ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਛੋਡੀਲੇ ਪਾਖੰਡਾ
ਛੋਡੀਲੇ ਪਾਖੰਡਾ
Page Visitors: 24

ਆਉ ਗੁਰਬਾਣੀ ਬਾਰੇ ਵੀ ਕੁਝ ਵਿਚਾਰੀਏ!   (Bwg 1)     
               ਛੋਡੀਲੇ ਪਾਖੰਡਾ 
       ਸਲੋਕੁ ਮ: 1
     ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
     ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
     ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
     ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ 1
      ਹੇ ਭਾਈ, ਦਰਿਆ ਦੇ ਪੱਤਣ ਤੇ ਬੈਠ ਕੇ ਤਾਂ ਤੂੰ ਗਊ ਅਤੇ ਬ੍ਰਾਹਮਣ ਨੂੰ ਮਸੂਲ ਲਾਂਦਾ ਹੈਂ, ਪਾਰ ਲੰਘਾਣ ਦਾ ਤੂੰ ਮਸੂਲ ਲੈ ਲੈਂਦਾ ਹੈਂ, ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ ਗੋਹੇ ਨਾਲ ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂ ਤਰਿਆ ਨਹੀਂ ਜਾ ਸਕਦਾ। ਧੋਤੀ ਪਹਿਨਦਾ ਹੈਂ, ਮੱਥੇ ਤੇ ਟਿੱਕਾ ਲਾਂਦਾ ਹੈਂ ਅਤੇ ਮਾਲਾ ਫੇਰਦਾ ਹੈਂ, ਪਰ ਪਦਾਰਥ ਮਲੇਸ਼ਾਂ ਦਾ ਖਾਂਦਾ ਹੈਂ, ਪਦਾਰਥ ਉਨ੍ਹਾਂ ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ। ਅੰਦਰ ਬੈਠ ਕੇ, ਹਾਕਮਾਂ ਤੋਂ ਚੋਰੀ ਚੋਰੀ ਪੂਜਾ ਕਰਦਾ ਹੈਂ, ਬਾਹਰ ਮੁਸਲਮਾਨਾਂ ਨੂੰ ਵਿਖਾਉਣ ਵਾਸਤੇ ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਰਹਿਤ ਹੀ ਤੂੰ ਰੱਖੀ ਹੋਈ ਹੈ।
 ਇਹ ਪਖੰਡ ਤੂੰ ਛੱਡ ਦੇਹ। ਜੇ ਤੂੰ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਹੋ ਪਾਏਂਗਾ।1।        
      ਮ: 1
     ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥
     ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍‍ਾ ਭਿ ਆਵਹਿ ਓਈ ਸਾਦ ॥
     ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥
     ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥
     ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥
     ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
     ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥
     ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥
     ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥
     ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥
     ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ2
      ਕਾਜ਼ੀ ਅਤੇ ਮੁਸਲਮਾਨ-ਹਾਕਮ ਹਨ ਤਾਂ ਵੱਢੀ-ਖੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। ਇਨ੍ਹਾਂ ਹਾਕਮਾਂ ਦੇ ਅੱਗੇ ਮੁਨਸ਼ੀ, ਉਹ ਖੱਤ੍ਰੀ ਹਨ, ਜੋ ਛੁਰੀ ਚਲਾਂਦੇ ਹਨ, ਗਰੀਬਾਂ ਉੱਤੇ ਜ਼ੁਲਮ ਕਰਦੇ ਹਨ, ਪਰ ਉਨ੍ਹਾਂ ਦੇ ਗਲ ਵਿਚ ਜਨੇਊ ਹਨ। ਇਨ੍ਹਾਂ ਜ਼ਾਲਮ ਖੱਤ੍ਰੀਆਂ ਦੇ ਘਰ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ, ਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਵੀ, ਉਨ੍ਹਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ। ਉਹ ਬ੍ਰਾਹਮਣ ਵੀ ਜ਼ੁਲਮ ਨਾਲ ਕਮਾਏ ਹੋਏ ਪਦਾਰਥ ਖਾਂਦੇ ਹਨ। ਇਨ੍ਹਾਂ ਲੋਕਾਂ ਦੀ ਪੂੰਜੀ ਵੀ ਝੂਠੀ ਹੀ ਹੈ ਤੇ ਝੂਠਾ ਹੀ ਇਨ੍ਹਾਂ ਲੋਕਾਂ ਦਾ ਵਪਾਰ ਹੈ। ਝੂਠ ਬੋਲ ਬੋਲ ਕੇ ਹੀ ਇਹ ਰੋਜ਼ੀ ਕਮਾਂਦੇ ਹਨ। ਹੁਣ ਸ਼ਰਮ ਤੇ ਧਰਮ ਦੀ ਸਭਾ ਉੱਠ ਗਈ ਹੈ, ਭਾਵ ਨਾ ਇਹ ਲੋਕ ਆਪਣੀ ਸ਼ਰਮ-ਹਯਾ ਦਾ ਖਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ।
