ਕੈਟੇਗਰੀ

ਤੁਹਾਡੀ ਰਾਇ



ਨਿੰਦਰ ਘੁਗਿਆਣਵੀ
ਕੀ ਬਣੂੰ ਦੁਨੀਆਂ ਦਾ...?
ਕੀ ਬਣੂੰ ਦੁਨੀਆਂ ਦਾ...?
Page Visitors: 2381

ਕੀ ਬਣੂੰ ਦੁਨੀਆਂ ਦਾ...? 

ਮੇਰਾ ਡਾਇਰੀਨਾਮਾ

ਨਿੰਦਰ ਘੁਗਿਆਣਵੀ
May 04, 2021 12:00 AM

  •  

    ਕਰੋਨਾ ਦਾ ਭੈਅ ਹੈ ਚਾਰ ਚੁਫੇਰੇ। ਦੁਨੀਆਂ ਮਰ ਰਹੀ ਬੜੀ ਬੇਕਦਰੀ  ਨਾਲ ਤੇ ਮੁਰਦੇ ਵੀ ਰੋਅ ਰਹੇ ਨੇ ਆਪਣਿਆਂ ਦੇ ਨਾਲ ਨਾਲ ਕਿ ਸਾਡੀਆਂ ਦੇਹਾਂ ਕਿਓਂ ਰੁਲ ਰਹੀਆਂ? ਏਹ ਦਿਨ ਵੀ ਆਉਣੇ ਸਨ? ਹਰ ਕੋਈ ਇਕ ਦੂਸਰੇ ਨੂੰ ਪੁਛ ਰਿਹਾ ਹੈ।

