ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਸਰਹਿੰਦ ਕਿਸ਼ਤ ਚੌਥੀ (B)
ਲਹੂ-ਭਿੱਜੀ ਸਰਹਿੰਦ ਕਿਸ਼ਤ ਚੌਥੀ (B)
Page Visitors: 2771

ਲਹੂ-ਭਿੱਜੀ ਸਰਹਿੰਦ ਕਿਸ਼ਤ ਚੌਥੀ (B)
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ (Chapter 4/7)
ਨੋਟ:- ਲੜੀ ਜੋੜਣ ਲਈ ਕਿਸ਼ਤ ਨੰ. 4 (A) ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)
ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਤਿਹਾਸਕ ਪੰਨਿਆਂ ਨੂੰ ਪੜ੍ਹਦੇ ਹੀ ਨਹੀ। ਦੀਵਾਨ ਕੌੜਾ ਮੱਲ ਨੂੰ ਸਿੱਖ ਕੌਮ ਵਲੋਂ ਦੀਵਾਨ ਮਿੱਠਾ ਮੱਲ ਕਿਹਾ ਗਿਆ ਹੈ। ਪਰ ਦੀਵਾਨ ਸੁੱਚਾ ਨੰਦ ਨੂੰ ਕਿਹਾ ਗਿਆ ਹੈ- “ਦੀਵਾਨ ਝੂਠਾ ਨੰਦ”। ਕਿਉਂਕਿ ਉਸ ਦੇ ਕੰਮ ਝੂਠਿਆਂ ਵਾਲੇ ਸਨ। ਉਹ ਝੂਠਾ ਨੰਦ ਹੁਣ ਵਜ਼ੀਰ ਖ਼ਾਂ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਹੈ ਕਿ ਵਜ਼ੀਰ ਖ਼ਾਂ ਵੇਖੀ ਕਿਤੇ ਉਹਨਾਂ ਬੱਚਿਆਂ ਨੂੰ ਮਾਸੂਮ ਸਮਝ ਕੇ ਦਯਾ ਨਾ ਕਰੀ। ਕਿਧਰੇ ਉਹਨਾਂ ਤੇ ਤਰਸ ਨਾ ਕਰੀਂ। ਦੇਖੋ! ਸੁੱਚਾ ਨੰਦ ਆਪਣੀ ਚਾਲ ਚੱਲ ਰਿਹਾ ਹੈ। ਇਥੇ ਇੱਕ ਗੱਲ ਦੱਸਣੀ ਜਰੂਰੀ ਹੈ। ਕਿ ਵਜ਼ੀਰ ਖ਼ਾਂ ਦੀ ਭਾਵਨਾ ਕਿਸੇ ਵੀ ਤਰਾਂ ਸਾਹਿਬਜਾਦਿਆਂ ਨੂੰ ਮਾਰਨ ਦੀ ਨਹੀ ਹੈ, ਬਲਕਿ ਵਜ਼ੀਰ ਖ਼ਾਂ ਦੇ ਮਨ ਦੇ ਅੰਦਰ ਦੋ ਤਰਾਂ ਦੀ ਭਾਵਨਾ ਕੰਮ ਕਰ ਰਹੀ ਹੈ। ਪਹਿਲੀ ਖਾਹਿਸ਼ ਇਹ ਹੈ ਕਿ ਇਹਨਾਂ ਲਾਲਾਂ ਦੇ ਰਾਹੀਂ, ਇਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਮਮਤਾ ਦੇ ਮੋਹ ਕਰਕੇ ਮੇਰੇ ਕੋਲ ਖਿਚਿਆ ਆ ਜਾਵੇਗਾ। ਜੇਕਰ ਉਸ ਦੇ ਅੰਦਰ ਬੱਚਿਆਂ ਨੂੰ ਮਾਰਨ ਦੀ ਭਾਵਨਾ ਹੁੰਦੀ ਤਾਂ ਉਹ ਤਿੰਨ ਦਿਨ ਤੱਕ ਬੱਚਿਆਂ ਨੂੰ ਅਤੇ ਮਾਂ ਗੁਜਰੀ ਜੀ ਨੂੰ ਕੈਦ ਵਿੱਚ ਨਾ ਰੱਖਦਾ ਅਤੇ ਉਹਨਾ ਦੀਆਂ ਬਾਰ-ਬਾਰ ਪੇਸ਼ੀਆਂ ਨਾ ਪਾਉਂਦਾ।
ਵਜ਼ੀਰ ਖ਼ਾਂ ਦੇ ਮਨ ਵਿੱਚ ਦੂਸਰੀ ਖਾਹਿਸ਼ ਹੈ ਕਿ ਜੇਕਰ ਇਹਨਾਂ ਬੱਚਿਆਂ ਦੀ ਮਮਤਾ ਦਾ ਮਾਰਿਆ ਇਹਨਾਂ ਦਾ ਪਿਤਾ ਮੇਰੀ ਕੈਦ ਵਿੱਚ ਨਾ ਆੱਿੲਆ ਤਾਂ ਘੱਟ ਤੋਂ ਘਟ ਮੈਂ ਇਹਨਾਂ ਬੱਚਿਆਂ ਨੂੰ ਡਰਾਵੇ ਜਾਂ ਲਾਲਚ ਦੇ ਕੇ ਮੁਸਲਮਾਨ ਬਣਾ ਦਿਆਂਗਾ ਅਤੇ ਔਰੰਗਜੇਬ ਦੇ ਕੋਲ ਇਹਨਾਂ ਨੂੰ ਪੇਸ਼ ਕਰ ਕੇ ਸੁਰਖ਼ਰੂ ਤਾਂ ਹੋ ਜਾਵਾਂਗਾ।
ਆਹ ਦੋ ਭਾਵਨਾਵਾਂ ਸਨ, ਵਜ਼ੀਰ ਖ਼ਾਂ ਦੇ ਮਨ ਦੇ ਅੰਦਰ, ਪਰ ਜਿਉਂ-ਜਿਉਂ ਵਜ਼ੀਰ ਖ਼ਾਂ ਦੀਆ ਭਾਵਨਾਵਾਂ, ਖਾਹਿਸ਼ਾਂ ਸਾਹਮਣੇ ਆਉਣਗੀਆਂ ਇਹ ਸੁੱਚਾ ਨੰਦ ਉਸਦੀ ਪੇਸ਼ ਨਹੀ ਜਾਣ ਦੇਵੇਗਾ। ਜੇਕਰ ਸੁੱਚਾ ਨੰਦ ਨਾ ਹੁੰਦਾ ਤਾਂ ਵਜ਼ੀਰ ਖ਼ਾਂ ਸਾਹਿਬਜਾਦਿਆਂ ਨੂੰ ਸ਼ਹੀਦ ਵੀ ਨਾ ਕਰਦਾ ਤੇ ਅੱਜ ਸਿੱਖ ਇਤਿਹਾਸ ਵੀ ਕੁੱਝ ਹੋਰ ਹੁੰਦਾ, ਪਰ ਸੁੱਚਾ ਨੰਦ ਦੀਆਂ ਭੜਕਾਹਟ ਭਰੀਆਂ ਗੱਲਾਂ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਤੇ ਹੁਣ ਅੱਗੇ ਸੁੱਚਾ ਨੰਦ ਕੀ ਕਰ ਰਿਹਾ ਹੈ।
ਆਰੰਭਤਾ ਉਸ ਨੇ ਕਰ ਦਿੱਤੀ ਕਿ ਵਜ਼ੀਰ ਖ਼ਾਂ ਤੈਨੂੰ ਚੇਤਾ ਨਹੀ, ਤਿੰਨ ਦਿਨ ਹੋ ਗਏ ਨੇ, ਤੇ ਤੂੰ ਉਹਨਾਂ ਨੂੰ ਕੈਦ ਵਿੱਚ ਰੱਖ ਕੇ ਬੈਠਾ ਏਂ। ਬੁਲਾ ਉਹਨਾਂ ਨੂੰ ਇਥੇ! ਤੇ ਬਦਲਾ ਲੈ ਲਾ ਕਲਗੀਧਰ ਦੇ ਪੁੱਤਰਾਂ ਤੋਂ। ਹੁਣ ਵਜ਼ੀਰ ਖ਼ਾਂ ਦੇ ਅੰਦਰ ਜੋ ਕਲਗੀਧਰ ਪ੍ਰਤੀ ਗੁੱਸੇ ਦੀ ਚਿੰਗਾਰੀ ਸੀ, ਉਹ ਭਾਂਬੜ ਬਣ ਕੇ ਬਾਹਰ ਆ ਗਈ। ਵਜ਼ੀਰ ਖ਼ਾਂ ਕਹਿੰਦਾ ਹੈ:
ਬੋਲਾ ਵੁਹ ਸੁੱਚਾ ਨੰਦ ਸੇ ਲੇ ਆ ਇਨ੍ਹੇ ਸ਼ਿਤਾਬ।
ਚਰਕੋਂ ਸੇ ਸਤਿਗੁਰੂ ਕੇ ਜਿਗਰ ਹੈ ਮਿਰਾ ਕਬਾਬ।
ਗੋਬਿੰਦ ਨੇ ਗੰਵਾ ਦੀਯਾ ਸਭ ਮੇਰਾ ਰੁਅਬ ਦਾਬ।
ਰਾਜੋਂ ਕੇ ਸਾਥ ਮੇਰੀ ਭੀ ਮੱਟੀ ਹੂਈ ਖ਼ਰਾਬ

ਚੱਲ ਸੁੱਚਾ ਨੰਦ! ਜੇਕਰ ਤੂੰ ਕਹਿੰਦਾ ਏਂ ਤਾਂ ਬੁਲਾ ਕੇ ਲਿਆ ਉਨ੍ਹਾਂ ਨੂੰ। ਇਹਨਾਂ ਦੇ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਜਿੰਨੀਆ ਚੋਬਾਂ ਮਾਰੀਆਂ ਨੇ ਇਹ ਮੇਰਾ ਦੁਖੀ ਦਿਲ ਹੀ ਜਾਣਦਾ ਹੈ। ਮੈਂ ਸਰਹੰਦ ਦਾ ਨਵਾਬ ਹੋਵਾਂ, ਮੈਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਰਿਆਸਤ ਦਾ ਨਵਾਬ ਹੋਵਾਂ ਤੇ ਮੇਰੀ ਇਹ ਹਾਲਤ ਹੋਵੇ। ਇਹਨਾਂ ਦੇ ਪਿਤਾ ਨੇ ਮੈਨੂੰ ਇੰਨਾ ਦੁਖੀ ਕੀਤਾ ਹੈ, ਤੂੰ ਜਲਦੀ ਕਰ ਲਿਆ ਉਹਨਾਂ ਨੂੰ, ਮੈਂ ਬਦਲਾ ਲੈਣ ਲਈ ਤਿਆਰ ਹਾਂ। ਮੇਰਾ ਸਾਰੇ ਹਿੰਦੁਸਤਾਨ ਵਿੱਚ ਰੋਅਬ ਚਲਦਾ ਹੈ। ਸਾਰਾ ਹਿੰਦੁਸਤਾਨ ਮੇਰਾ ਰੋਅਬ ਮੰਨਦਾ ਹੈ। ਪਰ ਇੱਕ ਇਹਨਾਂ ਦਾ ਪਿਤਾ ਹੀ ਗੁਰੂ ਗੋਬਿੰਦ ਸਿੰਘ ਜੋ ਮੇਰਾ ਰੋਅਬ ਲਈ ਮੰਨਦਾ। ਇਹਨਾਂ ਦੇ ਪਿਤਾ ਨੇ ਮੇਰਾ ਰੋਅਬ ਗੁਆ ਦਿੱਤਾ ਹੈ।
ਵਜ਼ੀਰ ਖ਼ਾਂ ਪਹਾੜੀ ਰਾਜਿਆਂ ਦੀ ਗੱਲ ਵੀ ਕਰ ਰਿਹਾ ਹੈ ਕਿ-
ਰਾਜੋਂ ਕੇ ਸਾਥ ਮੇਰੀ ਭੀ ਮੱਟੀ ਹੂਈ ਖ਼ਰਾਬ
ਬਾਈਧਾਰ ਦੇ ਰਾਜਿਆਂ ਨਾਲ ਮਿਲ ਕੇ ਮੈਂ ਅਨੰਦਪੁਰ ਦੇ ਕਿਲ੍ਹੇ ਦਾ ਲਗਭਗ 6-7 ਮਹੀਨੇ ਘੇਰਾ ਪਾਈ ਰੱਖਿਆ, ਇੰਨਾਂ ਕੁੱਝ ਕੀਤਾ, ਮੈਂ ਝੂਠੀਆਂ ਕਸਮਾਂ ਵੀ ਖਾਧੀਆਂ, ਧਰਮ ਗ੍ਰੰਥਾਂ ਦੀਆਂ ਝੂਠੀਆਂ ਕਸਮਾਂ ਖਾ ਕੇ ਤੋੜੀਆਂ ਵੀ, ਬੇਈਮਾਨ ਵੀ ਬਣਿਆ, ਪਰ ਜਿਵੇਂ ਉਹਨਾਂ ਰਾਜਿਆਂ ਦੀ ਬੇ-ਪਤੀ ਹੋਈ, ਉਹਨਾਂ ਦੇ ਨਾਲ ਮੇਰੀ ਵੀ ਬੇ-ਪਤੀ ਹੋਈ, ਮੈਂ ਬੇਇਜ਼ਤ ਹੋ ਗਿਆ।
ਦੁਸ਼ਮਨ ਕੇ ਬੱਚੇ ਕਤਲ ਕਰੂੰਗਾ ਜ਼ਰੂਰ ਮੈਂ।
ਕਹਨੇ ਪਿ ਤੇਰੇ ਆਜ ਚਲੂੰਗਾ ਜ਼ਰੂਰ ਮੈਂ

