ਕੈਟੇਗਰੀ

ਤੁਹਾਡੀ ਰਾਇ



ਹਰਚਰਨ ਸਿੰਘ ਪਰਹਾਰ
# - ਸੁੱਚ, ਜੂਠ ਤੇ ਭਿੱਟ ਦਾ ਭਰਮ - #
# - ਸੁੱਚ, ਜੂਠ ਤੇ ਭਿੱਟ ਦਾ ਭਰਮ - #
Page Visitors: 3200

#  -  ਸੁੱਚ, ਜੂਠ ਤੇ ਭਿੱਟ ਦਾ ਭਰਮ  -  #
ਸਰੀਰਕ ਸਫਾਈ ਦੀ ਗੱਲ ਤਕਰੀਬਨ ਹਰ ਸਮਾਜ ਵਿੱਚ ਮੁੱਢ ਕਦੀਮੋਂ ਪ੍ਰਚਲਤ ਰਹੀ ਹੈ। ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਸਾਫ-ਸੁਥਰਾ ਤੇ ਸੋਹਣਾ ਦਿਸਣਾ ਚਾਹੁੰਦਾ ਹੈ, ਜਿਸ ਲਈ ਜਿਥੇ ਉਹ ਨਿੱਤ ਨਵੇਂ ਕੱਪੜੇ ਬਦਲ ਕੇ ਪਾਉਂਦਾ ਹੈ, ਉਥੇ ਰੋਜ਼ਾਨਾ ਇਸ਼ਨਾਨ ਕਰਨ ਨੂੰ ਵੀ ਤਰਜ਼ੀਹ ਦਿੰਦਾ ਹੈ। ਬੇਸ਼ਕ ਕੁੱਝ ਆਲਸੀ ਲੋਕ ਕਿਸੇ ਕਾਰਨ ਰੋਜ਼ਾਨਾ ਇਸ਼ਨਾਨ ਨਹੀਂ ਵੀ ਕਰਦੇ ਹੋਣਗੇ ਜਾਂ ਕੱਪੜੇ ਨਹੀਂ ਵੀ ਬਦਲਦੇ ਹੋਣਗੇ। ਪਰ ਅੱਜ ਜਿਹੜੀ ਗੱਲ ਅਸੀਂ ਕਰਨ ਜਾ ਰਹੇ ਹਾਂ, ਉਹ ਹੈ ਭਾਰਤੀ ਸਮਾਜ ਵਿੱਚ ਪ੍ਰਚਲਤ ਸੁੱਚ-ਜੂਠ ਜਾਂ ਸੁੱਚ-ਭਿੱਟ ਦੀਆਂ ਪ੍ਰਚਲਤ ਧਾਰਨਾਵਾਂ ਬਾਰੇ। ਕਈ ਲੋਕ ਅੱਜਕਲ ਸੁੱਚ-ਜੂਠ-ਭਿੱਟ ਆਦਿ ਨੂੰ ਸਫਾਈ ਨਾਲ ਵੀ ਜੋੜਦੇ ਹਨ। ਜਦਕਿ ਇਸਦਾ ਸਫਾਈ ਨਾਲ ਕੋਈ ਸਬੰਧ ਨਹੀਂ। ਕੋਈ ਨਹਾ ਧੋ ਕੇ, ਨਵੇਂ ਕੱਪੜੇ ਪਾਇਆ ਵਿਅਕਤੀ ਜੂਠਾ ਜਾਂ ਭਿੱਟੜ ਵੀ ਹੋ ਸਕਦਾ ਹੈ। ਜੇ ਅਸੀਂ ਇਸਦੇ ਪਿਛੋਕੜ ਵਿੱਚ ਜਾਈਏ ਤਾਂ ਇਸਦਾ ਸਬੰਧ ਹਿੰਦੂ ਸਮਾਜ ਦੀ ਵਰਣ ਵਿਵਸਥਾ ਨਾਲ ਜੁੜਦਾ ਹੈ। ਹਿੰਦੂ ਸਮਾਜ ਵਿੱਚ ਬ੍ਰਾਹਮਣ ਜਾਤ ਨੂੰ ਸਭ ਤੋਂ ਸ੍ਰੇਸ਼ਠ ਜਾਤ ਮੰਨਿਆ ਗਿਆ ਹੈ। ਬ੍ਰਾਹਮਣ ਜਾਂ ਪੰਡਤ ਲੋਕ ਆਪਣੇ ਆਪ ਨੂੰ ਸਭ ਤੋਂ ਪਵਿਤਰ ਮੰਨਦੇ ਸਨ (ਹਨ)। ਉਨ੍ਹਾਂ ਨੇ ਆਪਣੇ ਆਪ ਨੂੰ ਬਾਕੀ ਸਮਾਜ ਤੋਂ ਵੱਖ ਕਰਨ ਲਈ ਅਜਿਹਾ ਪ੍ਰਬੰਧ ਕੀਤਾ ਹੋਇਆ ਸੀ ਕਿ ਕੋਈ ਹੋਰ ਛੋਟੀ ਜਾਤ ਖਾਸਕਰ ਸ਼ੂਦਰ ਤੇ ਅਛੂਤ ਜਾਤ ਦਾ ਵਿਅਕਤੀ ਉਸਨੂੰ ਛੂਹਣਾ ਤੇ ਦੂਰ, ਕੋਲ ਦੀ ਵੀ ਨਹੀਂ ਲੰਘ ਸਕਦਾ ਸੀ। ਇੱਕ ਅਜਿਹਾ ਸਮਾਂ ਵੀ ਭਾਰਤੀ ਇਤਿਹਾਸ ਵਿੱਚ ਆਉਂਦਾ ਹੈ, ਜਦੋਂ ਸ਼ੂਦਰਾਂ ਤੇ ਅਛੂਤਾਂ ਨੂੰ ਬ੍ਰਾਹਮਣਾਂ ਜਾਂ ਉਚ ਲੋਕਾਂ ਦੀਆਂ ਬਸਤੀਆਂ ਵਿਚੋਂ ਲੰਘਣ ਸਮੇਂ ਆਪਣੇ ਪਿਛੇ ਕੰਡਿਆਂ ਦਾ ਛਾਪਾ ਬੰਨ੍ਹਣਾ ਪੈਂਦਾ ਸੀ ਤਾਂ ਕਿ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਧਰਤੀ ਭਿੱਟੀ ਨਾ ਰਹਿ ਜਾਵੇ। ਇਥੋਂ ਤੱਕ ਕਿ ਉਚ ਜਾਤੀਆਂ ਦੀਆਂ ਬਸਤੀਆਂ ਵਿੱਚ ਜਾ ਕੇ ਕੰਮ ਕਰਨ ਵੇਲੇ ਉਨ੍ਹਾਂ ਨੂੰ ਮੂੰਹ ਬੰਨ੍ਹ ਕੇ ਰੱਖਣਾ ਪੈਂਦਾ ਸੀ ਤਾਂ ਕਿ ਉਨ੍ਹਾਂ ਦੀ ਹਵਾੜ (ਸਾਹ) ਨਾਲ ਬਸਤੀਆਂ ਭਿੱਟੀਆਂ ਨਾ ਜਾ ਸਕਣ। ਸ਼ੂਦਰ ਜਾਂ ਅਛੂਤ ਨਹਾ ਧੋ ਕੇ, ਨਵੇਂ ਕੱਪੜੇ ਪਾ ਕੇ ਵੀ ਕਿਸੇ ਉਚ ਕੁੱਲ ਦੇ ਵਿਅਕਤੀ ਨੂੰ ਭਿੱਟ ਸਕਦਾ ਸੀ ਤੇ ਉਸਦੇ ਕਿਸੇ ਵਸਤੂ ਜਾਂ ਸਰੀਰ ਨੂੰ ਹੱਥ ਲੱਗਣ ਨਾਲ ਉਹ ਵਸਤੂ ਜਾਂ ਸਰੀਰ ਜੂਠਾ ਹੋ ਜਾਂਦਾ ਸੀ। ਇਸ ਲਈ ਅੱਜ ਦੀ ਪ੍ਰਚਲਤ ਸਾਫ ਸਫਾਈ ਨਾਲ ਸੁੱਚ-ਜੂਠ-ਭਿੱਟ ਦਾ ਕੋਈ ਸਬੰਧ ਨਹੀਂ।
  ਇੱਕ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤੀ ਸਮਾਜ ਵਰਗੀ ਸੁੱਚ-ਜੂਠ ਜਾਂ ਭਿੱਟ ਕਿਸੇ ਹੋਰ ਸਮਾਜ ਜਾਂ ਧਰਮ ਵਿੱਚ ਨਹੀਂ ਹੈ। ਇਸੇ ਲਈ ਦੁਨੀਆਂ ਭਰ ਦੀਆਂ ਡਿਕਸ਼ਨਰੀਆਂ ਵਿੱਚ ਸੁੱਚ-ਜੂਠ-ਭਿੱਟ ਆਦਿ ਦੇ ਮੁਕਾਬਲੇ ਦਾ ਕੋਈ ਸ਼ਬਦ ਨਹੀਂ ਮਿਲਦਾ, ਬਾਕੀ ਸਾਰੀ ਦੁਨੀਆਂ ਵਿੱਚ ‘ਕਲੀਨ’ ਜਾਂ ਡਰਟੀ’ (ਸਾਫ ਜਾਂ ਗੰਦਾ) ਸ਼ਬਦ ਹੀ ਮਿਲਦੇ ਹਨ। ਪਰ ਸਾਫ ਜਾਂ ਗੰਦਾ ਦਾ ਸੁੱਚੇ ਜਾਂ ਜੂਠੇ ਜਾਂ ਭਿੱਟੜ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ।
