ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਪਲਾਹੀ
ਛਾਂਗ ਦਿੱਤਾ ਏ ਰੁੱਖ ਕਸ਼ਮੀਰ ਵਾਲਾ, ਬਿਨ੍ਹਾਂ ਛੁਰੀ ਤੋਂ ਇਸਨੂੰ ਹਲਾਲ ਕੀਤਾ....
ਛਾਂਗ ਦਿੱਤਾ ਏ ਰੁੱਖ ਕਸ਼ਮੀਰ ਵਾਲਾ, ਬਿਨ੍ਹਾਂ ਛੁਰੀ ਤੋਂ ਇਸਨੂੰ ਹਲਾਲ ਕੀਤਾ....
Page Visitors: 2430

ਛਾਂਗ ਦਿੱਤਾ ਏ ਰੁੱਖ ਕਸ਼ਮੀਰ ਵਾਲਾ, ਬਿਨ੍ਹਾਂ ਛੁਰੀ ਤੋਂ ਇਸਨੂੰ ਹਲਾਲ ਕੀਤਾ....
ਡੰਗ ਅਤੇ ਚੋਭਾਂ
  ਖ਼ਬਰ ਹੈ ਕਿ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਦਾ ਖ਼ਾਤਮਾ ਕਰਕੇ, ਉਸਨੂੰ ਦੋ ਭਾਗਾਂ ਜੰਮੂ-ਕਸ਼ਮੀਰ ਅਤੇ ਲਦਾਖ ਨਾਂ ਦੇ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਗਿਆ ਹੈ। ਉਸ ਦਾ ਪੂਰੇ ਸੂਬੇ ਦਾ ਦਰਜਾ ਖ਼ਤਮ ਕਰ ਦਿੱਤਾ ਗਿਆ ਹੈ। ਕਸ਼ਮੀਰ ਵਾਦੀ ਵਿੱਚ ਸੁੰਨੀ, ਕਸ਼ਮੀਰੀ ਪੰਡਿਤ, ਲਦਾਖ ਵਿੱਚ ਬੋਧੀ, ਕਾਰਗਿਲ ਵਿੱਚ ਸ਼ੀਆ ਮੁਸਲਿਮ, ਜੰਮੂ 'ਚ ਹਿੰਦੂ ਅਤੇ ਸਿੱਖ ਵੀ ਵਸਦੇ ਹਨ। ਉਹਨਾ ਦੇ ਭਵਿੱਖ ਦਾ ਫੈਸਲਾ ਦਿੱਲੀ ਦੇ ਹਾਕਮਾਂ ਇੱਕ ਆਰਡੀਨੈਂਸ ਜਾਰੀ ਕਰਕੇ, ਹਕੂਮਤੀ ਫੌਜਾਂ ਦੀ ਭੀੜ ਵਧਾਕੇ ਕੁਝ ਘੰਟਿਆਂ ਵਿੱਚ ਹੀ ਕਰ ਦਿੱਤਾ ਹੈ। ਹਾਲਾਂਕਿ ਧਾਰਾ 370 ਅਧੀਨ ਕੁਝ ਅੰਦਰੂਨੀ ਮਾਮਲਿਆਂ 'ਚ ਇਸ ਦੇ ਭਾਰਤ 'ਚ ਰਲੇਵੇਂ ਸਮੇਂ ਆਪਣੇ ਨਿਯਮ ਕਾਨੂੰਨ ਬਨਾਉਣ ਦੀ ਕਸ਼ਮੀਰ ਨੂੰ ਆਗਿਆ ਦਿੱਤੀ ਗਈ ਸੀ। ਇਹ ਵੀ ਸ਼ਰਤ ਸੀ ਕਿ 370 ਵਿੱਚ ਜੇ ਕੋਈ ਬਦਲਾਅ ਕਰਨਾ ਹੈ ਤਾਂ ਪਹਿਲਾਂ ਉਥੇ ਦੀ ਅਸਬੰਲੀ ਵਿੱਚ ਇਹ ਪਾਸ ਕਰਾਉਣਾ ਪਏਗਾ।