ਵਜ਼ੀਰ ਖਾਂ, ਸੁੱਚਾ ਨੰਦ ਨੂੰ ਸੰਬੋਧਨ ਹੋ ਕੇ ਆਖ ਰਿਹਾ ਹੈ ਕਿ ਸੁੱਚਾ ਨੰਦ! ਜਿਵੇਂ ਤੂੰ ਕਹਿੰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਮੈਂ ਆਪਣੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਜ਼ਰੂਰ ਕਤਲ ਕਰਾਂਗਾ। ਵਜ਼ੀਰ ਖ਼ਾਂ ਦੇ ਅੰਦਰ ਜਵਾਲਾ ਭੜਕ ਰਹੀ ਹੈ ਤੇ ਸੁੱਚਾ ਨੰਦ ਨੇ ਬਲਦੀ ਤੇ ਤੇਲ ਪਾ ਕੇ ਹੋਰ ਭੜਕਾ ਕੇ ਰੱਖ ਦਿੱਤੀ। ਹੁਣ ਫ਼ੌਜੀਆਂ ਨੂੰ ਹੁਕਮ ਦਿੱਤਾ ਗਿਆ ਤੇ ਫ਼ੌਜੀ ਸਿਪਾਹੀ ਮਾਂ ਗੁਜਰੀ ਕੋਲੋਂ ਸਾਹਿਬਜਾਂਦਿਆਂ ਨੂੰ ਲੈਣ ਲਈ ਚੱਲ ਪਏ।
ਉਧਰ ਮਾਂ ਗੁਜਰੀ ਜੋ ਕਿ ਜਾਣਦੀ ਹੈ ਕਿ ਇਹ ਸਮਾਂ ਆਉਣ ਵਾਲਾ ਹੈ। ਮਾਂ ਗੁਜਰੀ ਜਿੱਥੇ ਆਪਣੇ ਇਹਨਾਂ ਸਾਹਿਬਜ਼ਾਦਿਆਂ ਨੂੰ ਸਵੇਰ, ਸ਼ਾਮ ਨਿਤਨੇਮ ਦੀਆਂ ਬਾਣੀਆਂ ਨਾਲ ਜੋੜ ਕੇ ਪ੍ਰਪੱਕ ਕਰ ਰਹੀ ਹੈ। ਉਥੇ ਉਹ ਬੱਚਿਆਂ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਜੰਗਾਂ ਅਤੇ ਇਤਿਹਾਸ ਦੀਆਂ ਬਾਤਾਂ ਵੀ ਸੁਣਾਉਂਦੀ ਹੈ। ਬਾਰ-ਬਾਰ ਉਹ ਬੱਚਿਆਂ ਨੂੰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਦੀ ਗਾਥਾਵਾਂ ਵੀ ਸੁਣਾਉਂਦੀ ਹੈ। ਮਾਤਾ ਗੁਜਰੀ ਜੀ ਆਪਣੇ ਲਾਲਾਂ ਨੂੰ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀਆਂ ਬਾਤਾਂ ਵੀ ਸੁਣਾਉਂਦੀ ਹੈ।
ਬਿਲਕੁਲ ਉਹੀ ਬਾਤ ਜੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫ਼ੁਰਮਾਈ ਹੈ ਕਿ:
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ।।  (ਸਲੋਕ ਮਹਲਾ ੩-੯੫੧)
ਉਸੇ ਸਿੱਖਿਆ `ਤੇ ਚਲ ਕੇ ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਗੁਰੂ ਬਾਬਿਆਂ ਦੀਆਂ ਸ਼ਹੀਦੀਆਂ ਦੀਆਂ ਗਾਥਾਵਾਂ ਸੁਣਾ-ਸੁਣਾ ਕੇ ਪ੍ਰਪੱਕ ਕਰ ਦਿੱਤਾ।
ਜਦੋਂ ਸਿਪਾਹੀ ਬੱਚਿਆਂ ਨੂੰ ਪਹਿਲੀ ਪੇਸ਼ੀ ਲਈ ਲੈਣ ਗਏ ਤਾਂ ਹੁਣ ਇਹਨਾਂ ਦਾ ਸਰਦਾਰ ਕੋਈ ਹੋਰ ਨਹੀਂ, ਇਹਨਾਂ ਦੀ ਸਰਦਾਰੀ ਖ਼ੁਦ ਆਪ ਸੁੱਚਾ ਨੰਦ ਕਰ ਰਿਹਾ ਹੈ ਤੇ ਹਰ ਕੰਮ ਅੱਗੇ ਵਧ-ਵਧ ਕੇ ਆਪ ਕਰ ਰਿਹਾ ਹੈ। ਅੱਲ੍ਹਾ ਯਾਰ ਖ਼ਾਂ ਆਪਣੀ ਗੱਲ ਨੂੰ ਅੱਗੇ ਵਧਾਉਂਦਾ ਕਹਿੰਦਾ ਹੈ:
ਬਚੋਂ ਕੋ ਲੇਨੇ ਆਏ ਗਰਜ ਚੰਦ ਬੇਹਯਾ।
ਸਰਦਾਰ ਇਨ ਕਾ ਕਹਤੇ ਹੈਂ ਕਿ ਸੁੱਚਾ ਨੰਦ ਥਾ।
ਮਾਤਾ ਨੇ ਦੇਖ ਕਰ ਕਹਾ ਹੈ ਹੈ ਗਜਬ ਹੂਆ।
ਬਸ ਆਨ ਪਹੁੰਚਾ ਸਰ ਪਿ ਹੈ ਮੌਕਾ ਜੁਦਾਈ ਕਾ

ਹੁਣ ਮਾਂ ਗੁਜਰੀ ਨੇ ਸੋਚ ਲਿਆ ਕਿ ਹੁਣ ਜੁਦਾਈ ਦਾ ਸਮਾਂ ਆਉਣ ਵਾਲਾ ਹੈ। ਇਥੇ ਆਪ ਜੀ ਦੇ ਗਿਆਨ ਲਈ ਦੱਸਣਾ ਜਰੂਰੀ ਹੈ ਕਿ ਜੋਗੀ ਅੱਲ੍ਹਾ ਯਾਰ ਖ਼ਾਂ ਨੇ ਆਪਣੀ ਗਾਥਾ “ਸ਼ਹੀਦਾਨਿ-ਵਫ਼ਾ” ਵਿੱਚ ਕੇਵਲ ਇੱਕ ਹੀ ਪੇਸ਼ੀ ਦੀ ਗੱਲ ਕਹੀ ਹੈ, ਪਰ ਬਹੁਗਿਣਤੀ ਇਤਿਹਾਸਕਾਰ ਇਹ ਲਿਖਦੇ ਹਨ ਕਿ ਸਾਹਿਬਜਾਦਿਆਂ ਦੀਆਂ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਤਿੰਨ ਪੇਸ਼ੀਆਂ ਹੋਈਆਂ ਸਨ। ਜੋਗੀ ਅੱਲ੍ਹਾ ਯਾਰ ਖ਼ਾਂ ਨੇ ਕੇਵਲ ਇੱਕ ਹੀ ਪੇਸ਼ੀ ਵਿੱਚ ਇਸ ਕਿੱਸੇ ਨੂੰ ਮੁਕਾਇਆ ਹੈ, ਪਰ ਤਿੰਨ ਪੇਸ਼ੀਆਂ ਹੋਈਆਂ ਸਨ।
ਮਾਂ ਗੁਜਰੀ ਦੇ ਕੋਲੋਂ ਜਦੋਂ ਬੱਚਿਆਂ ਨੂੰ ਸਿਪਾਹੀ ਪਹਿਲੀ ਪੇਸ਼ੀ ਲਈ ਲੈਣ ਲਈ ਆਏ ਤਾਂ ਮਾਤਾ ਜੀ ਨੇ ਆਪਣੇ ਪੋਤਿਆਂ ਨੂੰ ਤੋਰਨ ਤੋਂ ਪਹਿਲਾਂ ਤਿੰਨ ਗੱਲਾਂ ਦ੍ਰਿੜ ਕਰਵਾਈਆਂ ਸਨ ਉਹ ਅੱਜ ਦੇ ਸਮੇਂ ਵਿਚ, ਅੱਜ ਦੀਆਂ ਮਾਵਾਂ ਨੂੰ ਲੋੜ ਹੈ ਕਿ ਆਪਣੇ ਬੱਚਿਆਂ ਦੇ ਮਨਾਂ ਦੇ ਵਿੱਚ ਉਹੀ ਤਿੰਨ ਗੱਲਾਂ ਜਰੂਰ ਦ੍ਰਿੜ ਕਰਵਾਉਣ, ਕਿਉਂਕਿ ਸਾਡੇ ਬੱਚੇ ਗੁਰੂ ਤੋਂ ਬੇਮੁਖ ਹੋ ਰਹੇ ਹਨ, ਬੱਚੇ ਗਲਤ ਸੁਸਾਇਟੀ ਵਿੱਚ ਜਾ ਰਹੇ ਹਨ, ਬੱਚੇ ਮਾਂ ਬਾਪ ਦੇ ਆਗਿਆਕਾਰੀ ਨਹੀਂ ਰਹਿ ਰਹੇ, ਇਸ ਦਾ ਕਾਰਨ ਇਹੀ ਮਿਲੇਗਾ ਕਿ ਸ਼ਾਇਦ ਅਸੀ ਉਹ ਗੱਲ੍ਹਾਂ ਦ੍ਰਿੜ ਨਹੀ ਕਰਵਾ ਰਹੇ, ਇਸ ਦੇ ਵਿੱਚ ਅਸੀਂ ਜ਼ਿਆਦਾ ਗੁਨਾਹਗਾਰ ਹਾਂ। ਅੱਜ ਸਾਡੇ ਘਰਾਂ ਵਿੱਚ ਬੀਬੀਆਂ ਦਾ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਹ ਗੱਲਾਂ ਦ੍ਰਿੜ ਕਰਵਾਉਣ ਜੋ ਮਾਂ ਗੁਜਰੀ ਜੀ ਨੇ ਸਾਹਿਬਜਾਦਿਆਂ ਨੂੰ ਦ੍ਰਿੜ ਕਰਵਾਈਆਂ ਸਨ। ਉਹ ਕਿਹੜੀਆਂ ਤਿੰਨ ਗੱਲਾਂ ਹਨ? ਬੜੀਆ ਬਾ-ਕਮਾਲ ਦੀਆਂ ਬਾਤਾਂ ਸਨ:
ਮਾਤਾ ਗੁਜਰੀ ਕਹਿੰਦੀ ਹੈ “ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ”, ਆਹ ਪਹਿਲੀ ਬਾਤ ਸੀ ਜੋ ਮਾਂ ਗੁਜਰੀ ਨੇ ਲਾਲਾਂ ਨੂੰ ਦ੍ਰਿੜ ਕਰਵਾਈ ਤੇ ਦੂਸਰੀ ਬਾਤ ਜੋ ਮਾਤਾ ਜੀ ਨੇ ਦ੍ਰਿੜ ਕਰਾਵਾਈ ਉਹ ਸੀ “ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਤੇਗ ਬਹਾਦਰ ਦੇ ਪੋਤਰੇ ਹੋ। “ ਤੀਸਰੀ ਬਾਤ ਮਾਂ ਗੁਜਰੀ ਜੀ ਨੇ ਬੱਚਿਆਂ ਨੂੰ ਸਮਝਾਈ, ਬੜੀ ਵਜ਼ਨਦਾਰ ਬਾਤ ਸੀ, ਜਿਸ ਦੇ ਵਿੱਚ ਘਰ ਪਰਿਵਾਰ ਦੀ ਕੋਈ ਬਾਤ ਨਹੀ ਹੈ। ਕੋਈ ਖੂਨ ਦੇ ਰਿਸ਼ਤੇ ਦੀ ਬਾਤ ਨਹੀ ਹੈ। ਤੀਸਰੀ ਬਾਤ ਵਿਚਾਰ ਦੇ ਰਿਸ਼ਤੇ ਦੀ ਬਾਤ ਹੈ, ਕਿਉਂਕਿ ਅਸਲ ਰਿਸ਼ਤਾ ਹੀ ਵਿਚਾਰ ਦਾ ਹੁੰਦਾ ਹੈ, ਕਿਉਂਕਿ ਜੇ ਪਿਉ- ਪੁੱਤਰ, ਮਾਂ-ਧੀ ਜਾਂ ਕਿਸੇ ਰਿਸ਼ਤੇ ਦੀ ਆਪਸ ਵਿੱਚ ਵਿਚਾਰ ਨਾ ਮਿਲੇ ਤਾਂ ਰਿਸ਼ਤੇ ਟੁੱਟ ਜਾਂਦੇ ਹਨ, ਦੂਰੀਆਂ ਪੈ ਜਾਂਦੀਆਂ ਹਨ, ਅਸਲ ਵਿੱਚ ਰਿਸ਼ਤਾ ਹੀ ਵਿਚਾਰ ਦਾ ਹੁੰਦਾ ਹੈ। ਵਿਚਾਰਾਂ ਦੀ ਸਾਂਝ ਜੇਕਰ ਨਾ ਹੋਵੇ ਤਾਂ ਪਤੀ-ਪਤਨੀ ਦਾ ਰਿਸ਼ਤਾ ਵੀ ਟੁੱਟ ਕੇ ਤਲਾਕ ਵਿੱਚ ਤਬਦੀਲ ਹੋ ਜਾਂਦਾ ਹੈ। ਪਿਉ- ਪੁੱਤਰ ਦਾ ਰਿਸ਼ਤਾ ਬੇਦਖਲੀ ਵਿੱਚ ਬਦਲ ਜਾਂਦਾ ਹੈ। ਇਹ ਵੱਖਰੀ ਬਾਤ ਹੈ ਕਿ ਅਸੀਂ ਸਰੀਰਾਂ ਦੇ ਰਿਸ਼ਤਿਆਂ ਵਿੱਚ ਵਿਸ਼ਵਾਸ ਰੱਖਦੇ ਹਾਂ, ਕੇਵਲ ਖੂਨ ਦੇ ਰਿਸ਼ਤਿਆਂ ਵਿੱਚ ਵਿਸ਼ਵਾਸ ਰੱਖਦੇ ਹਾਂ।
