ਕੈਟੇਗਰੀ

ਤੁਹਾਡੀ ਰਾਇ



ਗੁਰਪ੍ਰੀਤ ਸਿੰਘ, ਵਸ਼ਿੰਗਟਨ ਸਟੇਟ
ਗੁਰਬਾਣੀ ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ
ਗੁਰਬਾਣੀ ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ
Page Visitors: 2441

ਗੁਰਬਾਣੀ ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ
ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
  ਮਿਥਿਹਾਸਕ ਹਵਾਲਿਆਂ (ਜਿਨ੍ਹਾਂ ਦਾ ਮਕਸਦ ਮਹਿਜ਼ ਨਿਰੰਕਾਰ ਨਾਲ ਜੋੜ੍ਹਨਾ ਹੈ) ਤੋਂ ਲੈ ਕੇ ਲਗਾਂ, ਮਾਤਰਾਂ ਦੀ ਭਿੰਨਤਾ ‘ਚ ਵੀ ਜੀਵਨ ਪਲਟਾਊ ਪ੍ਰੇਰਨਾ ਝਲਕਦੀ ਹੈ। ਇਹ ਵੀ ਦਰੁਸਤ ਹੈ ਕਿ ਗੁਰਬਾਣੀ ‘ਚ ਸਰੀਰਕ ਦੁੱਖ ਦੀ ਨਹੀਂ ਬਲਕਿ ਮੁੱਖ ਤੌਰ ਤੇ ਮਨ ਨਾਲ਼ ਸੰਬੰਧਿਤ ਰੋਗ (ਜਿਵੇਂ ਕਿ ਹਉਮੈਂ, ਤ੍ਰਿ਼ਸ਼ਨਾ, ਚਿੰਤਾ, ਆਤਮਿਕ ਅਗਿਆਨਤਾ ਆਦਿ) ਹੀ ਵਿਚਾਰੇ ਗਏ ਹਨ।  ਅਜਿਹੇ ਰੋਗਾਂ ਤੋਂ ਨਜਾਤ ਪਾਉਣ ਲਈ ਗੁਰਮਤਿ ਸਾਨੂੰ ਅਕਾਲ ਪੁਰਖ ਦੇ ਕੁਝ ਗੁਣ ਅਪਣਾਉਣ ਦੀ ਲੋੜ ਤੇ ਜ਼ੋਰ ਦਿੰਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਆਸ਼ਾਵਾਦੀ ਹੋ ਕੇ ਭਾਵ ਚੜ੍ਹਦੀ ਕਲਾ ‘ਚ ਗੁਜ਼ਾਰ ਸਕੀਏ। ਗੁਣਾਂ ਨਾਲ਼ ਭਰਪੂਰ ਹੇਠਲੇ ਕੁਝ ਇੱਕ ਗੁਰ-ਵਾਕਾਂ ਨੂੰ ਵਿਚਾਰਨਾ ਲਾਭਕਾਰੀ ਰਹੇਗਾ ਕਿਉਂਕਿ ਅਜਿਹੇ ਰੱਬੀ ਗੁਣਾਂ ਨੂੰ ਆਪਣੇ ਸੁਭਾਉ ਦਾ ਅੰਗ ਬਣਾਏ ਬਿਨਾ ਸਾਡੇ ਵੱਲੋਂ ਰੂਹਾਨੀਅਤ ਬਲ (ਅਨੁਭਵ) ਨੂੰ ਹਾਸਲ ਕਰਨਾ ਮੁਮਕਿਨ ਨਹੀਂ ਹੋ ਸਕਦਾ:
      ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥
      ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ
॥( ਸਿਰੀਰਾਗੁ ਮ:੫/੫੧)
 =ਨਿਮਰਤਾ, ਸੱਚਾਈ, ਦਇਆ (ਮਨੁੱਖਤਾ), ਸੰਤੋਖ, ਰੱਬੀ ਬਖ਼ਸ਼ਸ਼
      ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥
      ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ
॥( ਕਾਨੜਾ ਮ:੫/੧੩੦੨)
= ਚੜ੍ਹਦੀ ਕਲਾ, ਆਨੰਦ
      ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥( ਗਉੜੀ ਮ:੫/੨੭੪)
= ਉੱਚਾ ਆਚਰਨ
      ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥( ਰਾਮਕਲੀ ਮ:੫/੯੨੯)
= ਬੰਦਗੀ, ਸੂਰਮਤਾਈ(ਬਹਾਦਰੀ) [ ਨੋਟ: ਗੁਰਮਤਿ ‘ਚ ਰੂਹਾਨੀ ਮੰਡਲ ਦੀ ਉਚਾਈ ਨੂੰ ਛੋਹਣ ਵਾਲੇ ਨੂੰ ਹੀ ਅਸਲੀ ਸੂਰਮਾ ਮੰਨਿਆ ਗਿਆ ਹੈ। ਇਸੇ ਕਰਕੇ ਭਾਈ ਘਨ੍ਹਈਆ ਜੀ ਵਰਗੇ ਯੋਧੇ ਸਹਿਜੇ ਹੀ ਗੁਰੂ ਦੀ ਨਜ਼ਰ ‘ਚ ਪ੍ਰਵਾਨ ਹੋ ਜਾਂਦੇ ਹਨ।]
      ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥
      ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ
॥( ਗੁਜਰੀ ਮ:੫/੫੨੦) =ਸੱਚੀ ਪ੍ਰੀਤ/ ਆਪਾ-ਸਮਰਪਣ
      ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
      ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ
॥ ( ਰਾਮਕਲੀ: ਬਲਵੰਡ-ਸੱਤਾ/੯੬੭)
=ਪਰਖ ( ਗੁਰਮਤਿ ਅਨੁਸਾਰ ਸਿੱਖ ਕੰਨਾਂ ਦਾ ਕੱਚਾ ਭਾਵ ਲਾਈਲੱਗ ਨਹੀਂ ਬਲਕਿ ਘੋਖਣ ਦਾ ਆਦੀ ਹੋਵੇ ਤੇ ਪਰਖ ਦੀ ਕਸਵੱਟੀ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੋਣੀ ਚਾਹੀਦੀ ਹੈ।)
      ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥
      ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥
      ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ
॥ (ਆਸਾ ਮ:੫/੪੩੨) = ਸਾਂਝੀਵਾਲਤਾ, ਰਜ਼ਾ ‘ਚ ਰਾਜ਼ੀ, ਸੰਤੁਸ਼ਟਤਾ