  ਛੱਡੋ ਜੀ, ਕਨੂੰਨ ਦੀਆਂ ਗੱਲਾਂ। ਸਾਡੇ ਕੋਲ ਥ੍ਰੀ ਨਾਟ ਥ੍ਰੀ ਦੀ ਗੰਨ ਆ। ਜਿਥੇ ਮਰਜ਼ੀ ਤੇ ਜਦੋਂ ਮਰਜ਼ੀ ਚਲਾਈਏ। ਜਾਣੀ ਲੋਕ ਸਭਾ ਦੇ 303 ਬੰਦੇ। ਰਾਜ ਸਭਾ 'ਚ ਅਸੀਂ ਕਾਨੂੰਨ ਜਿਧਰੋਂ ਮਰਜ਼ੀ ਪਾਸ ਕਰਾਉਣ ਦਾ ਢੰਗ ਤਰੀਕਾ ਪਿੰਜਰੇ ਦੇ ਤੋਤੇ ਵਾਲੀ ਸੀ.ਬੀ.ਆਈ., ਈ.ਡੀ., ਐਨ.ਆਈ.ਐਸ. ਰਾਹੀਂ ਜੀਹਨੂੰ ਮਰਜ਼ੀ ਜਿਥੇ ਮਰਜ਼ੀ ਕੇਸ ਪਾਕੇ ਲਭ ਲਿਆ ਆ। ਵੇਖੋ ਨਾ ਜੀ, ਅੰਨਦਪੁਰ ਦਾ ਮਤਾ ਪਾਸ ਕਰਨ ਵਾਲੇ 'ਕਾਲੀ ਦਲ' ਵਾਲੇ ਪਿੰਜਰੇ ਪਾ ਲਏ, ਮਾਇਆਵਤੀ ਨੂੰ ਆਪਣੇ ਪਾਲ਼ੇ 'ਚ ਕਰ ਲਿਆ ਤੇ ਆਰਡੀਨੈਂਸ ਦਾ ਕਨੂੰਨ ਬਣਾਕੇ ਕਸ਼ਮੀਰ ਨੂੰ ਦਿੱਲੀ ਦੀ "ਗੋਲੀ" ਬਣਾ ਲਿਆ। ਕਸ਼ਮੀਰੀਏ ਤੜਫਦੇ ਆ ਤਾਂ ਤੜਫਣ, ਪ੍ਰੇਸ਼ਾਨ ਹੁੰਦੇ ਪਏ ਆ ਤਾਂ ਹੋਣ, ਸਾਨੂੰ ਉਹਨਾ ਨਾਲ ਕੋਈ ਭਾਅ-ਭਾੜਾ ਨਹੀਂ। ਸਾਨੂੰ ਤਾਂ ਕਸ਼ਮੀਰ ਚਾਹੀਦਾ ਸੀ, ਉਹ ਅਸਾਂ ਹਥਿਆ ਲਿਆ। ਕਸ਼ਮੀਰੀ ਜਨੱਅਤ 'ਚ ਹੁਣ ਕਾਰਪੋਰੇਟੀਏ ਜਾਣਗੇ, ਮੌਲਜ਼ ਉਸਾਰਨਗੇ, ਹੋਟਲ, ਨਵੀਂ ਕਲੋਨੀਆਂ ਪਾਉਣਗੇ, ਜਿਹੜੇ ਮਾੜੇ ਮੋਟੇ ਕੁਦਰਤੀ ਸੋਮੇ, ਦਰਖ਼ਤ ਬਚੇ ਆ, ਉਹ ਹੜੱਪਣਗੇ ਅਤੇ ਅਸੀਂ ਜਨੱਅਤ ਦੀ ਸੈਰ ਕਰਾਂਗੇ, ਮੌਜਾਂ ਉਡਾਵਾਂਗੇ 'ਤੇ ਉਹਨਾ ਦੇ ਗੁਣ ਗਾਵਾਂਗੇ। ਉਂਜ ਬਲਿਹਾਰੇ ਜਾਈਏ ਐਮ.ਐਸ.ਡੀ. (ਮੋਦੀ, ਸ਼ਾਹ, ਡੋਬਾਲ) ਤਿਕੜੀ ਦੇ ਜਿਹਨਾ ਆਪਣਿਆਂ ਦਾ ਸਤਰਾਂ ਵਰ੍ਹਿਆਂ ਦਾ ਸੁਫਨਾ 70 ਮਿੰਟਾਂ 'ਚ ਪੂਰਾ ਕਰ ਦਿੱਤਾ ਅਤੇ ਕਵੀ ਦੀਆਂ ਇਹਨਾ ਸਤਰਾਂ ਨੂੰ ਸੱਚ ਕਰ ਵਿਖਾਇਆ, "ਛਾਂਗ ਦਿੱਤਾ ਏ ਰੁੱਖ ਕਸ਼ਮੀਰ ਵਾਲਾ, ਬਿਨ੍ਹਾਂ ਛੁਰੀ ਤੋਂ ਇਹਨੂੰ ਹਲਾਲ ਕੀਤਾ"। ਬਲਿਹਾਰੇ ਜਾਈਏ ਇਹੋ ਜਿਹੇ ਲੋਕਤੰਤਰ ਦੇ ਅਲੰਬਦਾਰਾਂ ਦੇ! ਬਲਿਹਾਰੇ ਜਾਈਏ!!