ਮੈਂ ਬੇਨਤੀ ਕਰ ਦਿਆਂ ਕਿ ਜਿਸ ਦਿਨ ਵਿਚਾਰ ਦੇ ਰਿਸ਼ਤਿਆਂ ਦੀ ਬਾਤ ਆ ਗਈ, ਉਸ ਦਿਨ ਵਧੀਆ ਸਮਾਜ ਦੀ ਉਸਾਰੀ ਹੋ ਜਾਵੇਗੀ।
ਤੇ ਮਾਂ ਗੁਜਰੀ ਜੀ ਨੇ ਜੋ ਤੀਸਰੀ ਬਾਤ ਸਮਝਾਈ ਬੱਚਿਆਂ ਨੂੰ-ਉਹ ਸੀ “ਬੱਚਿਉ! ਯਾਦ ਰੱਖਣਾ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ। “
ਪਰ ਗੁਰੂ ਨਾਨਕ ਪਾਤਸ਼ਾਹ ਤਾਂ ਬਖ਼ਸ਼ਿਸ਼ਾਂ ਕਰਨ ਨੂੰ ਅੱਜ ਵੀ ਤਿਆਰ ਹਨ, ਪਰ ਜੇਕਰ ਸਾਡਾ ਸਿਰ ਹੀ ਗੁਰੂ ਨਾਨਕ ਸਾਹਿਬ ਦੇ ਹੱਥਾਂ ਹੇਠ ਨਾ ਆਵੇ ਤਾਂ ਗੁਰੂ ਨਾਨਕ ਸਾਹਿਬ ਦਾ ਕੀ ਕਸੂਰ ਹੈ? ਅਸੀਂ ਹੀ ਆਪਣਾ ਸਿਰ ਗੁਰੂ ਨਾਨਕ ਸਾਹਿਬ ਦੇ ਹੱਥਾਂ ਹੇਠੋਂ ਹੋਰ-ਹੋਰ ਪਾਸੇ ਨੂੰ ਲਈ ਫਿਰਦੇ ਹਾਂ। ਜ਼ਰਾ ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਕੇ ਦੇਖੀਏ ਕਿ ਗੁਰੂ ਨਾਨਕ ਸਾਹਿਬ ਅਤੇ ਸਾਡੀ ਵਿਚਾਰਧਾਰਾ ਵਿੱਚ ਕਿੰਨਾ ਕੁ ਅੰਤਰ ਹੈ। ਉਦਾਹਰਣ ਵਜੋਂ ਸਪਸ਼ਟ ਕਰਨ ਦਾ ਯਤਨ ਕਰਾਂ:
ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਿਆਨ ਨਾਲ ਪੜੀਏ ਤਾਂ ਸਾਨੂੰ ਲਗੇਗਾ ਕਿ ਇਹ ਬਾਣੀ ਗੁਰੂ ਅੰਗਦ ਸਾਹਿਬ ਦੀ ਹੈ। ਇਹ ਬਾਣੀ ਗੁਰੂ ਅਮਰਦਾਸ ਜੀ ਦੀ ਹੈ, ਇਹ ਬਾਣੀ ਗੁਰੂ ਰਾਮਦਾਸ ਜੀ ਦੀ ਹੈ। ਇਹ ਬਾਣੀ ਗੁਰੂ ਅਰਜਨ ਪਾਤਸ਼ਾਹ ਦੀ ਹੈ। ਇਹ ਬਾਣੀ ਗੁਰੂ ਤੇਗ਼ ਬਹਾਦਰ ਜੀ ਦੀ ਹੈ। ਇਸੇ ਤਰ੍ਹਾਂ ਇਹ ਪਤਾ ਚਲਦਾ ਹੈ ਕਿ ਇਹ ਬਾਣੀ ਭਗਤ ਕਬੀਰ ਜੀ ਦੀ, ਭਗਤ ਫ਼ਰੀਦ ਜੀ ਦੀ ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਦੀ ਹੈ। ਪਰ ਜਦੋਂ ਅਸੀਂ ਗੁਰੂ ਸਾਹਿਬਾਨ ਦੀ ਅਤੇ ਭਗਤਾਂ ਦੀ ਬਾਣੀ ਧਿਆਨ ਨਾਲ ਅਤੇ ਡੂੰਘਾਈ ਨਾਲ ਵਾਚਾਂਗੇ ਤਾਂ ਇੱਕ ਗੱਲ ਤੇ ਨਿਰਣਾ ਆਵੇਗਾ ਕਿ ਇਹ ਸਾਰੀ ਬਾਣੀ ਗੁਰੂ ਨਾਨਕ ਵਿਚਾਰਧਾਰਾ ਦੀ ਹੈ। ਇਥੇ ਸਥਾਨ ਹੀ ਉਹਨਾਂ ਨੂੰ ਮਿਲਿਆ ਹੈ ਜਿਹੜੇ ਗੁਰੂ ਨਾਨਕ ਵਿਚਾਰਧਾਰਾ ਦੀ ਕਸਵੱਟੀ ਤੇ ਪੂਰੇ ਉਤਰੇ ਜੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਪੂਰੇ ਨਹੀ ਉਤਰੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਟਿਕਾਣਾ ਨਹੀ ਮਿਲਿਆ।
ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਗੁਰੂ ਅਰਜਨ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸਨ। ਉਸ ਸਮੇ ਦੇ ਚਾਰ ਭਗਤ- ਕਾਨ੍ਹਾ, ਛੱਜੂ ਪੀਲੂ, ਅਤੇ ਸ਼ਾਹ ਹੁਸੈਨ ਵੀ ਆਪਣੇ-ਆਪਣੇ ਵਿਚਾਰ ਦਰਜ ਕਰਾਉਣ ਲਈ ਆਏ ਸਨ। ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਆਪਣੇ-ਆਪਣੇ ਵਿਚਾਰ ਅਤੇ ਰਚਨਾਵਾਂ ਸੁਣਾ ਦਿਉ ਜੇਕਰ ਉਹ ਗੁਰੂ ਨਾਨਕ ਵਿਚਾਰਧਾਰਾ ਤੇ ਪੂਰੀਆਂ ਉਤਰਣਗੀਆਂ ਤਾਂ ਜਰੂਰ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਪਰ ਜਦੋਂ ਉਹਨਾਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਸਨ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਵਿਚਾਰਧਾਰਾ ਸੁਣ ਕੇ ਆਖ ਦਿੱਤਾ ਸੀ ਕਿ ਇਹ ਗੁਰੂ ਨਾਨਕ ਦੀ ਵਿਚਾਰਧਾਰਾ ਦੀ ਕਸਵੱਟੀ ਤੇ ਪੂਰੀਆਂ ਨਹੀ ਉਤਰਦੀਆਂ।
ਇਥੇ ਮੈਂ ਉਹਨਾਂ ਵਲੋਂ ਕੇਵਲ ਇੱਕ ਦੀ ਗੱਲ ਕਰ ਦਿਆਂ, ਉਹਨਾਂ ਵਿਚੋਂ ਜਦੋਂ ਛੱਜੂ ਨੇ ਆਪਣੀ ਕਵਿਤਾ ਸੁਣਾਈ:
ਕਾਗਦ ਸੰਦੀ ਪੁਤਲੀ, ਤਉ ਨ ਤ੍ਰਿਆ ਨਿਹਾਰ।
ਇਉਂ ਹੀ ਮਾਰ ਲੈ ਜਾਇਗੀ, ਜਿਉਂ ਬਲੋਚਾਂ ਦੀ ਧਾੜ

ਭਾਵ ਕਿ ਇਸਤਰੀ ਕਾਗਜ ਦੀ ਵੀ ਬਣੀ ਹੋਵੇ ਤਾਂ ਵੀ ਉਸ ਨੂੰ ਤੱਕਣਾ ਨਹੀ ਚਾਹੀਦਾ, ਮਨ ਡੋਲ ਜਾਂਦਾ ਹੈ। ਮਨ ਵਿੱਚ ਬੁਰੀਆਂ ਭਾਵਨਾਵਾਂ, ਬੁਰੇ ਖ਼ਿਆਲ ਪੈਦਾ ਹੁੰਦੇ ਹਨ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ “ਛੱਜੂ! ਹੋ ਸਕਦਾ ਹੈ ਕਿ ਤੁਹਾਡੇ ਘਰ ਵਿੱਚ ਪਤਨੀ ਰੂਪੀ ਇਸਤਰੀ ਨਾ ਹੋਵੇ, ਹੋ ਸਕਦਾ ਹੈ ਕਿ ਆਪ ਦੇ ਘਰ ਵਿੱਚ ਭੈਣ ਰੂਪੀ, ਪੁੱਤਰੀ ਰੂਪੀ ਇਸਤਰੀ ਨਾ ਹੋਵੇ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਤੇਰੇ ਘਰ ਵਿੱਚ ਇਸਤਰੀ ਰੂਪੀ ਮਾਂ ਹੀ ਨਾ ਹੋਵੇ, ਤੂੰ ਆਪਣੀ ਇਸਤਰੀ ਰੂਪੀ ਮਾਂ ਨੂੰ ਹੀ ਬੁਰਾ ਕਹਿ ਰਿਹਾ ਏ? ਇਹ ਮੇਰੇ ਗੁਰੂ ਨਾਨਕ ਦੀ ਵਿਚਾਰਧਾਰਾ ਨਹੀ ਹੈ। “ ਗੁਰੂ ਨਾਨਕ ਸਾਹਿਬ ਤਾਂ ਫ਼ੁਰਮਾਉਦੇ ਹਨ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।  (ਮਹਲਾ ੧-੪੭੩)
ਇਹ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ। ਮੈਂ ਆਪਣੀਆ ਮਾਵਾਂ ਭੈਣਾਂ ਨੂੰ ਇਹ ਗੱਲ ਜਰੂਰ ਕਹਿਣੀ ਚਾਹਾਂਗਾ ਕਿ ਅੱਜ ਜੇਕਰ ਸੰਗਤ ਵਿੱਚ ਬਰਾਬਰਤਾ ਦੇ ਹੱਕ ਵਿੱਚ ਬੈਠੀਆਂ ਜੇ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਕਾਰਨ ਹੀ ਹੈ। ਤੁਹਾਨੂੰ ਹਰ ਸਮਾਜ ਅੰਦਰ, ਹਰ ਜਗ੍ਹਾ ਤੇ ਜੇਕਰ ਬਰਾਬਰਤਾ ਦਾ ਹੱਕ ਮਿਲਿਆ ਹੈ ਤਾਂ ਸਭ ਤੋਂ ਵੱਧ ਔਰਤ ਜਾਤ ਨੂੰ ਗੁਰੂ ਨਾਨਕ ਸਾਹਿਬ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ। ਜੇਕਰ ਗੁਰੂ ਨਾਨਕ ਜੀ ਔਰਤ ਦੇ ਹੱਕ ਵਿੱਚ ਅਵਾਜ ਨਾ ਉਠਾਉਂਦੇ ਤਾਂ ਅੱਜ ਵੀ ਔਰਤ ਬੁਰਕੇ ਦੀ ਚਾਰਦੀਵਰੀ ਵਿੱਚ ਕੈਦ ਹੁੰਦੀ। ਅੱਜ ਗੁਰਦੁਆਰਿਆਂ ਵਿਚ, ਸਮਾਜਿਕ ਸਥਾਨਾਂ ਅਤੇ ਦਫ਼ਤਰਾਂ ਵਿੱਚ ਬਰਾਬਰਤਾ ਤੇ ਨਾ ਬੈਠੀ ਹੁੰਦੀ। ਇਸਦਾ ਸਿਹਰਾ ਔਰਤ ਜਾਤ ਵਲੋਂ ਗੁਰੂ ਨਾਨਕ ਸਾਹਿਬ ਨੂੰ ਦੇਣਾ ਬਣਦਾ ਹੈ।
