ਗੁਰਬਾਣੀ ਦੀ ਸਰਲ ਵਆਿਖਆਿ ਭਾਗ (339)
ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥ ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥
ਆਪੇ ਆਪਿ ਆਪਿ ਮਿਿਲ ਰਹਿਆ ਸਹਜੇ ਸਹਜਿ ਸਮਾਵਣਿਆ ॥5॥
ਗੁਰੂ ਦੀ ਸਰਨ ਪੈਣ ਤੋਂ ਬਿਨਾ, ਕਿਸੇ ਪਾਸੋਂ ਵੀ ਆਪਣਾ ਆਤਮਕ ਜੀਵਨ ਵੇਖਿਆ-ਪਰਖਿਆ ਨਹੀਂ ਜਾ ਸਕਦਾ, ਜਿਸ ਨੂੰ ਵਿਖਾਇਆ ਹੈ, ਗੁਰੂ ਨੇ ਹੀ ਕਿਰਪਾ ਕਰ ਕੇ ਉਸ ਦਾ ਆਪਣਾ ਆਤਮਕ ਜੀਵਨ ਵਿਖਾਇਆ ਹੈ। ਫਿਰ ਉਸ ਵਡਭਾਗੀ ਨੂੰ ਇਹ ਭਰੋਸਾ ਹੋ ਜਾਂਦਾ ਹੈ ਕਿ ਪਰਮਾਤਮਾ ਆਪ ਹੀ, ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਆਪਣੇ ਆਪੇ ਦੀ ਵੇਖ-ਪਰਖ ਕਰਨ ਵਾਲਾ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਿਕਆ ਰਹਿੰਦਾ ਹੈ।5।
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥ ਦੂਜਾ ਭਰਮੁ ਗੁਰ ਸਬਦਿ ਜਲਾਏ ॥
ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥6॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਸਿਰਫ ਪਰਮਾਤਮਾ ਨਾਲ ਹੀ ਪ੍ਰੇਮ ਪਾਈ ਰੱਖਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਉਹ ਆਪਣੇ ਸਰੀਰ ਦੇ ਵਿਚ ਹੀ ਰਹਿ ਕੇ, ਮਨ ਨੂੰ ਬਾਹਰ ਭਟਕਣੋਂ ਰੋਕ ਕੇ, ਪ੍ਰਭੂ-ਨਾਮ ਦਾ ਵਣਜ ਵਪਾਰ ਕਰਦਾ ਹੈ, ਤੇ ਪਰਮਾਤਮਾ ਦਾ ਸਦਾ-ਥਿਰ ਰਹਣ ਵਾਲਾ ਨਾਮ-ਖਜਾਨਾ ਪਰਾਪਤ ਕਰਦਾ ਹੈ।6।
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥ ਗੁਰਮੁਖਿ ਪਾਏ ਮੋਖ ਦੁਆਰੁ ॥
ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥7॥
ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ ਪਰਮਾਤਮਾ ਦੀ ਸਿਫਤ-ਸਾਲਾਹ ਨੂੰ ਹੀ ਕਰਨ-ਜੋਗ ਕੰਮ ਸਮਝਦਾ ਹੈ, ਸਭ ਤੋਂ ਸ੍ਰੇਸ਼ਟ ਉੱਦਮ ਜਾਣਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਉਹ ਸਿਫਤ-ਸਾਲਾਹ ਦੀ ਬਰਕਤ ਨਾਲ ਵਿਕਾਰਾਂ ਤੋਂ ਖਲਾਸੀ ਦਾ ਦਰਵਾਜਾ ਲੱਭ ਲੈਂਦਾ ਹੈ। ਉਹ ਹਰ ਵੇਲੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿਚ, ਆਪਣੀ ਹਜੂਰੀ ਵਿਚ ਬੁਲਾਈ ਰੱਖਦਾ ਹੈ, ਜੋੜੀ ਰੱਖਦਾ ਹੈ।7।
ਸਤਿਗੁਰ ਦਾਤਾ ਮਿਲੈ ਮਿਲਾਇਆ ॥ ਪੂਰੈ ਭਾਗਿ ਮਨਿ ਸਬਦੁ ਵਸਾਇਆ ॥
ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥8॥9॥10॥
ਗੁਰੂ ਹੀ ਸਿਫਤ-ਸਾਲਾਹ ਦੀ, ਨਾਮ ਦੀ ਦਾਤ ਦੇਣ ਵਾਲਾ ਹੈ, ਪਰ ਗੁਰੂ ਤਦੋਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਆਪ ਮਿਲਾਏ। ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਉਹ ਆਪਣੇ ਮਨ ਵਿਚ ਗੁਰੂ ਦਾ ਸ਼ਬਦ ਵਸਾਈ ਰੱਖਦਾ ਹੈ। ਹੇ ਨਾਨਕ, ਉਸ ਮਨੁੱਖ ਨੂੰ ਇਹ ਵਡਿਆਈ ਮਿਲਦੀ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ, ਉਹ ਸਦਾ-ਥਿਰ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।8।9।10।
ਚੰਦੀ ਅਮਰ ਜੀਤ ਸਿੰਘ (ਚਲਦਾ)