  • ਧੂੰਆ-ਧਾਰ ਪਰਚਾਰ ਦੀ ਕਲਾ ਐਸੀ,

    ਥਾਂ ਇੱਕ ਦੀ ਜੋੜਾ ਬਣਾ ਦੇਵੇ।

     ਖ਼ਬਰ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਵਾਲਿਆਂ ਨੇ ਆਪਣੀਆਂ ਗੱਡੀਆਂ ਦਾ ਨਿਰਮਾਣ ਮੰਡੀ 'ਚ ਮੰਦੀ ਕਾਰਨ 14 ਦਿਨਾਂ ਲਈ ਬੰਦ ਕਰ ਦਿੱਤਾ ਹੈ। ਵੱਡੀ ਗਿਣਤੀ 'ਚ ਸ਼ੌਅ ਰੂਮ ਬੰਦ ਹੋ ਗਏ ਹਨ ਅਤੇ ਹਜ਼ਾਰਾਂ ਨੌਕਰੀਆਂ ਤੋਂ ਲੋਕ ਹੱਥ ਧੋਕੇ ਬੈਠ  ਗਏ ਹਨ। ਪਰ ਸਰਕਾਰ ਦੀ ਅੱਛੇ ਦਿਨ ਲਿਆਉਣ ਦੀ ਜਲਦੀ ਕਾਰਨ ਕਈ ਨਵੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ। ਕਿਸਾਨਾਂ ਲਈ 60 ਦੀ ਉਮਰ ਤੋਂ ਬਾਅਦ 3000 ਰੁਪਏ ਮਹੀਨਾ ਬੀਮਾ ਪੈਨਸ਼ਨ, ਇੱਕ ਦੇਸ਼ ਇੱਕ ਟੈਕਸ ਤੋਂ ਬਾਅਦ ਇੱਕ ਦੇਸ਼ ਇੱਕ ਰਾਸ਼ਨ ਕਾਰਡ, ਕਿਸਾਨਾਂ ਲਈ ਪੀ.ਐਮ. ਕਿਸਾਨ ਯੋਜਨਾ ਜਿਸ 'ਚ ਸਲਾਨਾ 6000 ਰੁਪਏ ਦਿੱਤੇ ਜਾਣੇ ਹਨ ਵਿੱਚ 10 ਕਰੋੜ ਕਿਸਾਨਾਂ ਨੂੰ ਜੋੜਨ ਦਾ ਸਰਕਾਰੀ ਟੀਚਾ ਮਿਥਿਆ ਗਿਆ ਹੈ।

     ਵੱਡੀ ਕਲਾ ਜਾਣਦੀ ਹੈ ਸਾਡੀ ਸਰਕਾਰ! ਵੱਡੀ ਕਲਾ ਜਾਣਦੀ ਹੈ ਸਾਡੀ ਪਿਆਰੀ, ਮਿੱਠੀ, ਪਰ ਬੜਬੋਲੀ ਸਰਕਾਰ! ਟੱਕਰ ਖੋਰੇ ਨੂੰ ਟੱਕਰ ਅਤੇ ਸ਼ੱਕਰ ਖੋਰੇ ਨੂੰ ਸ਼ੱਕਰ ਦਿੰਦੀ ਹੈ। ਵਾਇਦੇ ਦਿੰਦੀ ਹੈ। ਆਸ਼ਾ ਦਿੰਦੀ ਹੈ, ਨਿਰਾਸ਼ਾ 'ਚੋਂ ਕੱਢਦੀ ਹੈ। ਵੇਖੋ ਨਾ ਜੀ, ਮਰਨ ਵਾਲੇ ਨੂੰ ਆਖੂੰ, 20 ਸਾਲ ਠਹਿਰ ਤੈਨੂੰ 3000 ਮਿਲੂ! ਰੋਟੀ ਕਮਾਉਣ ਵਾਲੇ ਲਈ ਹਾਲਾਤ ਐਸੇ ਪੈਦਾ ਕਰੂ ਕਿ ਉਹ ਘਰ ਬੈਠ ਟੱਲ ਖੜਕਾਵੇ ਜਾਂ ਰਸੋਈ ਦੇ ਪਹਿਲਾਂ ਖਾਲੀ ਭਾਂਡੇ ਖੜਕਾਵੇ ਤੇ ਫਿਰ ਬਜ਼ਾਰ ਵੇਚਣ ਜਾਵੇ। ਤੇ ਫਿਰ ਮੁਫ਼ਤ ਆਟਾ ਦਾਲ ਲੈਣ ਰਾਸ਼ਨ ਦੀ ਦੁਕਾਨ ਤੇ ਆਵੇ। ਅਤੇ ਸਰਕਾਰ ਦੀ ਜੈ-ਜੈ ਕਾਰ ਬੁਲਾਵੇ। ਇਹੀ ਵੱਡੀ ਕਲਾ ਜਾਣਦੀ ਹੈ ਸਰਕਾਰ। ਸਾਡੀ ਪਿਆਰੀ,ਦੁਲਾਰੀ ਮੋਮੋਠੱਗਣੀ ਸਰਕਾਰ!
    ਕਲਾ ਜਾਣਦੀ ਸੀ ਸਰਕਾਰ ਤਾਂ ਹੀ ਪਿਆਰੇ , ਦੁਲਾਰੇ ਰੰਗਲੇ ਪੰਜਾਬ ਨੂੰ 'ਕੰਗਲਾ ਪੰਜਾਬ' ਬਣਾ ਤਾ। ਜਿਧਰ ਦੇਖੋ ਨਸ਼ੇੜੀ। ਜਿਧਰ ਵੇਖੋ ਗਲ 'ਚ ਫਾਹਾ। ਜਿਧਰ ਵੇਖੋ ਸਿਵਿਆ 'ਚ ਮਚਦੀ ਅੱਗ ਜਾਂ ਫਿਰ ਦੇਖੋ ਚਿੱਟੇ ਝੋਲੇ 'ਚ ਰੁਪਈਆਂ ਦਾ ਰੁੱਗ ਅਤੇ ਪਾਸਪੋਰਟ ਤੇ ਵਿਦੇਸ਼ਾਂ ਨੂੰ ਉਡਾਰੀ। ਕਲਾ ਜਾਣਦੀ ਸੀ ਸਰਕਾਰ ਤਾਂ ਹੀ 'ਸੁੱਤਿਆ' ਪਿਆ ਲੋਕਾਂ ਨੂੰ ਮੂਧੇ ਮੂੰਹ ਪਾ ਲਿਆ ਅਤੇ ਪੰਜ ਸਾਲਾਂ ਲਈ ਆਪਣੇ ਜਾਲ 'ਚ ਫਸਾ ਲਿਆ। ਕਲਾ ਜਾਣਦੀ ਸੀ ਸਰਕਾਰ ਤਾਂ ਹੀ ਕਸ਼ਮੀਰੀ ਜਨੱਅਤ ਨੂੰ ਸੋਨੇ ਦੇ ਪਿੰਜਰੇ 'ਚ ਪਾ ਲਿਆ। ਬੜੀ ਡਾਢੀ ਆ ਭਾਈ ਸਰਕਾਰ "ਧੂੰਆ-ਧਾਰ ਪਰਚਾਰ ਦੀ ਕਲਾ ਐਸੀ, ਥਾਂ ਇੱਕ ਦੀ ਜੋੜਾ ਬਣਾ ਦੇਵੇ" ਲਿਖੇ ਅੱਖਰ ਸਲੇਟ ਤੇ ਜਿਵੇਂ ਹੋਵਣ, ਲਾਂ ਢਾਅ ਕੇ ਹੋੜਾ ਬਣਾ ਦੇਵੇ।
    ਆਹ ਲੈ ਮਾਏ ਸਾਂਭ ਕੁੰਜੀਆਂ,

    ਸਾਥੋਂ ਹੁੰਦੀਓ ਨਹੀਂ ਸਰਦਾਰੀ