ਪੰਚਮ ਪਾਤਸ਼ਾਹ ਜੀ ਨੇ ਆਖਿਆ ਕਿ ਛੱਜੂ! ਤੇਰੀ ਵਿਚਾਰਧਾਰਾ, ਗੁਰੂ ਨਾਨਕ ਦੀ ਵਿਚਾਰਾਰਾ ਤੇ ਪੂਰੀ ਨਹੀਂ ਉਤਰਦੀ। ਇਸੇ ਤਰ੍ਹਾਂ ਬਾਕੀ ਤਿੰਨ ਕਵੀਆਂ ਕਾਨ੍ਹਾ, ਪੀਲੂ ਅਤੇ ਸ਼ਾਹ ਹੁਸੈਨ ਦੀਆਂ ਰਚਨਾਵਾਂ ਨੇ ਵੀ ਗੁਰੂ ਨਾਨਕ ਵਿਚਾਰਧਾਰਾ ਨਾਲ ਮੇਲ ਨਾ ਖਾਧਾ।
ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਮੁਗਲ ਫ਼ੌਜੀ ਬੱਚਿਆਂ ਨੂੰ ਲੈਣ ਲਈ ਆਏ ਤਾਂ ਮਾਤਾ ਗੁਜਰੀ ਜੀ ਬੱਚਿਆਂ ਨੂੰ ਤਿੰਨ ਗੱਲਾਂ ਨਾਲ ਪ੍ਰਪੱਕ ਕਰ ਚੁੱਕੀ ਸੀ। ਉਹ ਤਿੰਨ ਸਿੱਖਿਆਵਾਂ ਜੋ ਆਪ ਜਾਣ ਚੁੱਕੇ ਹੋ ਕਿ:
ਬੱਚਿਉ! ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ।
ਬੱਚਿਉ! ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹੋ।
ਬੱਚਿਉ! ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ।
ਬਸ! ਜਿਸ ਦਿਨ ਸਾਨੂੰ ਯਾਦ ਆ ਗਿਆ ਕਿ ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਉਸ ਦਿਨ ਤੋਂ ਬਾਅਦ ਸਾਡੇ ਹੱਥ ਵਿੱਚ ਸ਼ਰਾਬ ਦਾ ਪਿਆਲਾ ਨਹੀਂ ਹੋਵੇਗਾ, ਸਿੱਖ ਸ਼ਰਾਬ ਦਾ ਵਪਾਰੀ ਨਹੀ ਹੋਵੇਗਾ, ਸਿੱਖ ਉਸ ਦਿਨ ਅੰਮ੍ਰਿਤ ਦਾ ਵਪਾਰੀ ਹੋਵੇਗਾ, ਪਰ ਸ਼ਰਤ ਇਹ ਹੈ ਕਿ ਜਿਸ ਦਿਨ ਸਾਡੇ ਹਰ ਸਿੱਖ ਦੇ ਦਿਮਾਗ ਵਿੱਚ ਇਹ ਗੱਲ ਆ ਗਈ ਕਿ ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ।
ਮੈਂ ਵਿਚਾਰਧਾਰਾ ਦੀ ਸਾਂਝ ਦੀ ਗੱਲ ਕਰ ਰਿਹਾ ਹਾਂ ਕਿ ਸਾਨੂੰ ਕੋਈ ਪੁੱਛ ਲਵੇ ਕਿ ਸਾਡੇ ਵਿਚਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਸਵੱਟੀ ਅਨੁਸਾਰ ਅੰਨਾ ਵਿਅਕਤੀ ਕੌਣ ਹੈ। ? ਸਾਡੀ ਤੇ ਗੁਰੂ ਦੀ ਵਿਚਾਰਧਾਰਾ ਦਾ ਕਿੰਨਾ ਕੁ ਅੰਤਰ ਹੈ ਤਾਂ ਅਸੀ ਕਹਾਂਗੇ ਕਿ ਜਿਸ ਵਿਅਕਤੀ ਦੀਆਂ ਅੱਖਾਂ ਨਾ ਹੋਣ, ਉਹੀ ਅੰਨਾ ਵਿਅਕਤੀ ਹੈ। ਪਰ ਜੇਕਰ ਅਸੀਂ ਗੁਰੂ ਸਾਹਿਬਾਨ ਤੋਂ ਪੁੱਛ ਕੇ ਵੇਖੀਏ ਕਿ ਸਤਿਗੁਰੂ ਜੀ ਸਾਨੂੰ ਦਸੋ ਕਿ ਅੰਨਾਂ ਵਿਅਕਤੀ ਕੌਣ ਹੈ? ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਬਾਣੀ ਰਾਹੀਂ ਦਸਣਗੇ ਕਿ:
ਅੰਧੇ ਏਹਿ ਨ ਆਖੀਅਨ ਜਿਨ ਮੁਖਿ ਲੋਇਣ ਨਾਹਿ।।
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ
।। (ਸਲੋਕ ਮਹਲਾ ੨-੯੫੪)
ਪਾਤਸ਼ਾਹ ਕਹਿੰਦੇ ਹਨ ਕਿ ਉਹਨਾਂ ਵਿਅਕਤੀਆਂ ਨੂੰ ਅੰਨੇ ਨਾ ਆਖੋ, ਜਿਨਾਂ ਦੀਆਂ ਦੁਨਿਆਵੀ ਅੱਖਾਂ ਨਹੀ ਹਨ ਤਾਂ ਫਿਰ ਅੱਗੇ ਸਤਿਗੁਰੂ ਜੀ ਆਪਣੀ ਅਗਲੀ ਪੰਗਤੀ ਵਿੱਚ ਫ਼ੁਰਮਾਣ ਕਰਕੇ ਸਾਡੇ ਭਰਮ ਦੀ ਨਵਿਰਤੀ ਕਰ ਰਹੇ ਹਨ ਕਿ ਅੰਨ੍ਹੇ ਉਹ ਹਨ ਜਿੰਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ, ਜਿਨਾਂ ਵਿਅਕਤੀਆਂ ਨੂੰ ਪਰਮੇਸ਼ਰ ਭੁਲਿਆ ਹੋਇਆ ਹੈ। ਉਹ ਵਿਅਕਤੀ ਅੰਨ੍ਹੇ ਹਨ ਤੇ ਜ਼ਰਾ ਅਸੀਂ ਵੀ ਆਪਣੇ-ਆਪਣੇ ਮਨਾਂ ਦੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਕਿਧਰੇ ਅਸੀ ਵੀ ਤਾਂ ਅੰਨੇ ਨਹੀ, ਕਿਤੇ ਅਸੀਂ ਵੀ ਪ੍ਰਮੇਸ਼ਰ ਨੂੰ ਭੁਲਾਈ ਤਾਂ ਨਹੀ ਬੈਠੇ। ਮੈਂ ਕਿੰਨਿਆਂ ਕੁ ਦੀ ਬਾਤ ਕਰਾਂ ਜਿਥੇ ਸਾਡੀ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਆਪਸ ਵਿੱਚ ਮੇਲ ਨਹੀ ਖਾਂਦੀ ਤੇ ਜਿੱਥੇ ਵਿਚਾਰਧਾਰਾ ਦਾ ਮੇਲ ਨਾ ਹੋਵੇ, ਉਥੇ:
ਪਤੀ-ਪਤਨੀ ਦਾ ਰਿਸ਼ਤਾ ਟੁੱਟ ਜਾਂਦਾ ਹੈ।
ਭਰਾ-ਭਰਾ ਦਾ ਰਿਸ਼ਤਾ ਟੁੱਟ ਜਾਂਦਾ ਹੈ।
ਪਿਉ-ਪੁੱਤਰ ਦਾ ਰਿਸ਼ਤਾ ਟੁੱਟ ਜਾਂਦਾ ਹੈ।
ਤੇ ਫਿਰ ਗੁਰੂ ਤੇ ਸਿੱਖ ਦਾ ਰਿਸ਼ਤਾ ਕਿਵੇਂ ਬਣੇਗਾ। ਜਿਥੇ ਵਿਚਾਰਾਂ ਦੀ ਸਾਂਝ ਹੀ ਨਹੀ ਹੋਵੇਗੀ। ਮੇਰੇ ਕਲਗੀਧਰ ਦੇ ਲਾਡਲਿਆਂ ਨੂੰ ਮਾਤਾ ਗੁਜਰੀ ਜੀ ਨੇ ਇਹਨਾਂ ਵਿਚਾਰਾਂ ਨਾਲ ਪ੍ਰਪੱਕ ਕਰਕੇ ਤੋਰਿਆ। ਬਸ! ਬੱਚਿਉ ਯਾਦ ਰੱਖਣਾ ਕਿ ਤੁਸੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋ।
ਹੁਣ ਜਦੋਂ ਦਾਦੀ ਮਾਂ ਸਾਹਿਬਜਾਦਿਆਂ ਨੂੰ ਉਹਨਾਂ ਮੁਗਲ ਸਿਪਾਹੀਆਂ ਦੇ ਨਾਲ ਪੇਸ਼ੀ ਲਈ ਤੋਰਨ ਲੱਗੀ ਹੈ। ਜੋਗੀ ਅੱਲਾ ਯਾਰ ਖ਼ਾਂ ਬੜੇ ਹੀ ਵੈਰਾਗਮਈ ਸ਼ਬਦਾਂ ਨਾਲ ਬਿਆਨ ਕਰ ਰਿਹਾ ਹੈ:
ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋਂ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ

ਮਾਂ ਗੁਜਰੀ ਜੀ ਬੱਚਿਆਂ ਨੂੰ ਤੋਰਨ ਤੇ ਪਹਿਲਾਂ ਪਿਆਰ ਨਾਲ ਕਹਿ ਰਹੀ ਹੈ ਕਿ ਆਓ ਬੱਚਿਉ! ਮੈ ਤੁਹਾਡੇ ਕੇਸਾਂ ਨੂੰ ਸਵਾਰ ਦਿਆਂ। ਇਥੇ ਵਿਸ਼ਾ ਕੇਸਾਂ ਦਾ ਆਇਆ ਹੈ ਤੇ ਅੱਜ ਦੀ ਮਾਂ ਅਤੇ ਉਸ ਦਾਦੀ ਮਾਂ ਦੇ ਵਿਚਾਰਾਂ ਵਿੱਚ ਸੋਚ ਦਾ ਕਿੰਨਾ ਫ਼ਰਕ ਹੈ। ਇਸ ਵਿਸ਼ੇ ਤੇ ਵਿਚਾਰ ਕਰਨੀ ਜਰੂਰੀ ਬਣਦੀ ਹੈ ਕਿ ਪੁਰਾਤਨ ਮਾਵਾਂ ਅਤੇ ਅਜ ਦੀਆਂ ਮਾਵਾਂ ਦੇ ਵਿਚਾਰਾਂ ਵਿੱਚ ਕਿੰਨਾ ਕੁ ਫ਼ਰਕ ਹੈ।
ਪੁਰਾਤਨ ਸਮਿਆਂ ਵਿੱਚ ਆਹ ਪਟਕਾ ਨਹੀ ਸੀ ਹੁੰਦਾ, ਵੱਧ ਤੋਂ ਵੱਧ ਜੂੜੇ ਤੇ ਰੁਮਾਲ ਹੁੰਦਾ ਸੀ ਤੇ ਬੱਚਿਆਂ ਦੇ ਬਾਹਰ ਖੇਡਦਿਆਂ-ਖੇਡਦਿਆਂ, ਲੜਦਿਆਂ-ਭਿੜਦਿਆਂ, ਦੌੜਦਿਆਂ ਕੇਸ ਖੁਲ ਜਾਣੇ, ਇੱਕ ਸੁਭਾਵਿਕ ਗੱਲ ਸੀ। ਕੇਸ ਖੁੱਲ ਜਾਣੇ ਤੇ ਮਾਵਾਂ ਨੇ ਜਦੋਂ ਦੇਖਣਾ ਕਿ ਮੇਰੇ ਬੱਚੇ ਦੇ ਕੇਸ ਖੁੱਲੇ ਹੋਏ ਹਨ ਤਾਂ ਮਾਂ ਨੇ ਬੱਚੇ ਨੂੰ ਅਵਾਜ਼ ਮਾਰ ਕੇ ਕਹਿਣਾ ਕਿ ਬੇਟਾ! ਘਰ ਨੂੰ ਆ, ਤੇਰੇ ਕੇਸ ਖੁੱਲੇ ਹੋਏ ਨੇ, ਮੈਂ ਤੇਰੇ ਕੇਸ ਦੁਬਾਰਾ ਸਵਾਰ ਕੇ ਤੈਨੂੰ ਸਰਦਾਰ ਬਣਾ ਦਿਆਂ, ਆ ਜਲਦੀ ਘਰ ਨੂੰ ਆ।
