ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(282)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(282)
Page Visitors: 28

 

  ਗੁਰਬਾਣੀ ਦੀ ਸਰਲ ਵਿਆਖਿਆ ਭਾਗ(282)                      
      ਮਾਝ ਮਹਲਾ 5 ਚਉਪਦੇ ਘਰੁ 1
     ਮੇਰਾ ਮਨ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
     ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1
      ਸ਼ਬਦ ਗੁਰੂ ਦੇ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ, ਜਿਵੇਂ ਸਵਾਂਤੀ ਬੂੰਦ ਲਈ ਪਪੀਹਾ ਤਰਲੇ ਲੈਂਦਾ ਹੈ, ਮੇਰਾ ਮਨ ਵੀ ਪਪੀਹੇ ਵਾਂਗ ਗੁਰੂ ਦੇ ਦਰਸ਼ਨ ਕਰਣ ਲਈ ਤਰਲੇ ਲੈ ਰਿਹਾ ਹੈ। ਪਿਆਰੇ ਸੰਤ-ਗੁਰੂ ਦੀ ਸਿਖਿਆ ਤੋਂ ਬਗੈਰ ਮੇਰੀ ਆਤਮਕ ਪਿਆਸ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ।1 
     ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥1ਰਹਾਉ ॥
      ਮੈਂ ਪਿਆਰੇ ਸੰਤ-ਗੁਰੂ ਦੇ ਦਰਸ਼ਨ ਤੋਂ ਕੁਰਬਾਨ ਹਾਂ, ਸਦਕੇ ਹਾਂ।1ਰਹਾਉ।
     ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ਚਿਰੁ ਹੋਆ ਦੇਖੇ ਸਾਰਿੰਗਪਾਣੀ ॥
     ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥2
      ਹੇ ਪਰਮਾਤਮਾ, ਤੇਰਾ ਦੀਦਾਰ, ਸੁਖ ਦੇਣ ਵਾਲਾ ਹੈ, ਠੰਡਕ ਪਾਉਣ ਵਾਲਾ ਹੈ, ਤੇਰੀ ਸਿਫਤ-ਸਾਲਾਹ ਮੇਰੇ ਅੰਦਰ ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ। ਹੇ ਪ੍ਰਭੂ, ਤੇਰੇ ਦਰਸ਼ਨ ਕੀਤਿਆਂ ਚਿਰ ਹੋ ਗਿਆ ਹੈ। ਹੇ ਮੇਰੇ ਸੱਜਣ ਪ੍ਰਭੂ, ਹੇ ਮੇਰੇ ਮਿੱਤ੍ਰ ਪ੍ਰਭੂ, ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ ਸਦਾ ਵੱਸਦਾ ਹੈਂ।2    
     ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥1ਰਹਾਉ ॥
      ਹੇ ਮੇਰੇ ਸੱਜਣ ਗੁਰੂ, ਹੇ ਮੇਰੇ ਮਿੱਤ੍ਰ-ਗੁਰੂ, ਮੈਂ ਤੈਥੋਂ ਕੁਰਬਾਨ ਹਾਂ ਸਦਕੇ ਹਾਂ।1ਰਹਾਉ।
     ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
     ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥3
      ਹੇ ਪਿਆਰੇ ਭਗਵਾਨ, ਜਦੋਂ ਮੈਂ ਤੈਨੂੰ ਇਕ ਘੜੀ ਭਰ ਵੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਜੁਗ ਹੋ ਜਾਂਦਾ ਹੈ, ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ, ਦੱਸ ਹੁਣ ਮੈਂ ਤੈਨੂੰ ਕਦੋਂ ਮਿਲ ਸਕਾਂਗਾ ? ਹੇ ਭਾਈ ਗੁਰੂ ਦੀ ਸਰਨ ਤੋਂ ਬਿਨਾ, ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ ਜ਼ਿੰਦਗੀ ਦੀ ਰਾਤ, ਸੌਖੀ ਨਹੀਂ ਲੰਘਦੀ, ਮੇਰੇ ਅੰਦਰ ਸ਼ਾਨਤੀ ਨਹੀਂ ਆਉਂਦੀ।3 
     ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥1ਰਹਾਉ ॥
      ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ, ਕੁਰਬਾਨ ਹਾਂ, ਜੋ ਸਦਾ ਅਟੱਲ ਰਹਿਣ ਵਾਲਾ ਹੈ।1ਰਹਾਉ। 
     ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
     ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥4
      ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੁੰ, ਸ਼ਾਨਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ, ਗੁਰੂ ਦੀ ਕਿਰਪਾ ਨਾਲ, ਉਸ
ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ। ਹੇ ਦਾਸ ਨਾਨਕ, ਆਖ ਹੇ ਪ੍ਰਭੂ ਮਿਹਰ ਕਰ, ਮੈਂ ਤੇਰੇ ਦਾਸਾਂ ਦੀ ਨਿੱਤ ਸੇਵਾ ਕਰਦਾ ਰਹਾਂ, ਤੇਰੇ ਦਾਸਾਂ ਤੋਂ ਮੈਂ ਇਕ ਪਲ ਭਰ ਵੀ ਨਾ ਵਿਛੁੜਾਂ।4  
     ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥18
      ਹੇ ਦਾਸ ਨਾਨਕ ਆਖ, ਹੇ ਪ੍ਰਭੂ ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ, ਕੁਰਬਾਨ ਹਾਂ।ਰਹਾਉ।18
             ਚੰਦੀ ਅਮਰ ਜੀਤ ਸਿੰਘ      (ਚਲਦਾ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.