 ਹੇ ਨਾਨਕ ਸਭ ਥਾਈਂ ਝੂਠ ਹੀ ਪ੍ਰਧਾਨ ਹੋ ਰਿਹਾ ਹੈ। ਇਹ ਖੱਤ੍ਰੀ, ਮੱਥੇ ਤੇ ਟਿੱਕਾ ਲਾਉਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ ਬੰਨ੍ਹਦੇ ਹਨ, ਪਰ ਹੱਥ ਵਿਚ ਮਾਨੋ ਛੁਰੀ ਫੜੀ ਹੋਈ ਹੈ ਤੇ ਵਾਹ ਲਗਦਿਆਂ ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ। ਨੀਲੇ ਰੰਗ ਦੇ ਕਪੜੇ ਪਾ ਕੇ ਤੁਰਕ ਹਾਕਮਾਂ ਕੋਲ ਜਾਂਦੇ ਹਨ, ਤਾਂ ਹੀ ਉਨ੍ਹਾਂ ਕੋਲ ਜਾਣ ਦੀ ਆਗਿਆ ਮਿਲਦੀ ਹੈ। ਜਿਨ੍ਹਾਂ ਨੂੰ ਇਹ ਮਲੇਛ ਆਖਦੇ ਹਨ ਉਨ੍ਹਾਂ ਪਾਸੋਂ ਹੀ ਰੋਜ਼ੀ ਲੈਂਦੇ ਹਨ ਤੇ ਫੇਰ ਵੀ ਪੁਰਾਣ ਨੂੰ ਪੂਜਦੇ ਹਨ,ਫਿਰ ਵੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਹੀ ਤੁਰ ਰਹੇ ਹਾਂ। ਏਥੇ ਹੀ ਬੱਸ ਨਹੀਂ, ਖੁਰਾਕ ਇਨ੍ਹਾਂ ਦੀ ਉਹ ਬੱਕਰਾ ਹੈ, ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ, ਜੋ ਮੁਲਮਾਨਾਂ ਦੇ ਹੱਥਾਂ ਦਾ ਬਣਾਇਆ ਹੋਇਆ ਹੈ, ਪਰ ਆਖਦੇ ਹਨ ਕਿ ਸਾਡੇ ਚੌਂਕੇ ਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ। ਚੌਂਕਾ ਬਣਾ ਕੇ ਦੁਆਲੇ ਲਕੀਰਾਂ ਕੱਢਦੇ ਹਨ, ਪਰ ਇਸ ਚੌਂਕੇ ਵਿਚ ਉਹ ਮਨੁੱਖ ਆ ਬੈਠਦੇ ਹਨ, ਜੋ ਆਪ ਝੂਠੇ ਹਨ। ਹੋਰਨਾ ਨੂੰ ਆਖਦੇ ਹਨ, ਸਾਡੇ ਚੌਂਕੇ ਦੇ ਨੇੜੇ ਨਾ ਆਉਣਾ, ਕਿਤੇ ਚੌਂਕਾ ਭਿਟਿਆ ਨਾ ਜਾਵੇ ਅਤੇ ਸਾਡਾ ਅੰਨ ਖਰਾਬ ਨਾ ਹੋ ਜਾਵੇ, ਪਰ ਆਪ ਇਹ ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਜੂਠੇ ਮਨ ਨਾਲ, ਭਾਵ ਮਨ ਤਾਂ ਅੰਦਰੋਂ ਮਲੀਨ ਹੈ, ਚੁਲੀਆਂ ਕਰਦੇ ਹਨ।
 ਹੇ ਨਾਨਕ ਆਖ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ। ਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ, ਜੋ ਸੱਚਾ ਪ੍ਰਭੂ ਮਿਲ ਪਵੇ।2
      ਪਉੜੀ ॥
     ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
     ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
     ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
     ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
     ਦਰਿ ਮੰਗਨਿ ਭਿਖ ਨ ਪਾਇਦਾ16
      ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖਕੇ ਕਾਰੇ ਲਾਈ ਰੱਖਦਾ ਹੈ। ਆਪ ਹੀ ਜੀਆਂ ਨੂੰ ਵਡਿਆਈਆਂ ਬਖਸ਼ਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਕੰਮ ਵਿਚ ਲਾਂਦਾ ਹੈ। ਪ੍ਰਭੂ ਵੱਡਿਆਂ ਤੋਂ ਵੱਡਾ ਹੈ, ਸਭ ਤੋਂ ਵੱਡਾ ਹੈ, ਉਸ ਦੀ ਰਚੀ ਹੋਈ ਸ੍ਰਿਸ਼ਟੀ ਭੀ ਬੇਅੰਤ ਹੈ। ਇਤਨੀ ਬੇਅੰਤ ਸ੍ਰਿਸ਼ਟੀ ਹੁੰਦਿਆਂ ਵੀ ਹਰੇਕ ਜੀਵ ਨੂੰ ਪ੍ਰਭੂ ਥਾਉਂ ਥਾਂਈਂ ਧੰਦਿਆਂ ਵਿਚ ਜੋੜੀ ਰੱਖਦਾ ਹੈ। ਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਵੀ ਗੁੱਸੇ ਦੀ ਨਜ਼ਰ ਕਰੇ, ਤਾਂ ਉਨ੍ਹਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ, ਜੇ ਉਹ ਲੋਕਾਂ ਦੇ ਦਰ ਤੇ ਜਾ ਕੇ ਸੁਆਲ ਵੀ ਪਾਂਦੇ ਹਨ, ਤਾਂ ਅੱਗੋਂ ਕੋਈ ਖੈਰ ਵੀ ਨਹੀਂ ਪਾਂਦਾ।16
            ਚੰਦੀ ਅਮਰ ਜੀਤ ਸਿੰਘ     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.