ ਜਾਤ-ਪਾਤ ਦੇ ਵਿਤਕਰੇ ਤੋਂ ਮੁਕਤ ਹੋ ਕੇ ਚਾਰਾਂ ਵਰਨਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਯਤਨ ਕਰਦਾ ਹੈ। ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਨੇ ਜਾਤ-ਪਾਤ ਨੂੰ ਤੋੜਨ ਵਿੱਚ ਫ਼ੈਸਲਾਕੁਨ ਅਤੇ ਇਤਿਹਾਸਕ ਭੂਮਿਕਾ ਨਿਭਾਈ ਹੈ। ਲੰਗਰ ਪ੍ਰਥਾ ਗੁਰੂ ਨਾਨਕ ਜੀ ਦੇ ਸਮੇਂ ਤੋਂ ਹੀ ਅਰੰਭ ਹੋ ਗਈ ਸੀ ਪਰ ਇਸ ਨੂੰ ਇੱਕ ਸੰਸਥਾ ਦਾ ਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ। ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ
ਵਾਲੀ ਸੰਗਤ ਨੂੰ ਬਾਕਾਇਦਾ ਇਹ ਤਾਕੀਦ ਕੀਤੀ ਗਈ ਸੀ ਕਿ, ‘‘ਪਹਿਲੇ ਪੰਗਤ ਪਾਛੈ ਸੰਗਤ।’’
ਜਾਤ-ਪਾਤ ਵਿੱਚ ਬੁਰੀ ਤਰ੍ਹਾਂ ਫਸੇ ਭਾਰਤੀ ਸਮਾਜ ਵਿੱਚ ਇਹ ਇੱਕ ਬਹੁਤ ਵੱਡਾ ਇਨਕਲਾਬ ਸੀ। ਇਸ ਉੱਦਮ ਨੇ ਜਾਤ-ਪਾਤ ਦੇ ਕੋਹੜ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਤਾਂ ਭਾਵੇਂ ਨਾ ਕੀਤਾ ਪਰ ਇਸ ਨਾਲ ਕਥਿਤ ਨੀਵੀਆਂ ਜਾਤਾਂ ਨਾਲ ਹੋਣ ਵਾਲੇ ਧਾਰਮਿਕ ਵਿਤਕਰੇ ਨੂੰ ਗੁਰਦੁਆਰਿਆਂ ਦੀ ਲੰਗਰ ਦੀ ਸੰਸਥਾ ਵਿੱਚ ਸਮਾਪਤ ਕਰ ਦਿੱਤਾ ਗਿਆ। ਇੱਥੋਂ ਤਕ ਕਿ ਅਕਬਰ ਵਰਗੇ ਬਾਦਸ਼ਾਹ ਨੂੰ ਵੀ ਗੋਇੰਦਵਾਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣਾ ਪਿਆ। ਇੰਜ ਇਸ ਸੰਸਥਾ ਨੇ ਰਾਜਾ-ਰੰਕ ਦੀ ਬਰਾਬਰੀ ਲਈ ਰਾਹ ਪੱਧਰਾ ਕੀਤਾ। *
(ਬਾਕੀ ਕੱਲ੍ਹ)*

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.