ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 19)
ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥
ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥
ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥
ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥
ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥
ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥3॥ 566
ਹੇ ਪ੍ਰਭੂ, ਤੇਰੀ ਸਿਫਤ-ਸਾਲਾਹ ਦੀ ਬਾਣੀ ਹੀ ਅੰਮ੍ਰਿਤੁ ਹੈ, ਅਟੱਲ ਆਤਮਕ ਜੀਵਨ ਦੇਣ ਵਾਲੀ ਹੈ, ਉਹ ਵਕਤ ਬਹੁਤ ਸੁਹਾਵਣਾਂ ਲਗਦਾ ਹੈ, ਜਦੋਂ ਤੇਰਾ ਨਾਮ ਚੇਤੇ ਕਰੀਦਾ ਹੈ। ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰੱਸ ਆਉਂਦਾ ਹੈ, ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ। ਉਨ੍ਹਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ, ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਹੇ ਪ੍ਰਭੂ, ਜਿਹੜੇ ਬੰਦੇ ਤੇਰੇ ਨਾਮ ਨਾਲ ਜੁੜਦੇ ਹਨ, ਉਹ ਆਤਮਕ ਜੀਵਨ ਦੀ ਉੱਨਤੀ ਵਿਚ ਸਦਾ ਵਧਦੇ-ਫੁਲਦੇ ਰਹਿੰਦੇ ਹਨ।
ਹੇ ਪ੍ਰਭੂ, ਜਦੋਂ ਤੱਕ ਮੈਂ ਸਿਰਫ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਤਦੋਂ ਤੱਕ ਹੋਰ ਕੋਈ ਇਕ ਵੀ ਧਰਮ-ਕਰਮ, ਕੋਈ ਇਕ ਵੀ ਸੰਜਮ ਕਿਸੇ ਅਰਥ ਨਹੀਂ। ਤੇਰੀ ਸਿਫਤ ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ, ਉਹ ਵੇਲਾ ਬਹੁਤ ਸੇਹਾਵਣਾ ਲਗਦਾ ਹੈ, ਜਦੋਂ ਮੈਂ ਤੇਰਾ ਨਾਮ ਸਿਮਰਦਾ ਹਾਂ।3।
ਗੁਰਬਾਣੀ, ਬੜੇ ਸਾਫ ਢੰਗ ਨਾਲ ਦਸਦੀ ਹੈ ਕਿ, ਅਸਲ ਵਡਿਆਈ ਪ੍ਰਭੂ ਦੇ ਨਾਮ ਦੀ ਹੈ, ਕੋਈ ਵੀ ਵੇਲਾ ਤਦ ਹੀ ਚੰਗਾ ਬਣਦਾ ਹੈ, ਜਦ ਅਸੀਂ ਉਸ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਾਂ। ਉਹੀ ਐਸੀ ਚੀਜ਼ ਹੈ, ਜੋ ਸਾਡੈ ਖਾਤੇ ਵਿਚ ਲਿਖੀ ਜਾਣੀ ਹੈ। ਜਿਸ ਨੂੰ ਅਸੀਂ ਪ੍ਰਭੂ ਅੱਗੇ ਭੇਂਟ ਕਰ ਸਕਦੇ ਹਾਂ, ਜਾਂ ਇਵੇਂ ਕਹਿ ਲਵੋ ਕਿ ਉਹ ਆਪਣੇ-ਆਪ ਸਾਡੇ ਖਾਤੇ ਵਿਚ ਜਮ੍ਹਾ ਹੋ ਜਾਣੀ ਹੈ। ਕਬੀਰ ਜੀ ਦੇ ਕਹਣ ਅਨੁਸਾਰ ਇਹੀ ਉਹ ਅੱਖਰ ਹਨ, ਜੋ ਕਿਸੇ ਵੀ ਸੰਸਾਰੀ ਚੀਜ਼ ਨਾਲ ਨਹੀਂ ਲਿਖੇ ਜਾ ਸਕਦੇ, ਜੋ ਮਨ ਨੇ ਆਪ ਲਿਖਣੇ ਹਨ, ਆਪਣੇ ਉੱਤੇ ਲਿਖਣੇ ਹਨ, ਆਪਣੇ ਵਿਹਾਰ ਨਾਲ ਲਿਖਣੇ ਹਨ, ਇਹੀ ਉਹ ਅੱਖਰ ਹਨ ਜੋ ਜਿਊਂਦਿਆਂ ਵੀ ਮਨ ਦੇ ਨਾਲ ਰਹਣੇ ਹਨ ਅਤੇ ਸਰੀਰ ਦੇ ਖਤਮ ਹੋ ਜਾਣ ਮਗਰੋਂ ਵੀ ਮਨ ਦੇ ਨਾਲ ਪ੍ਰਭੂ ਦੇ ਦਰਬਾਰ ਵਿਚ ਜਾਣੇ ਹਨ। ਇਨ੍ਹਾਂ ਨੂੰ ਕਿਸੇ ਨਿਸਚਿਤ ਸਮੇ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ, ਜੋ ਸਾਡਾ ਹੈ ਹੀ ਨਹੀਂ। ਸਾਡੀ ਅੜਾਉਣੀ ਖਤਮ ਹੋ ਗਈ, ਆਪਾਂ ਤੁਰਦੇ ਹਾਂ 'ਜਪੁ' ਬਾਣੀ ਵੱਲ।
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥
ਹੇ ਨਾਨਕ ਆਖ, ਚੰਗੇ ਕਰਮ ਕਰਨ ਨਾਲ ਬੰਦੇ ਨੂੰ ਕਪੜਾ ਰੂਪ ਇੱਜ਼ਤ ਤਾਂ ਮਿਲਦੀ ਹੈ ਪਰ, ਮੁਕਤੀ ਪਰਮਾਤਮਾ ਦੀ ਮਿਹਰ ਦੀ ਨਦਰ ਨਾਲ ਹੀ ਮਿਲਦੀ ਹੈ, ਮੁਕਤੀ ਦੇ ਦਵਾਰ ਤੱਕ ਅਪੜਨ ਲਈ ਬੰਦੇ ਨੂੰ ਪਰਮਾਤਮਾ ਦੀ ਮਿਹਰ ਜ਼ਰੂਰੀ ਹੈ, ਇਵੇਂ ਜਾਣੋ ਕਿ ਸਦਾ ਕਾਇਮ ਰਹਣ ਵਾਲਾ ਪ੍ਰਭੂ, ਹਰ ਰੂਪ ਵਿਚ ਆਪ ਹੀ ਆਪ ਹੈ।4।
ਅਮਰ ਜੀਤ ਸਿੰਘ ਚੰਦੀ (ਚਲਦਾ)