ਸਿੱਖ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ ਵਿੱਚ ਮਨੁੱਖੀ ਬਰਾਬਰਤਾ ਦੀ ਗੱਲ ਵਾਰ-ਵਾਰ ਕੀਤੀ ਹੈ। ਉਸ ਸਮੇਂ ਦੇ ਭਾਰਤੀ ਸਮਾਜ ਵਿੱਚ ਪ੍ਰਚਲਤ ਸੁੱਚ-ਜੂਠ ਤੇ ਭਿੱਟ ਦੀ ਉਨ੍ਹਾਂ ਆਪਣੀ ਬਾਣੀ ਵਿੱਚ ਸਖਤ ਅਲੋਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਵੀ ਅਜਿਹਾ ਸ਼ਬਦ ਨਹੀਂ ਮਿਲਦਾ, ਜੋ ਅਜਿਹੀ ਬਾਹਰੀ ਸਰੀਰ ਦੀ ਸੁੱਚ-ਜੂਠ ਦੀ ਪ੍ਰੋੜਤਾ ਕਰਦਾ ਹੋਵੇ। ਗੁਰਬਾਣੀ ਅਨੁਸਾਰ ਮਨੁੱਖ ਦਾ ਮਨ ਹੀ ਵਿਕਾਰਾਂ ਜਾਂ ਬੁਰੀਆਂ ਆਦਤਾਂ ਨਾਲ ਸੁੱਚਾ-ਜੂਠਾ ਜਾਂ ਭਿੱਟ ਹੋ ਸਕਦਾ ਹੈ, ਪਰ ਸਰੀਰ ਸੁੱਚਾ ਜਾਂ ਜੂਠਾ ਨਹੀਂ ਹੁੰਦਾ, ਸਰੀਰ ਗੰਦਾ ਜਾਂ ਸਾਫ ਹੀ ਹੋ ਸਕਦਾ ਹੈ। ਇਸਦਾ ਕਿਸੇ ਜਾਤ-ਬਰਾਦਰੀ ਨਾਲ ਕੋਈ ਸਬੰਧ ਨਹੀਂ।
 ਪਰ ਸਮੇਂ ਨਾਲ ਸਿੱਖ ਸਮਾਜ ਵਿੱਚ ਵੀ ਜਾਤ-ਪਾਤ ਸਮੇਤ ਸੁੱਚ-ਜੂਠ-ਭਿੱਟ ਆਦਿ ਦਾ ਬੋਲ-ਬਾਲਾ ਰਿਹਾ ਹੈ। ਕਿਸੇ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਉੱਚ ਜਾਤੀ ਦੇ ਸਿੱਖ, ਸ਼ੂਦਰ ਜਾਂ ਅਛੂਤ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਨਹੀਂ ਵੜਨ ਦਿੰਦੇ ਸਨ, ਜੇ ਕਿਤੇ ਉਨ੍ਹਾਂ ਨੂੰ ਆਪਣੇ ਵਰਤਣ ਵਿੱਚ ਖਾਣ ਨੂੰ ਦੇ ਦਿੰਦੇ ਸਨ, ਉਸਨੂੰ ਹੱਥ ਨਾਲ ਨਹੀਂ ਚੁੱਕਦੇ ਸਨ, ਚਿਮਟੇ ਨਾਲ ਪਹਿਲਾਂ ਅੱਗ ਵਿੱਚ ਸੁੱਟਦੇ ਸਨ, ਫਿਰ ਸਾਫ ਕਰਦੇ ਸਨ। ਜ਼ਿਆਦਾਤਰ ਉਨ੍ਹਾਂ ਨੇ ਆਪਣੇ ਘਰਾਂ ਜਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਸ਼ੂਦਰਾਂ ਲਈ ਵੱਖਰੇ ਭਾਂਡੇ ਰੱਖੇ ਹੁੰਦੇ ਸਨ। ਵਿਆਹਾਂ ਮੌਕੇ ਉਨ੍ਹਾਂ ਨੂੰ ਆਪਣੇ ਘਰਾਂ ਵਿਚੋਂ ਭਾਂਡੇ ਲੈ ਕੇ ਆਉਣ ਲਈ ਕਿਹਾ ਜਾਂਦਾ ਸੀ। ਪਿੰਡਾਂ ਦੇ ਗੁਰਦੁਆਰਿਆਂ ਵਿੱਚ ਉਨ੍ਹਾਂ ਨੂੰ ਲੰਗਰ ਵਿੱਚ ਬਰਾਬਰ ਬੈਠਣ ਨਹੀਂ ਦਿੱਤਾ ਜਾਂਦਾ ਸੀ, ਜਿਥੇ ਲੋਕ ਜੁੱਤੀਆਂ ਖੋਲਦੇ ਸਨ, ਉਥੇ ਉਨ੍ਹਾਂ ਨੂੰ ਆਪਣੇ ਘਰੋਂ ਲਿਆਂਦੇ ਭਾਡਿਆਂ ਵਿੱਚ ਖਾਣ ਲਈ ਮਜਬੂਰ ਕਰਦੇ ਸਨ।
  ਅੱਜ ਮਾਡਰਨ ਸਿੱਖਾਂ ਵਿੱਚ ਕੁੱਝ ਅਜਿਹੇ ਧਾਰਮਿਕ ਜਨੂੰਨੀ ਧੜੇ ਪੈਦਾ ਹੋ ਚੁੱਕੇ ਹਨ, ਜੋ ਇਸ ਸੁੱਚ-ਜੂਠ ਜਾਂ ਭਿੱਟ ਨੂੰ ਸਿੱਖ ਧਰਮ ਦੀ ਮਰਿਯਾਦਾ ਬਣਾ ਕੇ ਬੜੀ ਕੱਟੜਤਾ ਨਾਲ ਇਸਦੀ ਪਾਲਣਾ ਕਰਦੇ ਹਨ। ਵਾਰ-ਵਾਰ ਹੱਥ ਪੈਰ ਧੋਂਦੇ ਹਨ। ਆਮ ਦੇਖਣ ਨੂੰ ਮਿਲਦਾ ਹੈ ਕਿ ਬਾਣੀ ਦੇ ਗੁਟਕੇ ਨੂੰ ਹੱਥ ਵਿੱਚ ਫੜ੍ਹਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਲਈ ਸਾਫ ਹੱਥਾਂ ਨੂੰ ਸੁੱਚੇ ਕਰਨ ਦੇ ਭਰਮ ਵਿੱਚ ਵਾਰ-ਵਾਰ ਧੋਂਦੇ ਹਨ। ਗੁਰਦੁਆਰਿਆਂ ਵਿੱਚ ਗ੍ਰੰਥੀ ਅਕਸਰ ਹੱਥ-ਪੈਰ ਸੁੱਚੇ ਕਰਨ ਲਈ ਵਾਰ-ਵਾਰ ਕਹਿੰਦੇ ਸੁਣੇ ਜਾਂਦੇ ਹਨ। ਸਿੱਖਾਂ ਵਿੱਚ ਕੁੱਝ ਅਜਿਹੇ ਧੜੇ ਵੀ ਹਨ, ਜਿਹੜੇ ਪ੍ਰਚਾਰ ਕਰਦੇ ਹਨ ਕਿ ਜਿਤਨੀ ਵਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਹੋਵੇ, ਉਤਨੀ ਵਾਰ ਹੀ ਸਾਰੇ ਸਰੀਰ ਦਾ ਇਸ਼ਨਾਨ ਕਰਨਾ ਜਰੂਰੀ ਹੈ (ਇਥੋਂ ਤੱਕ ਕਿ ਜੇ ਤੁਸੀਂ ਵਾਸ਼ਰੂਮ (ਟੱਟੀ-ਪਿਸ਼ਾਬ ਕਰਨ) ਗਏ ਹੋਵੋ ਤਾਂ ਵੀ ਇਸ਼ਨਾਨ ਕਰਨਾ ਪਵੇਗਾ, ਇਹ ਪੰਥ ਦੀ ਅਸਲ ਪੁਰਾਤਨ ਮਰਿਯਾਦਾ ਹੈ। ਉਨ੍ਹਾਂ ਨੇ ਇੱਕ 25 ਸਿੰਘਾਂ ਵਾਲਾ ਜਥਾ ਵੀ ਬਣਾਇਆ ਹੋਇਆ ਹੈ, ਜੋ ਵਾਰ-ਵਾਰ ਨਹਾ ਕੇ ਅਖੰਡ ਪਾਠ ਮੌਕੇ ਪਾਠ ਤੇ ਬੈਠਦਾ ਹੈ, ਇਸ ਲਈ ਉਹ ਅਖੰਡ ਪਾਠ ਦੇ ਡਾਲਰ ਵੀ ਵੱਧ ਚਾਰਜ ਕਰਦੇ ਹਨ। ਜਦਕਿ ਅਸਲੀਅਤ ਇਹ ਹੈ ਕਿ ਪੁਰਾਤਨ ਸਮੇਂ ਵਿੱਚ 18ਵੀਂ ਸਦੀ ਵਿੱਚ ਸਿੱਖ ਜਦੋਂ ਜੰਗਲਾਂ ਪਹਾੜਾਂ ਵਿੱਚ ਚਲੇ ਗਏ ਸਨ ਤੇ ਗੁਰੂ ਗ੍ਰੰਥ ਸਾਹਿਬ ਆਪਣੇ ਨਾਲ ਹੀ ਰੱਖਦੇ ਸਨ। ਜੰਗਲਾਂ-ਪਹਾੜਾਂ ਜਾਂ ਰਾਜਸਥਾਨ ਦੇ ਮਾਰੂਥਲਾਂ ਵਿੱਚ ਕੌਣ ਕਿੰਨੀ ਵਾਰ ਹੱਥ-ਪੈਰ ਸੁੱਚੇ ਕਰਦਾ ਹੋਵੇਗਾ ਜਾਂ ਨਹਾਉਂਦਾ ਹੋਵੇਗਾ?
ਕੁਝ ਸਮੇਂ ਤੋਂ ਬਾਹਰਲੇ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਵੀ ਦਰਬਾਰ ਹਾਲ ਵਿੱਚ ਦਾਖਿਲ ਹੋਣ ਸਮੇਂ ਹੱਥ-ਪੈਰ ਸੁੱਚੇ ਕਰਨ ਲਈ ਟੂਟੀਆਂ ਲਗਾਈਆਂ ਗਈਆਂ ਹਨ, ਜੋ ਕਿ ਨਾ ਸਿਰਫ ਮਨਮਤ ਹੈ, ਸਗੋਂ ਗਿੱਲੇ ਪੈਰ ਕਾਰਪੈਟ ਤੇ ਲਿਜਾਣ ਨਾਲ ਕਾਰਪੈਟ ਵਿੱਚ ਵੱਧ ਮੈਲ ਤੇ ਕਿਟਾਣੂ ਪੈਦਾ ਹੁੰਦੇ ਹਨ, ਜਿਸ ਨਾਲ ਕਈ ਤਰ੍ਹਾਂ ਦੇ ਚਮੜੀ ਦੇ ਰੋਗ ਲੱਗ ਸਕਦੇ ਹਨ। ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਤਾਂ ਦਰਬਾਰ ਹਾਲ ਦੇ ਬਾਹਰ ਕਿਰਪਾਨ ਹੱਥ ਫੜਾ ਕੇ ਇੱਕ ਸੇਵਾਦਾਰ ਖੜਾ ਕੀਤਾ ਹੁੰਦਾ ਹੈ, ਜੋ ਸੰਗਤ ਨੂੰ ਜ਼ੁਰਾਬਾਂ ਲਾਹ ਕੇ, ਹੱਥ-ਪੈਰ ਸੁੱਚੇ ਕਰਕੇ ਅੰਦਰ ਵੜਨ ਦਿੰਦਾ ਹੈ।
    ਇਸੇ ਤਰ੍ਹਾਂ ਪਿਛੇ ਜਿਹੇ ਹਰਿਮੰਦਰ ਸਾਹਿਬ ਜਾਣ ਦਾ ਮੌਕਾ ਮਿਲਿਆ, ਉਥੇ ਵੀ ਵੀ ਤਿੱਖੇ ਬਰਛੇ ਫੜ੍ਹੀ ਖੜੇ ਸ਼੍ਰੋਮਣੀ ਕਮੇਟੀ ਮੁਲਾਜ਼ਿਮ ਲੋਕਾਂ ਦੇ ਧੱਕੇ ਨਾਲ ਪੈਰ ਧਿਵਾਉਂਦੇ ਹਨ। ਜਦਕਿ ਆਮ ਤੌਰ ਤੇ ਸਾਰੇ ਲੋਕ ਨਹਾ ਕੇ, ਨਵੀਆਂ ਜ਼ੁਰਾਬਾਂ ਪਾ ਕੇ ਹੀ ਗੁਰਦੁਆਰੇ ਆਉਂਦੇ ਹਨ। ਹੱਥ ਪੈਰ ਸੁੱਚੇ ਕਰਨ ਦਾ ਤੇ ਇਤਨਾ ਜ਼ਿਆਦਾ ਭਰਮ ਪਾਇਆ ਜਾ ਰਿਹਾ ਹੈ ਕਿ ਆਮ ਸੰਗਤ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਜਾਂ ਗੁਟਕੇ ਨੂੰ ਹੱਥ ਲਗਾਉਣ ਤੋਂ ਵੀ ਡਰਨ ਲੱਗੀ ਹੈ। ਅਸਲ ਵਿੱਚ ਸਾਡੇ ਪੁਜਾਰੀਆਂ ਦਾ ਮਕਸਦ ਵੀ ਇਹੀ ਹੈ ਕਿ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹਨ, ਵਿਚਾਰਨ ਨਾ, ਸਗੋਂ ਇਨ੍ਹਾਂ ਤੋਂ ਕਿਰਾਏ ਦੇ ਪਾਠ ਕਰਾਉਂਦੇ ਰਹਿਣ ਤਾਂ ਕਿ ਇਨ੍ਹਾਂ ਦਾ ਧੰਦਾ ਚਲਦਾ ਰਹੇ।
 ਗੁਰਬਾਣੀ ਵਿੱਚ ਬਾਹਰੀ ਦਿਖਾਵੇ ਵਾਲੀ ਸੁੱਚ-ਜੂਠ ਦੇ ਭਰਮ ਨੂੰ ਗੁਰਮਤਿ ਵਿੱਚ ਕੋਈ ਜਗ੍ਹਾ ਨਹੀਂ, ਪਰ ਸਰੀਰ ਦੀ, ਆਪਣੇ ਘਰ ਦੀ, ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣੀ, ਕਿਸੇ ਬੀਮਾਰੀ ਕਾਰਨ ਕਿਸੇ ਦੇ ਨਾਲ ਨਾ ਖਾਣਾ ਜਾਂ ਕਿਸੇ ਵੀ ਸਰੀਰਕ ਕਾਰਨ ਕਰਕੇ ਕਿਸੇ ਦੇ ਨਾਲ ਖਾਣ ਤੋਂ ਪ੍ਰਹੇਜ਼ ਕਰਨਾ ਵੱਖਰੀ ਗੱਲ ਹੈ, ਪਰ ਸੁੱਚ-ਜੂਠ ਨੂੰ ਗੁਰਮਤਿ ਦੀ ਮਰਿਯਾਦਾ ਬਣਾ ਕੇ ਪ੍ਰਚਾਰਨਾ ਜਾਂ ਧਰਮ ਦਾ ਹਿੱਸਾ ਬਣਾਉਣਾ ਜਾਂ ਗੈਰ-ਅੰਮ੍ਰਿਤਧਾਰੀਆਂ ਜਾਂ ਕਲੀਨਸ਼ੇਵ ਵਿਅਕਤੀਆਂ ਜਾਂ ਮੇਅਕੱਪ ਕਰਦੀਆਂ ਬੀਬੀਆਂ ਆਦਿ ਨਾਲ ਨਫਰਤ ਕਰਨੀ ਗੁਰਮਤਿ ਦੀ ਘੋਰ ਉਲੰਘਣਾ ਹੈ। ਅਜਿਹੇ ਦਿਖਾਵੇ ਦੇ ਕਰਮਕਾਂਡਾਂ ਕਾਰਨ ਹੀ ਲੋਕ ਧਰਮ ਤੋਂ ਦੂਰ ਹੋ ਰਹੇ ਹਨ।
ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
403-681-8689

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.