ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਭਾਖੜਾ ਨਹਿਰ ਵਿਚੋਂ ਮਿਲ ਰਹੀਆਂ ਰੋਜ਼ਾਨਾ ਕਈ ਲਾਸ਼ਾਂ, ਕੋਈ ਨਹੀਂ ਲੈ ਰਿਹਾ ਸਾਰ!
ਭਾਖੜਾ ਨਹਿਰ ਵਿਚੋਂ ਮਿਲ ਰਹੀਆਂ ਰੋਜ਼ਾਨਾ ਕਈ ਲਾਸ਼ਾਂ, ਕੋਈ ਨਹੀਂ ਲੈ ਰਿਹਾ ਸਾਰ!
Page Visitors: 2547

ਭਾਖੜਾ ਨਹਿਰ ਵਿਚੋਂ ਮਿਲ ਰਹੀਆਂ ਰੋਜ਼ਾਨਾ ਕਈ ਲਾਸ਼ਾਂ, ਕੋਈ ਨਹੀਂ ਲੈ ਰਿਹਾ ਸਾਰ!
ਕੁੱਤੇ ਅਤੇ ਬਿੱਲੀਆਂ ਵੱਲੋਂ ਨੋਚਣ ਦੀਆਂ ਵਾਪਰਦੀਆਂ ਨੇ ਘਟਨਾਵਾਂ
ਪਟਿਆਲਾ, 25 ਅਪਰੈਲ (ਪੰਜਾਬ ਮੇਲ)- ਭਾਖੜਾ ਨਹਿਰ ਹਰ ਸਾਲ ਕਤਲ, ਖ਼ੁਦਕੁਸ਼ੀ ਅਤੇ ਹਾਦਸਿਆਂ ਨਾਲ ਸਬੰਧਤ ਸੈਂਕੜੇ ਲਾਸ਼ਾਂ ਖਪਾਅ ਜਾਂਦੀ ਹੈ | ਪਟਿਆਲਾ, ਰੋਪੜ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਵਿਅਕਤੀਆਂ ਦੀਆਂ ਲਾਸ਼ਾਂ ਮੁੱਖ ਤੌਰ ’ਤੇ ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਸਥਿਤ ਭਾਖੜਾ ਦੇ ਖਨੌਰੀ ਹੈੱਡ ’ਤੇ ਰੁੱਕਦੀਆਂ ਹਨ| ਪਰ ਦੋਵਾਂ ਰਾਜਾਂ ਦੀਆਂ ਸਰਕਾਰਾਂ ਵੱਲੋਂ ਲਾਸ਼ਾਂ ਦੀ ਸੰਭਾਲ ਲਈ ਪ੍ਰਬੰਧ ਨਾ ਕੀਤੇ ਹੋਣ ਕਾਰਨ ਲਾਵਾਰਸ ਲਾਸ਼ਾਂ ਦੀ ਇੱਥੇ ਦੁਰਦਸ਼ਾ ਹੁੰਦੀ ਹੈ ਅਤੇ ਲਾਸ਼ਾਂ ਨੂੰ ਕੁੱਤੇ ਤੇ ਬਿੱਲਿਆਂ ਨੋਚਦੇ ਹਨ|
ਉਕਤ ਤਿੰਨ ਜ਼ਿਲ੍ਹਿਆਂ ਦੇ ਪੌਣੇ ਦੋ ਸੌ ਕਿਲੋਮੀਟਰ ਖੇਤਰ ਵਿੱਚੋਂ ਲੰਘਦੀ ਭਾਖੜਾ ਨਹਿਰ ’ਚੋਂ ਲਾਸ਼ਾਂ ਲੱਭਣ ਲਈ ਉਨ੍ਹਾਂ ਦੇ ਵਾਰਸ ਖਨੌਰੀ ਹੈੱਡ ’ਤੇ ਹੀ ਪਹੁੰਚਦੇ ਹਨ| ਸਹਾਰਾ ਚੈਰੀਟੇਬਲ ਟਰੱਸਟ ਖਨੌਰੀ ਵੱਲੋਂ ਵਾਰਸਾਂ ਦੇ ਰੁਕਣ ਲਈ ਧਰਮਸ਼ਾਲਾ ਵੀ ਬਣਾਈ ਗਈ ਹੈ|
ਗੋਤਾਖੋਰਾਂ ਜ਼ਰੀਏ ਬਾਹਰ ਕੱਢਣ ’ਤੇ ਕੲੀ ਲਾਸ਼ਾਂ ਨੂੰ ਤਾਂ ਵਾਰਸ ਲੈ ਜਾਂਦੇ ਹਨ ਪਰ ਅਣਪਛਾਤੀਆਂ ਲਾਸ਼ਾਂ ਗੋਤਾਖੋਰ ਸਾਇਫਨ ਵਿੱਚ ਹੀ ਅਟਕਾ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਵਾਰਸ ਆ ਕੇ ਸ਼ਨਾਖ਼ਤ ਕਰ ਸਕਣ| ਦੋਵੇਂ ਰਾਜਾਂ ਵੱਲੋਂ ਸਰਕਾਰੀ ਪੱਧਰ ’ਤੇ ਅਜਿਹੀਆਂ ਲਾਸ਼ਾਂ ਦੀ ਸੰਭਾਲ ਲਈ ਕੋਈ ਪ੍ਰਬੰਧ ਨਾ ਹੋਣ ਕਰ ਕੇ ਲਾਵਾਰਸਸ ਲਾਸ਼ਾਂ ਨੂੰ ਕੁੱਤੇ ਨੋਚਦੇ ਹਨ। ਥਾਣਾ ਖਨੌਰੀ ਦੇ ਇੰਚਾਰਜ ਰੌਸ਼ਨ ਲਾਲ ਨੇ ਕਿਹਾ ਕਿ ਪਤਾ ਲੱਗਣ ’ਤੇ ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰਵਾ ਦਿੱਤਾ ਜਾਂਦਾ ਹੈ| ਗੋਤਾਖੋਰ ਆਸ਼ੂ ਮਲਿਕ ਅਤੇ ਸਮਾਜ ਸੇਵਕ ਬ੍ਰਿਸ਼ ਭਾਨ ਬੁਜਰਕ ਦਾ ਕਹਿਣਾ ਹੈ ਕਿ ਸਾਂਭ ਸੰਭਾਲ ਦੀ ਘਾਟ ਕਾਰਨ ਕੁੱਤਿਆਂ ਨੂੰ ਲਾਸ਼ਾਂ ਨੋਚਣ ਦਾ ਮੌਕਾ ਮਿਲਦਾ ਹੈ| ਦਸ ਦਿਨਾਂ ਤੱਕ ਪਟਿਆਲਾ ਦੀ ਮਹਿਲਾ ਅਕਾਲੀ ਆਗੂ ਜਸਪਾਲ ਕੌਰ ਧਾਰਨੀ ਦੀ ਲਾਸ਼ ਭਾਖੜਾ ਨਹਿਰ ਵਿੱਚ ਹੀ ਰੁਕੀ ਰਹਿਣ ਦੇ ਮਾਮਲੇ ਸਬੰਧੀ ਪਟਿਆਲਾ ਦੇ ਡੀ.ਆਈ.ਜੀ. ਬਲਕਾਰ ਸਿੰਘ ਸਿੱਧੂ ਵੱਲੋਂ ਵਰਤੀ ਸਖ਼ਤੀ ਤਹਿਤ ਕੱਲ੍ਹ ਇੱਕ ਪੁਲੀਸ ਮੁਲਾਜ਼ਮ ਨੂੰ ਮੁਅੱੱਤਲ ਕੀਤਾ ਗਿਆ, ਜਦਕਿ ਦੋ ਹੋਰਨਾਂ ਸਬੰਧੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ| ਬੀਬੀ ਧਾਰਨੀ ਦੀ ਲਾਸ਼ ਗੋਤਾਖੋਰ ਆਸ਼ੂ ਮਲਿਕ ਤੇ ਸਾਥੀਆਂ ਨੇ ਕੱਢੀ ਸੀ, ਜਿਸ ਤੋਂ ਮਿਲੇ ਪੰੰਜ ਛੇ ਤੋਲੇ ਸੋਨੇ ਦੇ ਗਹਿਣੇ ਉਨ੍ਹਾਂ ਨੇ ਖਨੌਰੀ ਪੁਲੀਸ ਕੋਲ ਜਮ੍ਹਾਂ ਕਰਵਾਏ ਸਨ ਪਰ ਪੁਲੀਸ ਵੱਲੋਂ ਮੌਕੇ ’ਤੇ ਢੁੱਕਵੀਂ ਕਾਰਵਾਈ ਨਾ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੀ ਸਿੱਧੂ ਨੇ ਮਾਮਲੇ ਦੀ ਜਾਂਚ ਕਰਵਾਈ ਸੀ|
ਉਨ੍ਹਾਂ ਦਾ ਕਹਿਣਾ ਸੀ ਕਿ ਲਾਸ਼ਾਂ ਸਬੰਧੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਉਧਰ ਅਜਿਹੀਆਂ ਲਾਸ਼ਾਂ ਸਬੰਧੀ ਲੌਅਰਜ਼ ਆਫ਼ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ 2012 ਵਿੱਚ ਦਾਇਰ ਸਿਵਲ ਰਿੱਟ ਪਟੀਸ਼ਨ ’ਤੇ ਹਾਈ ਕੋਰਟ ਵੱਲੋਂ ਕੀਤੀ ਹਦਾਇਤ ਦੇ ਬਾਵਜੂਦ ਸਰਕਾਰ ਨੇ ਖਨੌਰੀ ਵਿਖੇ ਸੀ.ਸੀ.ਟੀ.ਵੀ. ਕੈਮਰੇ ਅਜੇ ਤੱਕ ਨਹੀਂ ਲਾਏ|
ਸੰਗਰੂਰ ਦੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਕਿ ਕੈਮਰੇ ਲਾੳੁਣ ਸਮੇਤ ਲਾਸ਼ਾਂ ਦੀ ਸੰਭਾਲ ਲੲੀ ਢੁਕਵੇਂ ਪ੍ਰਬੰਧ ਜਲਦੀ ਕੀਤੇ ਜਾਣਗੇ|

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.