  ਭਾਵੇਂ ਕਿ ਸਾਰੇ ਗੁਣਾਂ ਦੇ ਖ਼ਜ਼ਾਨੇ ਨਿਰੰਕਾਰ ਦੀ ਵਡਿਆਈ ਤਾਂ ਸ਼ਬਦਾਂ ਰਾਹੀਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਗੁਰਬਾਣੀ ‘ਚ ਸਾਡੇ ਭਲੇ ਲਈ ਨਿਰੰਕਾਰ ਦੇ ਬੇਅੰਤ ਗੁਣਾਂ ਦਾ ਜ਼ਿਕਰ ਤੇ ਵਿਸਥਾਰ ਕੀਤਾ ਮਿਲਦਾ ਹੈ। ਆਪਣੀ ਪੜਚੋਲ ਲਈ ਥੱਲੇ ਦਿੱਤੀ ਗਈ ਸੂਚੀ ਤੇ ਇੱਕ ਝਾਤ ਜ਼ਰੂਰ ਮਾਰੀਏ ਕਿਉਂਕਿ ਇਨ੍ਹਾਂ ‘ਚੋ ਕੁਝ ਇੱਕ ਗੁਣ ਅਪਣਾਉਣ ਨਾਲ਼ ਹੀ ਅਸੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾ ਸਕਦੇ ਹਾਂ: ਉੱਦਮ, ਅਦਬ, ਅਡੋਲਤਾ, ਆਤਮ-ਵਿਸ਼ਵਾਸ, ਅਭਿਆਸ, ਇਮਾਨਦਾਰੀ, ਸੇਵਾ, ਸਿਮਰਨ, ਸ਼ੁਕਰਗੁਜ਼ਾਰ, ਸਹਿਜ, ਸਿਰੜ, ਸਹਿਨਸ਼ੀਲਤਾ, ਸ਼ਰਧਾ (ਪ੍ਰਤੀਤ), ਸਰਬੱਤ ਦਾ ਭਲਾ, ਸਵੈ-ਪੜਚੋਲ, ਸਵੈ-ਮਾਨ, ਸੁਚੇਤਤਾ, ਸਹਿਯੋਗਤਾ, ਸਾਦਗੀ, ਸਦਭਾਵਨਾ, ਸਮ-ਦਰਸ਼ੀ, ਹੱਕ ਹਲਾਲ, ਹੌਸਲਾ, ਕਿਰਤ, ਖਿਮਾ, ਖੋਜੀ (ਚਿੰਤਕ), ਗਿਆਨਤਾ, ਗੰਭੀਰਤਾ, ਘਾਲ਼, ਜਾਗਰੂਕਤਾ, ਜਗਿਆਸਾ, ਤਿਆਗ, ਦੂਰਅੰਦੇਸ਼ਤਾ, ਧੀਰਜ, ਨੇਕੀ, ਨੇਕਦਿਲੀ, ਨਿਰਲੇਪਤਾ, ਨਿਰਵੈਰਤਾ, ਨਿਡਰਤਾ, ਨਿਆਂ, ਪ੍ਰੇਮ, ਪਰਪੱਕਤਾ, ਪਰ-ਉਪਕਾਰੀ, ਬਰਾਬਰਤਾ, ਬਿਬੇਕਤਾ, ਭਾਉ, ਭਲਾ, ਭਰੋਸਾ, ਮਿੱਠ ਬੋਲੜਾ, ਵਿਚਾਰ ਸ਼ੀਲ, ਵੰਡ ਛਕਣਾ ਆਦਿ...
   ਅਸਲ ‘ਚ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਗੁਣ ਗਾਇਨ ਲਈ ਪ੍ਰੇਰਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ‘ਚ ਜੋੜ੍ਹਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਹਨ:
      ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥
      ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥
      ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ
॥ ( ਸਿਰੀਰਾਗੁ ਮ:੧/੫੪)
  ਭਾਵ ਕਿ ਪਰਵਰਦਗਾਰ ਆਪ ਹੀ (ਆਪਣੇ) ਗੁਣ ਹੈ, ਤੇ ਆਪ ਹੀ ਉਹਨਾਂ ਗੁਣਾਂ ਨੂੰ ਬਿਆਨ ਕਰਦਾ ਹੈ ਤੇ ਫਿਰ ਆਪ ਹੀ ਸੁਣ ਕੇ ਉਸ ਨੂੰ ਵਿਚਾਰਦਾ ਹੈ.......ਆਪ ਹੀ ਵਡਿਆਈ ਦੇਣ ਵਾਲਾ ਹੈ। ਬਸ, ਅਕਾਲ ਪੁਰਖ ਨੇ ਸਾਨੂੰ ਮਨੁੱਖਾਂ ਨੂੰ ਮਾਣ ਬਖ਼ਸ਼ਿਆ ਹੈ (
      ਮਾਣਸ ਕਉ ਪ੍ਰਭਿ ਦੀਈ ਵਡਿਆਈ ॥ ਮਾਰੂ ਮ:੫/੧੦੭੫)
  ਕਿ ਅਸੀਂ ਉਸ ਨਾਲ਼ ਇੱਕ-ਮਿੱਕ ਹੋ ਸਕਦੇ ਹਾਂ। ਅਸੀਂ ਨਿਰੰਕਾਰ ਵੱਲੋਂ ਬਖ਼ਸ਼ੀ ਇਸ ਵਡਿਆਈ ਨੂੰ ਇੱਕ ਅਮੋਲਕ ਬਖ਼ਸ਼ਸ਼ ਮੰਨ ਕੇ, ਸ਼ੁਕਰਾਨੇ ਵਜੋਂ ਗੁਣ ਗਾਉਣੇ ਹਨ। ਗੁਣ ਗਾਉਣ ਤੋਂ ਭਾਵ ਗੁਣਾਂ ਨੂੰ ਆਪਣੇ ਜੀਵਨ ‘ਚ ਢਾਲਣ ਤੋਂ ਹੈ ਤੇ ਨਿਰੰਕਾਰ ਦੇ ਗੁਣਾਂ ਦਾ ਸਾਡੇ ਜੀਵਨ ‘ਚ ਉੱਘੜ ਆਉਣਾ ਹੀ ਗੁਣਾਂ ਦੀ ਅਸਲ ਵਿਚਾਰ ਕਰਨਾ ਹੈ।
   ਜਿਵੇਂ ਇੱਕ ਨਦੀ ਤਾਂਘ ਨਾਲ਼ ਮਸਤੀ ‘ਚ ਵਗਦੀ ਜਾਂਦੀ ਹੈ ਕਿ ਉਸ ਨੇ ਅਖੀਰ ਆਪਣੇ ਅਸਲ ਘਰ; ਸਮੁੰਦਰ ‘ਚ ਸਮਾ ਜਾਣਾ ਹੈ, ਤਿਵੇਂ ਹੀ ਗੁਣਾਂ ਨਾਲ਼ ਸ਼ਿੰਗਾਰੇ ਜਾ ਚੁੱਕੇ ਗੁਰਸਿੱਖ ਦੇ ਮਨ ‘ਚ ਵਿਸ਼ਵਾਸ ਬੱਝ ਜਾਂਦਾ ਹੈ ਕਿ ਉਹ ਵੀ ਪਰਮ-ਜੋਤ ‘ਚ ਸਮਾ ਜਾਵੇਗਾ:
      ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥
      ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ
॥( ਜੈਤਸਰੀ ਮ:੪/੬੯੮)
  ਮਾਲਕ ਦੀ ਰਜ਼ਾ ‘ਚ ਰਾਜ਼ੀ ਤੇ ਗੁਰ-ਸ਼ਬਦ ਰਾਹੀਂ ਪੰਜ-ਤੱਤੀ ਸਰੀਰ ਦੇ ਮੋਹ ‘ਚੋ ਨਿਕਲ਼ ਚੁੱਕਿਆ ਗੁਰਸਿੱਖ ਹੁਣ ਸਰੀਰਕ ਮੌਤ ਦੇ ਡਰ ਤੋਂ ਵੀ ਛੁਟਕਾਰਾ ਪਾ ਲੈਂਦਾ ਹੈ:
      ਬਹੁਰਿ ਹਮ ਕਾਹੇ ਆਵਹਿਗੇ॥
      ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ
॥( ਮਾਰੂ ਭ. ਕਬੀਰ ਜੀ/੧੧੦੩)