    ਖ਼ਬਰ ਹੈ ਕਿ ਕਾਂਗਰਸ 'ਚ ਰਾਹੁਲ ਗਾਂਧੀ ਦੀ ਥਾਂ ਸੋਨੀਆ ਗਾਂਧੀ ਹੀ ਲੈਣਗੇ। ਵਰਕਿੰਗ ਕਮੇਟੀ ਦੀ ਬੁਲਾਈ ਗਈ ਬੈਠਕ 'ਚ ਦੇਰ ਰਾਤ ਸੋਨੀਆ ਗਾਂਧੀ ਨੂੰ ਹੀ ਅੰਤ੍ਰਿਮ ਪ੍ਰਧਾਨ ਚੁਨਣ ਦਾ ਫੈਸਲਾ ਕੀਤਾ ਗਿਆ। ਹਾਲਾਂਕਿ ਰਾਹੁਲ ਗਾਂਧੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਇਹ ਐਲਾਨ ਕੀਤਾ ਸੀ ਕਿ ਪਾਰਟੀ ਦਾ ਅਗਲਾ ਪ੍ਰਧਾਨ ਗਾਂਧੀ ਪ੍ਰੀਵਾਰ ਤੋਂ ਬਾਹਰ ਦਾ ਹੋਏਗਾ, ਪਰ ਮੌਜੂਦਾ ਹਾਲਾਤ 'ਚ ਪਾਰਟੀ ਨੇਤਾਵਾਂ ਨੇ ਇਹ ਮਹਿਸੂਸ ਕੀਤਾ ਕਿ ਸਭ ਤੋਂ ਬਿਹਤਰ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਹੀ ਹਨ।
    ਜੇਕਰ ਨੇਤਾਗਿਰੀ ਕਰਨੀ, ਸਭ ਦੇ ਬੱਸ ਹੁੰਦਾ ਤਾਂ ਮੈਂ ਵੀ ਕਰ ਲੈਂਦਾ। ਝੂਠ-ਫਰੇਬ ਦਾ ਦੂਜਾ ਨਾਮ ਹੈ ਨੇਤਾਗਿਰੀ। ਹੇਰਾ-ਫੇਰੀ ਦਾ ਦੂਜਾ ਨਾਮ ਹੈ ਨੇਤਾਗਿਰੀ। ਦਲਾਲੀ-ਫੂੰ-ਫਾਂ-ਆਕੜ ਦਾ ਦੂਜਾ ਨਾਮ ਹੈ ਨੇਤਾਗਿਰੀ। ਮੱਗਰਮੱਛ ਦੇ ਹੰਝੂ ਵਹਾਉਣ ਦਾ ਦੂਜਾ ਨਾਮ ਹੈ ਨੇਤਾਗਿਰੀ। ਜਿਹੜੇ ਇਸ ਫਾਰਮੂਲੇ ਨੂੰ ਪੜ੍ਹ ਲੈਂਦੇ ਆ, ਉਹ ਨੇਤਾਗਿਰੀ ਦਾ ਲੜ ਫੜ ਲੈਂਦੇ ਆ, ਤੇ ਤਰ ਜਾਂਦੇ ਆ। ਤੇ ਜਿਹੜੇ ਆਂਹਦੇ ਆ ਲੋਕ ਸੇਵਾ ਕਰਾਂਗੇ, ਲੋਕਾਂ ਲਈ ਮਰਾਂਗੇ, ਉਹ ਆਪਣੀ ਬੇੜੀ ਡੋਬ ਘਰੀਂ ਪਰਤ ਆਉਂਦੇ ਆ।
    ਉਂਜ ਭਾਈ ਨੇਤਾਗਿਰੀ ਵੀ ਘਰ ਦੀ ਫ਼ਸਲ ਆ। ਟੱਬਰਾਂ ਦੀ ਮਲਕੀਅਤ ਆ। ਆਹ ਵੇਖੋ ਲਾਲੂ, ਆਪਣੀ ਕੁਲ ਤਾਰਤੀ। ਉਹ ਦੇਖੋ ਬਾਦਲ, ਸੱਤ ਪੁਸ਼ਤਾਂ ਤਾਰਤੀਆਂ। ਆਹ ਵੇਖੋ ਚੁਟਾਲਾ, ਘਰਾਂ ਦੇ ਭੜੌਲੇ ਵੀ ਭਰ ਲਏ, ਉਹ ਵੇਖੋ ਯਾਦਵ  ਹਰ ਪਾਸੇ ਸੋਨਾ ਹੀ ਸੋਨਾ। ਆਹ ਵੇਖੋ ਬੀਬੀ ਸੋਨੀਆ। ਆਪ ਘਰ ਬੈਠਿਆਂ ਦੱਸ ਵਰ੍ਹੇ ਦੇਸ਼ ਦੀ ਗੱਦੀ ਸੰਭਾਲੀ। ਅੱਗੋਂ ਪੁੱਤ ਦੇ ਗਲ, ਧੀ ਦੇ ਗਲ ਕਾਂਗਰਸ ਪਾ ਤੀ! ਬਥੇਰਾ ਕਾਕੇ ਰਾਹੁਲ ਨੇ ਜ਼ੋਰ ਲਾਇਆ, ਉਤਰ ਘੁੰਮਿਆ, ਦੱਖਣ ਗਾਹਿਆ, ਪੂਰਬ ਟੋਹਿਆ, ਪੱਛਮ ਦਾ ਗੇੜਾ ਲਾਇਆ, ਪਰ ਕੁਝ ਵੀ ਭਾਈ ਉਹਨੂੰ ਰਾਸ ਨਾ ਆਇਆ ਤੇ ਨੇਤਾਗਿਰੀ ਵਾਲਾ ਝੋਲਾ ਮੁੜ ਮਾਂ ਦੇ ਪੱਲੇ ਇਹ ਆਖ ਪਾਇਆ, "ਆਹ ਲੈ ਮਾਏਂ ਸਾਂਭ ਕੁੰਜੀਆਂ, ਸਾਥੋਂ  ਹੁੰਦੀਓ ਨਹੀਂ ਸਰਦਾਰੀ"।
    ਨਹੀਂ ਰੀਸਾਂ ਦੇਸ਼ ਮਹਾਨ ਦੀਆਂ

    ਪ੍ਰਸਿੱਧ ਭਾਰਤੀ ਇਤਿਹਾਸਕਾਰ ਰਾਮਚੰਦਰ ਗੂਹਾ ਅਨੁਸਾਰ ਕਸ਼ਮੀਰ ਵਿੱਚੋਂ 370 ਧਾਰਾ ਖ਼ਤਮ ਕਰਨ ਲਈ ਕੇਂਦਰ ਸਰਕਾਰ ਕਸ਼ਮੀਰ ਘਾਟੀ ਨੂੰ ਭਾਰਤੀ ਇਤਿਹਾਸ ਦੀ ਸਭ ਤੋਂ ਵੱਡੀ ਜੇਲ੍ਹ ਵਿੱਚ ਬਦਲ ਦਿੱਤਾ ਹੈ, ਜਿਥੇ 80 ਲੱਖ ਲੋਕ ਬੰਦ ਹਨ, ਉਹਨਾ ਦੇ ਘਰੇਲੂ ਟੈਲੀਫੋਨ, ਮੋਬਾਇਲ ਫੋਨ, ਇੰਟਰਨੈਟ ਬੰਦ ਹੈ ਅਤੇ ਖਾਣ ਵਾਲੀਆਂ ਵਸਤਾਂ ਅਤੇ ਦਵਾਈਆਂ ਤੱਕ ਸੀਮਤ ਮਾਤਰਾ 'ਚ ਪਹੁੰਚ ਰਹੀਆਂ ਹਨ। ਇਥੋਂ ਤੱਕ ਕਿ ਸਾਬਕਾ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
    ਇੱਕ ਵਿਚਾਰ

    ਜਿਹੜੇ ਪਲ ਤੁਸੀਂ ਉਡੀਕ ਕਰਨੀ ਛੱਡ ਦੇਂਦੇ ਹੋ, ਉਸੇ ਪਲ ਤੁਸੀਂ ਜੀਊਣਾ ਵੀ ਛੱਡ ਦੇਂਦੇ ਹੋ।............. ਨਿਰਮਲ ਵਰਮਾ ਪ੍ਰਸਿੱਧ ਸਾਹਿੱਤਕਾਰ
    ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
    9815802070

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.