ਪਰ ਦੁੱਖ ਦੀ ਗੱਲ ਹੈ ਕਿ
ਅੱਜ ਦਾ ਬੱਚਾ ਜਦੋਂ ਮਾਂ ਨੂੰ ਕੇਸ ਵਾਹੁਣ ਦੀ ਗੱਲ ਕਰਦਾ ਹੈ ਤਾਂ ਅਜ ਮਾਂ ਆਖਦੀ ਹੈ ਕਿ ਮੇਰੇ ਕੋਲੋਂ ਤੇਰਾ ਝਾਟਾ ਬਾਰ-ਬਾਰ ਨਹੀਂ ਫੂਕਿਆ ਜਾਂਦਾ।
ਇਹ ਸੁਣ ਕੇ ਪੁੱਤਰ ਵੀ ਆਖਦਾ ਹੈ ਕਿ ਜੇਕਰ ਤੇਰੇ ਕੋਲੋਂ ਬਾਰ-ਬਾਰ ਨਹੀ ਫੂਕਿਆ ਜਾਂਦਾ ਤਾਂ ਫਿਰ ਨਾਈ (BARBER) ਵਧੀਆ ਫੂਕ ਲੈਂਦਾ ਹੈ। ਬੱਚਾ ਤੁਰ ਪੈਂਦਾ ਹੈ ਨਾਈ ਦੀ ਦੁਕਾਨ ਵੱਲ ਨੂੰ। ਇੱਕ ਸਿੱਖ ਬੱਚਾ ਨਾਈ ਦੀ ਦੁਕਾਨ ਤੇ ਜਾਵੇ ਕਿੰਨੀ ਹੈਰਾਨਗੀ ਤੇ ਸ਼ਰਮ ਦੀ ਗੱਲ ਹੈ। ਤੁਸੀਂ ਹੈਰਾਨ ਹੋਵੇਗੇ ਕਿ ਸਿੱਖ ਬੱਚੇ ਬਾਹਰ ਵਿਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਹੀ ਨਾਈਆਂ ਦੀਆਂ ਦੁਕਾਨਾਂ ਤੇ ਚਲੇ ਜਾਂਦੇ ਹਨ ਤੇ ਨਾਈ ਵੀ ਪਹਿਲਾਂ ਕੁੱਝ ਰੁਪਏ ਸ਼ਗਨ ਦੇ ਤੌਰ ਤੇ ਲੈਂਦੇ ਹਨ। ਕਿਧਰ ਨੂੰ ਜਾ ਰਿਹਾ ਹੈ ਸਾਡਾ ਵਿਰਸਾ? ਸਾਨੂੰ ਖ਼ੁਦ ਨੂੰ ਵੀ ਲੱਗਦਾ ਹੈ ਕਿ ਜਿਵੇਂ ਕੇਸਾਂ ਦੇ ਨਾਲ ਸਾਡਾ ਬੱਚਾ ਜਹਾਜ਼ ਵਿੱਚ ਨਹੀ ਚੜ੍ਹ ਸਕੇਗਾ, ਕੇਸਾਂ ਨਾਲ ਸਾਡੇ ਬੱਚੇ ਨੂੰ ਸ਼ਾਇਦ ਵਿਦੇਸ਼ ਦੀ ਧਰਤੀ ਤੇ ਪੈਰ ਰੱਖਣਾ ਨਸੀਬ ਨਾ ਹੋਵੇ।
ਕਿਧਰੇ ਹਰਭਜਨ ਸਿੰਘ ਯੋਗੀ ਵਰਗਿਆਂ ਵੀਰਾਂ ਦਾ ਇਤਿਹਾਸ ਪੜ੍ਹਿਓ। ਉਹਨਾ ਨੇ ਤਾਂ ਈਸਾਈਆਂ ਨੂੰ ਵੀ ਪ੍ਰੇਰਣਾ ਦੇ ਕੇ ਸਿੱਖੀ ਵਿੱਚ ਲੈ ਆਂਦਾ, ਉਹਨਾਂ ਦੀ ਪ੍ਰੇਰਣਾ ਸਦਕਾ ਈਸਾਈ ਤੇ ਹੋਰ ਧਰਮਾਂ ਵਾਲੇ ਸਿੱਖੀ ਧਰਮ ਵਿੱਚ ਆ ਗਏ। ਪਰ ਅਸੀਂ ਆਪਣਾ ਧਰਮ ਹੀ ਗੁਆਈ ਜਾ ਰਹੇ ਹਾਂ।
ਮਾਂ ਗੁਜਰੀ ਕਹਿ ਰਹੀ ਹੈ ਕਿ ਆਓ ਬੱਚਿਉ! “ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ”। ਕੇਸਾਂ ਦੀ ਮਹੱਤਤਾ ਬਾਰੇ ਇੱਕ ਵਿਦਵਾਨ ਨੇ ਬੜੀ ਬਾ-ਕਮਾਲ ਗੱਲ ਲਿਖੀ ਹੈ। ਉਹ ਕਹਿੰਦਾ ਹੈ:
ਕੌਮਾਂ ਜੀਊਂਦੀਆਂ ਸਦਾ ਉਹ ਜੱਗ ਉੱਤੇ , ਪੁੱਤਰ ਬੀਰ ਜਿਸ ਦੇ ਘਾਲਾਂ ਘਾਲਦੇ ਨੇ।
ਛੰਨ੍ਹਾ ਖੋਪੜੀ ਦਾ ਫੜ ਕੇ ਪੁੱਤ ਜਿਸ ਦੇ , ਆਪਣੀ ਕੌਮ ਨੂੰ ਅੰਮ੍ਰਿਤ ਪਿਲਾਂਵਦੇ ਨੇ

ਉਹ ਕਿਹੜੀ ਖੋਪੜੀ ਦੀ ਬਾਤ ਕਰ ਰਿਹਾ ਹੈ? ਉਹ ਬਾਤ ਕਰ ਰਿਹਾ ਹੈ, ਭਾਈ ਤਾਰੂ ਸਿੰਘ ਦੀ ਖੋਪੜੀ ਦੀ। ਉਹ ਭਾਈ ਤਾਰੂ ਸਿੰਘ ਜੀ ਜੋ ਕਿ ਪਿੰਡ ਪੂਹਲਾ ਦਾ ਰਹਿਣ ਵਾਲਾ ਸੀ ਅਤੇ ਉਸ ਸਮੇਂ ਜਕਰੀਆ ਖਾਨ ਦੇ ਕਾਰਨ ਸਿੰਘ ਸੂਰਬੀਰਾਂ ਨੂੰ ਘਰ-ਘਾਟ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ ਸੀ। ਭਾਈ ਤਾਰੂ ਸਿੰਘ ਆਪਣੀ ਮਾਂ ਅਤੇ ਭੈਣ ਦੇ ਨਾਲ ਸਿੰਘ ਸੂਰਬੀਰਾਂ ਦੀ ਸੇਵਾ ਵਿੱਚ ਜੁੱਟ ਗਿਆ।
ਸ੍ਰ. ਨਰਿੰਦਰ ਸਿੰਘ ‘ਸੋਚ` ਦੀ ਕਲਮ ਤੇ ਹੋਰ ਵਿਦਵਾਨਾਂ ਦੀਆਂ ਕਲਮਾਂ ਰਾਹੀਂ ਇਸ ਇਤਿਹਾਸਿਕ ਘਟਨਾਕਰਮ ਦਾ ਬਹੁਤ ਭਾਵਪੂਰਤ ਚਿਤਰਨ ਕੀਤਾ ਗਿਆ ਹੈ।
ਭਾਈ ਤਾਰੂ ਸਿੰਘ ਦੇ ਵਿਚਾਰ ਸਨ ਕਿ ਇਹ ਸਿੰਘ ਸੂਰਬੀਰ ਆਪਣੇ ਨਿੱਜੀ ਸੁਆਰਥਾਂ ਲਈ ਨਹੀ ਲੜ ਰਹੇ, ਇਸ ਲਈ ਇਹਨਾਂ ਦੀ ਸੇਵਾ ਕਰਨਾ, ਉਹਨਾਂ ਆਪਣਾ ਧਰਮ ਸਮਝਿਆ। ਭਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਵੀ ਆਪਣੇ ਯੋਗਦਾਨ ਪਾਉਂਦਿਆ ਕਿਹਾ “ਬੇਟਾ! ਆਪਾਂ ਘਰ ਵਿੱਚ ਤਿੰਨ ਮੈਂਬਰ ਹਾਂ ਇੱਕ ਤੂੰ, ਇੱਕ ਮਾਂ ਅਤੇ ਇੱਕ ਤੇਰੀ ਜਵਾਨ ਭੈਣ ਹੈ, ਕਿਉਂ ਨਾ ਹੋਵੇ ਤਾਂ ਅਸੀਂ ਤਿੰਨੇ ਰਲ ਕੇ ਸੇਵਾ ਦਾ ਦੀਵਾ ਬਾਲੀਏ। ਇਕ-ਇਕ ਦੀਵੇ ਨਾਲ ਆਪੇ ਹੀ ਦੀਵਾਲੀ ਬਣ ਜਾਵੇਗੀ। “
ਇਤਿਹਾਸਕ ਤੱਥਾਂ ਤੋ ਜਾਣਕਾਰੀ ਮਿਲਦੀ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਭੈਣ ਅਤੇ ਮਾਂ ਅੱਗ ਬਾਲ ਕੇ, ਆਟਾ ਗੁੰਨ ਕੇ, ਦਾਲ-ਪ੍ਰਸ਼ਾਦੇ ਤਿਆਰ ਕਰਕੇ ਭਾਈ ਤਾਰੂ ਸਿੰਘ ਦੇ ਸਿਰ ਤੇ ਰੱਖ ਕੇ ਉਹ ਲੰਗਰ ਜੰਗਲਾਂ ਵਿੱਚ ਸਿੰਘ ਸੂਰਬੀਰਾਂ ਲਈ ਭੇਜਣ ਦੀ ਸੇਵਾ ਕਰਦੀਆਂ ਹਨ। ਉਹ ਲੰਗਰ, ਜੰਗਲਾਂ ਵਿੱਚ ਸਿੰਘ ਸੂਰਬੀਰ ਛਕਦੇ ਹਨ। ਉਹ ਗੁਰੂ ਕਾ ਲੰਗਰ ਜੋ ਤਵੇ ਤੋਂ ਸ਼ੁਰੂ ਹੋਇਆ ਸੀ, ਚਲਦਾ-ਚਲਦਾ ਅੱਗੇ ਲੋਹਾਂ ਤੱਕ ਪਹੁੰਚ ਗਿਆ। ਜਿਹੜੀ ਦਾਲ ਇੱਕ ਪਤੀਲੇ ਤੋਂ ਸ਼ੁਰੂ ਹੋਈ ਸੀ ਚਲਦਿਆਂ-ਚਲਦਿਆਂ ਉਹ ਪਤੀਲਾਂ ਅੱਜ ਦੇਗਾਂ ਦਾ ਰੂਪ ਧਾਰਨ ਕਰ ਗਿਆ।
ਹੁਣ ਸੁੱਚਾ ਨੰਦ ਦੀ ਤਰ੍ਹਾਂ ਹੀ ਇੱਕ ਨਾਮ ਹੈ- ‘ਹਰਭਗਤ ਨਿਰੰਜਨੀਆ`। ਨਾਮ ਕਿੰਨਾ ਪਿਆਰਾ ਹੈ, ਪਰ ਕੰਮ ਕਿੰਨੇ ਘਟੀਆ। ਉਸ ਹਰਭਗਤ ਨਿਰੰਜਨੀਏ ਨੇ ਜ਼ਕਰੀਏ ਖ਼ਾਂ ਕੋਲ ਜਾ ਕੇ ਚੁਗਲੀ ਕਰ ਦਿੱਤੀ “ਆਹ ਤਾਰੂ ਸਿੰਘ ਵਰਗੇ ਜਿੰਨਾ ਚਿਰ ਪਿੰਡਾਂ ਵਿੱਚ ਜਿਊਂਦੇ ਫਿਰਦੇ ਨੇ, ਤੂੰ ਓਨਾ ਚਿਰ ਸਿੱਖਾਂ ਦਾ ਖਾਤਮਾ ਨਹੀ ਕਰ ਸਕਦਾ। ਜੇਕਰ ਤੂੰ ਸਿੱਖਾਂ ਦੀਆਂ ਜੜ੍ਹਾਂ ਵੱਢਣੀਆਂ ਹਨ ਤਾਂ ਪਹਿਲਾਂ ਤਾਰੂ ਸਿੰਘ ਵਰਗਿਆਂ ਦੀਆਂ ਜੜ੍ਹਾਂ ਤੈਨੂੰ ਵੱਢਣੀਆਂ ਪੈਣਗੀਆਂ। “
ਇਹ ਚੁਗਲੀ ਸੁਣਦਿਆਂ ਹੀ ਜ਼ਕਰੀਆਂ ਖ਼ਾਂ ਨੇ ਗ੍ਰਿਫਤਾਰੀ ਦਾ ਹੁਕਮ ਸੁਣਾ ਦਿੱਤਾ। 200 ਫ਼ੌਜੀਆਂ ਦਾ ਦਸਤਾ ਭਾਈ ਤਾਰੂ ਸਿੰਘ ਦੇ ਘਰ ਭੇਜ ਦਿੱਤਾ। ਹੁਣ ਅੱਗੇ ਘਰ ਦਾ ਦ੍ਰਿਸ਼ ਕੀ ਹੈ? ਮਾਂ ਅਤੇ ਧੀ ਰਲ ਕੇ ਲੰਗਰ ਤਿਆਰ ਕਰ ਰਹੀਆਂ ਹਨ। ਸਿਪਾਹੀ ਘਰ ਅੰਦਰ ਜਾ ਕੇ ਉਹਨਾਂ ਨੂੰ ਪੁੱਛਦੇ ਹਨ “ਤਾਰੂ ਸਿੰਘ ਕਿੱਥੇ ਹੈ? “ ਮਾਂ ਕਹਿੰਦੀ ਹੈ “ਬਾਹਰ ਗਿਆ ਹੈ? “ ਸਿਪਾਹੀ ਕਹਿਣ ਲੱਗੇ “ਸਾਡੀ ਆਹਟ ਸੁਣ ਕੇ ਲੱਗਦਾ ਹੈ ਕਿ ਡਰ ਕੇ ਭੱਜ ਗਿਆ ਹੈ। “ ਮਾਂ ਭਰੋਸੇ ਨਾਲ ਕਹਿਣ ਲੱਗੀ “ਕਾਕਾ। ਡਰ ਕੇ ਚੋਰ ਭੱਜਦੇ ਹਨ, ਕਾਤਲ ਭੱਜਦੇ ਹਨ, ਡਾਕੂ ਭੱਜਦੇ ਹਨ। ਮੇਰਾ ਪੁੱਤਰ ਕਿਉਂ ਭੱਜੇਗਾ, ਉਹ ਮੇਰਾ ਪੁੱਤਰ ਹੈ ਹੁਣੇ ਆਉਂਦਾ ਹੀ ਹੋਵੇਗਾ, ਤੁਸੀਂ ਅਰਾਮ ਨਾਲ ਬੈਠੋ ਤੇ ਪ੍ਰਸ਼ਾਦਾ ਛੱਕ ਲਓ। “