    ਇਸ ਭੈਅ ਦੇ ਨਾਲ ਨਾਲ ਹੋਰ ਵੀ ਕਈ ਤਰਾਂ ਦੇ ਭੈਅ  ਹਨ। ਆਪਣੀ ਗੱਲ ਕਰਾਂ ਤਾਂ, ਮੇਰੀ ਛੱਤ ਉਤੇ, ਮੇਰੇ ਮੰਜੇ  ਦੇ ਨਾਲ ਦੀ ਕੰਧ ਵਾਲਾ ਘਰ ਬੇਹੱਦ  ਉਦਾਸ ਹੈ। ਸੁੰਨਾ ਹੈ । ਗੂੰਗਾ ਹੈ । ਬੋਲਾ ਹੈ ਤੇ ਅੰਨੀ  ਚੁੱਪ ਵਿਚ ਲਿਪਟਿਆ ਹੋਇਆ ਹੈ। ਕਾਲੇ ਹਨੇਰੇ ਵਿਚ ਨਿੰਮ ਦਾ ਰੁੱਖ ਕੰਬ ਰਿਹਾ ਹੈ , ਹਨੇਰ  ਹੈ ਅੰਧਾ ਧੁੰਦ! ਉਜੜੇ  ਘਰ ਦਾ ਦਰਵਾਜ਼ਾ ਲਾਚਾਰ ਹੈ। ਇਹ ਨਾਨਕਸ਼ਾਹੀ ਇੱਟਾਂ  ਵਾਲਾ ਸੁੰਦਰ ਦਰਵਾਜਾ ਅਜਾਦੀ ਤੋਂ ਪਹਿਲਾਂ ਮੇਰੇ ਪੜਦਾਦੇ ਲਾਲਾ ਕੇਸਰ ਮੱਲ ਨੇ ਮੁਸਲਮਾਨ  ਮਿਸਤਰੀਆਂ ਤੋਂ ਬੜੇ ਚਾਵਾਂ ਤੇ ਮਲਾਰਾਂ ਨਾਲ ਬਣਵਾਇਆ ਸੀ, ਸ਼ੀਸ਼ਿਆਂ  ਦੀ ਛੱਤ ਵਾਲਾ। ਕਿਲੇ ਨੁਮਾ ਗੇਟ ਸੀ ਤਿੱਖੇ ਕਿੱਲਾਂ ਵਾਲਾ। ਖੁੱਲਮ ਖੁੱਲੇ  ਦਰਵਾਜੇ  ਹੇਠਾਂ ਪੰਚਾਇਤਾਂ ਬਹਿੰਦੀਆਂ  ਤੇ ਕਦੇ ਕਦੇ ਸੇਠ ਕੋਲ ਫਰੀਦਕੋਟ ਵਾਲਾ ਰਾਜਾ ਵੀ ਘੋੜੀ ਉਤੇ  ਚੜਕੇ ਆਉਂਦਾ। ਸਾਰਾ  ਪਿੰਡ ਏਥੇ ਇਕੱਠਾ ਹੁੰਦਾ। (ਏਹ ਸਭ ਕੁਛ ਪਿੰਡ ਦੇ ਵਡੇਰੀ ਉਮਰ ਦੇ ਬਾਬੇ ਮੈਨੂੰ ਦਸਦੇ ਨੇ। ਮੈਂ ਡਾਇਰੀਆਂ ਉਤੇ ਨੋਟ ਕਰਦਾ ਰਿਹਾ  ਹਾਂ ਜਾਂ ਉਨਾ ਦੀ ਆਵਾਜ ਰਿਕਾਰਡ ਕਰ ਲੈਂਦਾ ਰਿਹਾ) ਖੈਰ! ਮੇਰੇ ਦਾਦੇ ਦੇ ਭਰਾ ਸੇਠ ਮੋਹਣ ਲਾਲ ਦੇ ਹਿੱਸੇ ਆ ਗਿਆ ਏਹ ਦਰਵਾਜੇ ਵਾਲਾ ਖੁੱਲਾ ਘਰ ਤੇ ਵੱਡੀ  ਹਵੇਲੀ।  ਨਾਲ ਸਾਡਾ ਘਰ ਵੀ  ਓਨਾ ਈ ਖੁੱਲਾ ਤੇ ਲੰਮੀ  ਹਵੇਲੀ ਸੀ। (ਜਿਥੇ ਅਸੀਂ ਜੰਮੇ ਪਲੇ ਤੇ ਵੱਡੇ ਹੋਏ। ਅੱਜ ਵੀ ਉਥੇ ਈ ਰਹਿ ਰਹੇ ਆਂ, ਸਾਡੇ ਵੇੰਹਦਿਆਂ  ਵੇੰਹਦਿਆਂ  ਈ ਹਵੇਲੀਆਂ ਸੁੰਗੜ ਗਈਆਂ ਤੇ ਵਿਹੜੇ ਵਿਕ ਗਏ)। ਸੇਠ ਮੋਹਣ ਲਾਲ  ਦੇ ਇਕੋ ਪੁੱਤਰ ਸੀ ਕ੍ਰਿਸ਼ਨ ਲਾਲ। ਉਹ ਜੁਆਨੀ ਵੇਲੇ ਈ ਪੂਰਾ ਹੋ ਗਿਆ ਸੀ  ਵਿਆਹ ਤੋਂ ਕੁਛ ਸਮਾਂ ਬਾਦ ਹੀ। ਔਲਾਦ ਨਹੀਂ ਸੀ ਕੋਈ। ਉਹਦੀ ਪਤਨੀ ਤੇ ਸਾਡੀ ਤਾਈ ਆਗਿਆ ਵੰਤੀ ਸਤਿਯੁਗੀ  ਔਰਤ ਸੀ ਤੇ  ਮਰਦੇ ਦਮ ਤੱਕ ਸਹੁਰਾ ਘਰ ਨਾ ਛੱਡਿਆ।  ਮਰਨ ਤੋਂ ਕੁਛ ਸਮਾਂ ਪਹਿਲਾਂ  ਉਸਨੇ ਨਾਲ ਲਗਦੇ ਜਿਮੀਂਦਾਰ  ਪਰਿਵਾਰ ਨੂੰ ਦਰਵਾਜੇ ਵਾਲਾ ਘਰ ਵੇਚ ਦਿਤਾ। ਉਨਾ  ਨੇ ਉਥੇ ਰਿਹਾਇਸ਼  ਨਹੀਂ ਕੀਤੀ। ਇਕ ਅੱਧਾ ਪਸ਼ੂ ਬੰਨ ਦਿਤਾ। ਏਹ ਨਿੱਕੀ ਜਿਹੀ ਨਿੰਮ ਤਾਈ ਨੇ ਲਾਈ ਸੀ ਪਤਾ ਨਹੀਂ ਉਹ ਕਿਥੋਂ ਖੁੰਘ ਕੇ ਲਿਆਈ  ਹੋਣੀ ਏਹ ਨਿੰਮ ? ਹੁਣ ਨਿੰਮ ਭਰ ਜੁਆਨ  ਹੈ ਤੇ ਹਰ ਰੁੱਤੇ  ਛਾਂਗੀ  ਵੀ ਜਾਂਦੀ ਹੈ ਪਰ ਫਿਰ ਭਰ ਭਰ ਆਉਂਦੀ ਹੈ--- ਹਰੀ ਭਰੀ, ਮੇਰੇ ਮੰਜੇ  ਨੂੰ ਏਹਦੀ ਛਾਂ ਹੈ ਗੂਹੜੀ। 

