ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (392)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (392)
Page Visitors: 12

    ਗੁਰਬਾਣੀ ਦੀ ਸਰਲ ਵਿਆਖਿਆ ਭਾਗ (392)     
      ਬਾਰਹ ਮਾਹਾ ਮਾਂਝ ਮਹਲਾ 5 ਘਰੁ 4
      ੴਸਤਿ ਨਾਮੁ ਗੁਰ ਪ੍ਰਸਾਦਿ ॥
     ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
     ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
     ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
     ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
     ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
     ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
     ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
     ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
     ਨਾਨਕ ਕੀ ਬੇਨਤੀਆ ਕਰਿ ਕਿਰਪਾ ਦੀਜੈ ਨਾਮੁ ॥
     ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥1
       ਪਰਮਾਤਮਾ ਇਕ ਹੈ, ਇਹ ਸਾਰਾ ਦਿਸਦਾ ਸੰਸਾਰ, ਕੁਦਰਤ ਉਸ ਦਾ ਆਪਣਾ ਹੀ ਆਕਾਰ, ਰੂਪ ਹੈ, ਇਹ ਸਦੀਵੀ ਸੱਚ ਹੈ, ਉਸ ਦਾ ਨਾਮ, ਉਸ ਦਾ ਹੁਕਮ, ਉਸ ਦੀ ਰਜ਼ਾ ਵੀ ਸਦੀਵੀ ਸੱਚ ਹੈ। ਇਸ ਸਭ ਕਾਸੇ ਦੀ ਸੋਝੀ, ਸ਼ਬਦ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
      ਹੇ ਪ੍ਰਭੂ, ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ, ਤੈਥੋਂ ਵਿਛੁੜੇ ਹੋਏ ਹਾਂ, ਤੈਨੂੰ ਵਿਸਾਰੀ ਬੈਠੇ ਹਾਂ, ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ।
      ਮਾਇਆ ਦੇ ਮੋਹ ਵਿਚ ਫਸ ਕੇ ਚੁਫੇਰੇ, ਹਰ ਪਾਸੇ ਸੁਖਾਂ ਦੀ ਖਾਤਰ ਭਟਕਦੇ ਰਹੇ ਹਾਂ, ਹੇ ਪ੍ਰਭੂ, ਹੁਣ ਥੱਕ ਕੇ ਤੇਰੀ ਸਰਨ ਵਿਚ ਆਏ ਹਾਂ।
      ਜਿਵੇਂ ਦੁੱਧ ਤੋਂ ਸੱਖਣੀ ਗਾਂ, ਕਿਸੇ ਕੰਮ ਨਹੀਂ ਆਉਂਦੀ, ਜਿਵੇਂ ਪਾਣੀ ਤੌਂ ਬਿਨਾ ਖੇਤੀ ਸੁੱਕ ਜਾਂਦੀ ਹੈ, ਫਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ ਕਮਾਈ ਨਹੀਂ ਹੋ ਸਕਦੀ, ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ।
     ਸੱਜਣ-ਖਸਮ ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਵੀ ਨਹੀਂ ਮਿਲਦਾ।
     ਸੁਖ ਮਿਲੇ ਵੀ ਕਿਵੇਂ ? ਜਿਸ ਹਿਰਦੇ ਘਰ ਵਿਚ ਪਤੀ-ਪ੍ਰਭੂ ਨਾ ਆ ਵਸੇ, ਉਸ ਦੇ ਭਾ ਦੇ ਵੱਸਦੇ ਪਿੰਡ ਤੇ ਸ਼ਹਿਰ ਤਪਦੀ ਭੱਠੀ ਵਰਗੇ ਹੁਂਦੇ ਹਨ।   
      ਇਸਤ੍ਰੀ ਨੂੰ ਪਤੀ ਤੋ ਬਿਨਾ ਸਰੀਰ ਦੇ ਸਾਰੇ ਸ਼ੰਗਾਰ, ਪਾਨਾਂ ਦੇ ਬੀੜੇ ਤੇ ਹੋਰ ਰਸ ਆਪਣੇ ਸਰੀਰ ਸਮੇਤ ਹੀ ਵਿਅਰਥ ਦਿਸਦੇ ਹਨ, ਤਿਵੇਂ ਮਾਲਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਸਾਰੇ ਸੱਜਣ ਮਿੱਤ੍ਰ, ਜਿੰਦ ਦੇ ਵੈਰੀ ਹੋ ਢੁਕਦੇ ਹਨ।
      ਤਾਂਹੀਏ ਨਾਨਕ ਦੀ ਬੇਨਤੀ ਹੈ ਕਿ ਹੇ ਪ੍ਰਭੂ, ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤ ਬਖਸ਼। ਹੇ ਹਰੀ, ਆਪਣੇ ਚਰਨਾਂ ਵਿਚ ਮੈਨੂੰ ਜੋੜੀ ਰੱਖ, ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ, ਇਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ।1
    ਚੰਦੀ ਅਮਰ ਜੀਤ ਸਿੰਘ  (ਚਲਦਾ)    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.