ਇੱਕ ਸਿਪਾਹੀ ਹੌਲੀ-ਹੌਲੀ ਆਪਣੇ ਸਾਥੀਆਂ ਨੂੰ ਕਹਿਣ ਲੱਗਾ “ਓਏ ਇਸ ਬੁੱਢੀ ਮਾਤਾ ਦੀਆਂ ਮੋਮੋ ਠੱਗਣੀਆਂ ਗੱਲਾਂ ਵਿੱਚ ਨਾ ਆਇਉ, ਕਿਧਰੇ ਸਾਨੂੰ ਪ੍ਰਸ਼ਾਦੇ ਵਿੱਚ ਜ਼ਹਿਰ ਮਿਲਾ ਕੇ ਖੁਆ ਦੇਵੇ ਤੇ ਸਾਨੂੰ ਮਾਰ ਦੇਵੇ। “ ਮਾਂ ਨੇ ਇਹ ਗੱਲ ਸੁਣ ਲਈ ਤੇ ਸਿਪਾਹੀ ਨੂੰ ਕਹਿਣ ਲੱਗੀ “ਕਾਕਾ! ਮੈਨੂੰ ਲੱਗਦਾ ਹੈ ਤੈਨੂੰ ਆਪਣੀ ਮਾਂ ਦਾ ਦੁੱਧ ਪੀਣਾ ਨਸੀਬ ਨਹੀ ਹੋਇਆ, ਤੈਨੂੰ ਸਮਝਾ ਦੇਵਾਂ ਕਿ ਮਾਂ ਕਦੀ ਮੋਮੋ ਠੱਗਣੀ ਨਹੀ ਹੁੰਦੀ। ਇਹ ਗੁਰੂ ਦਾ ਲੰਗਰ ਹੈ ਜਿਸ ਲੰਗਰ ਵਿੱਚ ਤੂੰ ਜ਼ਹਿਰ ਦੀ ਗੱਲ ਕਰਦਾ ਹੈਂ ਇਹ ਤਾਂ ਤੇਰੇ ਅੰਦਰੋਂ ਨਫ਼ਰਤ ਦਾ ਜ਼ਹਿਰ ਵੀ ਕੱਢ ਦੇਵੇਗਾ। ਬੈਠੋ ਪ੍ਰਸ਼ਾਦਾ ਛਕੋ, ਮੇਰਾ ਪੁੱਤ ਹੁਣੇ ਆ ਜਾਵੇਗਾ। “
ਥੋੜੀ ਦੇਰ ਬਾਅਦ ਭਾਈ ਤਾਰੂ ਸਿੰਘ ਜੀ ਵੀ ਆ ਗਏ ਤੇ ਆਉਂਦਿਆਂ ਹੀ ਫ਼ਤਹਿ ਗਜਾ ਕੇ ਕਹਿਣ ਲੱਗੇ “ਤੁਹਾਨੂੰ ਆਉਣ ਦੀ ਕੀ ਲੋੜ ਸੀ। ਮੈਨੂੰ ਸੁਨੇਹਾ ਭੇਜ ਦਿੰਦੇ ਮੈਂ ਆਪ ਹੀ ਸੂਬੇਦਾਰ ਕੋਲ ਪਹੁੰਚ ਜਾਂਦਾ। “ ਸਿਪਾਹੀ ਨੇ ਕਿਹਾ “ਜਕਰੀਆਂ ਖ਼ਾਂ ਨੇ ਤੂਹਾਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਹੈ। “ ਉਸ ਸਮੇਂ ਸਾਰੇ ਪਿੰਡ ਦੇ ਮੋਹਤਬਰ ਬੰਦੇ ਅੱਗੇ ਆ ਕੇ ਖੜੇ ਹੋ ਗਏ ਤੇ ਕਹਿਣ ਲੱਗੇ “ਇਹ ਇੱਕਲੇ ਤਾਰੂ ਸਿੰਘ ਦੀ ਮਾਂ ਨਹੀ ਹੈ। ਇਹ ਸਾਡੇ ਪਿੰਡ ਦੀ ਮਾਂ ਹੈ, ਇਹ ਇੱਕਲੇ ਤਾਰੂ ਸਿੰਘ ਦੀ ਭੈਣ ਨਹੀ ਹੈ ਸਾਰੇ ਪਿੰਡ ਦੀ ਭੈਣ ਹੈ। ਇਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਕੋਈ ਮੱਥਾ ਤਾਂ ਟੇਕ ਸਕਦਾ ਹੈ, ਪਰ ਗ੍ਰਿਫਤਾਰ ਨਹੀ ਕਰ ਸਕਦਾ। “
ਮੈਂ ਬੇਨਤੀ ਕਰ ਦਿਆਂ ਕਿ ਸਾਡਾ ਉਹ ਵਿਰਸਾ ਕਿਥੇ ਗਿਆ। ਅੱਜ ਤਾਂ ਜਿਸ ਦੀ ਮਾਂ ਹੈ, ਉਸੇ ਦੀ ਹੀ ਮਾਂ ਹੈ, ਜਿਸ ਦੀ ਭੈਣ ਹੈ, ਉਸੇ ਦੀ ਹੀ ਭੈਣ ਹੈ। ਕਿਥੇ ਖੜੇ ਹਾਂ ਅਸੀਂ? ਜਿਥੇ ਕਾਜ਼ੀ ਨੂਰ ਮੁਹੰਮਦ ਵਰਗੇ ਸਿੱਖਾਂ ਦੀ ਤਾਰੀਫ਼ ਕਰਨ ਤੋ ਵੀ ਨਹੀ ਸਨ ਰੁਕ ਸਕੇ, ਉਹ ਸਿੱਖਾਂ ਦੇ ਕਿਰਦਾਰ ਦੀ ਸਿਫ਼ਤਿ ਕਰਨ ਤੋ ਨਹੀ ਸੀ ਥੱਕਦਾ, ਪਰ ਅੱਜ ਦੇ ਗਾਇਕ ਸਾਨੂੰ ਕੀ ਸੁਨੇਹਾ ਦੇ ਰਹੇ ਹਨ, ਕੀ ਸੁਣਾ ਰਹੇ ਹਨ? “ਆਹ ਦੇਖੋ ਸੜ੍ਹਕਾਂ ਤੇ ਅੱਗ ਤੁਰੀ ਜਾਂਦੀ ਏ। “ਇਸ ਗਾਇਕ ਨੂੰ ਪੁੱਛਣਾ ਚਾਹੀਦਾ ਹੈ ਕਿ ਉਸ ਸੜਕ ਤੇ ਅੱਗ ਵਿੱਚ ਤੇਰੀ ਮਾਤਾ, ਤੇਰੀ ਭੈਣ, ਤੇਰੀ ਧੀ ਵੀ ਹੋ ਸਕਦੀ ਹੈ। ਕੀ ਸਿੱਖਿਆ ਦੇ ਰਹੇ ਹਨ ਅੱਜ ਦੇ ਗਾਇਕ ਸਾਨੂੰ, ਕਿਥੇ ਹੈ ਉਹ ਪੰਜਾਬ ਜੋ ਜਿਊਂਦਾ ਗੁਰਾਂ ਦੇ ਨਾਮ ਤੇ।
ਪੂਹਲਾ ਪਿੰਡ ਵਾਸੀ ਇਹ ਗੱਲ ਕਹਿ ਰਹੇ ਹਨ ਕਿ ਇਹ ਭਾਈ ਤਾਰੂ ਸਿੰਘ ਦੀ ਮਾਂ ਭੈਣ ਨਹੀ ਹੈ, ਇਹ ਸਮੁੱਚੇ ਇਲਾਕੇ ਦੀ ਮਾਂ ਭੈਣ ਹੈ। ਫ਼ੌਜਦਾਰ ਥੋੜਾ ਡਰ ਕੇ ਕਹਿਣ ਲੱਗਾ “ਚਲੋ! ਮੈਂ ਤੁਹਾਡੀ ਗੱਲ ਮੰਨ ਕੇ ਇਹਨਾਂ ਨੂੰ ਛੱਡ ਦਿੰਦਾ ਹਾਂ। ਪਰ ਮੈਂ ਤਾਰੂ ਸਿੰਘ ਨੂੰ ਨਹੀ ਛੱਡ ਸਕਦਾ। ਇਹ ਅਧਿਕਾਰ ਮੇਰੇ ਪਾਸ ਨਹੀ ਹੈ। “ ਹੁਣ ਖ਼ਿਆਲ ਕਰਿਉ! ਭਾਈ ਤਾਰੂ ਸਿੰਘ ਨੂੰ ਤੋਰਨ ਲੱਗਿਆਂ, ਮਾਂ ਨੇ ਜੋ ਸ਼ਬਦ ਕਹੇ ਉਹ ਸ਼ਬਦ ਸ੍ਰ. ਨਰਿੰਦਰ ਸਿੰਘ ਸੋਚ ਦੀ ਕਲ੍ਹਮ ਨੇ ਬੜੇ ਬਾ-ਕਮਾਲ ਤਰੀਕੇ ਨਾਲ ਕਲਮਬੱਧ ਕੀਤੇ ਤੇ ਉਸ ਕਲਮ ਤੋਂ ਬਲਿਹਾਰ ਜਾਣ ਨੂੰ ਮਨ ਕਰੇਗਾ। ਮਾਂ ਤਾਰੂ ਸਿੰਘ ਨੂੰ ਤੋਰਨ ਲੱਗਿਆਂ ਕਹਿੰਦੀ ਹੈ “ਤਾਰੂ ਸਿੰਘ! ਵਾਹਿਗੁਰੂ ਦੇ ਬਖ਼ਸ਼ੇ ਹੋਏ, ਗੁਰੂ ਜੀ ਦੇ ਨਿਵਾਜੇ ਅਤੇ ਮੇਰੇ ਵਲੋਂ ਮੱਖਣ ਦਹੀ ਨਾਲ ਪਾਲੇ ਹੋਏ ਇਹਨਾਂ ਕੇਸਾਂ ਨੂੰ ਆਂਚ ਨਾ ਆਉਣ ਦੇਵੀ। ਤੂੰ ਬੇ-ਫ਼ਿਕਰ ਹੋ ਕੇ ਜਾ ਤੇਰੀ ਭੈਣ ਤੇਰੇ ਮਗਰੋਂ ਸਿਰ ਤੇ ਦਸਤਾਰ ਸਜਾ ਕੇ ਤਾਰੂ ਸਿੰਘ ਬਣ ਜਾਵੇਗੀ ਅਤੇ ਸਿੰਘ, ਸੂਰਬੀਰਾਂ ਦੀ ਸੇਵਾ ਜਾਰੀ ਰੱਖੇਗੀ। ਇਹ ‘ਗੁਰੂ ਕਾ ਲੰਗਰ` ਇਸੇ ਤਰ੍ਹਾਂ ਹੀ ਚਲਦਾ ਰਹੇਗਾ। “
ਕਿਧਰੇ ਹੈ ਅੱਜ ਦੀ ਮਾਂ ਵਿੱਚ ਐਸੀ ਸੋਚ, ਐਸੀ ਭਾਵਨਾ, ਐਸਾ ਵਿਰਸਾ?
ਭਾਈ ਤਾਰੂ ਸਿੰਘ ਨੂੰ ਜਦੋ ਜਕਰੀਆ ਖ਼ਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜਕਰੀਆਂ ਖ਼ਾਂ ਕਹਿਣ ਲੱਗਾ “ਤਾਰੂ ਸਿੰਘ! ਮੁਸਲਮਾਨ ਬਣ ਜਾ, ਨਹੀ ਤਾਂ ਮਾਰਿਆ ਜਾਵੇਗਾ। “ ਅੱਗੋਂ ਭਾਈ ਤਾਰੂ ਸਿੰਘ ਜੀ ਕਹਿੰਦੇ ਹਨ “ਜ਼ਕਰੀਆ ਖ਼ਾਂ, ਮੈਨੂੰ ਇਹ ਗੱਲ ਦੱਸ ਕੀ ਮੁਸਲਮਾਨ ਮਰਦੇ ਨਹੀਂ? ਜੇਕਰ ਮੁਸਲਮਾਨ ਬਣ ਕੇ ਵੀ ਇੱਕ ਮਰਨਾ ਹੀ ਹੈ ਤਾਂ ਮੈਂ ਗੁਰੂ ਤੋਂ ਬੇ-ਮੁਖ ਹੋ ਕੇ ਕਿਉਂ ਮਰਾਂ। “ ਫਿਰ ਜਕਰੀਆ ਖ਼ਾਂ ਕਹਿੰਦਾ ਹੈ “ਇਹ ਕੇਸ ਦੇ ਦੇ, ਤੂੰ ਇਨਾਂ ਕੇਸਾਂ ਦਾ ਮਾਣ ਕਰਦਾ ਏਂ, ਮੈਂ ਜੁੱਤੀਆਂ ਮਾਰ-ਮਾਰ ਕੇ ਤੇਰੇ ਇਹ ਕੇਸ ਉਡਾ ਦਿਆਂਗਾ। “
ਭਾਈ ਤਾਰੂ ਸਿੰਘ ਨੇ ਜਵਾਬ ਦਿਤਾ- “ਕੀ ਪਤਾ ਕਿਸ ਨੇ ਕਿਸ ਦੀਆਂ ਜੁੱਤੀਆਂ ਖਾਣੀਆਂ ਨੇ, ਕਿਸ ਨੇ ਕਿਸ ਦੀ ਜੁੱਤੀ ਅੱਗੇ ਲੱਗ ਕੇ ਜਾਣਾ ਹੈ। “ ਇਹ ਸ਼ਬਦ ਭਾਈ ਤਾਰੂ ਸਿੰਘ ਦੇ ਮੂੰਹੋਂ ਸੁਭਾਵਿਕ ਨਿਕਲੇ ਸਨ, ਪਰ ਇਹ ਸੱਚ ਹੋਏ ਸਨ। ਜ਼ਕਰੀਆਂ ਖ਼ਾਂ ਦੇ ਹੁਕਮ ਨਾਲ ਭਾਈ ਤਾਰੂ ਸਿੰਘ ਦਾ ਖੋਪਰ, ਕੇਸਾਂ ਸਮੇਤ ਰੰਬੀ ਨਾਲ ਉਤਾਰ ਦਿੱਤਾ ਗਿਆ ਸੀ ਤੇ ਖੋਪਰ ਉਤਾਰ ਕੇ ਭਾਈ ਸਾਹਿਬ ਨੂੰ ਖੱਡ ਵਿੱਚ ਸੁਟ ਦਿੱਤਾ ਗਿਆ।
