ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (416)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (416)
Page Visitors: 13

    ਗੁਰਬਾਣੀ ਦੀ ਸਰਲ ਵਿਆਖਿਆ ਭਾਗ (416)        
     ਸਲੋਕੁ ਮ: 1
     ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥
     ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
     ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
     ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥1
      ਲੋਕਾਂ ਉਤੇ ਤਰਸ ਦੀ ਮਸੀਤ ਬਣਾਉ, ਸ਼ਰਧਾ ਨੂੰ ਮੁਸਲਾ (ਉਹ ਸਫ ਜਿਸ ਤੇ ਬੈਠ ਕੇ ਨਮਾਜ਼ ਪੜ੍ਹੀ ਜਾਂਦੀ ਹੈ) ਤੇ ਹੱਕ ਦੀ ਕਮਾਈ ਨੂੰ ਕੁਰਾਨ ਬਣਾਉ। ਵਿਕਾਰ ਕਰਨ ਵਲੋਂ ਥੱਕਣਾ, ਇਹ ਸੁੱਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ, ਇਸ ਤਰ੍ਹਾਂ ਹੇ ਭਾਈ,
ਮੁਸਲਮਾਨ ਬਣ। ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ, ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ। ਜੋ ਗੱਲ ਉਸ ਰੱਬ ਨੂੰ ਭਾਵੇ ਉਹੀ ਸਿਰ-ਮੱਥੇ ਤੇ ਮੱਨਣੀ, ਇਹ ਤਸਬੀ ਹੋਵੇ।
     ਹੇ ਨਾਨਕ, ਅਜਿਹੇ ਮੁਸਲਮਾਨ ਦੀ ਰੱਬ ਲਾਜ ਰੱਖਦਾ ਹੈ।1।        
     ਮ: 1
     ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
     ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
     ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
     ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
     ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥2
      ਹੇ ਨਾਨਕ, ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।  ਗੁਰੂ, ਪੈਗੰਬਰ ਤਾਂ ਹੀ ਸਿਫਾਰਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ, ਜਿਸ ਨੂੰ ਸੱਚਾ ਰਸਤਾ ਆਖਦੇ ਹੋ, ਉਸ ਨੂੰ ਅਮਲੀ ਜੀਵਨ ਵਿਚ ਵਰਤਿਆਂ ਹੀ ਨਿਜਾਤ ਮਿਲਦੀ ਹੈ। ਬਹਿਸ ਆਦਿ ਗੱਲਾਂ ਦੇ ਮਸਾਲੇ ਹਰਾਮ ਮਾਲ ਵਿਚ ਪਾਇਆਂ, ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ, ਕੂੜੀਆਂ ਗੱਲਾਂ ਕੀਤਿਆਂ, ਕੂੜ ਹੀ ਮਿਲਦਾ ਹੈ।2।   
     ਮ:1
     ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
     ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
     ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
     ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
     ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥3
      ਮੁਸਲਮਾਨਾਂ ਦੀਆਂ ਪੰਜ ਨਮਾਜਾ ਹਨ, ਉਨ੍ਹਾਂ ਦੇ ਪੰਜ ਵਕਤ ਹਨ, ਤੇ ਪੰਜਾਂ ਹੀ ਨਮਾਜਾਂ ਦੇ ਵੱਖਰੋ-ਵੱਖਰੇ ਪੰਜ ਹੀ ਨਾਮ।
ਪਰ ਸਾਡੇ ਮੱਤ ਵਿਚ ਅਸਲ ਨਮਾਜਾਂ ਇਉਂ ਹਨ। ਸੱਚ ਬੋਲਣਾ ਨਿਮਾਜ ਦਾ ਪਹਿਲਾ ਨਾਮ ਹੈ, ਸਵੇਰ ਦੀ ਪਹਿਲੀ ਨਮਾਜ ਹੈ। ਹੱਕ ਦੀ ਕਮਾਈ ਦੂਜੀ ਨਮਾਜ ਹੈ। ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ ਦਾ ਤੀਜਾ ਨਾਮ ਹੈ। ਨੀਅਤ ਨੂੰ ਸਾਫ ਕਰਨਾ, ਮਨ ਨੂੰ ਸਾਫ ਰੱਖਣਾ, ਇਹ ਚੌਥੀ ਨਮਾਜ ਹੈ, ਪਰਮਾਤਮਾ ਦੀ ਸਿਫਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ ਹੈ। ਇਨ੍ਹਾਂ ਪੰਜਾਂ ਨਮਾਜਾਂ ਦੇ ਨਾਲ ਨਾਲ ਉੱਚਾ ਆਚਰਨ ਬਨਾਉਣ-ਰੂਪ ਕਲਮਾ ਪੜ੍ਹੋ, ਤਾਂ ਆਪਣੇ ਆਪ ਨੂੰ ਮੁਸਲਮਾਨ ਅਖਵਾਏ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ।  ਹੇ ਨਾਨਕ, ਇਨ੍ਹਾਂ ਨਮਾਜਾਂ ਤੇ ਕਲਮੇ ਤੋਂ ਖੁੰਝੇ ਹੋਏ ਜਿਤਨੇ ਵੀ ਹਨ, ਉਹ ਕੂੜ ਦੇ ਵਪਾਰੀ ਹਨ, ਤੇ ਕੂੜੇ ਦੀ ਇੱਜ਼ਤ ਵੀ ਕੂੜੀ ਹੀ ਹੁੰਦੀ ਹੈ।3
 (
ਇਸ ਵਿਚ ਮੁਸਲਮਾਨਾਂ ਤੋਂ ਅਲੱਗ, ਸਿੱਖਾਂ ਲਈ ਵੀ ਨਮਾਜਾਂ ਦੱਸੀਆਂ ਹਨ। ਕੀ ਗੁਰਦਵਾਰਿਆਂ ਦੇ ਪ੍ਰਬੰਧਕਾਂ ਸਮੇਤ, ਵੱਡੀਆਂ ਵੱਡੀਆਂ ਪਦਵੀਆਂ ਤੇ ਬੈਠੇ "ਸਿੰਘ-ਸਾਹਿਬ" ਇਸ ਬਿਮਾਰੀ ਤੋਂ ਬਚੇ ਹੋਏ ਹਨ ?  ਨਾਨਕ ਦੇ ਸਿੱਖਾਂ ਨੂੰ ਖੋਜ ਕਰ ਕੇ ਉਨ੍ਹਾਂ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਤੁਸੀ ਵੀ ਕੂੜ ਦੇ ਵਪਾਰੀ ਹੋ ਅਤੇ ਤੁਹਾਡੀ ਵੀ ਇੱਜ਼ਤ ਕੂੜੀ ਹੀ ਹੋਵੇਗੀ)    
     ਪਉੜੀ ॥
     ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥
     ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥
     ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥
     ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥
     ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥
     ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥
     ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿiਖਆ ਸਭੁ ਛਾਰਾ ॥
     ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥7
      ਕਈ ਮਨੁੱਖ, ਪਰਮਾਤਮਾ ਦੀ ਸਿਫਤ-ਸਾਲਾਹ ਰੂਪ ਕੀਮਤੀ ਸੌਦੇ ਵਿਹਾਜਦੇ ਹਨ, ਤੇ ਕਈ ਦੁਨੀਆ-ਰੂਪ ਕੱਚ ਦੇ ਵਪਾਰੀ ਹਨ। ਪ੍ਰਭੂ ਦੇ ਗੁਣ-ਰੂਪ, ਰਤਨਾਂ ਦੇ ਇਹ ਖਜ਼ਾਨੇ ਮਨੁੱਖ ਦੇ ਅੰਦਰ ਹੀ ਹਨ, ਪਰ ਸੱਚੇ ਗੁਰੂ (ਸ਼ਬਦ ਗੁਰੂ) ਦੇ ਤਰੁਠਿਆਂ ਹੀ ਇਹ ਮਿਲਦੇ ਹਨ। ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੇ ਇਹ ਖਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ, ਮਾਇਆ ਦੀ ਖਾਤਰ ਹੀ ਦਰ ਦਰ ਤੇ ਤਰਲੇ ਲੈਂਦੇ ਮਰ ਜਾਂਦੇ ਹਨ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਤ ਹੁੰਦੇ ਹਨ, ਉਨ੍ਹਾਂ ਨੂੰ ਅਸਲ ਵਿਚਾਰ ਸੁਝਦੀ ਹੀ ਨਹੀਂ। ਇਸ ਦੁਖੀ ਹਾਲਤ ਦੀ ਪੁਕਾਰ ਵੀ ਉਹ ਲੋਕ ਕਿਸ ਦੇ ਸਾਮ੍ਹਣੇ ਕਰਨ ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਮਦਦ ਕਰਨ ਵਾਲਾ ਹੀ ਨਹੀਂ ਹੈ।
  ਨਾਮ-ਰੂਪ ਖਜ਼ਾਨੇ ਤੋਂ ਬਿਨਾ ਕਈ ਕੰਗਾਲ, ਸਦਾ ਦਰ ਦਰ ਤੇ ਤਰਲੇ ਲੈਂਦੇ ਫਿਰਦੇ ਹਨ, ਇਨ੍ਹਾਂ ਦੇ ਹਿਰਦੇ ਰੂਪ ਖਜ਼ਾਨੇ ਬੰਦਗੀ ਰੂਪ ਧਨ ਨਾਲ ਭਰੇ ਪਏ ਹਨ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਨਾਲ ਨਿਭਣ ਵਾਲਾ ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ ਸਮਾਨ ਹੈ।
    ਪਰ ਹੇ ਨਾਨਕ, ਸਭ ਜੀਵਾਂ ਵਿਚ ਬੈਠਾ ਪ੍ਰਭੂ ਆਪ ਹੀ ਕੱਚ ਤੇ ਰਤਨਾਂ ਦੇ ਵਪਾਰ ਕਰ ਰਿਹਾ ਹੈ, ਜਿਨ੍ਹਾਂ ਨੂੰ ਸੁਧਾਰਦਾ ਹੈ, ਉਨ੍ਹਾਂ ਨੂੰ ਆਪਣੇ ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ।7
    ਚੰਦੀ ਅਮਰ ਜੀਤ ਸਿੰਘ   (ਚਲਦਾ)  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.