  ਪਰ ਧਿਆਨ ਰਹੇ ਕਿ ਅਜਿਹਾ ਵਿਸ਼ਵਾਸ ਆਪਣੀ ਕਾਬਲੀਅਤ (ਝੂਠੇ ਅਹੰਕਾਰ) ਕਰਕੇ ਨਹੀਂ ਬਲਕਿ ਨਿਮਰਤਾ ਅਤੇ ਆਪਣੇ ਪ੍ਰਭੂ ਪਿਤਾ ਤੇ ਮਾਣ ਹੋਣ ਕਾਰਨ ਉਪਜਦਾ ਹੈ:
      ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ॥
      ਹਮ ਅਪਰਾਧੀ ਸਦ ਭੂਲਤੇ ਤੁਮ੍ਹ ਬਖਸਨਹਾਰੇ
॥( ਬਿਲਾਵਲ ਮ:੫/੮੦੯)
  ਸੋ, ਅਸੀਂ ਵੇਖ ਸਕਦੇ ਹਾਂ ਕਿ ਗੁਰਬਾਣੀ ਸਾਨੂੰ ਜੀਵਨ ਦੇ ਹਰ ਖੇਤਰ ‘ਚ ਆਸ਼ਾਵਾਦੀ ਬਣਾਉਂਦੀ ਹੈ। ਵਿਗਿਆਨ ਨੂੰ ਵੀ ਸੇਧ ਦੇਣ ਵਾਲੀ ਗੁਰਮਤਿ ਨਵੇਂ ਜੁੱਗ ਦਾ ਧਰਮ ਹੈ ਤੇ ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਕਾਰਨ ਉਪਜ ਰਹੇ ਮਾਨਸਿਕ ਤਣਾਉ, ਨਿਰਾਸ਼ਾ, ਉਦਾਸੀ ਤੇ ਦੁਨਿਆਵੀ ਚਿੰਤਾਵਾਂ ਨੂੰ ਦੂਰ ਕਰਨ ਲਈ ਗੁਰਬਾਣੀ ਹੀ ਇੱਕ ਵਾਹਦ ਹੱਲ ਹੈ। ਗੁਰਬਾਣੀ ਦੀ ਖ਼ਾਸੀਅਤ (ਵਿਲੱਖਣਤਾ) ਹੀ ਇਹ ਹੈ ਕਿ ਰਹੱਸਵਾਦ ਨੂੰ ਬਹੁਤ ਸਰਲ ਢੰਗ ਨਾਲ਼ ਸਮਝਾਉਣ ਦੇ ਨਾਲ਼ ਹੀ ਸਾਨੂੰ ਬਿਹਤਰੀਨ ਸੰਸਾਰੀ ਜੀਵਨ ਜਾਚ ਵੀ ਸਿਖਾਉਂਦੀ ਹੈ; ਗੁਣਾਂ ਨਾਲ਼ ਭਰਪੂਰ ਅਜਿਹੀ ਸੁਚੱਜੀ ਜੀਵਨ ਜਾਚ ਹੀ ਫਿਰ ਨਿਰੰਕਾਰ ਦੀ ਪ੍ਰਾਪਤੀ ਲਈ ਅਤਿ ਸਹਾਈ ਹੋ ਨਿਬੜਦੀ ਹੈ।
      ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥( ਤਿਲੰਗ ਭ:ਕਬੀਰ ਜੀ/੭੨੭)
   ਤੋਂ ਅਸਲ ਭਾਵ ਵੀ ਇਹ ਹੀ ਹੈ ਕਿ ਨਿਤਾਪ੍ਰਤੀ ਗੁਰਬਾਣੀ ਦੀ ਕਸਵੱਟੀ ਤੇ ਸਾਨੂੰ ਆਪਣੀ ਪੜਚੋਲ ਕਰਨੀ ਚਾਹੀਦੀ ਹੈ। ਆਓੁ! ਮਨ, ਬਚਨ, ਕਰਮ ਨਾਲ਼ ਗੁਰਬਾਣੀ ਨੂੰ ਪੜ੍ਹੀਏ, ਵਿਚਾਰੀਏ, ਕਮਾਈਏ ਤੇ ਇਹ ਅਰਦਾਸ ਕਰੀਏ:
      ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥
      ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ
॥( ਸੂਹੀ ਮ:੧/੭੫੨)
 
  ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.