ਇਤਿਹਾਸਕ ਤੱਥ ਦਸਦੇ ਹਨ ਕਿ ਪੂਰੇ 22 ਦਿਨ ਭਾਈ ਤਾਰੂ ਸਿੰਘ ਬਾਣੀ ਦੇ ਆਸਰੇ ਨਾਲ, ਬਿਨਾ ਖੋਪਰ ਦੇ ਜਿਊਂਦੇ ਰਹੇ ਸਨ। ਉਸ ਸਮੇਂ ਕੀ ਹੋਇਆ ਸੀ ਕਿ ਜ਼ਕਰੀਆ ਖ਼ਾਂ ਨੂੰ ਪੇਸ਼ਾਬ ਦਾ ਬੰਨ ਪੈ ਗਿਆ। ਵੈਦ, ਹਕੀਮ ਇਲਾਜ ਕਰ ਰਹੇ ਸਨ, ਪਰ ਕੋਈ ਵੀ ਇਲਾਜ ਸਾਰਥਿਕ ਨਾ ਹੋ ਸਕਿਆ। ਆਖ਼ਿਰ ਉਹ ਥੱਕ ਗਏ, ਪਰ ਜ਼ਕਰੀਆਂ ਖ਼ਾਂ ਕਿਲਕਾਰੀਆਂ ਮਾਰਦਾ ਹੈ, ਚਾਂਗਰਾਂ ਮਾਰਦਾ ਹੈ ਕਿ ਜਿਵੇਂ ਮਰਜੀ ਹੋਵੇ, ਮੈਨੂੰ ਇਸ ਬੀਮਾਰੀ ਤੋਂ ਛੁਟਕਾਰਾ ਦਿਵਾਉ।
ਕਿਸ ਨੇ ਆਖ ਦਿੱਤਾ ਕਿ ਤੈਨੂੰ ਭਾਈ ਤਾਰੂ ਸਿੰਘ ਦੀ ਆਹ ਲੱਗ ਗਈ ਹੈ, ਤੂੰ ਬੇਦੋਸ਼ੇ ਨੂੰ ਮਾਰਿਆ ਹੈ। ਜ਼ਕਰੀਆ ਖ਼ਾਂ ਕਹਿਣ ਲੱਗਾ “ਜਾਉ! ਤਾਰੂ ਸਿੰਘ ਕੋਲੋਂ ਮੁਆਫੀ ਮੰਗਣ ਦੀ ਗੱਲ ਚਲਾਉ। “ ਉਸ ਦੇ ਅਹਿਲਕਾਰ ਗਏ ਤੇ ਭਾਈ ਤਾਰੂ ਸਿੰਘ ਨਾਲ ਸਾਰੀ ਗੱਲ ਕੀਤੀ। ਹੁਣ ਭਾਈ ਤਾਰੂ ਸਿੰਘ ਕਹਿਣ ਲੱਗੇ “ਮੈਂ ਕੌਣ ਹੁੰਦਾ ਹਾਂ ਮੁਆਫ ਕਰਨ ਵਾਲਾ, ਮੇਰੇ ਵਿੱਚ ਕੀ ਸਮਰੱਥਾ ਹੈ? “ ਫਿਰ ਜ਼ਕਰੀਆਂ ਖ਼ਾਂ ਦੇ ਅਹਿਲਕਾਰਾਂ ਰਾਹੀਂ ਖ਼ਾਲਸੇ ਦੇ ਕੋਲ ਫ਼ਰਿਆਦ ਹੋਈ ਕਿ ਜ਼ਕਰੀਆਂ ਖ਼ਾਂ ਬਹੁਤ ਤਕਲੀਫ ਵਿੱਚ ਹੈ, ਉਸ ਦੇ ਕੋਲੋਂ ਗੁਨਾਹ ਹੋਇਆ ਹੈ ਉਸ ਨੂੰ ਮੁਆਫ ਕਰ ਦਿਉ। ਪਤਾ ਕੀ ਫੈਸਲਾ ਦਿੱਤਾ ਸੀ? ਕਿ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਜ਼ਕਰੀਆਂ ਖ਼ਾਂ ਦੇ ਸਿਰ ਵਿੱਚ ਮਾਰੀਆਂ ਜਾਣ ਤਾਂ ਇਲਾਜ ਹੋਵੇਗਾ।
ਇਥੇ ਭਾਈ ਤਾਰੂ ਸਿੰਘ ਦੀ ਗੱਲ ਸੱਚ ਹੋ ਗਈ ਸੀ ਕਿ ਕੀ ਪਤਾ ਕਿਸ ਨੇ ਕਿਸ ਦੀਆਂ ਜੁੱਤੀਆਂ ਖਾਣੀਆ ਨੇ। ਉਹੋ ਹੀ ਗੱਲ ਹੋਈ, ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਲਿਆਏ। ਜ਼ਕਰੀਆਂ ਖ਼ਾਂ ਦੇ ਸਿਰ ਉਪਰ ਠਾਹ-ਠਾਹ ਮਾਰਨ ਲੱਗੇ। ਜਿਉਂ-ਜਿਉਂ ਜੁੱਤੀਆਂ ਵੱਜਣ ਲੱਗੀਆਂ, ਤਿਉਂ-ਤਿਉਂ ਜ਼ਕਰੀਆਂ ਖ਼ਾਂ ਦੀ ਤਕਲੀਫ ਘਟਣ ਲੱਗੀ ਤਾਂ ਕਹਿਣ ਲੱਗਾ ਕਿ ਜਲਦੀ-ਜਲਦੀ ਤੇ ਜ਼ੋਰ-ਜ਼ੋਰ ਨਾਲ ਮਾਰੋ ਮੈਂ ਠੀਕ ਹੋ ਰਿਹਾ ਹਾਂ। ਇਤਿਹਾਸ ਗਵਾਹ ਹੈ ਕਿ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਿਆਂ-ਖਾਂਦਿਆਂ ਜ਼ਕਰੀਆਂ ਖ਼ਾਂ ਇਸ ਸੰਸਾਰ ਤੋਂ ਕੂਚ ਕਰ ਗਿਆ ਸੀ।
ਜਦੋ ਭਾਈ ਤਾਰੂ ਸਿੰਘ ਨੂੰ ਇਸ ਗੱਲ ਦੀ ਖ਼ਬਰ ਪਹੁੰਚੀ ਕਿ ਜ਼ਕਰੀਆਂ ਖ਼ਾਂ ਦੀ ਮੌਤ ਹੋ ਗਈ ਹੈ। ਤਾਂ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ “ਖ਼ਾਲਸੇ ਨੇ ਉਸ ਨੂੰ ਜੁੱਤੀ ਅੱਗੇ ਲਾ ਕੇ ਹੀ ਜਾਣਾ ਸੀ। “ ਭਾਈ ਤਾਰੂ ਸਿੰਘ ਜੀ ਨੇ ਇਹ ਸਭ ਕੁੱਝ ਕਿਸ ਲਈ ਕੀਤਾ? ਸਿਰਫ਼ ਸਾਡੇ ਲਈ ਕੀਤਾ। ਉਸਨੇ ਕਿਹੜੀ ਰਿਆਸਤ ਕਾਇਮ ਕਰਨੀ ਸੀ? ਉਸ ਨੇ ਕਿਹੜਾ ਰਾਜ ਭਾਗ ਲੈਣਾ ਸੀ? ਉਸਨੇ ਕਿਹੜੀ ਵਜ਼ੀਰੀ ਲੈਣੀ ਸੀ? ਉਸਨੇ ਇਹ ਸਭ ਸਾਡੇ ਲਈ ਕੀਤਾ। ਕਾਸ਼! ਅੱਜ ਅਸੀਂ ਵੀ ਭਾਈ ਤਾਰੂ ਸਿੰਘ ਦੀ ਤਰ੍ਹਾਂ ਸ਼ਾਨਾਮੱਤਾ ਇਤਿਹਾਸਕ ਵਿਰਸਾ ਕਾਇਮ ਕਰ ਸਕੀਏ।
ਅੱਜ ਕੀ ਕਾਰਨ ਹੈ ਕਿ ਸਾਡੇ ਬੱਚੇ ਕੇਸਾਂ ਤੋ ਹੀਣੇ ਹੋ ਰਹੇ ਨੇ? ਦਾਸ ਆਪਣੇ ਤਜਰਬੇ ਵਿਚੋਂ ਇੱਕ ਬਾਤ ਕਹਿ ਰਿਹਾ ਹੈ। ਇੱਕ ਵਾਰ ਗੁਰਦੁਆਰਾ ਸਾਹਿਬ ਦੇ ਸਮਾਗਮ ਵਿੱਚ ਪ੍ਰਚਾਰਕ ਨੇ ਪੰਜ-ਪੰਜ, ਛੇ-ਛੇ ਸਾਲ ਦੇ 7-8 ਬੱਚਿਆਂ ਨੂੰ ਖੜੇ ਕੀਤਾ। ਉਹ ਬੱਚੇ ਸੰਗਤ ਵਿਚੋਂ ਹੀ ਖੜੇ ਕੀਤੇ ਸਨ, ਜਿਨ੍ਹਾਂ ਦੇ ਕੇਸ ਕੱਟੇ ਹੋਏ ਸਨ। ਅਨਭੋਲ ਬੱਚਾ ਕਦੇ ਨਹੀ ਝੂਠ ਬੋਲਦਾ। ਉਹਨਾਂ ਨੂੰ ਸਟੇਜ ਤੋਂ ਪੁੱਛਿਆ ਗਿਆ ਕਿ ਦਸੋਂ ਬੱਚਿਉ! ਤੁਸੀ ਕੇਸ ਕਿਉਂ ਕਟਵਾਏ? ਉਹਨਾਂ ਅਨਭੋਲ ਬੱਚਿਆਂ ਨੇ ਸੱਚ ਬੋਲਿਆ ਤੇ ਕਹਿਣ ਲੱਗੇ “ਜੀ! ਸਾਡੀ ਮੰਮੀ ਨੇ ਕਟਵਾਏ ਹਨ। “ ਇਥੇ ਇਹ ਤਾਂ ਕਹਿ ਸਕਦੇ ਹਾਂ ਕਿ 16-17-18 ਸਾਲ ਦਾ ਨੌਜਵਾਨ ਬਾਗੀ ਹੋ ਗਿਆ ਹੈ। ਪਰ ਅਸੀਂ 5-6 ਸਾਲ ਦੇ ਬੱਚੇ ਨੂੰ ਬਾਗੀ ਕਿਵੇਂ ਕਹਿ ਸਕਾਂਗੇ?
ਸਾਧ ਸੰਗਤ ਜੀ! ਆਪ ਸੋਚ ਰਹੇ ਹੋਵੇਗੇ ਕਿ ਮੈਂ ਇਹ ਕੇਸਾਂ ਦਾ ਵਿਸ਼ਾ ਕਾਫ਼ੀ ਲੰਬਾ ਲੈ ਕੇ ਚਲਾ ਗਿਆ ਹਾਂ ਤੇ ਮੈਂ ਵੀ ਕੀ ਕਰ ਸਕਦਾ ਹਾਂ ਕਿੳ਼ੁੱਕਿ ਕੇਸਾਂ ਦਾ ਵਿਸ਼ਾ ਐਸਾ ਹੀ ਹੈ। ਜਿਸ ਤੇ ਕਾਫ਼ੀ ਉਦਾਹਰਨ ਦਿੱਤੇ ਜਾ ਸਕਦੇ ਹਨ, ਪਰ ਚਲੋ ਪਰਮੇਸ਼ਰ ਆਪਣੀ ਮਿਹਰ ਕਰਨਗੇ। ਅਸੀਂ ਆਪਣੇ ਮੂਲ ਵਿਸ਼ੇ ਵੱਲ ਆਈਏ।
ਹੁਣ ਦਾਦੀ ਮਾਂ ਸਾਹਿਬਜਾਦਿਆਂ ਨੂੰ ਤੋਰਨ ਤੋਂ ਪਹਿਲਾਂ ਆਖ ਰਹੀ ਹੈ ਕਿ ਆਓ ਬੱਚਿਉ! ਮੈਂ ਤੁਹਾਡੇ ਕੇਸਾਂ ਨੂੰ ਕੰਘੀ ਕਰ ਦਿਆਂ, ਤੁਹਾਡੇ ਕੇਸ ਸਵਾਰ ਦਿਆਂ।
ਜਾਨੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋਂ ਲੂੰ।
ਕੇਸੋਂ ਕੋਂ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋਂ ਲੂੰ।
ਮਰਨੇ ਸੇ ਪਹਿਲੇ ਤੁਮਕੋ ਦੂਲਹਾ ਬਨਾ ਤੋਂ ਲੂੰ।
ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਯਾ।
ਤੀਰੋਂ ਕਮਾ ਸੇ, ਤੇਗ ਸੇ ਪੈਰਾਸਤਾ ਕੀਯਾ

ਇਹ ਮਾਂ ਗੁਜਰੀ ਜੋ ਜਾਣਦੀ ਹੈ ਕਿ ਮੈਂ ਆਪਣੇ ਲਾਲਾਂ ਨੂੰ ਕਿਧਰ ਤੋਰ ਰਹੀ ਹਾਂ, ਬਿਲਕੁਲ ਉਸੇ ਤਰਾਂ ਜਿਵੇਂ ਕਲਗੀਧਰ ਪਿਤਾ ਜੀ ਵੀ ਜਾਣਦੇ ਸਨ ਕਿ ਚਮਕੌਰ ਦੀ ਗੜ੍ਹੀ `ਚੋ ਮੈਂ ਅਜੀਤ ਸਿੰਘ ਨੂੰ ਕਿਧਰ ਨੂੰ ਤੋਰ ਰਿਹਾ ਹਾਂ, ਮੈਂ ਜੁਝਾਰ ਸਿੰਘ ਨੂੰ ਕਿਧਰ ਤੋਰ ਰਿਹਾ ਹਾਂ। ਮਾਂ ਗੁਜਰੀ ਜੀ ਵੀ ਆਪਣੇ ਬੇਟੇ ਵਾਂਗ ਆਪਣੇ ਪੋਤਿਆਂ ਨੂੰ ਉਹਨਾਂ ਹੀ ਪੂਰਨਿਆਂ ਤੇ ਤੋਰ ਰਹੀ ਹੈ।
ਜੋਗੀ ਅਲ੍ਹਾਂ ਯਾਰ ਖ਼ਾਂ ਇਸ ਕਿੱਸੇ ਨੂੰ ਆਪਣੀ ਕਲਮ ਰਾਹੀਂ ਅਗਾਂਹ ਤੋਰ ਰਿਹਾ ਹੈ-
ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਯਾ।
ਤੀਰੋਂ ਕਮਾ ਸੇ, ਤੇਗ ਸੇ ਪੈਰਾਸਤਾ ਕੀਯਾ

ਕਹਿੰਦੇ ਵੈਰਾਗ ਦੀ ਮੂਰਤ ਮਾਂ ਗੁਜਰੀ ਨੇ ਸਾਹਿਬਜਾਦਿਆਂ ਨੂੰ ਪਹਿਲੀ ਪੇਸ਼ੀ ਲਈ ਵਿਦਾ ਕਰ ਦਿੱਤਾ। ਵਿਦਾ ਕਰਨ ਲੱਗਿਆਂ ਮਾਂ ਗੁਜਰੀ ਜੀ ਨੇ ਬੱਚਿਆਂ ਨੂੰ ਇਹ ਗੱਲ ਕਹਿ ਕੇ ਵਿਦਾ ਕੀਤਾ ਕਿ ਬੱਚਿਉ! ਮੈਂ ਤੁਹਾਡੀ ਉਡੀਕ ਕਰਾਂਗੀ।
ਬੱਚਿਆ ਨੂੰ ਵਿਦਾ ਕਰਕੇ ਮਾਂ ਗੁਜਰੀ ਆਪਣੇ ਖ਼ਿਆਲਾਂ ਵਿੱਚ ਕਿਵੇਂ ਬਾਤਾਂ ਕਰ ਰਹੀ ਹੈ-
ਬੇਟੇ ਸੇ ਪਹਿਲੀ ਬਿਛੜੀ ਥੀ ਤੁਮ ਭੀ ਬਿਛੜ ਚਲੇ।
ਬਿਗੜੇ ਹੂਏ ਨਸੀਬ ਜਿਆਦਾ ਬਿਗੜ ਚਲੇ

ਕੈਸੀ ਬਾਤ ਕਰ ਰਹੀ ਹੈ। ਮਾਂ ਗੁਜਰੀ ਕਹਿੰਦੀ ਹੈ, ਮੈਂ ਬੇਟੇ ਤੋਂ ਵਿਛੜੀ ਸੀ, ਹੁਣ ਆਹ ਦੋ ਬੱਚੇ ਸੀ, ਉਹਨਾਂ ਤੋ ਵੀ ਵਿਛੋੜੇ ਦੀ ਘੜੀ ਆ ਗਈ ਹੈ। ਤੁਸੀ ਬੇਰਹਿਮ ਦੁਸ਼ਮਣਾਂ ਦੀ ਕਚਹਿਰੀ ਵਿੱਚ ਜਾ ਰਹੇ ਹੋ ਤੇ ਮੈਨੂੰ ਇਕੱਲੀ ਨੂੰ ਛੱਡ ਚਲੇ ਹੋ:
ਬੇਰਹਿਮ ਦੁਸ਼ਮਨੋਂ ਕੋਂ ਤੁਮ ਹਾਥੋਂ ਮੇਂ ਪੜ ਚਲੇ।
ਜ਼ੰਜੀਰਿ-ਗਮ ਮੇਂ ਮੁਝਕੋ ਯਹਾਂ ਪਰ ਜਕੜ ਚਲੇ।
ਬਿਹਤਰ ਥਾ ਤੁਮ ਸੇ ਪਹਿਲੇ ਮੈਂ ਦੇਤੀ ਪਰਾਨ ਕੋ।
ਦੁਖ ਸੇ ਤੁਮਾਰੇ ਦੁਖ ਹੈ ਸਿਵਾ ਮੇਰੀ ਜਾਨ ਕੋ

ਮਾਂ ਗੁਜਰੀ ਕਹਿੰਦੀ ਹੈ ਕਿ ਕਿੰਨਾ ਚੰਗਾ ਹੁੰਦਾ ਕਿ ਮੈਂ ਤੁਹਾਡੇ ਤੋਂ ਪਹਿਲਾ ਸ਼ਹੀਦ ਹੋ ਜਾਂਦੀ, ਤੁਹਾਡੀ ਜਾਨ ਨੂੰ ਦੁੱਖ ਦੇਖਣੇ ਮੈਨੂੰ ਨਸੀਬ ਨਾ ਹੁੰਦੇ। ਜਦੋਂ ਸਾਹਿਬਜਾਦਿਆਂ ਨੇ ਮਾਂ ਗੁਜਰੀ ਦੀ ਵੇਦਨਾ ਨੂੰ ਤੱਕਿਆ ਤਾਂ ਕਲਗੀਧਰ ਦੇ ਲਾਡਲੇ ਮਾਂ ਗੁਜਰੀ ਨੂੰ ਕਿਸ ਤਰਾਂ ਸੰਬੋਧਨ ਹੁੰਦੇ ਹਨ:
ਫ਼ੁਰਮਾਏ ਦਸਤ-ਬਸਤ ਵੁਹ ਦੋਨੋਂ ਗੁਰ ਕੇ ਲਾਲ।
ਜੀ ਕਯੋਂ ਮੁੱਕਦਸਾ ਕਾ ਹੈ ਅਪਨੇ ਲਿਯੇ ਨਿਢਾਲ।
ਕੁਰਬਾਨੀਯੋਂ ਕੀ ਪੰਥ ਕੋ ਹਾਜਤ ਭੀ ਹੋ ਕਮਾਲ।
ਜਾਂ ਸੀ ਹਕੀਰ ਚੀਜ਼ ਕਾ ਫਿਰ ਹਮ ਕੋ ਹੋ ਖ਼ਯਾਲ

ਦਸਤ ਬਸਤ ਦਾ ਅਰਥ ਹੈ- ਦੋਨੋਂ ਹੱਥ ਜੋੜ ਕੇ। ਸਾਹਿਬਜਾਦੇ ਦੋਵੇਂ ਹੱਥ ਜੋੜ ਕੇ ਦਾਦੀ ਮਾਂ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ “ਹੇ ਪਵਿੱਤਰ ਜੀਵਨ ਵਾਲੀ ਦਾਦੀ ਮਾਂ! ਤੁਹਾਡਾ ਮਨ ਨਿਢਾਲ ਕਿਉਂ ਹੈ? ਤੁਹਾਡੇ ਪਿਛਲੇ ਸਮੇਂ ਦੇ ਮਨ ਅਤੇ ਹੁਣ ਦੇ ਸਮੇਂ ਦੇ ਮਨ ਵਿੱਚ ਅੰਤਰ ਹੈ, ਇਹ ਮੇਲ ਲਈ ਖਾਂਦੇ। ਦਾਦੀ ਮਾਂ ਜੀ ਤੁਹਾਨੂੰ ਜਦੋਂ ਪਤਾ ਹੈ ਕਿ ਪੰਥ ਚਲਦਾ ਹੀ ਤਾਂ ਹੈ ਜਦ ਤੱਕ ਇਸਦੀਆਂ ਨੀਹਾਂ ਵਿੱਚ ਸੂਰਬੀਰਾਂ ਦਾ ਖ਼ੂਨ ਪੈਦਾ ਰਹੇ। “
ਇੱਕ ਵਿਦਵਾਨ ਨੇ ਬੜੀ ਕਮਾਲ ਦੀ ਗੱਲ ਕਹੀ ਹੈ। ਉਹ ਕਹਿੰਦਾ ਹੈ ਕਿ ਕਦੀ ਸਾਡਾ ਰਿਸ਼ਤੇਦਾਰ ਜਾਂ ਕੋਈ ਸਬੰਧੀ ਕਦੀ ਹਸਪਤਾਲ ਦੇ ਵਿੱਚ ਦਾਖ਼ਲ ਹੋਵੇ, ਉਸ ਨੂੰ ਖ਼ੂਨ ਦੀ ਲੋੜ ਪੈ ਜਾਵੇ ਤੇ ਕੋਈ ਸੱਜਣ ਮਿੱਤਰ ਜਰੂਰਤ ਵੇਲੇ ਇੱਕ ਬੋਤਲ ਖ਼ੂਨ ਦੇ ਦੇਵੇ ਤਾਂ ਅਸੀ ਅਕਸਰ ਖ਼ੂਨ ਦੇਣ ਵਾਲੇ ਨੂੰ ਆਖਦੇ ਹਾਂ ਕਿ ਮੈਂ ਜ਼ਿੰਦਗੀ ਭਰ ਤੇਰਾ ਅਹਿਸਾਨਮੰਦ ਰਹਾਂਗਾ, ਕਿਉਂਕਿ ਤੂੰ ਸਾਨੂੰ ਬਿਪਤਾ ਸਮੇਂ ਇੱਕ ਬੋਤਲ ਖ਼ੂਨ ਦੀ ਦਿੱਤੀ ਹੈ। ਪਰ ਅਸੀਂ ਕਲਗੀਧਰ ਦਾ ਅਹਿਸਾਨ ਕਦੋਂ ਚੁਕਾਵਾਂਗੇਂ? ਜਿਸ ਨੇ ਸਾਡੇ ਲਈ ਸਾਰੇ ਸਰਬੰਸ ਦਾ ਖ਼ੂਨ ਦੇ ਦਿੱਤਾ। ਕਦੀ ਕਲਗੀਧਰ ਪ੍ਰਤੀ ਵੀ ਸਾਡੇ ਮਨ ਵਿੱਚ ਇਸ ਤਰਾਂ ਦੀ ਭਾਵਨਾ ਆਈ ਹੈ।
ਸਾਹਿਬਜਾਦੇ ਕਹਿ ਰਹੇ ਹਨ, “ਦਾਦੀ ਜੀ! ਸਾਨੂੰ ਜਾਨ ਦੀ ਪਰਵਾਹ ਨਹੀ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਪੰਥ ਕੁਰਬਾਨੀਆ ਨਾਲ ਹੀ ਚਲਦਾ ਹੈ। ਦਾਦੀ ਮਾਂ! ਸਾਨੂੰ ਆਪਣੀ ਜਾਨ ਨਾਲੋ ਵਾਹਿਗੁਰੂ ਦੀ ਰਜ਼ਾ ਪਿਆਰੀ ਹੈ। ਆਹ ਤੁਹਾਡੀ ਵੈਰਾਗ ਵਾਲੀ ਭਾਵਨਾ ਦਾਦੀ ਜੀ ਸਾਨੂੰ ਚੰਗੀ ਨਹੀ ਜੇ ਲੱਗਦੀ ਹੈ। “
ਵਾਹੇਗੁਰੂ ਸੇ ਜਾਨ ਪਯਾਰੀ ਨਹੀਂ ਹਮੇਂ।
ਭਾਤੀ ਯਿਹ ਆਹੋ ਜ਼ਾਰੀ ਤੁਮਾਰੀ ਨਹੀਂ ਹਮੇਂ

ਦੇਖੋਂ ਛੋਟੇ-ਛੋਟੇ ਲਾਲ ਆਪਣੀ ਦਾਦੀ ਮਾਂ ਨੂੰ ਹੌਸਲਾ ਦੇ ਰਹੇ ਹਨ। ਕਹਿੰਦੇ ਦਾਦੀ ਜੀ ਸਾਨੂੰ ਹੁਣ ਆਗਿਆ ਦੇ ਦਿਉ ਕਿ ਅਸੀਂ ਆਪਣੀਆਂ ਕੁਰਬਾਨੀਆਂ ਦੇ ਕੇ ਜਬਰ ਜੁਲਮ ਦਾ ਖਾਤਮਾ ਕਰ ਸਕੀਏ। ਆਪਣੇ ਸਿਰ ਦੇ ਕੇ ਅਕਾਲ ਪੁਰਖ ਦੇ ਭਾਣੇ ਨੂੰ ਪੂਰਾ ਕਰ ਲਈਏ, ਸਾਨੂੰ ਆਗਿਆ ਦਿਉ।
ਰੁਖ਼ਸਤ ਦੋ ਅਬ ਖ਼ੁਸ਼ੀ ਸੇ ਕਿ ਜਾਨੇਂ ਫ਼ਿਦਾ ਕਰੇਂ।
ਦੁਨੀਯਾ ਸੇ ਜਬ੍ਰੋ-ਜ਼ੋਰ ਕਾ ਹਮ ਖ਼ਾਤਮਾ ਕਰੇ।
ਹਾਸਿਲ ਸਿਰੋਂ ਕੋ ਦੇ ਕੇ ਖ਼ੁਦਾ ਕੀ ਰਜ਼ਾ ਕਰੇਂ।
ਨਾਮ ਅਪਨੇ ਬਾਪ ਦਾਦੇ ਕਾ ਮਰ ਕਰ ਸਿਵਾ ਕਰੇਂ

ਕਹਿੰਦੇ “ਦਾਦੀ ਜੀ! ਸਾਨੂੰ ਆਗਿਆ ਦਿਉ ਕਿ ਅਸੀਂ ਆਪਣੇ ਸਿਰਾਂ ਦੀ ਕੁਰਬਾਨੀ ਦੇ ਨਾਲ ਆਪਣੇ ਬਾਪ ਗੁਰੂ ਕਲਗੀਧਰ ਪਾਤਸ਼ਾਹ, ਦਾਦੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਨਾਨਕ ਜੀ ਦੇ ਨਾਮ ਨੂੰ ਹੋਰ ਉਚਾ ਕਰ ਦੇਈਏ। “
ਜਦੋਂ ਦਾਦੀ ਮਾਂ ਨੇ ਬੱਚਿਆਂ ਦੇ ਮੁਖਾਰਬਿੰਦ ਤੋ ਐਸੀਆਂ ਗੱਲਾਂ ਸੁਣੀਆਂ, ਕਿਉਂਕਿ ਸਾਨੂੰ ਪਹਿਲਾਂ ਲੱਗਦਾ ਸੀ ਕਿ ਦਾਦੀ ਮਾਂ ਅਵਾਜ਼ਾਰ ਦੀ ਭਾਵਨਾ ਵਿੱਚ ਹੈ। ਪਰ ਮੈਂ ਬੇਨਤੀ ਕਰਾਂ ਕਿ ਦਾਦੀ ਮਾਂ ਅਵਾਜ਼ਾਰ ਨਹੀ ਸੀ, ਦਾਦੀ ਮਾਂ ਦਾ ਦਿਲ ਡੋਲਦਾ ਨਹੀ ਸੀ, ਦਾਦੀ ਮਾਂ ਦੇ ਦਿਲ ਨੂੰ ਡੋਬੂ ਨਹੀਂ ਸੀ ਪੈਂਦੇ, ਦਾਦੀ ਮਾਂ ਤਾਂ ਇਹਨਾ ਬੱਚਿਆਂ ਨੂੰ ਪਰਖ ਰਹੀ ਸੀ ਕਿ ਬੱਚੇ ਕਿੱਥੇ ਖ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.