    ਦਰਵਾਜਾ ਉਦਾਸ ਹੈ। ਪ੍ਰਛਾਵੇਂ ਸਵੇਰੇ, ਦੁਪਿਹਰੇ, ਆਥਣੇ  ਤੇ ਫਿਰ ਰਾਤੀਂ ਰੰਗ ਵਟਾਉਂਦੇ ਰਹਿੰਦੇ ਨੇ ਮਨੁੱਖਾਂ ਵਾਂਗਰ। ਮੈਂ ਕਦੇ ਕਦੇ ਉਠਕੇ ਇਸ  ਸੁੰਨੇ ਘਰ ਵਿਚ ਝਾਤੀ ਮਾਰਦਾਂ, ਕਾਲਾ ਹਨੇਰਾ ਮੇਰੇ  ਕਲੇਜੇ ਨੂੰ ਪੈਂਦਾ ਹੈ। ਫੇਰ ਪਿਛਾਂਹ  ਹੋ ਜਾਂਦਾ  ਹਾਂ। ਇਨਸਾਨ ਆਉੰਦੇ  ਜਾਂਦੇ  ਰਹਿੰਦੇ  ਨੇ ਪਰ ਥਾਵਾਂ ਉਥੇ ਦੀਆਂ ਉਥੇ ਈ ਰਹਿੰਦੀਆਂ  ਨੇ। ਹਾਂ,  ਰੰਗ ਜਰੂਰ ਵਟਾਉਂਦੀਆਂ  ਨੇ ਸਮੇਂ ਸਮੇਂ ਥਾਵਾਂ ਵੀ । ਜਦ ਅਸੀਂ ਏਥੇ ਨਹੀਂ ਹੋਵਾਂਗੇ ਪਤਾ ਨਹੀਂ ਕੌਣ ਹੋਵੇਗਾ ਏਥੇ? ਸਾਡੇ ਦਾਦੇ ਪੜਦਾਦੇ ਵੀ ਏਹੋ  ਸੋਚਦੇ ਰਹੇ ਹੋਣੇ ਨੇ। ਹਨੇਰੀ ਵਿਚ ਕੁਰਲਾ ਰਹੀ ਨਿੰਮ ਦੀ ਫੋਟੋ ਖਿਚਦਾ ਮੈਂ ਬਹੁਤ ਉਦਾਸ ਹਾਂ।
                            ****
    ਕਰੋਨਾ ਦਾ ਭੈਅ ਲਗਾਤਾਰ ਹਾਵੀ ਹੋ ਰਿਹਾ ਮਨ ਉਤੇ। ਕੀ ਬਣੂੰ ਦੁਨੀਆਂ ਦਾ ਜੇਕਰ ਇਹੋ ਹਾਲ ਰਿਹਾ ਤਾਂ? ਗਰੀਬ ਤੇ ਮਜਦੂਰ ਕਿਥੋਂ ਟੁੱਕਰ ਖਾਣਗੇ? ਅਮੀਰ ਤੇ ਧਨੀ ਲੋਕ ਤਾਂ ਜੋੜਿਆ ਧਨ ਤੇ ਅੰਨ ਵਰਤ ਲੈਣਗੇ ਪਰ ਖਾਲੀ ਘਰਾਂ ਦੇ ਸੁੰਨੇ ਤੇ ਠੰਢੇ ਚੁੱਲਿਆਂ  ਦਾ ਕੀ ਬਣੇਗਾ? ਸਵਾਲ ਦਰ ਸਵਾਲ ਮੈਨੂੰ ਘੇਰ ਰਹੇ ਹਨ। ਡਾਇਰੀ ਦੇ ਪੰਨੇ ਲਿਖਦਾ ਡਰ ਰਿਹਾਂ। ਖੁਦਾ ਖੈਰ ਕਰੇ!
    (2 ਮਈ,2021)

     

    • ਨਿੰਦਰ ਘੁਗਿਆਣਵੀ, ਲੇਖਕ

      ninder_ghugianvi@yahoo.com

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.